ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਨੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਸੂਬੇ ਦੇ 30 ਸੀਨੀਅਰ ਆਗੂਆਂ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਫੌਰੀ ਲੀਡਰਸ਼ਿਪ ਤਬਦੀਲੀ ਦੀ ਮੰਗ ਕੀਤੀ ਤੇ ਸਪਸ਼ਟ ਕੀਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਚੋਣਾਂ ਵਿਚ ਮਾੜੇ ਸਿੱਟੇ ਭੁਗਤਣੇ ਪੈ ਸਕਦੇ ਹਨ।
ਪੰਜਾਬ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦੀ ਅਗਵਾਈ ਵਿਚ ਪਾਰਟੀ ਆਗੂਆਂ ਦਾ ਇਕ ਵਫ਼ਦ ਪਾਰਟੀ ਦੀ ਜਨਰਲ ਸਕੱਤਰ ਤੇ ਪਾਰਟੀ ਪ੍ਰਧਾਨ ਦਫਤਰ ਦੀ ਇੰਚਾਰਜ ਅੰਬਿਕਾ ਸੋਨੀ ਨੂੰ ਮਿਲਿਆ, ਜਿਸ ਨੇ ਖੁੱਲ੍ਹ ਕੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਤਮਾਨ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਬਦਲਿਆ ਜਾਵੇ। ਇਸ ਵਫ਼ਦ ਵਿਚ ਪਾਰਟੀ ਦੇ ਸੀਨੀਅਰ ਵਿਧਾਇਕ ਕੇਵਲ ਢਿੱਲੋਂ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਅਰਵਿੰਦ ਖੰਨਾ ਸ਼ਾਮਲ ਸਨ। ਇਨ੍ਹਾਂ ਸਭ ਨੇ ਲੋਕ ਸਭਾ ਵਿਚ ਪਾਰਟੀ ਦੇ ਉਪ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਬਾਜਵਾ ਦੇ ਬਦਲ ਵਜੋਂ ਪੇਸ਼ ਕੀਤਾ।
ਪੰਜਾਬ ਕਾਂਗਰਸ ਦੇ ਸਾਬਕਾ ਤੇ ਵਰਤਮਾਨ ਕੋਈ 30 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਲੰਮੀ ਮੀਟਿੰਗ ਕੀਤੀ। ਕੈਪਟਨ ਨੇ ਆਪਣੇ ਨਵੇਂ ਅਲਾਟ ਹੋਏ ਸਰਕਾਰੀ ਘਰ-7 ਜਨਪਥ ਵਿਚ ਉਨ੍ਹਾਂ ਨੂੰ ਦੁਪਹਿਰ ਦਾ ਭੋਜਨ ਦਿੱਤਾ। ਇਹ ਘਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਨੇੜੇ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੂੰ ਮਿਲਣ ਆਏ ਆਗੂ ਪੰਜਾਬ ਵਿਚ ਪਾਰਟੀ ਦੀ ਲਗਾਤਾਰ ਖੁਰ ਰਹੀ ਸਾਖ ਤੋਂ ਬਹੁਤ ਫ਼ਿਕਰਮੰਦ ਸਨ ਤੇ ਚਾਹੁੰਦੇ ਸਨ ਕਿ ਹਾਈਕਮਾਂਡ ਪਾਰਟੀ ਹਿੱਤਾਂ ਲਈ ਫੌਰੀ ਕੋਈ ਉਪਰਾਲਾ ਕਰੇ। ਉਨ੍ਹਾਂ ਪੁਸ਼ਟੀ ਕੀਤੀ ਕਿ ਸੋਨੀਆ ਗਾਂਧੀ ਨੂੰ ਨਾ ਮਿਲ ਸਕੇ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਨੇ ਦੁਪਹਿਰ ਦਾ ਭੋਜਨ ਖੁਆਇਆ ਸੀ। ਇਕ ਆਗੂ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਕਿਸੇ ਵੀ ਪ੍ਰਧਾਨ ਵਿਰੁੱਧ ਬਗਾਵਤ ਕਦੇ ਬਲਾਕ ਪੱਧਰ ਤੱਕ ਨਹੀਂ ਪੁੱਜੀ। ਪੰਜਾਬ ਵਿਚ ਕਾਂਗਰਸ ਲਈ ਮੁਸ਼ਕਲ ਬਹੁਤ ਹੈ ਤੇ ਵਰਤਮਾਨ ਪ੍ਰਧਾਨ ਬਹੁਤਿਆਂ ਨੂੰ ਸਵੀਕਾਰ ਹੀ ਨਹੀਂ ਹੈ। ਇਹ ਸਮਾਂ ਹੈ ਕਿ ਲੀਡਰਸ਼ਿਪ ਕੰਧ ‘ਤੇ ਲਿਖਿਆ ਪੜ੍ਹੇ। ਵਾਹੋਦਾਹ ਆਧਾਰ ਫੜ ਰਹੀ ਭਾਜਪਾ ਤੋਂ ਚੁਣੌਤੀ ਬਹੁਤ ਵੱਡੀ ਹੈ ਤੇ ਉਹ ਹਰਿਆਣਾ ਦਾ ਦੁਹਰਾਓ ਨਹੀਂ ਚਾਹੁੰਦੇ। ਬਾਜਵਾ ਨੂੰ ਬਦਲਣਾ ਪੈਣਾ ਹੈ, ਨਹੀਂ ਤਾਂ ਪਾਰਟੀ ਨੂੰ ਅਜਿਹਾ ਨੁਕਸਾਨ ਹੋਏਗਾ ਜਿਸ ਦੀ ਪੂਰਤੀ ਇਸ ਨੂੰ ਔਖੀ ਹੋ ਜਾਏਗੀ।
ਅਸਲ ਵਿਚ ਸ਼ ਬਾਜਵਾ ਵੱਲੋਂ ਕੈਪਟਨ ਨਾਲ ਸਿੱਧੀ ਸ਼ਬਦੀ ਜੰਗ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਵੱਲੋਂ ਤਕਰੀਬਨ ਰੋਜ਼ਾਨਾ ਹੀ ਜਨਤਕ ਤੌਰ ‘ਤੇ ਬਾਜਵਾ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੈਪਟਨ ਵੱਲੋਂ ਤਾਂ ਬਾਜਵਾ ਨੂੰ Ḕਗੈਰ-ਭਰੋਸੇਯੋਗḔ ਤੇ Ḕਗੈਰ-ਸਰਗਰਮḔ ਆਖ ਕੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ।
ਇਸੇ ਦੌਰਾਨ ਕੈਪਟਨ ਵੱਲੋਂ ਬਾਜਵਾ ਨੂੰ ਹਟਾਉਣ ਦੀ ਕੀਤੀ ਜਾ ਰਹੀ ਮੰਗ ਬਾਰੇ ਸ਼ ਬਾਜਵਾ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ ਕਿਉਂਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ। ਉਨ੍ਹਾਂ ਨੂੰ ਹਾਈਕਮਾਨ ਦੀ ਮਰਜ਼ੀ ਤੋਂ ਬਿਨਾਂ ਪ੍ਰਧਾਨਗੀ ਤੋਂ ਨਹੀਂ ਲਾਹਿਆ ਜਾ ਸਕਦਾ।