ਵਿਸ਼ਵ ਕਬੱਡੀ ਵਿਚ ਭਾਰਤ ਫਿਰ ਚੈਂਪੀਅਨ ਬਣਿਆ

ਬਾਦਲ (ਸ੍ਰੀ ਮੁਕਤਸਰ ਸਾਹਿਬ): ਪੰਜਵੇਂ ਵਿਸ਼ਵ ਕਬੱਡੀ ਕੱਪ ਵਿਚ ਭਾਰਤ ਨੇ ਆਪਣੀ ਸਰਦਾਰੀ ਬਰਕਰਾਰ ਰੱਖੀ ਹੈ। ਭਾਰਤ ਨੇ ਪੁਰਸ਼ ਵਰਗ ਵਿਚ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਤੇ ਮਹਿਲਾ ਵਰਗ ਵਿਚ ਨਿਊਜ਼ੀਲੈਂਡ ਨੂੰ 36-27 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ।

ਪੁਰਸ਼ ਵਰਗ ਦੇ ਫਾਈਨਲ ਵਿਚ ਭਾਰਤ ਦੀ ਪਾਕਿਸਤਾਨ ‘ਤੇ ਇਹ ਚੌਥੀ ਜਿੱਤ ਹੈ ਜਦੋਂ ਕਿ ਮਹਿਲਾ ਵਰਗ ਵਿਚ ਭਾਰਤ ਦੀ ਨਿਊਜ਼ੀਲੈਂਡ ‘ਤੇ ਦੂਜੀ ਜਿੱਤ ਹੈ। ਪੁਰਸ਼ ਵਰਗ ਵਿਚ ਭਾਰਤ ਨੇ ਪਹਿਲੇ ਸਥਾਨ ਨਾਲ ਦੋ ਕਰੋੜ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਪਾਕਿਸਤਾਨ ਨੇ ਇਕ ਕਰੋੜ ਰੁਪਏ ਤੇ ਤੀਜੇ ਸਥਾਨ ‘ਤੇ ਆਈ ਇਰਾਨ ਦੀ ਟੀਮ ਨੇ 51 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਮਹਿਲਾ ਵਰਗ ਵਿਚ ਚੈਂਪੀਅਨ ਬਣੀ ਭਾਰਤ ਦੀ ਟੀਮ ਨੂੰ ਇਕ ਕਰੋੜ ਰੁਪਏ, ਉਪ ਜੇਤੂ ਬਣੀ ਨਿਊਜ਼ੀਲੈਂਡ ਨੂੰ 51 ਲੱਖ ਰੁਪਏ ਤੇ ਤੀਜੇ ਸਥਾਨ ‘ਤੇ ਰਹੀ ਪਾਕਿਸਤਾਨ ਦੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।
ਮਹਿਲਾ ਵਰਗ ਦਾ ਫਾਈਨਲ ਮੈਚ ਬਹੁਤ ਫਸਵਾਂ ਰਿਹਾ ਤੇ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਤਕੜੀ ਟੱਕਰ ਦਿੱਤੀ। ਭਾਰਤ ਦੀ ਸਟਾਰ ਜਾਫੀ ਅਨੂ ਰਾਣੀ ਵੱਲੋਂ ਲਾਏ ਜੱਫਿਆਂ ਨੇ ਭਾਰਤ ਦੀ ਜਿੱਤ ਆਸਾਨ ਕੀਤੀ ਤੇ ਅੰਤ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 36-27 ਨਾਲ ਹਰਾ ਕੇ ਖਿਤਾਬ ਜਿੱਤਿਆ। ਕਿਵੀ ਖਿਡਾਰਨਾਂ ਨੇ ਵੀ ਆਪਣੀ ਜੁਝਾਰੂ ਖੇਡ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਕਿਵੀ ਰੇਡਰ ਪਰਸੇ ਨੂੰ ਰੋਕਣਾ ਭਾਰਤੀ ਜਾਫੀਆਂ ਲਈ ਟੇਢੀ ਖੀਰ ਸਾਬਤ ਹੋਇਆ। ਅੱਧੇ ਸਮੇਂ ਤੱਕ ਭਾਰਤੀ ਟੀਮ 18-14 ਨਾਲ ਅੱਗੇ ਸੀ। ਪੁਰਸ਼ ਵਰਗ ਦੇ ਫਾਈਨਲ ਵਿਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਭਾਰਤ ਨੇ ਆਖਰੀ ਮੌਕੇ ਪਾਸਾ ਪਲਟਦਿਆਂ ਵਿਸ਼ਵ ਕੱਪ ਖਿਤਾਬ ਆਪਣੀ ਝੋਲੀ ਪਾਇਆ। ਮੈਚ ਬਹੁਤ ਫਸਵਾਂ ਰਿਹਾ ਤੇ ਪਾਕਿਸਤਾਨ ਦੇ ਸਟਾਰ ਜਾਫੀ ਮੁਸ਼ੱਰਫ ਜਾਵੇਦ ਜੰਜੂਆ ਨੇ ਦਿਲਖਿੱਚਵੇਂ ਜੱਫੇ ਲਾਉਂਦਿਆਂ ਭਾਰਤ ਵਿਰੁੱਧ ਲੀਡ ਲੈਣ ਵਿਚ ਵੱਡਾ ਯੋਗਦਾਨ ਪਾਇਆ।
ਪਹਿਲੇ ਤਿੰਨ ਕੁਆਰਟਰਾਂ ਵਿਚ ਪਾਕਿਸਤਾਨ ਨੇ ਥੋੜੇ ਜਿਹੇ ਫਰਕ ਨਾਲ ਲੀਡ ਬਣਾਈ ਰੱਖੀ ਜਦੋਂ ਕਿ ਆਖਰੀ ਤੇ ਚੌਥੇ ਕੁਆਰਟਰ ਵਿਚ ਭਾਰਤ ਦੇ ਸਟਾਰ ਜਾਫੀ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ ਜੱਫੇ ਲਗਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਦੇ ਰੇਡਰਾਂ ਵਿਚੋਂ ਸੰਦੀਪ ਸਿੰਘ ਸੁਰਖਪੁਰ ਨੇ 16 ਤੇ ਸੰਦੀਪ ਲੁੱਧੜ ਨੇ 10 ਅੰਕ ਲਏ ਜਦੋਂ ਕਿ ਭਾਰਤ ਦੇ ਜਾਫੀ ਯਾਦਵਿੰਦਰ ਸੁਰਖਪੁਰ ਨੇ ਪੰਜ ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ ਤਿੰਨ ਜੱਫੇ ਲਾਏ। ਪਾਕਿਸਤਾਨ ਦੇ ਰੇਡਰ ਅਹਿਮਦ ਸਫੀਕ ਚਿਸ਼ਤੀ ਨੇ 15, ਇਰਫਾਨ ਨੇ 13 ਤੇ ਅਕਮਲ ਸਜਾਦ ਡੋਗਰ ਨੇ ਛੇ ਅੰਕ ਲਏ ਜਦੋਂ ਕਿ ਜਾਫੀ ਮੁਸ਼ੱਰਫ ਜਾਵੇਦ ਜੰਜੂਆ ਨੇ ਚਾਰ ਜੱਫੇ ਲਾਏ।
__________________________________________
ਯਾਦਵਿੰਦਰ ਸਿੰਘ ਯਾਦਾ ਸਰਬੋਤਮ ਜਾਫੀ
ਪੁਰਸ਼ ਵਰਗ ਵਿਚ ਭਾਰਤ ਦੇ ਸੰਦੀਪ ਸਿੰਘ ਸੁਰਖਪੁਰ ਤੇ ਪਾਕਿਸਤਾਨ ਦੇ ਅਹਿਮਦ ਸ਼ਫੀਦ ਚਿਸ਼ਤੀ ਨੂੰ ਸਾਂਝੇ ਤੌਰ ‘ਤੇ ਸਰਬੋਤਮ ਰੇਡਰ ਚੁਣਿਆ ਗਿਆ। ਭਾਰਤ ਦੇ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਨੂੰ ਸਰਬੋਤਮ ਜਾਫੀ ਚੁਣਿਆ ਗਿਆ ਜਿਨ੍ਹਾਂ ਨੂੰ ਪ੍ਰੀਤ ਟਰੈਕਟਰ ਇਨਾਮ ਵਿਚ ਦਿੱਤੇ ਗਏ। ਇਸੇ ਤਰ੍ਹਾਂ ਮਹਿਲਾ ਵਰਗ ਵਿਚ ਭਾਰਤ ਦੀ ਪ੍ਰਿਅੰਕਾ ਤੇ ਰਾਮ ਬਤੇਰੀ ਤੇ ਨਿਊਜ਼ੀਲੈਂਡ ਦੀ ਪਰਸੇ ਨੂੰ ਸਾਂਝੇ ਤੌਰ ‘ਤੇ ਸਰਵੋਤਮ ਰੇਡਰ ਤੇ ਭਾਰਤ ਦੀ ਅਨੂ ਰਾਣੀ ਤੇ ਨਿਊਜ਼ੀਲੈਂਡ ਦੀ ਟੀਟੋ ਨੂੰ ਸਾਂਝੇ ਤੌਰ ‘ਤੇ ਸਰਵੋਤਮ ਜਾਫੀ ਚੁਣਿਆ ਗਿਆ। ਇਨ੍ਹਾਂ ਜੇਤੂਆਂ ਨੂੰ ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ।
__________________________________________
ਪਾਕਿਤਸਾਨੀ ਕਪਤਾਨ ਚਿਸ਼ਤੀ ਨੇ ਲਾਏ ਧੱਕੇਸ਼ਾਹੀ ਦੇ ਦੋਸ਼
ਬਾਦਲ: ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਤੋਂ 45-42 ਦੇ ਫ਼ਰਕ ਨਾਲ ਹਾਰਨ ਵਾਲੀ ਪਾਕਿਸਤਾਨੀ ਕਬੱਡੀ (ਪੁਰਸ਼) ਟੀਮ ਦੇ ਕਪਤਾਨ ਸ਼ਫ਼ੀਕ ਅਹਿਮਦ ਚਿਸ਼ਤੀ ਨੇ ਭਾਰਤੀ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਪਾਕਿ ਟੀਮ ਦੇ ਕਪਤਾਨ ਦਾ ਦੋਸ਼ ਸੀ ਕਿ ਭਾਰਤੀ ਟੀਮ ਨੂੰ ਜਿਤਾਉਣ ਲਈ ਮੈਚ ਸਮੇਂ ਤੋਂ ਪਹਿਲਾਂ ਮੁਕਾ ਦਿੱਤਾ ਗਿਆ। ਤਿੱਖੇ ਰੋਹ ਵਿਚ ਆਈ ਪਾਕਿਸਤਾਨੀ ਟੀਮ ਨੇ ਭਵਿੱਖ ਵਿਚ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਨਾ ਲੈਣ ਦੀ ਚਿਤਾਵਨੀ ਦਿੱਤੀ।
ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਕਿਸਤਾਨੀ ਟੀਮ ਵੱਲੋਂ ਉਠਾਏ ਨੁਕਤਿਆਂ ਦੀ ਜਾਂਚ ਵਾਸਤੇ ਇਕ ਤਕਨੀਕੀ ਕਮੇਟੀ ਦਾ ਗਠਨ ਕਰ ਦਿੱਤਾ, ਪਰ ਪਾਕਿਸਤਾਨੀ ਟੀਮ ਨੇ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਤੇ ਦੋਹਾਂ ਮੁਲਕਾਂ ਦਾ ਸਾਂਝਾ ਨਿਆਇਕ ਕਮਿਸ਼ਨ ਬਣਾਏ ਜਾਣ ਦੀ ਮੰਗ ਰੱਖੀ। ਉਨ੍ਹਾਂ ਮੰਗ ਕੀਤੀ ਕਿ ਭਾਰਤ ਤੇ ਪਾਕਿਸਤਾਨ ਦੇ ਹਾਈਕੋਰਟ ਦੇ ਜੱਜਾਂ ‘ਤੇ ਅਧਾਰਿਤ ਦੋ ਮੈਂਬਰੀ ਨਿਆਂਇਕ ਕਮਿਸ਼ਨ ਬਣਾਇਆ ਜਾਵੇ ਜੋ ਸਾਰੇ ਮਾਮਲੇ ਦੀ ਪੜਤਾਲ ਕਰਕੇ ਫੈਸਲਾ ਦੇਵੇ। ਪੰਜਾਬ ਸਰਕਾਰ ਨੂੰ ਸੋਸ਼ਲ ਮੀਡੀਆ ਵਿਚ ਚੰਗਾ ਰਗੜਾ ਲੱਗ ਰਿਹਾ ਹੈ। ਕਬੱਡੀ ਕੱਪ ਦੇ ਪ੍ਰਬੰਧਕਾਂ ‘ਤੇ ਲੋਕ ਨਜ਼ਲਾ ਝਾੜ ਰਹੇ ਹਨ। ਚਿਸ਼ਤੀ ਨੇ ਭਰੇ ਮਨ ਨਾਲ ਦੋਸ਼ ਲਾਇਆ ਕਿ ਭਾਰਤੀ ਟੀਮ ਨੂੰ ਜਿਤਾਉਣ ਲਈ ਸੰਚਾਲਕਾਂ ਵੱਲੋਂ ਪੂਰੀ ਵਾਹ ਲਾਈ ਹੋਈ ਸੀ ਤੇ ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਆਪਣੇ ਪਿੰਡੇ ‘ਤੇ ਬਾਮ ਲਾਈ ਹੋਈ ਸੀ।
ਚਿਸ਼ਤੀ ਨੇ ਆਖਿਆ ਕਿ ਮੈਚ ਵਿਚ ਜਿਵੇਂ ਹੀ ਭਾਰਤੀ ਟੀਮ ਦੇ ਅੰਕ ਵਧਣ ਲੱਗੇ ਤਾਂ ਸੰਚਾਲਕਾਂ ਵੱਲੋਂ ਮੈਚ ਨੂੰ ਜਾਣਬੁੱਝ ਕੇ ਨਿਪਟਾ ਦਿੱਤਾ ਗਿਆ। ਸਫ਼ੀਕ ਚਿਸ਼ਤੀ ਵੱਲੋਂ ਕਬੱਡੀ ਕੱਪ ਦੀ ਲਾਈਵ ਕਵਰੇਜ਼ ਕਰ ਰਹੇ ਇਕ ਨਿੱਜੀ ਚੈਨਲ ‘ਤੇ ਆਪਣਾ ਰੋਹ ਭਰਿਆ ਬਿਆਨ ਦੇਣ ਦੌਰਾਨ ਕਬੱਡੀ ਦੇ ਪ੍ਰਮੋਟਰਾਂ, ਪੰਜਾਬ ਪੁਲਿਸ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਸਫ਼ੀਕ ਚਿਸ਼ਤੀ ਨੂੰ ਮੀਡੀਆ ਤੋਂ ਪਾਸੇ ਲਿਜਾਣ ਲਈ ਮਨੁੱਖੀ ਘੇਰਾ ਪਾ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਮੀਡੀਆ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲੈਣ ਦੀ ਕੋਸ਼ਿਸ਼ ਕੀਤੀ। ਘੇਰੇ ਵਿਚਕਾਰ ਭਾਰਤੀ ਅਧਿਕਾਰੀਆਂ ਤੇ ਪਾਕਿਸਤਾਨੀ ਟੀਮ ਵਿਚਕਾਰ ਤਕਰੀਬਨ 12-13 ਮਿੰਟ ਗੱਲਬਾਤ ਉਪਰੰਤ ਪਾਕਿਸਤਾਨੀ ਟੀਮ ਉਪ ਜੇਤੂ ਖਿਤਾਬ ਲਈ ਲੈਣ ਲਈ ਤਿਆਰ ਹੋਈ।