ਬਠਿੰਡਾ: ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਹੁਣ ਘੋੜਿਆਂ ‘ਤੇ ਦਾਅ ਖੇਡਕੇ ਪੈਸੇ ਦਾ ਜੁਗਾੜ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ ਰੇਸ ਕੋਰਸ ਸਥਾਪਤ ਕਰਨ ਲਈ ਲੁਧਿਆਣਾ ਵਿਚਲੀ 171 ਏਕੜ ਸਰਕਾਰੀ ਜ਼ਮੀਨ ਸਿਰਫ਼ ਇਕ ਰੁਪਏ ਸਾਲਾਨਾ ਲੀਜ਼ ‘ਤੇ ਦੇਣ ਦੀ ਤਿਆਰੀ ਕਰ ਲਈ ਹੈ।
ਸਰਕਾਰ ਨੇ ਟੈਂਡਰ ਜਾਰੀ ਕਰਕੇ ਕੌਮਾਂਤਰੀ ਕੰਪਨੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਤੇ ਅੱਠ ਜਨਵਰੀ ਨੂੰ ਪ੍ਰੀ-ਬਿਡ ਮੀਟਿੰਗ ਰਖ ਲਈ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀæਆਈæਡੀæਬੀ) ਤੋਂ ਆਰæਟੀæਆਈæ ਤਹਿਤ ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਸਰਕਾਰ ਨੇ 25 ਅਗਸਤ 2014 ਨੂੰ ਕੈਬਨਿਟ ਮੀਟਿੰਗ ਵਿਚ ਲੁਧਿਆਣਾ ਵਿਚ ਰੇਸ ਕੋਰਸ (ਟਰਫ ਕਲੱਬ) ਜਨਤਕ ਪ੍ਰਾਈਵੇਟ ਭਾਈਵਾਲੀ ਨਾਲ ਬਣਾਉਣ ਦਾ ਫੈਸਲਾ ਕੀਤਾ ਸੀ।
ਇਹ ਰੇਸ ਕੋਰਸ ਤਕਰੀਬਨ 350 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ। ਇਸ ਰੇਸ ਕੋਰਸ ਵਾਸਤੇ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਦੀ ਮੱਤੇਵਾੜਾ (ਲੁਧਿਆਣਾ) ਲਾਗੇ 171 ਏਕੜ ਦੋ ਕਨਾਲਾਂ ਜ਼ਮੀਨ ਐਲੋਕੇਟ ਕਰ ਦਿੱਤੀ ਹੈ। ਪੰਜਾਬ ਸਰਕਾਰ ਇਸ ਜ਼ਮੀਨ ਨੂੰ 50 ਵਰ੍ਹਿਆਂ ਵਾਸਤੇ ਸਾਲਾਨਾ ਇਕ ਰੁਪਏ ਦੇ ਹਿਸਾਬ ਨਾਲ ਲੀਜ਼ ‘ਤੇ ਦੇਵੇਗੀ। ਪੀæਆਈæਡੀæਬੀæ, ਜੋ ਕਿ ਪ੍ਰੋਜੈਕਟ ਦੀ ਨੋਡਲ ਏਜੰਸੀ ਹੈ, ਨੇ ਆਰæਈæਪੀ (ਰਿਕੂਐਸਟ ਫਾਰ ਪ੍ਰੋਪੋਜ਼ਲ) ਜਾਰੀ ਕਰ ਦਿੱਤੀ ਹੈ ਤੇ ਰਿਆਇਤਾਂ ਬਾਰੇ ਸਮਝੌਤੇ ਦਾ ਖਰੜਾ ਵੀ ਤਿਆਰ ਕਰ ਲਿਆ ਹੈ। ਕੌਮਾਂਤਰੀ ਮਿਆਰ ਵਾਲੇ ਰੇਸ ਕੋਰਸ ਨਾਲ ਜਿਥੇ ਪੰਜਾਬ ਦੇ ਵੱਡੇ ਘਰਾਣਿਆਂ ਨੂੰ ਸਹੂਲਤ ਮਿਲੇਗੀ, ਉਥੇ ਸਰਕਾਰ ਨੂੰ ਇਸ ਰੇਸ ਕੋਰਸ ਤੋਂ ਕਮਾਈ ਹੋਣ ਦੀ ਵੀ ਆਸ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾæ ਐਚæਐਸ਼ ਸੰਧਾ ਦਾ ਕਹਿਣਾ ਸੀ ਕਿ ਵਿਭਾਗ ਦਾ ਮੱਤੇਵਾੜਾ ਵਿਖੇ ਚਾਰਾ ਫਾਰਮ ਹੈ। ਇਸ ਦੀ ਜ਼ਮੀਨ ‘ਤੇ ਬੀਜਾਂ ਦੀ ਖੋਜ ਵੀ ਨਾਲੋ ਨਾਲ ਚੱਲਦੀ ਹੈ। ਉਨ੍ਹਾਂ ਆਖਿਆ ਕਿ ਵਿਭਾਗ ਦੀ ਜ਼ਮੀਨ ਰੇਸ ਕੋਰਸ ਵਾਸਤੇ ਲਈ ਜਾ ਰਹੀ ਹੈ। ਸੂਚਨਾ ਅਨੁਸਾਰ ਇਸੇ ਜ਼ਮੀਨ ‘ਤੇ ਕੌਮਾਂਤਰੀ ਪੱਧਰ ਦਾ ਕਲੱਬ ਹਾਊਸ ਕੰਪਲੈਕਸ ਬਣੇਗਾ।
ਟਰਫ ਕਲੱਬ ਵਿਚ 500 ਘੋੜਿਆਂ ਦਾ ਆਧੁਨਿਕ ਤਬੇਲਾ ਬਣੇਗਾ ਤੇ ਪੰਜ ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ‘ਸੱਟਾ ਹਾਲ’ ਬਣੇਗਾ। ਕਲੱਬ ਵਿਚ 10 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਤੇ ਘੱਟੋ ਘੱਟ 30 ਰੁਪਏ ਆਮ ਲੋਕਾਂ ਲਈ ਐਂਟਰੀ ਫੀਸ ਹੋਵੇਗੀ। ਵੱਡੇ ਘਰਾਣਿਆਂ ਦੇ ਲੋਕਾਂ ਵਾਸਤੇ ਲਗਜ਼ਰੀ ਹੋਟਲ ਤੇ ਰੇਸਤਰਾਂ ਬਣਾਏ ਜਾਣਗੇ ਤੇ ਘੋੜਸਵਾਰੀ ਦੇ ਮਾਹਿਰਾਂ ਵਾਸਤੇ 100 ਵਿਅਕਤੀਆਂ ਦੀ ਸਮਰੱਥਾ ਵਾਲਾ ਇਕ ਹੋਸਟਲ ਬਣੇਗਾ। ਘੋੜਿਆਂ ਦੀਆਂ ਦੌੜਾਂ ‘ਤੇ ਸੱਟਾ ਲਾਉਣ ਵਾਸਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਛੋਟੇ ਕੇਂਦਰ ਬਣਾਏ ਜਾਣ ਦੀ ਵੀ ਸੰਭਾਵਨਾ ਹੈ।
ਟਰਫ ਕਲੱਬ ਦਾ ਕਾਰਪੋਰੇਟ ਮੈਂਬਰ ਬਣਨ ਵਾਸਤੇ 10 ਲੱਖ ਰੁਪਏ ਫੀਸ ਹੋਵੇਗੀ ਤੇ 10 ਹਜ਼ਾਰ ਰੁਪਏ ਸਾਲਾਨਾ ਫੀਸ ਵੱਖਰੀ ਹੋਵੇਗੀ। ਪੰਜ ਤਰ੍ਹਾਂ ਦੀ ਮੈਂਬਰਸ਼ਿਪ ਰੱਖੀ ਜਾਵੇਗੀ। ਪੰਜਾਬ ਸਰਕਾਰ ਨੇ ਇਹ ਸਾਰਾ ਖਾਕਾ ਤਿਆਰ ਕਰ ਲਿਆ ਹੈ।
ਦੋ ਹਜ਼ਾਰ ਮੀਟਰ ਲੰਬਾ ਰੇਸ ਟਰੈਕ ਹੋਵੇਗਾ ਤੇ 30 ਮਹੀਨਿਆਂ ਵਿਚ ਬਣ ਕੇ ਤਿਆਰ ਹੋਵੇਗਾ। ਜੋ ਕੰਪਨੀ ਇਸ ਟਰਫ ਕਲੱਬ ਨੂੰ ਬਣਾਏਗੀ ਉਸ ਨੂੰ ਚਾਰ ਕਰੋੜ ਰੁਪਏ ਬਿੱਡ ਸਕਿਉਰਿਟੀ, ਦੋ ਕਰੋੜ ਰੁਪਏ ਉਸਾਰੀ ਸਕਿਉਰਿਟੀ, 10 ਕਰੋੜ ਰੁਪਏ ਓ ਐਂਡ ਐਮ ਸਕਿਉਰਿਟੀ ਦੇਣ ਤੋਂ ਇਲਾਵਾ ਇਕ ਕਰੋੜ ਰੁਪਏ ਪ੍ਰਾਜੈਕਟ ਵਿਕਾਸ ਫੀਸ ਦੇਣੀ ਪਵੇਗੀ। ਟਰਫ ਕਲੱਬ ਦੇ ਖਾਸ ਮੈਂਬਰਾਂ ਦੀ ਗਿਣਤੀ ਦੋ ਸੌ ਤੋਂ ਘੱਟ ਹੋਵੇਗੀ। ਕਲੱਬ ਵਿਚ ਪ੍ਰਸਾਰਨ, ਮੀਡੀਆ ਤੇ ਸਕਿਉਰਿਟੀ ਤੋਂ ਇਲਾਵਾ ਰੇਸਿੰਗ ਅਪਰੇਸ਼ਨ ਦਾ ਕੰਟਰੋਲ ਸਿਸਟਮ ਵੀ ਹੋਵੇਗਾ। ਟਰਫ ਕਲੱਬ ਦੇ ਸਲਾਹਕਾਰ ਸਚਿਨ ਸ਼ਰਮਾ ਦਾ ਕਹਿਣਾ ਸੀ ਕਿ ਕਲੱਬ ਵਿਚ ਇਕ ਸਪੋਰਟਸ ਕੰਪਲੈਕਸ ਬਣੇਗਾ ਜਿਸ ਵਿਚ ਖਿਡਾਰੀਆਂ ਦੀ ਨਵੀਂ ਪਨੀਰੀ ਤਿਆਰ ਹੋਵੇਗੀ। ਇਸ ਕੰਪਲੈਕਸ ਵਿਚ ਓਲੰਪਿਕ ਪੱਧਰ ਦੀਆਂ ਸਹੂਲਤਾਂ ਹੋਣਗੀਆਂ।
____________________________________________
ਵਿੱਤੀ ਸੰਕਟ ਬਣਿਆ ਪੰਜਾਬ ਸਰਕਾਰ ਦੀ ਵੱਡੀ ਸਿਰਦਰਦੀ
ਚੰਡੀਗੜ੍ਹ: ਅਦਾਇਗੀਆਂ ਖੁਣੋਂ ਲਟਕ ਰਹੇ ਕੋਈ ਦੋ ਹਜ਼ਾਰ ਕਰੋੜ ਰੁਪਏ ਦੇ ਬਿੱਲ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਜਿਨ੍ਹਾਂ ਨੂੰ ਮਗਰਲੇ ਡੇਢ ਸਾਲ ਤੋਂ ਸਹਾਇਤਾ ਰਾਸ਼ੀ ਨਹੀਂ ਮਿਲੀ ਤੇ ਸਰਕਾਰ ਦੇ ਵੱਖ-ਵੱਖ ਕੰਮ ਕਰਨ ਵਾਲੇ ਠੇਕੇਦਾਰ, ਜਿਨ੍ਹਾਂ ਦੀਆਂ ਕੋਈ ਸਾਢੇ 500 ਕਰੋੜ ਦੀਆਂ ਅਦਾਇਗੀਆਂ ਖ਼ਜ਼ਾਨਿਆਂ ਵਿਚ ਲਟਕ ਰਹੀਆਂ ਸਨ, ਹਾਈਕੋਰਟ ਤੱਕ ਪਹੁੰਚ ਕਰਨ ਲਈ ਵੀ ਮਜਬੂਰ ਹੋ ਗਏ।
ਸਰਕਾਰੀ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਵੀ ਅਗਸਤ 2014 ਤੋਂ ਜਿਵੇਂ ਬੰਦ ਚੱਲ ਰਹੀਆਂ ਹਨ, ਉੱਚ-ਅਧਿਕਾਰੀ ਆਪਣੀਆਂ ਕਾਰਾਂ ਦਾ ਤੇਲ ਆਪਣੀਆਂ ਜੇਬਾਂ ਵਿਚੋਂ ਪਵਾਉਣ ਲਈ ਮਜਬੂਰ ਹੋ ਰਹੇ ਹਨ ਤੇ ਸਰਕਾਰੀ ਪੈਨਸ਼ਨਾਂ ਦੀਆਂ ਲਗਾਤਾਰ ਪਛੜ ਕੇ ਹੁੰਦੀਆਂ ਅਦਾਇਗੀਆਂ ਜਿਵੇਂ ਮਜ਼ਾਕ ਬਣ ਗਈਆਂ ਹਨ।
ਇਸ ਕਾਰਨ ਆਮ ਆਦਮੀ ਦਾ ਸਰਕਾਰੀਤੰਤਰ ਤੋਂ ਭਰੋਸਾ ਹੀ ਖ਼ਤਮ ਹੋ ਰਿਹਾ ਹੈ। ਉੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਵੱਧ ਵਿੱਕਰੀ ਕਾਰਨ ਰਾਜ ਨੂੰ ਜੋ ਮਾਲੀਆ ਮਿਲਿਆ ਹੈ, ਉਸ ਕਾਰਨ ਜਨਵਰੀ 2015 ਤੱਕ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਆਦਿ ਦੇਵੇਗੀ, ਪਰ ਫ਼ਰਵਰੀ, ਮਾਰਚ ਸਰਕਾਰ ਲਈ ਕਾਫ਼ੀ ਔਖੇ ਮਹੀਨੇ ਹੋਣਗੇ।