ਆਰ ਐਸ ਐਸ ‘ਘਰ ਵਾਪਸੀ’ ਮੁਹਿੰਮ ਲਈ ਦ੍ਰਿੜ

ਨਵੀਂ ਦਿੱਲੀ: ਜਬਰੀ ਧਰਮ ਪਰਿਵਰਤਨ ਦੇ ਦੋਸ਼ਾਂ ਕਾਰਨ ਵਿਵਾਦਾਂ ਵਿਚ ਘਿਰੀ ਵਿਸ਼ਵ ਹਿੰਦੂ ਪ੍ਰੀਸ਼ਦ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖਣ ‘ਤੇ ਦਿੜ੍ਹ ਹੈ। ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਉਣ ਦੀ ਪੈਰਵੀ ਕਰ ਰਹੇ ਸੰਘ ਨੇ ਗੁਜਰਾਤ ਤੇ ਕੇਰਲ ਵਿਚ ਕਈ ਈਸਾਈਆਂ ਨੂੰ ਮੁੜ ਹਿੰਦੂ ਬਣਾ ਦਿੱਤਾ ਗਿਆ। ਸੰਘ ਇਸ ਨੂੰ ‘ਘਰ ਵਾਪਸੀ’ ਮੁਹਿੰਮ ਦਾ ਨਾਂ ਦੇ ਰਿਹਾ ਹੈ।

ਉਧਰ ਈਸਾਈ ਜਥੇਬੰਦੀਆਂ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਆਰæਐਸ਼ਐਸ਼ ‘ਤੇ ਦੋਸ਼ ਲਾਇਆ ਕਿ ਉਹ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਜਬਰੀ ਜਾਂ ਲਾਲਚ ਦੇ ਕੇ ਹਿੰਦੂ ਬਣਾ ਰਹੀ ਹੈ।
ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਤਕਰੀਬਨ 350 ਕਿਲੋਮੀਟਰ ਦੂਰ ਸਥਿਤ ਆਦਿਵਾਸੀ ਪਿੰਡ ਵਿਚ 100 ਈਸਾਈ ਪਰਿਵਾਰਾਂ ਨੂੰ ਹਿੰਦੂ ਧਰਮ ਵਿਚ ਲਿਆਂਦਾ ਗਿਆ ਜਦਕਿ ਸੂਬਾ ਸਰਕਾਰ ਨੇ ਇਸ ਮਾਮਲੇ ਤੋਂ ਖ਼ੁਦ ਨੂੰ ਦੂਰ ਕਰਦਿਆਂ ਕਿਹਾ ਕਿ ਜੇਕਰ ਧਰਮ ਪਰਿਵਰਤਨ ਮਰਜ਼ੀ ਨਾਲ ਹੋਇਆ ਹੈ ਤਾਂ ਇਸ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ। ਭਗਵਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਧਰਮ ਪਰਿਵਰਤਨ ਨਹੀਂ ਬਲਕਿ ਮੁੜ-ਪਰਿਵਰਤਨ ‘ਘਰ ਵਾਪਸੀ’ ਹੈ ਕਿਉਂਕਿ ਆਪਣਾ ਧਰਮ ਛੱਡਣ ਵਾਲੇ ਪਰਿਵਾਰ ਪਹਿਲਾਂ ਹਿੰਦੂ ਹੀ ਸਨ।
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਗੁਜਰਾਤ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸੋਲੰਕੀ ਨੇ ਕਿਹਾ ਕਿ ਉਨ੍ਹਾਂ ਜ਼ਬਰਦਸਤੀ ਜਾਂ ਲਾਲਚ ਦੇ ਕੇ ਧਰਮ ਪਰਿਵਰਤਨ ਨਹੀਂ ਕੀਤਾ ਹੈ ਤੇ ਇਹ ਫ਼ੈਸਲਾ ਇਨ੍ਹਾਂ ਲੋਕਾਂ ਦਾ ਆਪਣਾ ਸੀ। ਉਹ ਹਿੰਦੂ ਸਨ ਤੇ ਅਸੀਂ ਸਿਰਫ਼ ਉਨ੍ਹਾਂ ਨੂੰ ਮੁੜ ਹਿੰਦੂ ਬਣਾਉਣ ਵਿਚ ਮਦਦ ਕੀਤੀ ਹੈ। ਅਸੀਂ ਮੁੜ ਪਰਿਵਰਤਨ ਲਈ ਪ੍ਰੋਗਰਾਮ ਅੱਗੇ ਵੀ ਚਲਾਉਂਦੇ ਰਹਾਂਗੇ।
ਉਧਰ ਕੇਰਲ ਵਿਚ ਪ੍ਰੀਸ਼ਦ ਦੀ ਜ਼ਿਲ੍ਹਾ ਇਕਾਈ ਦਾ ‘ਘਰ ਵਾਪਸੀ’ ਪ੍ਰੋਗਰਾਮ ਕਣਿਚਨਾਲੋਰ ਦੇ ਇਕ ਮੰਦਰ ਵਿਚ ਹੋਇਆ। ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਪ੍ਰੀਸ਼ਦ ਆਗੂ ਪ੍ਰਤਾਪ ਜੀ ਪਦਿਕਲ ਨੇ ਕਿਹਾ ਕਿ ਪਰਿਵਾਰਾਂ ਨੇ ਹਿੰਦੂ ਧਰਮ ਵਿਚ ਆਉਣ ਦੀ ਇੱਛਾ ਪ੍ਰਗਟਾਈ ਸੀ ਤੇ ਪ੍ਰੀਸ਼ਦ ਨੇ ਵਾਪਸੀ ਦਾ ਸਿਰਫ਼ ਪ੍ਰਬੰਧ ਕੀਤਾ ਸੀ। ਜ਼ਿਲ੍ਹੇ ਦੇ ਤਕਰੀਬਨ 150 ਪਰਿਵਾਰਾਂ ਨੇ ਹਿੰਦੂ ਧਰਮ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ ਤੇ ਪ੍ਰੀਸ਼ਦ ਉਨ੍ਹਾਂ ਦੀ ਵੀ ‘ਘਰ ਵਾਪਸੀ’ ਦਾ ਪ੍ਰਬੰਧ ਕਰੇਗਾ ਜਦਕਿ ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚਾਨੀਥਲਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।
____________________________________
ਆਜ਼ਾਦ ਮੁਲਕ ਵਿਚ ਹਰ ਕਿਸੇ ਨੂੰ ਧਰਮ ਪਰਿਵਰਤਨ ਦੀ ਖੁੱਲ੍ਹ: ਕੈਪਟਨ ਅਮਰਿੰਦਰ
ਚੰਡੀਗੜ੍ਹ: ਧਰਮ ਪਰਿਵਰਤਨ ਦੇ ਵਿਸ਼ੇ ‘ਤੇ ਛਿੜੀ ਬਹਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਆਜ਼ਾਦ ਮੁਲਕ ਵਿਚ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਬਸ਼ਰਤੇ ਸਬੰਧਤ ਵਿਅਕਤੀ ‘ਤੇ ਕਿਸੇ ਤਰ੍ਹਾਂ ਦਬਾਅ ਨਾ ਹੋਵੇ ਜਾਂ ਕਿਸੇ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਾ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਰæਐਸ਼ਐਸ ਦੀ ਬੋਲੀ ਬੋਲ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਜਾਣਬੁਝ ਕੇ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਵਿਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸੇ ਇਕ ਧਰਮ ਦੇ ਹੱਕ ਵਿਚ ਖੜਨ ਦੀ ਥਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
_________________________________
ਧਰਮ ਬਦਲੀ: ਭਾਜਪਾ ਵੱਲੋਂ ਗੇਂਦ ਵਿਰੋਧੀ ਧਿਰ ਦੇ ਪਾਲੇ ‘ਚ
ਹੈਦਰਾਬਾਦ: ਸੰਘ ਪਰਿਵਾਰ ਨਾਲ ਸਬੰਧਤ ਕੁਝ ਸੰਗਠਨਾਂ ਕਾਰਨ ਪੈਦਾ ਹੋਏ ਧਰਮ ਤਬਦੀਲ ਵਿਵਾਦ ਬਾਰੇ ਭਾਜਪਾ ਤੇ ਸਰਕਾਰ ਨੇ ਜ਼ਬਰਦਸਤੀ ਧਰਮ ਤਬਦੀਲੀ ਖ਼ਿਲਾਫ਼ ਕਾਨੂੰਨ ਬਣਾਉਣ ਦੇ ਮੁੱਦੇ ਉਪਰ ਗੇਂਦ ਵਿਰੋਧੀ ਧਿਰ ਦੇ ਪਾਲੇ ਵਿਚ ਸੁੱਟ ਦਿੱਤੀ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਜ਼ਬਰਦਸਤੀ ਧਰਮ ਤਬਦੀਲ ਕਰਨ ਖ਼ਿਲਾਫ਼ ਕਾਨੂੰਨ ਲਿਆਉਣ ਲਈ ਤਿਆਰ ਹੈ ਤੇ ਉਨ੍ਹਾਂ ਅਖੌਤੀ ਧਰਮ ਨਿਰਪੱਖ ਦਲਾਂ ਨੂੰ ਇਸ ਦਾ ਸਮਰਥਨ ਕਰਨ ਦੀ ਚੁਣੌਤੀ ਦੇ ਦਿੱਤੀ। ਦੂਜੇ ਪਾਸੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਇਸ ਤਜਵੀਜ਼ ਉਪਰ ਵਿਰੋਧੀ ਧਿਰ ਨੇ ਸਕਾਰਾਤਮਕ ਜਵਾਬ ਨਹੀਂ ਦਿੱਤਾ। ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਦੇਸ਼ ਵਿਚ ਹਿੰਦੂ ਕਦਰਾਂ-ਕੀਮਤਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ। ਸ੍ਰੀ ਸ਼ਾਹ, ਵੈਂਕਈਆ ਤੇ ਸਿੰਘਲ ਵੱਲੋਂ ਇਹ ਟਿੱਪਣੀਆਂ ਕੀਤੇ ਜਾਣ ਤੋਂ ਪਹਿਲਾਂ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਸੰਘ ਪਰਿਵਾਰ ਦੇ ਮੌਜੂਦਾ ਵਿਵਾਦਪੂਰਨ ਮੁਹਿੰਮ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਹੈ ਤੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਧਰਮ ਤਬਦੀਲੀ ‘ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਦਾ ਸਮਰਥਨ ਕਰੇ। ਵਰਨਣਯੋਗ ਹੈ ਕਿ ਵਿਰੋਧੀ ਧਿਰ ਉੱਤਰੀ ਭਾਰਤ ਵਿਚ ‘ਘਰ ਵਾਪਸੀ’ ਦੇ ਮੁੱਦੇ ਉਪਰ ਸਰਕਾਰ ਨੂੰ ਘੇਰ ਰਹੀ ਹੈ ਤੇ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਿਆਨ ਦੇਣ ਲਈ ਕਹਿ ਰਹੀ ਹੈ।
_________________________________
ਹਰ ਹਿੰਦੂ ਦੀ ਘਰ ਵਾਪਸੀ ਤੱਕ ਮੁਹਿੰਮ ਜਾਰੀ ਰਹੇਗੀ: ਭਾਗਵਤ
ਕੋਲਕਾਤਾ: ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ ਤੇ ਭੁੱਲੇ ਭਟਕਿਆ ਨੂੰ ਵਾਪਸ ਹਿੰਦੂ ਧਰਮ ਵਿਚ ਲੈ ਕੇ ਆਉਣ ਦੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਜਾਂਦੇ। ਕੋਲਕਾਤਾ ਦੇ ਸ਼ਹੀਦ ਮਿਨਾਰ ਮੈਦਾਨ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ‘ਗੋਲਡਨ ਜੁਬਲੀ’ ਮੌਕੇ ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਹੁਣ ਜਾਗ ਗਿਆ ਹੈ ਤੇ ਇਸ ਨੂੰ ਕਿਸੇ ਤੋਂ ਡਰਨ ਦੀ ਲੋਣ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਬਦਲਣਾ ਨਹੀਂ ਹੈ। ਹਿੰਦੂ ਕਹਿੰਦੇ ਹਨ ਬਦਲਾਅ ਅੰਦਰੋਂ ਹੁੰਦਾ ਹੈ। ਹਿੰਦੂ ਕਿਸੇ ਦੂਜੀ ਥਾਂ ਤੋਂ ਘੁਸਪੈਠ ਕਰਕੇ ਇਥੇ ਨਹੀਂ ਆਏ ਹਨ। ਇਹ ਸਾਡਾ ਹਿੰਦੂ ਰਾਸ਼ਟਰ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰੀਸ਼ਦ ਦੇ ਪੋਸਟਰਾਂ ਵਿਚ ‘ਅਸੀਂ ਸਾਰੇ ਹਿੰਦੂ’ ਦੇ ਨਾਅਰਿਆਂ ਕਾਰਨ ਵਿਵਾਦ ਵੀ ਰਿਹਾ ਸੀ। ਪ੍ਰੀਸ਼ਦ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਸਾਰੀਆਂ ਰਾਜਨੀਤਕ ਧਿਰਾਂ ਨੂੰ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ।