ਆਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਵਧਣ ਕਾਰਨ ਇਥੋਂ ਦੀ ਆਮਦਨ ਦਾ ਅੰਕੜਾ ਵੱਧ ਕੇ 50 ਕਰੋੜ ਤੱਕ ਪਹੁੰਚਣ ਵਾਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਵਿਖੇ ਸਥਿਤ ਗੁਰਦੁਆਰਿਆਂ ਵਿਚ ਆਉਣ ਵਾਲੀ ਸੰਗਤ ਵਿਚ ਰਿਕਾਰਡ ਵਾਧਾ ਹੋਇਆ ਹੈ
ਤੇ ਇਨ੍ਹਾਂ ਇਤਿਹਾਸਕ ਸ਼ਹਿਰਾਂ ਵਿਖੇ ਥੜ੍ਹਿਆਂ ਦੀ ਬੋਲੀ ਵਿਚ ਵੀ ਕਰੋੜਾਂ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਲ 2010-11 ਵਿਚ ਚੜ੍ਹਾਵੇ ਦਾ ਅੰਕੜਾ 14,36,99, 094 ਰੁਪਏ, ਕੜਾਹ ਪ੍ਰਸ਼ਾਦ 4,04,08,255, ਅਖੰਡ ਪਾਠ ਤੋਂ 2,32,04,955, ਲੰਗਰ ਚੜ੍ਹਾਵਾ 2, 40,05,145, ਕਿਰਾਇਆ ਤੇ ਥੜ੍ਹਿਆਂ ਆਦਿ ਦੀ ਬੋਲੀ ਤੋਂ 1,45,03,161, ਇਮਾਰਤਾਂ ਦੀ ਉਸਾਰੀ ਲਈ 86,48,174 ਰੁਪਏ ਹੋਈ ਸੀ, ਜੋ ਕੁੱਲ 25 ਕਰੋੜ, 44 ਲੱਖ 68 ਹਜ਼ਾਰ 7 84 ਰੁਪਏ ਬਣਦਾ ਹੈ। ਸਾਲ 2011-12 ਵਿਚ ਤਕਰੀਬਨ ਛੇ ਕਰੋੜ ਦੇ ਵਾਧੇ ਨਾਲ ਇਹ ਅੰਕੜਾ ਵਧ ਕੇ 31 ਕਰੋੜ, 47 ਲੱਖ, 53 ਹਜ਼ਾਰ, 481 ਰੁਪਏ ਹੋ ਗਿਆ ਸੀ। ਸਾਲ 2012-13 ਵਿਚ ਇਹ ਅੰਕੜਾ ਸੱਤ ਕਰੋੜ ਦੇ ਵਾਧੇ ਨਾਲ 38 ਕਰੋੜ, 71 ਲੱਖ, 57 ਹਜ਼ਾਰ 762 ਰੁਪਏ ਹੋਈ। ਸਾਲ 2013-14 ਵਿਚ ਦੋ ਕਰੋੜ ਦੇ ਵਾਧੇ ਨਾਲ ਇਹ ਅੰਕੜਾ 40 ਕਰੋੜ, 86 ਲੱਖ, 15 ਹਜ਼ਾਰ, 180 ਰੁਪਏ ਤੱਕ ਪਹੁੰਚ ਗਈ ਸੀ। ਚਾਲੂ ਵਿੱਤੀ ਵਰ੍ਹੇ ਦਾ ਦੌਰਾਨ ਨਵੰਬਰ ਮਹੀਨੇ ਤੱਕ ਹੀ ਇਹ ਅੰਕੜਾ 27 ਕਰੋੜ ਤੱਕ ਪਹੁੰਚ ਗਿਆ ਹੈ। ਮੈਨੇਜਰ ਦਾ ਇਹ ਕਹਿਣਾ ਹੈ ਕਿ ਜਨਵਰੀ, ਫਰਵਰੀ, ਮਾਰਚ ਤੇ ਅਪਰੈਲ ਦੇ ਮਹੀਨੇ ਵਿਚ ਹੋਣ ਵਾਲੀ ਆਮਦਨ ਬਾਕੀ ਦੀਆਂ ਤਿੰਨ ਤਿਮਾਹੀਆਂ ਦੇ ਬਰਾਬਰ ਹੀ ਨਹੀਂ ਬਲਕਿ ਵੱਧ ਹੁੰਦੀ ਹੈ। ਇਸ ਲਈ ਅਨੁਮਾਨ ਦੇ ਅਨੁਸਾਰ ਇਸ ਸਾਲ ਵਿਚ ਇਹ ਅੰਕੜਾ ਅਰਾਮ ਦੇ ਨਾਲ 50 ਕਰੋੜ ਨੂੰ ਪਾਰ ਕਰ ਜਾਵੇਗਾ।
_____________________________________________
ਸ਼ਰਧਾਲੂਆਂ ਦੀ ਸਹੂਲਤ ਲਈ ਨਵੇਂ ਪ੍ਰੋਜੈਕਟਾਂ ਨੂੰ ਮਨਜੂਰੀ
ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵਧਦੀ ਆਮਦ ਨੂੰ ਵੇਖਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਹੋਣ ਵਾਲੇ ਕਈ ਅਹਿਮ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਖ਼ਤ ਸਾਹਿਬ ਦੇ ਸਾਹਮਣੇ ਵਾਲੇ ਮੁੱਖ ਮੈਦਾਨ ਵਿਚ ਇੰਟਰਲਾਕ ਟਾਇਲਾਂ ਲਗਾਉਣ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਕੇਸਗੜ੍ਹ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਦੀ ਸਹੂਲਤ ਨੂੰ ਸ਼ੁਰੂ ਕਰਵਾ ਦਿੱਤਾ ਸੀ ਪਰ ਪ੍ਰਸ਼ਾਦ ਦੀ ਲਾਗਤ ਅਨੁਸਾਰ ਪ੍ਰਸ਼ਾਦ ਮੁਹੱਈਆ ਕਰਵਾਉਣ ਵਿਚ ਪ੍ਰਬੰਧਕਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਸਨ। ਇਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਤਿਆਰ ਕਰਵਾਉਣ ਲਈ ਨਵੀਂ ਮਸ਼ੀਨ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਲਈ ਛੇਤੀ ਹੀ 1000 ਗੱਦੇ ਵੀ ਖਰੀਦੇ ਜਾ ਰਹੇ ਹਨ। ਜਦਕਿ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਡੇਢ ਲੱਖ ਲਿਟਰ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਦਾ ਨਿਰਮਾਣ ਵੀ ਕਾਰ ਸੇਵਾ ਰਾਹੀਂ ਕਰਵਾਇਆ ਜਾਵੇਗਾ।