ਸਿੱਖਾਂ ਦੀ ਨਿਆਰੀ ਹਸਤੀ ਬਾਰੇ ਬਿੱਲ ਲੋਕ ਸਭਾ ਵਿਚ ਪੇਸ਼

ਨਵੀਂ ਦਿੱਲੀ: ਲੋਕ ਸਭਾ ਵਿਚ ਗ਼ੈਰ-ਸਰਕਾਰੀ ਪੇਸ਼ ਕੀਤੇ ਗਏ ਬਿੱਲ ਵਿਚ ਸੰਵਿਧਾਨ ਨੂੰ ਸੋਧ ਕੇ ਸਿੱਖ ਮੱਤ ਨੂੰ ਵੱਖਰੇ ਤੇ ਪੂਰੇ ਧਰਮ ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ ਹੈ। ਇਹ ਬਿੱਲ ਪ੍ਰਾਈਵੇਟ ਮੈਂਬਰਾਂ ਦੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਡਾæ ਰਤਨ ਸਿੰਘ ਅਜਨਾਲਾ ਨੇ ਪੇਸ਼ ਕੀਤਾ। ਉਹ ਇਸ ਸਦਨ ਵਿਚ ਖਡੂਰ ਸਾਹਿਬ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਇਹ ਬਿੱਲ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਮੰਗ ਨੂੰ ਉਭਾਰ ਕੇ ਪੇਸ਼ ਕਰਦਾ ਹੈ ਕਿ ਸਿੱਖਾਂ ਦੀ ਅਲਹਿਦਾ ਹਸਤੀ ਨੂੰ ਵਿਧਾਨਕ ਤੌਰ ‘ਤੇ ਕਬੂਲਿਆ ਜਾਵੇ।
ਸੰਵਿਧਾਨ ਦੇ 25ਵੇਂ ਅਨੁਛੇਦ ਵਿਚ ਭਾਵੇਂ ਸਾਰੇ ਦੇਸ਼ ਵਾਸੀਆਂ ਨੂੰ ਆਪਣੀ ਇੱਛਾ ਮੁਤਾਬਕ ਧਰਮ ਚੁਣਨ ਦੀ ਖੁੱਲ੍ਹ ਦਿੱਤੀ ਗਈ ਹੈ, ਫਿਰ ਵੀ ਇਸ ਵਿਚ ਇਕ ਧਾਰਾ ਇਹ ਵੀ ਦਰਜ ਹੈ ਕਿ ਸਿੱਖਾਂ, ਜੈਨੀਆਂ ਤੇ ਬੋਧੀਆਂ ਨੂੰ ਹਿੰਦੂ ਭਾਈਚਾਰੇ ਦੇ ਦਾਇਰੇ ਵਿਚ ਹੀ ਰੱਖਿਆ ਜਾਵੇਗਾ ਤੇ ਹਿੰਦੂ ਧਰਮ ਅਸਥਾਨਾਂ ਦੀ ਪਰਿਭਾਸ਼ਾ ਵਿਚ ਸਿੱਖਾਂ, ਜੈਨੀਆਂ ਤੇ ਬੋਧੀਆਂ ਦੇ ਧਰਮ ਸਥਾਨ ਵੀ ਸ਼ਾਮਲ ਸਮਝੇ ਜਾਣਗੇ। ਡਾæ ਅਜਨਾਲਾ ਵੱਲੋਂ ਪੇਸ਼ ਬਿੱਲ ਵਿਚ ਮੰਗ ਕੀਤੀ ਗਈ ਹੈ ਕਿ ਇਸ ਧਾਰਾ ਨੂੰ ਅਨੁਛੇਦ 25 ਵਿਚੋਂ ਖਾਰਜ ਕੀਤਾ ਜਾਵੇ ਕਿਉਂਕਿ ਇਸ ਤੋਂ ਇਹੀ ਪ੍ਰਭਾਵ ਬਣਦਾ ਹੈ ਕਿ ਉਪਰੋਕਤ ਤਿੰਨੋਂ ਧਰਮ ਜਾਂ ਤਾਂ ਹਿੰਦੂ ਧਰਮ ਦਾ ਹਿੱਸਾ ਹਨ ਜਾਂ ਫਿਰ ਉਸ ਨਾਲ ਜੁੜੇ ਹੋਏ ਹਨ।
ਬਿੱਲ ਵਿਚ ਸੰਵਿਧਾਨ ਦੇ ਕੰਮਕਾਜ ਦੀ ਨਜ਼ਰਸਾਨੀ ਲਈ ਬਣਾਏ ਗਏ ਕੌਮੀ ਕਮਿਸ਼ਨ ਦੀ ਇਕ ਸਿਫਾਰਸ਼ ਨੂੰ ਸੰਵਿਧਾਨਕ ਸੋਧ ਦੀ ਮੰਗ ਦਾ ਆਧਾਰ ਬਣਾਇਆ ਗਿਆ ਹੈ ਕਿ ਅਨੁਛੇਦ 25 ਦੀ ਵਿਵਾਦਿਤ ਧਾਰਾ ਨੂੰ ਜਾਂ ਤਾਂ ਖਾਰਜ ਕੀਤਾ ਜਾਵੇ ਤੇ ਜਾਂ ਫਿਰ ਇਸ ਦੀ ਇਬਾਰਤ ਬਦਲ ਦਿੱਤੀ ਜਾਵੇ। ਡਾæ ਅਜਨਾਲਾ ਦਾ ਕਹਿਣਾ ਹੈ ਕਿ ਸਿੱਖ ਧਰਮ ਬਿਲਕੁਲ ਵੱਖਰਾ ਧਰਮ ਹੈ ਤੇ ਘਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਐਕਟ ਵਿਚ ਸਿੱਖਾਂ ਨੂੰ ਵੱਖਰੇ ਘੱਟ ਗਿਣਤੀ ਫਿਰਕੇ ਵਜੋਂ ਮਾਨਤਾ ਮਿਲੀ ਹੋਈ ਹੈ। ਉਨ੍ਹਾਂ ਨੇ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖ਼ੁਰਸ਼ੀਦ ਨੂੰ ਪੱਤਰ ਲਿਖਿਆ ਸੀ ਕਿ ਅਨੁਛੇਦ 25 ਵਿਚ ਤਰਮੀਮ ਸਰਕਾਰ ਵੱਲੋਂ ਪੇਸ਼ ਕੀਤੀ ਜਾਵੇ ਪਰ ਸ੍ਰੀ ਖ਼ੁਰਸ਼ੀਦ ਨੇ ਇਸ ਮੰਗ ‘ਤੇ ਗ਼ੌਰ ਨਹੀਂ ਕੀਤਾ।

Be the first to comment

Leave a Reply

Your email address will not be published.