ਨਸ਼ਾ ਤਸਕਰੀ ਦੀ ਮੰਡੀ ਬਣਿਆ ਪੰਜਾਬ

ਬਠਿੰਡਾ: ਭਾਰਤ-ਪਾਕਿ ਸਰਹੱਦ ਰਾਹੀਂ ਪੰਜਾਬ ਵਿਚ ਤਕਰੀਬਨ 50 ਕੁਇੰਟਲ ਹੈਰੋਇਨ ਦਾ ਸਾਲਾਨਾ ਕਾਰੋਬਾਰ ਹੁੰਦਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਤਕਰੀਬਨ 25 ਹਜ਼ਾਰ ਕਰੋੜ ਰੁਪਏ ਕੀਮਤ ਬਣਦੀ ਹੈ। ਭਾਰਤ-ਪਾਕਿ ਸੀਮਾ ਰਾਹੀਂ ਸਭ ਤੋਂ ਵੱਧ ਹੈਰੋਇਨ ਪੰਜਾਬ ਵਿਚ ਆ ਰਹੀ ਹੈ। ਕੇਂਦਰ ਸਰਕਾਰ ਨੇ ਕੌਮਾਂਤਰੀ ਤਸਕਰੀ ਰੋਕਣ ਲਈ ਗੁਰਦਾਸਪੁਰ ਸੈਕਟਰ ਵਿਚ ਇਕ ਮਾਰਚ 2014 ਤੋਂ ਇਕ ਹੋਰ ਬਟਾਲੀਅਨ ਦੀ ਤਾਇਨਾਤੀ ਵੀ ਕੀਤੀ ਸੀ, ਫਿਰ ਵੀ ਕੌਮਾਂਤਰੀ ਤਸਕਰੀ ਨੂੰ ਕੋਈ ਠੱਲ੍ਹ ਨਹੀਂ ਪੈ ਸਕੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਤੋਂ ਆਰæਟੀæਆਈæ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਇਕ ਜਨਵਰੀ 2013 ਤੋਂ 31 ਅਕਤੂਬਰ 2014 ਤੱਕ ਭਾਰਤ-ਪਾਕਿ ਸਰਹੱਦ ਤੋਂ 785 ਕਿਲੋ ਹੈਰੈਇਨ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 3925 ਕਰੋੜ ਰੁਪਏ ਬਣਦੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਨੇ 648 ਕਿੱਲੋ ਤੇ ਡਾਇਰੈਕਟੋਰੇਟ ਆਫ ਰੈਵਨਿਊ ਨੇ 137 ਕਿਲੋ ਹੈਰੋਇਨ ਇਨ੍ਹਾਂ ਪੌਣੇ ਦੋ ਵਰ੍ਹਿਆਂ ਦੌਰਾਨ ਫੜੀ। ਇਸ ਤੋਂ ਇਲਾਵਾ ਪੰਜਾਬ ਵਿਚੋਂ ਇਸ ਸਮੇਂ ਦੌਰਾਨ 1300 ਕਿੱਲੋ ਹੈਰੋਇਨ ਹੋਰ ਫੜੀ ਗਈ। ਸਰਹੱਦ ਤੇ ਪੰਜਾਬ ਵਿਚੋਂ ਇਸ ਸਮੇਂ ਦੌਰਾਨ ਕੁੱਲ 2087 ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 10435 ਕਰੋੜ ਰੁਪਏ ਬਣਦੀ ਹੈ। ਸਰਕਾਰੀ ਸੂਤਰਾਂ ਅਨੁਸਾਰ ਫੜੀ ਮਾਤਰਾ ਤੋਂ ਪੰਜ ਗੁਣਾ ਜ਼ਿਆਦਾ ਹੈਰੋਇਨ ਪੁਲਿਸ ਤੇ ਏਜੰਸੀਆਂ ਦੀ ਨਜ਼ਰ ਤੋਂ ਬਚ ਕੇ ਟਿਕਾਣਿਆਂ ‘ਤੇ ਪੁੱਜ ਜਾਂਦੀ ਹੈ।
ਜੇਕਰ ਇਨ੍ਹਾਂ ਤੱਥਾਂ ‘ਤੇ ਯਕੀਨ ਕਰੀਏ ਤਾਂ ਪੰਜਾਬ ਵਿਚ ਸਾਲਾਨਾ 25 ਹਜ਼ਾਰ ਕਰੋੜ (ਕੌਮਾਂਤਰੀ ਬਾਜ਼ਾਰ ਦੀ ਕੀਮਤ) ਦੀ ਹੈਰੋਇਨ ਦਾ ਕਾਰੋਬਾਰ ਹੁੰਦਾ ਹੈ। ਕੌਮਾਂਤਰੀ ਸਰਹੱਦ ਤੋਂ ਫੜੀ ਹੈਰੋਇਨ ਬਾਰੇ ਇਨ੍ਹਾਂ ਪੌਣੇ ਦੋ ਵਰ੍ਹਿਆਂ ਦੌਰਾਨ 80 ਕੇਸ ਦਰਜ ਕੀਤੇ ਗਏ ਹਨ ਤੇ ਪੰਜਾਬ ਵਿਚ ਫੜੀ ਹੈਰੋਇਨ ਦੇ 3410 ਪੁਲਿਸ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿਚ ਪੰਜਾਬ ਵਿਚ 3934 ਵਿਅਕਤੀ ਫੜੇ ਗਏ ਹਨ। ਦੱਸਣਯੋਗ ਹੈ ਕਿ ਹੁਣ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਕੌਮਾਂਤਰੀ ਸਰਹੱਦ ਤੋਂ ਹੁੰਦੀ ਤਸਕਰੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਦੂਜੇ ਸੂਬੇ ਹੈਰੋਇਨ ਦੀ ਤਸਕਰੀ ਦੀ ਅਲਾਮਤ ਤੋਂ ਬਚੇ ਹੋਏ ਹਨ। ਰਾਜਸਥਾਨ ਵਿਚ ਭਾਰਤ-ਪਾਕਿ ਸਰਹੱਦ ਤੋਂ ਸਿਰਫ 3æ77 ਕਿਲੋ, ਗੁਜਰਾਤ ਵਿਚ 3æ40 ਕਿਲੋ ਤੇ ਜੰਮੂ-ਕਸ਼ਮੀਰ ਵਿਚ 151 ਕਿਲੋ ਹੈਰੋਇਨ ਫੜੀ ਹੈ। ਦੂਜੇ ਪਾਸੇ ਪੰਜਾਬ ਵਿਚ ਕੌਮਾਂਤਰੀ ਸੀਮਾ ਤੋਂ 648 ਕਿਲੋ ਹੈਰੋਇਨ ਫੜੀ ਗਈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ 47 ਫੀਸਦੀ ਬੰਦੀ ਨਸ਼ਿਆਂ ਦੀ ਤਸਕਰੀ ਵਾਲੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕੌਮਾਂਤਰੀ ਸੀਮਾ ਤੋਂ ਤਸਕਰੀ ਰੋਕਣ ਖਾਤਰ ਨਾਰਕੋਟਿਕ ਯੂਨਿਟ ਮਜ਼ਬੂਤ ਕਰਨ ਵਾਸਤੇ ਸੂਬਿਆਂ ਨੂੰ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਤੇ ਤਸਕਰਾਂ ਦੀ ਸੂਹ ਦੇਣ ਵਾਲਿਆਂ ਨੂੰ ਵਿੱਤੀ ਐਵਾਰਡ ਦਿੱਤੇ ਜਾ ਰਹੇ ਹਨ। ਕੌਮਾਂਤਰੀ ਸੀਮਾ ‘ਤੇ ਕੰਡਿਆਲੀ ਤਾਰ ਮਜ਼ਬੂਤ ਕੀਤੀ ਗਈ ਹੈ ਤੇ ਫਲੱਡ ਲਾਈਟਾਂ ਲਾਈਆਂ ਗਈਆਂ ਹਨ। ਇਸ ਦੇ ਬਾਵਜੂਦ ਤਸਕਰੀ ਘੱਟ ਨਹੀਂ ਰਹੀ।
____________________________________________
ਨਸ਼ਿਆਂ ਖਿਲਾਫ ਮੁਹਿੰਮ ਦਾ ਦਮ ਨਿਕਲਿਆ
ਚੰਡੀਗੜ੍ਹ: ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਦਾ ਦਮ ਨਿਕਲ ਗਿਆ ਹੈ। ਲੋਕ ਸਭਾ ਚੋਣਾਂ ਵਿਚ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਵਿੱਢੀ ਮੁਹਿੰਮ ਸਿਰਫ ਛੋਟੇ ਪੱਧਰ ‘ਤੇ ਕਾਰਵਾਈ ਕਰਕੇ ਬੁੱਤਾ ਸਾਰਨ ਵਾਲੀ ਰਹੀ ਹੈ। ਸਰਕਾਰ ਨੇ ਭਾਵੇਂ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ ਪਰ ਪਿਛਲੇ 5-6 ਸਾਲਾਂ ਵਿਚ ਪੰਜਾਬ ਵਿਚ ਨਸ਼ਈਆਂ ਦੀ ਗਿਣਤੀ ਲਗਾਤਾਰ ਵਧੀ ਹੈ। 13 ਅਗਸਤ 2014 ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਪੰਜਾਬ ਵਿਚ 149 ਕਿੱਲੋ ਹੈਰੋਇਨ, 1462 ਕਿੱਲੋ ਆਈਸ (ਚਿੱਟਾ ਨਸ਼ਾ) ਬਣਾਉਣ ਦਾ ਸਾਮਾਨ ਫੜਿਆ ਗਿਆ ਸੀ। ਪੁਲਿਸ ਨੇ 9935 ਕੇਸ ਦਰਜ ਕੀਤੇ ਸਨ ਤੇ 11490 ਗ੍ਰਿਫ਼ਤਾਰੀਆਂ ਵੀ ਕੀਤੀਆਂ ਸਨ। ਜੁਲਾਈ 2014 ਦੀ ਰਿਪੋਰਟ ਅਨੁਸਾਰ ਦੋ ਲੱਖ ਅੱਠ ਹਜ਼ਾਰ ਤੋਂ ਵਧੇਰੇ ਲੋਕ ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਸਨ ਤੇ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ਵਿਚ ਕਿੰਨੇ ਲੋਕ ਗਏ ਹਨ, ਇਸ ਦਾ ਕੋਈ ਅੰਦਾਜ਼ਾ ਨਹੀਂ। ਅਲਕੋਹਲ ਰਿਹਾਬ ਡਾਟ ਕਾਮ ਦੇ ਅੰਕੜੇ ਤਾਂ ਹੋਰ ਵੀ ਚੌਂਕਾਉਣ ਵਾਲੇ ਹਨ। ਉਨ੍ਹਾਂ ਅਨੁਸਾਰ ਪੰਜਾਬ ਦੇ 15 ਤੋਂ 25 ਸਾਲ ਦੀ ਉਮਰ ਦੇ 75 ਫ਼ੀਸਦੀ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਹੋਰ ਰਿਪੋਰਟਾਂ 10 ਤੋਂ 35 ਸਾਲ ਤੱਕ ਦੇ 73 ਤੋਂ 75 ਫ਼ੀਸਦੀ ਪੰਜਾਬੀ ਨੌਜਵਾਨਾਂ ਦੇ ਨਸ਼ੱਈ ਹੋਣ ਦੀ ਗੱਲ ਕਰਦੀਆਂ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਵਿਚ ਹੈਰੋਇਨ ਵਰਗੇ ਨਸ਼ੇ ਸੱਤ ਫ਼ੀਸਦੀ, ਭੁੱਕੀ ਤਕਰੀਬਨ 15 ਫ਼ੀਸਦੀ ਤੇ ਚਿੱਟਾ (ਆਈਸ) ਵਰਗੇ ਸਿੰਥੈਟਿਕ ਨਸ਼ੇ 20 ਫ਼ੀਸਦੀ ਲੋਕ ਹੀ ਵਰਤਦੇ ਹਨ।
_____________________________________________
ਤਸਕਰਾਂ ਖਿਲਾਫ ਕਾਰਵਾਈ ਤੋਂ ਪਿੱਛੇ ਹਟੀ ਸਰਕਾਰ
ਜਲੰਧਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਾਦਲ ਸਰਕਾਰ ਹੁਣ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਤੋਂ ਪਿੱਛੇ ਹਟ ਰਹੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਨੇ ਪੰਜਾਬ ਦੇ ਕੁਝ ਮੰਤਰੀਆਂ ਦੇ ਨਾਂ ਲਏ ਹਨ, ਜਿਹੜੇ ਸਿੰਥੇਟਿਕ ਡਰੱਗਸ ਦੀ ਤਸਕਰੀ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿੱਖ ਕੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਸਰਹੱਦ ‘ਤੇ ਨਜ਼ਰ ਰੱਖਣ ਲਈ ਕਿਹਾ ਹੈ, ਜਦਕਿ ਉਪ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਭੁੱਕੀ ਦੀ ਖੇਤੀ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਜਿਹੜੇ ਸੂਬੇ ਪੰਜਾਬ ਵਿਚ ਅਫੀਮ ਤੇ ਭੁੱਕੀ ਦੀ ਤਸਕਰੀ ਦੇ ਸਰੋਤ ਹਨ। ਅਜਿਹੇ ਹਾਲਾਤ ਵਿਚ ਪ੍ਰਧਾਨ ਮੰਤਰੀ ਨੂੰ ਸੂਬੇ ਦੀ ਅਸਲ ਸਥਿਤੀ ਬਾਰੇ ਦੱਸਣਾ ਚਾਹੀਦਾ ਹੈ, ਕਿਉਂਕਿ ਕੇਂਦਰੀ ਏਜੰਸੀਆਂ ਕੋਲ ਸਾਰੀ ਜਾਣਕਾਰੀ ਹੈ। ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਆਖਰ ਨਸ਼ੇ ਕਿਥੋਂ ਆ ਰਹੇ ਹਨ।