ਨਾਨਕਸ਼ਾਹੀ ਕੈਲੰਡਰ ਵਿਚ ਸੋਧ ਬਾਰੇ ਖਿੱਚੋਤਾਣ ਵਧੀ

ਚੰਡੀਗੜ੍ਹ: ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਿਕਰਮੀ ਕੈਲੰਡਰ ਵਿਚ ਤਬਦੀਲ ਕਰਨ ਦੀ ਵਿਉਂਤਬੰਦੀ ਪਿੱਛੋਂ ਸਿੱਖ ਜਥੇਬੰਦੀਆਂ ਵਿਚ ਖਿੱਚੋਤਾਣ ਵਧ ਗਈ ਹੈ। ਇਸ ਵਿਉਂਤਬੰਦੀ ਤਹਿਤ ਮੂਲ ਨਾਨਕਸ਼ਾਹੀ ਕੈਲੰਡਰ ਸਮਰਥਕ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਰਹੇ ਹਨ ਤੇ ਭਵਿੱਖ ਵਿਚ ਵੀ ਇਸੇ ਕੈਲੰਡਰ ਨੂੰ ਸਮਰਥਨ ਦੇਣਗੇ। ਪੰਜ ਸਿੰਘ ਸਾਹਿਬਾਨ ਦੀ ਕਿਸੇ ਮੀਟਿੰਗ ਵਿਚ ਜੇਕਰ ਇਹ ਮੁੱਦਾ ਉਭਰਿਆ ਤਾਂ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਸਮਰਥਨ ਦੇਣਗੇ।
ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਏ ਹਨ ਕਿ ਜਥੇਦਾਰ ਨਾ ਤਾਂ ਗੁਰਬਾਣੀ ਬਾਰੇ ਸੂਝ ਰੱਖਦੇ ਹਨ ਤੇ ਨਾ ਹੀ ਉਸ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ। ਸੰਤ ਸਮਾਜ ਨੇ ਦੋਸ਼ ਲਾਏ ਕਿ ਜਥੇਦਾਰ ਨੰਦਗੜ੍ਹ ਆਪਣੇ ਆਪ ਨੂੰ ‘ਵੱਡਾ ਸਿੱਖ ਤੇ ਦੂਸਰਿਆਂ ਨੂੰ ਆਰæਐਸ਼ਐਸ਼ ਦੇ ਬੰਦੇ’ ਦੱਸ ਕੇ ਸਿੱਖ ਪੰਥ ਨੂੰ ਗੁੰਮਰਾਹ ਕਰ ਰਹੇ ਹਨ। ਗਰਮਖਿਆਲੀ ਜਥੇਬੰਦੀ ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਖਿਆ ਕਿ ਸੰਤ ਸਮਾਜ ਤੇ ਹੋਰ ਸੰਪਰਦਾਵਾਂ ਦੇ ਪ੍ਰਭਾਵ ਹੇਠ ਇਕ ਵਾਰ ਮੁੜ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਤਬਦੀਲ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਤਹਿਤ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਵਾਪਸ ਲਈ ਗਈ ਹੈ।
ਸਰਕਾਰ ਦੀ ਇਹ ਕਾਰਵਾਈ ਇਸੇ ਦਿਸ਼ਾ ਵੱਲ ਸੰਕੇਤ ਕਰਦੀ ਹੈ ਕਿ ਉਹ ਜਥੇਦਾਰ ਨੰਦਗੜ੍ਹ ਨੂੰ ਆਪਣੀ ਰਾਇ ਬਦਲਣ ਲਈ ਮਜਬੂਰ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਵੀ ਬਿਕਰਮੀ ਕੈਲੰਡਰ ਲਾਗੂ ਕਰਨ ਸਮੇਂ ਸਮਰਥਨ ਦੇਣ। ਉਨ੍ਹਾਂ ਆਖਿਆ ਕਿ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰਨਗੀਆਂ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਜਥੇਦਾਰ ਨੰਦਗੜ੍ਹ ਨੇ ਹਮੇਸ਼ਾ ਹੀ ਸਿਖ ਮੁੱਦਿਆਂ ‘ਤੇ ਆਵਾਜ਼ ਬੁਲੰਦ ਕੀਤੀ ਹੈ ਤੇ ਇਨ੍ਹਾਂ ਮੁੱਦਿਆਂ ਪ੍ਰਤੀ ਸਿੱਖ ਕੌਮ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਲੰਡਰ ਮਾਮਲੇ ਵਿਚ ਪਹਿਲਾਂ ਵੀ ਅਜਿਹੀ ਰਣਨੀਤੀ ਅਪਨਾਈ ਜਾ ਚੁੱਕੀ ਹੈ। ਪਹਿਲਾਂ ਵੀ ਸਰਬਸੰਮਤੀ ਤੋਂ ਬਿਨਾਂ ਹੀ 2010 ਵਿਚ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਤਬਦੀਲੀ ਕਰ ਦਿੱਤੀ ਗਈ ਸੀ। ਉਨ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਮੁੜ ਬਿਕਰਮੀ ਕੈਲੰਡਰ ਲਾਗੂ ਕਰਨ ਦੀ ਕੀਤੀ ਜਾ ਰਹੀ ਵਿਉਂਤਬੰਦੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਇਹ ਸਿਰਫ ਆਰæਐਸ਼ਐਸ਼ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਨਾਨਕਸਰ ਸੰਪਰਦਾ ਤੇ ਦਮਦਮੀ ਟਕਸਾਲ ਦੇ ਰੂਪ ਵਿਚ ਬਿਕਰਮੀ ਕੈਲੰਡਰ ਦੀ ਹਮਾਇਤ ਵਿਚ ਮੋਹਰੀ ਧਿਰਾਂ ਦੀ ਦਲੀਲ ਹੈ, ਕਿ ਗੁਰੂ ਕਾਲ ਵੇਲੇ ਤੋਂ ਹੀ ਦੇਸੀ ਕੈਲੰਡਰ ਦੀ ਮਾਨਤਾ ਰਹੀ ਹੈ, ਜਿਸ ਤਹਿਤ ਹੀ ਗੁਰੂ ਸਾਹਿਬਾਨ ਵੱਲੋਂ ਦਿਨ ਮਿਥੇ ਜਾਂਦੇ ਸਨ ਤੇ ਗੁਰਬਾਣੀ ਵਿਚ ‘ਬਾਰਾਮਾਹ’ ਦੀ ਮੌਜੂਦਗੀ ਦੇਸੀ ਕੈਲੰਡਰ ਦੀ ਮਹੱਤਤਾ ਦਾ ਪ੍ਰਤੱਖ ਪ੍ਰਮਾਣ ਹੈ।
_________________________________________
ਸੂਰਜ ਚੰਦ ਦੇ ਬਖੇੜੇ ਵਿਚ ਕੌਮ ਨਾ ਵੰਡੋ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਨਾਲੋਂ ਸਿੱਖਾਂ ਦੀ ਇਕਜੁੱਟਤਾ ਦੀ ਲੋੜ ਹੈ। ਸੂਰਜ ਤੇ ਚੰਦਰ ਦੇ ਬਖੇੜੇ ਵਿਚ ਕੌਮ ਨੂੰ ਵੰਡਿਆ ਨਾ ਜਾਵੇ।
ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਣ ਲਈ ਕੋਈ ਸੂਰਜ ਚਾਲ ਤੇ ਕੋਈ ਚੰਦਰ ਚਾਲ ਦੇ ਪਿੱਛੇ ਪਿਆ ਹੈ। ਗੁਰੂ ਸਾਹਿਬਾਨ ਦੇ ਦਿਹਾੜਿਆਂ ਦੇ ਨਾਂ ‘ਤੇ ਵਿਵਾਦ ਖੜਾ ਨਾ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਰੀ ਸੰਦੇਸ਼ ਪ੍ਰਤੀ ਸਹਿਮਤੀ ਨੂੰ ਬਰਕਰਾਰ ਰੱਖਿਆ ਜਾਵੇ। ਨਾਨਕਸ਼ਾਹੀ ਕੈਲੰਡਰ ਮਾਮਲੇ ਵਿਚ ਇਕ ਧਿਰ ਹਓਮੈ ਵਿਚ ਗਲਤਾਨ ਹੈ ਤੇ ਦੂਸਰੀ ਧਿਰ ਡੰਮਵਾਦ ਨੂੰ ਉਤਸ਼ਾਹਤ ਕਰਨ ‘ਤੇ ਜ਼ੋਰ ਦੇ ਰਹੀ ਹੈ।
________________________________________
ਜਥੇਦਾਰੀ ਤੋਂ ਅਸਤੀਫ਼ਾ ਨਹੀਂ ਦੇਵਾਂਗਾ: ਨੰਦਗੜ੍ਹ
ਤਲਵੰਡੀ ਸਾਬੋ: ਸਰਕਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਤੇ ਪਾਇਲਟ ਗੱਡੀ ਵਾਪਸ ਲਏ ਜਾਣ ਤੋਂ ਬਾਅਦ ਚੁੱਪ ਤੋੜਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਦੋ ਵਿਅਕਤੀਆਂ ਗੁਰਬਿੰਦਰ ਸਿੰਘ ਬਰਾੜ ਤੇ ਅਕਾਲੀ ਆਗੂ ਸਤਿੰਦਰਜੀਤ ਸਿੰਘ ਮੰਟਾ ਨੂੰ ਉਨ੍ਹਾਂ ਦਾ ਅਸਤੀਫ਼ਾ ਲੈਣ ਲਈ ਭੇਜਿਆ ਸੀ, ਉਨ੍ਹਾਂ ਦਾ ਆਪਣਾ ਕੋਈ ਧਾਰਮਿਕ ਜਾਂ ਸਿਆਸੀ ਵਜੂਦ ਨਹੀਂ ਹੈ। ਅਸਤੀਫ਼ਾ ਮੰਗਣ ਆਏ ਵਿਅਕਤੀਆਂ ਨੇ ਉਨ੍ਹਾਂ ਨੂੰ ਧਮਕੀਆਂ ਭਰੇ ਸ਼ਬਦ ਬੋਲੇ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਹੁਣ ਉਹ ਜਥੇਦਾਰੀ ਤੋਂ ਅਸਤੀਫ਼ਾ ਨਹੀਂ ਦੇਣਗੇ।