ਪਾਕਿਸਤਾਨੀ ਤਾਲਿਬਾਨ ਵਲੋਂ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿਚ ਮਚਾਈ ਤਬਾਹੀ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਮਰੀਕਾ ਵਿਚ 2001 ਵਿਚ ਹੋਏ 9/11 ਹਮਲਿਆਂ ਵੇਲੇ ਵੀ ਸਮੁੱਚਾ ਸੰਸਾਰ ਇਸੇ ਤਰ੍ਹਾਂ ਝੰਜੋੜਿਆ ਗਿਆ ਸੀ। ਉਦੋਂ ਮਸ਼ਹੂਰ ਅਮਰੀਕੀ ਚਿੰਤਕ ਨੌਮ ਚੌਮਸਕੀ ਨੇ ਇਨ੍ਹਾਂ ਹਮਲਿਆਂ ਦਾ ਪਿਛੋਕੜ ਫਰੋਲਦਿਆਂ ਅਮਰੀਕਾ ਦੀ ਵਿਦੇਸ਼ ਨੀਤੀ ਉਤੇ ਉਂਗਲ ਰੱਖੀ ਸੀ।
ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਪਿਸ਼ਾਵਰ ਕਾਂਡ ਦੀ ਪੁਣ-ਛਾਣ ਕਰਦਿਆਂ ਇਸ ਕਾਂਡ ਦੇ ਪਿਛੋਕੜ ਵਿਚ ਪਏ ਕੁਝ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ। ਅਜਿਹੀ ਪੁਣ-ਛਾਣ ਕਾਰਪੋਰੇਟ ਦੇ ਕਬਜ਼ੇ ਹੇਠ ਆਏ ਮੁੱਖਧਾਰਾ ਮੀਡੀਆ ਵਿਚੋਂ ਫਿਲਹਾਲ ਗਾਇਬ ਹੈ। ਲੇਖਕ ਨੇ ਦੱਸਿਆ ਹੈ ਕਿ ਸਬੰਧਤ ਇਲਾਕੇ ਵਿਚ ਹਿਤਾਂ ਦਾ ਭੇੜ ਕਿਹੜੀ ਸ਼ਕਲ ਅਖਤਿਆਰ ਕਰ ਚੁੱਕਾ ਹੈ ਅਤੇ ਆਮ ਲੋਕ ਉਸ ਹਾਲਾਤ ਵਿਚ ਕਿੰਜ ਨਪੀੜੇ ਜਾ ਰਹੇ ਹਨ। -ਸੰਪਾਦਕ
ਬੂਟਾ ਸਿੰਘ
ਫੋਨ: 91-94634-74342
ਪਾਕਿਸਤਾਨ ਦੇ ਉਤਰ-ਪੱਛਮੀ ਸੂਬੇ ਖੈਬਰ-ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਉਪਰ ਹਮਲਾ ਕਰ ਕੇ 132 ਬੱਚਿਆਂ ਅਤੇ ਇਕ ਦਰਜਨ ਦੇ ਕਰੀਬ ਸਕੂਲ ਮੁਲਾਜ਼ਮਾਂ ਸਮੇਤ 145 ਜਿੰਦਾਂ ਦਾ ਕਤਲੇਆਮ ਕਰਨ ਵਾਲੇ ਕੱਟੜਪੰਥੀ ਤਾਲਿਬਾਨ ਦੀ ਬੁਜ਼ਦਿਲਾਨਾ ਤੇ ਦਰਿੰਦਾਨਾ ਕਾਰਵਾਈ ਨੂੰ ਜਿੰਨੀ ਵੀ ਲਾਹਣਤ ਪਾਈ ਜਾਵੇ, ਉਨੀ ਹੀ ਥੋੜ੍ਹੀ ਹੈ। ਯਕੀਨਨ, ਇਹ ਪਾਕਿਸਤਾਨੀ ਤਾਲਿਬਾਨ (ਤਹਿਰੀਕ-ਏ-ਤਾਲਿਬਾਨ-ਏ-ਪਾਕਿਸਤਾਨ) ਦੀ ਹੁਣ ਤਕ ਦੀ ਸਭ ਤੋਂ ਘਿਨਾਉਣੀ ਕਾਰਵਾਈ ਹੈ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨੀ ਫ਼ੌਜ ਵਲੋਂ ਤਾਲਿਬਾਨ ਦੇ ਖ਼ਿਲਾਫ਼ ਚਲਾਈ ਜਾ ਰਹੀ ਸਫ਼ਾਇਆ ਮੁਹਿੰਮ ਦਾ ਬਦਲਾ ਲੈਣ ਦੀ ਕਾਰਵਾਈ ਦੱਸ ਕੇ ਜਾਇਜ਼ ਠਹਿਰਾਉਣਾ ਚਾਹਿਆ ਹੈ। ਤਾਲਿਬਾਨ ਦੇ ਬੁਲਾਰੇ ਮੁਹੰਮਦ ਉਮਰ ਖ਼ੁਰਾਸਾਨੀ ਅਨੁਸਾਰ, “ਅਸੀਂ ਫ਼ੌਜ ਦੇ ਸਕੂਲ ਨੂੰ ਹਮਲੇ ਲਈ ਇਸ ਕਰ ਕੇ ਚੁਣਿਆ ਕਿਉਂਕਿ ਹਕੂਮਤ ਸਾਡੇ ਟੱਬਰਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਵੀ ਦੁੱਖ ਦਾ ਅਹਿਸਾਸ ਹੋਵੇ।” ਇਹ ਕਤਲੇਆਮ ਇਤਨਾ ਭਿਆਨਕ ਸੀ ਕਿ ਅਫ਼ਗਾਨ ਤਾਲਿਬਾਨ ਨੂੰ ਵੀ ਇਸ ਦੀ ਨਿਖੇਧੀ ਕਰਨੀ ਪੈ ਗਈ।
ਤਾਲਿਬਾਨ ਦੀ ਲੜਾਈ ਪਾਕਿਸਤਾਨੀ ਰਾਜ (ਸਟੇਟ), ਭਾਵ ਹੁਕਮਰਾਨਾਂ ਦੇ ਉਸ ਹਿੱਸੇ ਨਾਲ ਹੈ ਜਿਸ ਨੇ ਅਮਰੀਕੀ ਸਾਮਰਾਜਵਾਦ ਦੀਆਂ ਮੌਜੂਦਾ ਗਿਣਤੀਆਂ-ਮਿਣਤੀਆਂ ਅਤੇ ਹਿੱਤ ਪੂਰਤੀ ਅਨੁਸਾਰ ਤਾਲਿਬਾਨ ਦੀ ਸਰਕਾਰੀ ਪੁਸ਼ਤ-ਪਨਾਹੀ ਕਰਨ ਦੀ ਪੁਰਾਣੀ ਨੀਤੀ ਨੂੰ ਦਰਕਿਨਾਰ ਕਰ ਕੇ ਹੁਣ ਇਨ੍ਹਾਂ ਮਜ਼੍ਹਬੀ ਕੱਟੜਪੰਥੀਆਂ ਨੂੰ ਦਬਾਉਣ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ। ਇਸ ਨੀਤੀ ਤਹਿਤ ਪਾਕਿਸਤਾਨ ਦੇ ਉਤਰੀ ਵਜ਼ੀਰਸਤਾਨ ਅਤੇ ਖੈਬਰ ਦੇ ਕਬਾਇਲੀ ਇਲਾਕੇ ਵਿਚ ਦਹਿਸ਼ਤਗਰਦਾਂ ਦੇ ਅਖੌਤੀ ਟਿਕਾਣਿਆਂ ਉਪਰ 15 ਜੂਨ ਤੋਂ ਅਮਰੀਕੀ ਖੁਫੀਆ ਏਜੰਸੀ ਸੀæਆਈæਏæ ਅਤੇ ਪੈਂਟਾਗਨ ਨਾਲ ਮਿਲ ਕੇ ਪਾਕਿਸਤਾਨੀ ਫੌਜ ਨੇ ਅਪਰੇਸ਼ਨ ‘ਜ਼ਰਬ-ਏ-ਅਜ਼ਬ’ ਸ਼ੁਰੂ ਕੀਤਾ ਹੋਇਆ ਹੈ। ਅਮਰੀਕੀ ਇਸ਼ਾਰੇ ‘ਤੇ ਇਸ ਵਿਆਪਕ ਫੌਜੀ ਹਮਲੇ ਬਾਰੇ ਕੁਲ ਆਲਮ ਦਾ ਕਾਰਪੋਰੇਟ ਮੀਡੀਆ ਖ਼ਾਮੋਸ਼ ਹੈ। ਇਹ ਕਬਾਇਲੀ ਖੇਤਰ ਫੌਜ ਦੇ ਮੁਕੰਮਲ ਘੇਰੇ ਵਿਚ ਹੋਣ ਕਾਰਨ ਇਥੇ ਬੇਕਸੂਰ ਕਬਾਇਲੀ ਅਗਵਾਮ ਦੀ ਕਤਲੋਗਾਰਤ ਦੀ ਪੂਰੀ ਤਸਵੀਰ ਬਾਹਰ ਨਹੀਂ ਆ ਰਹੀ। ਕਾਰਪੋਰੇਟ ਮੀਡੀਆ ਉਹੀ ਤਸਵੀਰ ਦਿਖਾ ਰਿਹਾ ਹੈ ਜੋ ਅਮਰੀਕਾ ਅਤੇ ਇਸ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਪਾਕਿਸਤਾਨੀ ਫੌਜ ਇਸ ਵਕਤ ਜੱਗ ਨੂੰ ਦਿਖਾਉਣਾ ਚਾਹੁੰਦੀ ਹੈ। ਹਾਲ ਹੀ ਵਿਚ ਪਿਸ਼ਾਵਰ ਹਮਲੇ ਦੇ ਜਵਾਬ ਵਿਚ ਪਾਕਿਸਤਾਨੀ ਫੌਜ ਵਲੋਂ ਖੈਬਰ ਖੇਤਰ ਉਪਰ ਵੀਹ ਹਵਾਈ ਹਮਲੇ ਕਰ ਕੇ ਘੱਟੋ-ਘੱਟ 57 ‘ਤਾਲਿਬਾਨ’ ਨੂੰ ਮਾਰ ਮੁਕਾਉਣ ਦੇ ਦਾਅਵੇ ਤੋਂ ਉਥੇ ਫੌਜ ਵਲੋਂ ਮਚਾਈ ਤਬਾਹੀ ਦੀ ਸਮਝ ਆ ਸਕਦੀ ਹੈ।
ਤਾਲਿਬਾਨ ਦੇ ਵਹਿਸ਼ੀ ਹਮਲਿਆਂ ਦੀ ਨਿਖੇਧੀ ਕਰਦੇ ਵਕਤ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਸਲਾਮਿਕ ਕੱਟੜ ਦਹਿਸ਼ਤਪਸੰਦਾਂ ਦਾ ਪ੍ਰਤੀਕਰਮ ਮਹਿਜ਼ ਆਪਣੀ ਮਜ਼੍ਹਬੀ ਸ਼ਰੀਅਤ ਦੀ ਧੌਂਸ ਜਮਾਉਣ ਦੀਆਂ ਬਦਹਵਾਸ ਕਾਰਵਾਈਆਂ ਦਾ ਸਿਲਸਿਲਾ ਨਹੀਂ ਹੈ। ਮੀਡੀਆ ਨੇ ਪਿਸ਼ਾਵਰ ਕਾਂਡ ਨੂੰ ਮਹਿਜ਼ ਪਾਕਿਸਤਾਨੀ ਬੱਚਿਆਂ ਦੇ ਪੜ੍ਹਾਈ ਦੇ ਹੱਕ ਉਪਰ ਹਮਲਾ ਬਣਾ ਕੇ ਪੇਸ਼ ਕੀਤਾ ਹੈ। ਦਰਅਸਲ ਇਸ ਨਾਲ ਉਸ ਧਾੜਵੀ, ਨਹੱਕੀ ਜੰਗ ਦੇ ਖਿਲਾਫ ਮੁਸਲਿਮ ਜਗਤ ਦਾ ਡੂੰਘਾ ਪ੍ਰਤੀਕਰਮ ਜੁੜਿਆ ਹੋਇਆ ਹੈ ਜੋ ਜੰਗ ਅਮਰੀਕਾ ਅਤੇ ਹੋਰ ਪੱਛਮੀ ਤਾਕਤਾਂ ਨੇ ਦਹਿਸ਼ਤਵਾਦ ਖਿਲਾਫ ਜੰਗ ਦੇ ਬਹਾਨੇ ਮੁਸਲਿਮ ਮੁਲਕਾਂ ਉਪਰ ਥੋਪੀ ਹੋਈ ਹੈ। ਸਿੱਟੇ ਵਜੋਂ 2001 ਤੋਂ ਲੈ ਕੇ ਅਫਗਾਨਿਸਤਾਨ ਵਿਚ 50,000; ਪਾਕਿਸਤਾਨ ਵਿਚ 50,000; ਇਰਾਕ ਵਿਚ 2003 ਤੋਂ ਲੈ ਕੇ 13,000 ਅਤੇ ਸੀਰੀਆ ਵਿਚ 2011 ਤੋਂ ਲੈ ਕੇ 1,91,369 ਨਾਗਰਿਕ ਮਾਰੇ ਜਾ ਚੁੱਕੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ਨਹੱਕੀ ਜੰਗ ਨੂੰ ਕੱਟੜ ਮਜ਼੍ਹਬੀ ਨਜ਼ਰੀਏ ਤੋਂ ਲੈ ਰਹੇ ਹੋਣ ਕਾਰਨ ਤਾਲਿਬਾਨ ਵਰਗੀਆਂ ਤਾਕਤਾਂ ਦਾ ਨਿਸ਼ਾਨਾ ਇਨ੍ਹਾਂ ਮੁਲਕਾਂ ਦੇ ਨਿਜ਼ਾਮ ਸ਼ਾਇਦ ਹੀ ਅਤੇ ਬੇਕਸੂਰ ਲੋਕ ਅਕਸਰ ਬਣਦੇ ਹਨ।
ਇਸ ਸਾਲ ਜੂਨ ਮਹੀਨੇ ਪਾਕਿਸਤਾਨੀ ਫੌਜ ਨੇ ਉਤਰੀ ਵਜ਼ੀਰਸਤਾਨ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਹਵਾਈ ਬੰਬਾਰੀ ਅਤੇ ਤੋਪਾਂ ਦਾ ਨਿਸ਼ਾਨਾ ਬਣਾ ਕੇ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਲੋਕ ਇਹ ਇਲਾਕਾ ਖਾਲੀ ਕਰਕੇ ਨਹੀਂ ਜਾਣਗੇ, ਉਨ੍ਹਾਂ ਨੂੰ ਦਹਿਸ਼ਤਗਰਦ ਮੰਨਿਆ ਜਾਵੇਗਾ। ਸਿੱਟੇ ਵਜੋਂ, ਉਜੜੇ ਤੇ ਬਰਬਾਦ ਹੋਏ ਕਬਾਇਲੀਆਂ ਦੀ ਤਾਦਾਦ ਦਸ ਲੱਖ ਦੇ ਕਰੀਬ ਹੈ। 7 ਲੱਖ ਦੇ ਕਰੀਬ ਤਾਂ ਸ਼ਰਨਾਰਥੀ ਕੈਂਪਾਂ ਵਿਚ ਜਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਨਾਲ ਲੱਗਦੇ ਹੋਰ ਇਲਾਕਿਆਂ ਵਿਚ ਪਨਾਹ ਲਈ ਬੈਠੇ ਹਨ। 2001 ਤੋਂ ਲੈ ਕੇ ਉਥੇ ਡਰੋਨ ਹਮਲਿਆਂ ਅਤੇ ਫ਼ੌਜੀ ਕਾਰਵਾਈਆਂ ਵਿਚ ਹਜ਼ਾਰਾਂ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ। ਅਮਰੀਕੀ ਡਰੋਨ ਹਮਲੇ ਉਥੇ ਬੱਚਿਆਂ ਤੇ ਔਰਤਾਂ ਸਮੇਤ ਆਮ ਲੋਕਾਂ ਉਪਰ ਜੋ ਮੌਤ ਵਰਸਾ ਰਹੇ ਹਨ, ਇਹ ਜਾਨੀ ਤੇ ਮਾਲੀ ਤਬਾਹੀ ਮੀਡੀਆ ਲਈ ਦਹਿਸ਼ਤਗਰਦੀ ਨਹੀਂ ਹੈ। ਕਾਰਪੋਰੇਟ ਸਰਮਾਏਦਾਰੀ ਦੇ ਕੰਟਰੋਲ ਵਾਲੇ ਮੀਡੀਆ ਨੇ ਖ਼ਾਸ ਘਟਨਾਵਾਂ ਦੀ ਸਨਸਨੀਖੇਜ਼ ਤਸਵੀਰ ਰਾਹੀਂ ਦੁਨੀਆਂ ਦਾ ਸਮਾਜੀ ਵਰਤਾਰਿਆਂ ਨੂੰ ਦੇਖਣ ਦਾ ਨਜ਼ਰੀਆ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਕਿਸੇ ਦਹਿਸ਼ਤਪਸੰਦ ਗਰੁਪ ਦੀ ਕੋਈ ਵੱਡੀ ਖ਼ੂਨੀ ਵਾਰਦਾਤ ਤਾਂ ਮਨੁੱਖਤਾ ਦੇ ਖਿਲਾਫ ਬਹੁਤ ਘਿਨਾਉਣਾ ਜੁਰਮ ਨਜ਼ਰ ਆਉਂਦੀ ਹੈ, ਤੇ ਆਉਣੀ ਵੀ ਚਾਹੀਦੀ ਹੈ; ਪਰ ਅਮਰੀਕਾ, ਯੂਰਪ ਅਤੇ ਇਸ ਦੇ ਇਸਰਾਇਲ ਤੇ ਹਿੰਦੁਸਤਾਨ ਵਰਗੇ ਪਿੱਠੂ ਨਿਜ਼ਾਮਾਂ ਵਲੋਂ ਲਗਾਤਾਰ ਚਲਾਈ ਜਾ ਰਹੀ ਘੱਟ ਤੀਬਰਤਾ ਵਾਲੀ ਦਹਿਸ਼ਤਗਰਦੀ ਨੂੰ ਉਸੇ ਤਰ੍ਹਾਂ ਦੇ ਘਿਨਾਉਣੇ ਜੁਰਮ ਅਤੇ ਇਨਸਾਨੀਅਤ ਦੇ ਘਾਣ ਵਜੋਂ ਨਹੀਂ ਲਿਆ ਜਾਂਦਾ। ਇਸ ਦੀ ਮਿਸਾਲ ਗਾਜ਼ਾ ਵਿਚ 2014 ਵਿਚ 344 ਫਲਸਤੀਨੀ ਬੱਚਿਆਂ ਦਾ ਕਤਲੇਆਮ ਹੈ।
ਇਹ ਸੱਚ ਹੈ ਕਿ ਦਹਿਸ਼ਤਪਸੰਦ ਲਹਿਰਾਂ ਅਕਸਰ ਹੀ ਸਟੇਟ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਆਮ ਨਿਹੱਥੇ ਨਾਗਰਿਕਾਂ ਨੂੰ ਕਤਲ ਕਰ ਕੇ ‘ਬਦਲਾ’ ਲੈਣ ਦਾ ਸੁਖਾਲਾ ਅਤੇ ਪੂਰੀ ਤਰ੍ਹਾਂ ਨਹੱਕ ਢੰਗ ਅਖਤਿਆਰ ਕਰਦੀਆਂ ਹਨ। ਸ਼ਰੀਅਤ ਆਧਾਰਤ ਮਜ਼੍ਹਬੀ ਸਟੇਟ ਬਣਾਉਣ ਲਈ ਲੜ ਰਹੀਆਂ ਕੱਟੜ ਇਸਲਾਮਿਕ ਜਥੇਬੰਦੀਆਂ ਬੇਸ਼ੱਕ ਮਨੁੱਖੀ ਤਹਿਜ਼ੀਬ ਨੂੰ ਜਹਾਲਤ ਵੱਲ ਵਾਪਸ ਮੋੜਨ ਉਪਰ ਤੁਲੀਆਂ ਹੋਣ ਕਾਰਨ ਮਨੁੱਖਤਾ ਲਈ ਗੰਭੀਰ ਖ਼ਤਰਾ ਹਨ; ਇਨ੍ਹਾਂ ਦੀਆਂ ਘਿਨਾਉਣੀਆਂ ਦਹਿਸ਼ਤਪਸੰਦ ਕਾਰਵਾਈਆਂ ਅਮਰੀਕੀ ਸਾਮਰਾਜਵਾਦ ਅਤੇ ਵੱਖੋ-ਵੱਖਰੇ ਮੁਲਕਾਂ ਦੇ ਹੋਰ ਪਿਛਾਖੜੀ ਰਾਜਾਂ ਨੂੰ ਆਪਣੀ ਰਾਜ-ਮਸ਼ੀਨਰੀ ਦੇ ਦੰਦੇ ਹੋਰ ਤਿੱਖੇ ਕਰ ਕੇ ਆਵਾਮ ਦੀ ਹੱਕ-ਜਤਾਈ ਨੂੰ ਕੁਚਲਣ ਦਾ ਢੁੱਕਵਾਂ ਬਹਾਨਾ ਮੁਹੱਈਆ ਕਰਦੀਆਂ ਹਨ, ਤੇ ਅਮਰੀਕਾ ਦੀ ਅਗਵਾਈ ਵਾਲੀ ਅਖੌਤੀ ‘ਦਹਿਸ਼ਤਵਾਦ ਖਿਲਾਫ ਜੰਗ’ ਨੂੰ ਜਾਇਜ਼ ਠਹਿਰਾਉਣ ਵਿਚ ਸਹਾਇਤਾ ਕਰਦੀਆਂ ਹਨ; ਪਰ ਸਵਾਲ ਮਹਿਜ਼ ਤਾਲਿਬਾਨ ਜਾਂ ਇਸਲਾਮਿਕ ਸਟੇਟ ਵਰਗੀਆਂ ਦਹਿਸ਼ਤਪਸੰਦ ਜਥੇਬੰਦੀਆਂ ਦੀਆਂ ਅਣਮਨੁੱਖੀ ਕਾਰਵਾਈਆਂ ਦੀ ਨਿਖੇਧੀ ਕਰਨ ਦਾ ਨਹੀਂ ਹੈ, ਸਗੋਂ ਇਹ ਸਮਝਣਾ ਜ਼ਰੂਰੀ ਹੈ ਕਿ ਇਕ ਪਾਸੇ ਸਾਮਰਾਜਵਾਦ, ਖ਼ਾਸ ਕਰ ਕੇ ਅਮਰੀਕੀ ਸਾਮਰਾਜਵਾਦ ਅਤੇ ਦੂਜੇ ਪਾਸੇ ਤਾਲਿਬਾਨ ਜਾਂ ਇਸਲਾਮਿਕ ਰਾਜ ਵਰਗੀਆਂ ਇਹ ਪਿਛਾਂਹਖਿੱਚੂ ਤਾਕਤਾਂ ਕਿਵੇਂ ਇਕ ਦੂਜੇ ਦੀਆਂ ਪੂਰਕ ਹਨ। ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਕਾਰਿਆਂ ਦੀ ਨਿਖੇਧੀ ਦੁਨੀਆਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਸਟੇਟ ਅਮਰੀਕਾ, ਇਸਰਾਇਲ ਅਤੇ ਹਿੰਦੁਸਤਾਨ ਵਰਗੇ ਇਸ ਦੇ ਜੀ-ਹਜ਼ੂਰੀਏ ਸਟੇਟ ਵੀ ਸਭ ਤੋਂ ਅੱਗੇ ਹੋ ਕੇ ਕਰ ਰਹੇ ਹਨ, ਜਿਨ੍ਹਾਂ ਦੇ ਆਪਣੇ ਹੱਥ ਬੇਸ਼ੁਮਾਰ ਨਿਹੱਥੇ ਅਤੇ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਲੱਥਪੱਥ ਹਨ। ਅਮਰੀਕਾ ਵਲੋਂ ਅਫਗਾਨਿਸਤਾਨ, ਇਰਾਕ, ਲਿਬੀਆ ਅਤੇ ਸੀਰੀਆ ਦੀ ਆਮ ਵਸੋਂ ਉਪਰ ਅੰਨ੍ਹੇਵਾਹ ਬੰਬਾਰੀ ਅਤੇ ਆਰਥਿਕ ਪਾਬੰਦੀਆਂ ਲਾ ਕੇ ਲੱਖਾਂ ਇਰਾਕੀ ਬੱਚਿਆਂ ਨੂੰ ਮੌਤ ਦੇ ਮੂੰਹ ਧੱਕ ਦੇਣ ਦੀ ਅਮਰੀਕੀ ਦਹਿਸ਼ਤਗਰਦੀ ਅੱਗੇ ਤਾਲਿਬਾਨ ਦਾ ਹਾਲੀਆ ਹਮਲਾ ਬਹੁਤ ਬੌਣਾ ਹੈ। ਫਲਸਤੀਨੀ ਵਸੋਂ, ਹਸਪਤਾਲਾਂ, ਸਕੂਲਾਂ, ਮਸਜਿਦਾਂ ਵਰਗੀਆਂ ਜਨਤਕ ਥਾਂਵਾਂ ਉਪਰ ਇਸਰਾਇਲ ਦੇ ਲਗਾਤਾਰ ਮੌਤ ਦਾ ਛੱਟਾ ਦੇਣ ਵਾਲੇ ਬੰਬ ਹਮਲਿਆਂ ਨੂੰ ਅਮਰੀਕਾ ਦੀ ਇਖ਼ਲਾਕੀ ਤੇ ਰਾਜਕੀ ਹਮਾਇਤ ਅਤੇ ਤਕਨੀਕੀ ਮਦਦ ਅਤੇ ਪਿਛਾਖੜੀ ਦਹਿਸ਼ਤਗਰਦ ਗਰੋਹਾਂ ਨਾਲ ਇਸ ਦੇ ਘਿਨਾਉਣੇ ਗਠਜੋੜ ਇਸ ਦਾ ਪੁਖ਼ਤਾ ਸਬੂਤ ਹੈ ਕਿ ਕਿਵੇਂ ਅਮਰੀਕਾ ਆਪਣੇ ਧਾੜਵੀ ਮਨੋਰਥ ਲਈ ਅਜਿਹੀਆਂ ਪਿਛਾਂਹਖਿੱਚੂ ਤਾਕਤਾਂ ਨੂੰ ਦਹਿਸ਼ਤਗਰਦ ਗਰੋਹਾਂ ਵਜੋਂ ਪਾਲਦਾ-ਪਲੋਸਦਾ ਹੈ ਅਤੇ ਫਿਰ ਖ਼ੁਦ ਹੀ ਇਨ੍ਹਾਂ ਨੂੰ ‘ਦਹਿਸ਼ਤਵਾਦ ਖਿਲਾਫ ਜੰਗ’ ਵਿੱਢ ਕੇ ਆਲਮੀ ਅਮਨ ਦਾ ਠੇਕੇਦਾਰ ਬਣ ਜਾਂਦਾ ਹੈ। ਕੱਟੜਪੰਥੀ ਗਰੁਪ ਅਮਰੀਕੀ ਪੁਸ਼ਤ-ਪਨਾਹੀ ਨੂੰ ਆਪਣੇ ਸਮਾਜਾਂ ਦੇ ਅਗਾਂਹਵਧੂ ਮੁੱਲਾਂ ਤੇ ਜਮਹੂਰੀ ਵਿਕਾਸ ਨੂੰ ਢਾਹ ਲਾਉਣ ਅਤੇ ਆਪਣੀ ਮਜ਼੍ਹਬੀ ਧੌਂਸ ਥੋਪਣ ਲਈ ਰੱਜ ਕੇ ਇਸਤੇਮਾਲ ਕਰਦੇ ਹਨ। 1980ਵਿਆਂ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਅਤੇ ਸਾਊਦੀ ਸਲਤਨਤ ਨਾਲ ਮਿਲ ਕੇ ਅਫ਼ਗਾਨਿਸਤਾਨ ਦੇ ਸੋਵੀਅਤ ਯੂਨੀਅਨ ਪੱਖੀ ਨਿਜ਼ਾਮ ਦਾ ਤਖ਼ਤਾ ਪਲਟਣ ਅਤੇ ਆਪਣੀ ਪਿੱਠੂ ਹਕੂਮਤ ਕਾਇਮ ਕਰਨ ਦੇ ਯੁੱਧਨੀਤਕ ਮਨੋਰਥ ਨਾਲ ਤਬਾਹੀ ਤੇ ਬਰਬਾਦੀ ਦੇ ਮੂੰਹ ਧੱਕਣ ਵਾਲਾ ਖ਼ੁਦ ਅਮਰੀਕਾ ਸੀ। ਇਸ ਨੇ ਸਾਊਦੀ ਮਦਦ ਨਾਲ ਪਹਿਲਾਂ ਡਾਲਰ, ਹਥਿਆਰ ਅਤੇ ਯੁੱਧ-ਸਿਖਲਾਈ ਦੇ ਕੇ ਅਫਗਾਨ ਮੁਜਾਹਿਦੀਨ ਨਾਂ ਦਾ ਕੱਟੜ ਤਾਕਤਵਰ ਹਥਿਆਰਬੰਦ ਧੜਾ ਤਿਆਰ ਕੀਤਾ ਅਤੇ ਇਸ ਜ਼ਰੀਏ ਅਫਗਾਨਿਸਤਾਨ ਨੂੰ ਕਦੇ ਨਾ ਮੁੱਕਣ ਵਾਲੀ ਖਾਨਾਜੰਗੀ ਵਿਚ ਝੋਕਿਆ। ਉਧਰ, ਜ਼ਿਆ-ਉਲ-ਹੱਕ ਹਕੂਮਤ ਰਾਹੀਂ ਪਾਕਿਸਤਾਨ ਦਾ ਵਿਆਪਕ ਇਸਲਾਮੀਕਰਨ ਕਰਵਾਇਆ। ਇਹ ਜ਼ਿਆ ਹਕੂਮਤ ਹੀ ਸੀ ਜਿਸ ਨੇ ਅਮਰੀਕੀ ਹਦਾਇਤਾਂ ‘ਤੇ ਆਪਣੀ ਸਰਜ਼ਮੀਨ ਉਪਰ 80,000 ਅਫ਼ਗਾਨਾਂ ਨੂੰ ਮੁਜਾਹਿਦੀਨ ਵਜੋਂ ਸਿਖਲਾਈ ਦਿੱਤੀ। ਇਨ੍ਹਾਂ ਮੁਜਾਹਿਦੀਨ ਗੁੱਟਾਂ ਦੇ ਆਪਸੀ ਚੌਧਰ-ਭੇੜ ਅਤੇ ਖਹਿਬਾਜ਼ੀ ਦੇ ਅਮਲ ਅੰਦਰ ਹੀ ਮੌਜੂਦਾ ਤਾਲਿਬਾਨ ਦਾ ਜਨਮ ਹੋਇਆ। ਤਾਲਿਬਾਨ ਖ਼ਾਨਾਜੰਗੀ ਦੀ ਹਾਲਤ ਦਾ ਲਾਹਾ ਲੈ ਕੇ ਸੱਤਾ ਉਪਰ ਕਾਬਜ਼ ਹੋ ਗਈ ਅਤੇ 1996 ਤੋਂ 2001 ਤਕ ਅਫਗਾਨਿਸਤਾਨ ਦੇ ਵੱਡੇ ਹਿੱਸੇ ਉਪਰ ਇਸ ਨੇ ਆਪਣਾ ਕੱਟੜ ਮਜ਼੍ਹਬੀ ਰਾਜ ਚਲਾਇਆ। ਫਿਰ ਜਦੋਂ 2001 ਦੇ ਅਖੀਰ ਵਿਚ ਅਮਰੀਕਾ ਨੇ ਤੇਲ ਖੇਤਰਾਂ ਉਪਰ ਕਬਜ਼ੇ ਅਤੇ ਆਪਣੀ ਆਲਮੀ ਧੌਂਸ ਥੋਪਣ ਲਈ Ḕਦਹਿਸ਼ਤਵਾਦ ਖਿਲਾਫ ਜੰਗḔ ਦਾ ਨਵਾਂ ਪੈਂਤੜਾ ਲੈ ਕੇ ਅਫਗਾਨਿਸਤਾਨ ਉਪਰ ਵੱਡੇ ਹਮਲੇ ਰਾਹੀਂ ਤਾਲਿਬਾਨ ਨੂੰ ਸੱਤਾ ਤੋਂ ਦਬੱਲ ਦਿੱਤਾ ਅਤੇ ਉਥੇ ਆਪਣੀ ਪਿੱਠੂ ਹਾਮਿਦ ਕਰਜ਼ਈ ਹਕੂਮਤ ਬਣਾ ਦਿੱਤੀ, ਤਾਂ ਅਲ-ਕਾਇਦਾ ਤੇ ਤਾਲਿਬਾਨ ਧੜਿਆਂ ਨੇ ਵੀ ਆਪਣੇ ਹਥਿਆਰਾਂ ਦੇ ਮੂੰਹ ਅਮਰੀਕੀ ਤੇ ਇਸ ਦੀਆਂ ਇਤਿਹਾਦੀ ਰਿਆਸਤਾਂ ਵੱਲ ਮੋੜ ਲਏ। ਉਦੋਂ ਤੋਂ ਅਮਰੀਕਾ ਅਤੇ ਇਸ ਦੇ ਪਿੱਠੂ ਪਾਕਿਸਤਾਨੀ ਹੁਕਮਰਾਨ ਤਾਲਿਬਾਨ ਤੋਂ ਖਹਿੜਾ ਛੁਡਾਉਣ ਦੀ ਲੜਾਈ ਲੜ ਰਹੇ ਹਨ।
ਅਮਰੀਕੀ ਸਾਮਰਾਜਵਾਦ ਆਪਣੇ ਮਨੋਰਥ ਨੂੰ ਅੰਜ਼ਾਮ ਦੇ ਕੇ ਹੁਣ ਇਸ ਸਾਲ ਅਫਗਾਨਿਸਤਾਨ ਵਿਚੋਂ ਆਪਣੀ ਫੌਜ ਵਾਪਸ ਬੁਲਾਉਣ ਦੀ ਯੋਜਨਾ ਬਣਾ ਚੁੱਕਾ ਹੈ। ਇਸ ਭਵਿੱਖ-ਨਕਸ਼ੇ ਨੂੰ ਮੁੱਖ ਰੱਖਦੇ ਹੋਏ ਉਸ ਦੀ ਟੇਕ ਹੁਣ ਪਾਕਿਸਤਾਨੀ ਫ਼ੌਜ ਉਪਰ ਵਧਦੀ ਜਾਂਦੀ ਹੈ। ਅਫਗਾਨਿਸਤਾਨ ਵਿਚਲੇ ਤਾਲਿਬਾਨ ਨੂੰ ਦਬਾਉਣ ਲਈ ਜ਼ਰੂਰੀ ਹੈ ਕਿ ਇਸ ਦੀ ਸਰਹੱਦ ਨਾਲ ਲੱਗਦੇ ਉਤਰ-ਪੱਛਮੀ ਕਬਾਇਲੀ ਖੇਤਰ ਵਿਚੋਂ ਪਾਕਿਸਤਾਨੀ ਤਾਲਿਬਾਨ ਦਾ ਦਬਦਬਾ ਖਤਮ ਕੀਤਾ ਜਾਵੇ ਅਤੇ ਇਸਲਾਮਿਕ ਜਹਾਦੀਆਂ ਨੂੰ ਆਪਣੀ ਹਾਲੀਆ ਨੀਤੀ ਅਨੁਸਾਰ ਕਿਸੇ ਹੋਰ ਅਮਰੀਕੀ ਮੋਹਰੇ ਦੀ ਛੱਤਰੀ ਹੇਠ ਇਕੱਠੇ ਕਰ ਲਿਆ ਜਾਵੇ। ਇਸ ਮਨੋਰਥ ਨਾਲ ਤਾਹਿਰ-ਉਲ-ਕਾਦਰੀ ਨੂੰ ਸ਼ਿੰਗਾਰਿਆ ਜਾ ਰਿਹਾ ਹੈ। ਇਸੇ ਅਮਰੀਕੀ ਰਣਨੀਤੀ ਤਹਿਤ ਪਾਕਿਸਤਾਨੀ ਫੌਜ ਪਾਕਿਸਤਾਨੀ ਤਾਲਿਬਾਨ ਨੂੰ ਖਦੇੜਨ ਵਿਚ ਲੱਗੀ ਹੋਈ ਹੈ। ਇਹ ਹਾਲਾਤ ਹਨ ਜਿਸ ਵਿਚ ਫੌਜ ਦੇ ਹਮਲਿਆਂ ਦੀ ਮਾਰ ਹੇਠ ਕਮਜ਼ੋਰ ਪੈ ਰਹੀ ਤਾਲਿਬਾਨ ਦੇ ਦਹਿਸ਼ਤਪਸੰਦ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਅੰਦਰ ਫੌਜ ਦਾ ਦਬਦਬਾ ਹੋਰ ਵਧੇਗਾ ਅਤੇ ਚੁਣੀ ਹੋਈ ਨਵਾਜ਼ ਸ਼ਰੀਫ਼ ਹਕੂਮਤ ਦੀ ਰਾਜਸੀ ਭੂਮਿਕਾ ਹੋਰ ਸੁੰਗੜ ਜਾਵੇਗੀ। ਲਿਹਾਜ਼ਾ ਭਾਰੀ ਹਮਲੇ ਦੇ ਦਬਾਅ ਹੇਠ ਆਏ ਤਾਲਿਬਾਨ ਵਲੋਂ ਇਸ ਤਰ੍ਹਾਂ ਦੇ ਕਾਂਡ ਰਚਣ ਦੀ ਸੰਭਾਵਨਾ ਵੀ ਵਧਦੀ ਜਾਵੇਗੀ।