ਪਾਕਿਸਤਾਨ ਵਿਚ ਕਿਸੇ ਵੀ ਸੁਧਾਰ ਦੀ ਨਾ-ਉਮੀਦੀ

-ਜਤਿੰਦਰ ਪਨੂੰ
ਪੇਸ਼ਾਵਰ ਦੇ ਆਰਮੀ ਸਕੂਲ ਵਿਚ ਇੱਕ ਸੌ ਬੱਤੀ ਬੱਚਿਆਂ ਸਮੇਤ ਇੱਕ ਸੌ ਚਾਲੀ ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਮੰਗਲਵਾਰ ਆਈ ਸੀ। ਬੁੱਧਵਾਰ ਸਵੇਰੇ ਇੱਕ ਟੀæਵੀæ ਚੈਨਲ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਾ ਪ੍ਰੋਗਰਾਮ ਪੇਸ਼ ਕਰਨਾ ਸੀ। ਇਸ ਦੀ ਪੇਸ਼ਕਾਰ ਕੁੜੀ ਹੱਥ ਵਿਚ ਜਗਦੀ ਮੋਮਬੱਤੀ ਲੈ ਕੇ ਜਦੋਂ ਬੋਲਣ ਲੱਗੀ ਤਾਂ ਪਹਿਲਾਂ ਬੁੱਲ੍ਹ ਕੰਬੇ, ਫਿਰ ਉਸ ਦੇ ਜ਼ਬਾਨੋਂ ਧਾਹੀਂ ਮਾਰਨ ਵਾਂਗ ਕੁਝ ਲਫਜ਼ ਨਿਕਲੇ ਅਤੇ ਉਸ ਦੇ ਬਾਅਦ ਹਉਕੇ ਭਰਦੀ ਕਹਿਣ ਲੱਗੀ- “ਹੁਣ ਮੈਨੂੰ ਕੋਈ ਆਸ ਨਹੀਂ ਰਹੀ।

ਅੱਜ ਅਸੀਂ ਮੋਮਬੱਤੀਆਂ ਫੜ ਕੇ ਸ਼ਰਧਾਂਜਲੀ ਦੇ ਰਹੇ ਹਾਂ, ਕੁਝ ਦਿਨਾਂ ਨੂੰ ਫੇਰ ਜਗਾ ਕੇ ਬੈਠੇ ਹੋਵਾਂਗੇ। ਪਹਿਲਾਂ ਆਸ ਸੀ ਕਿ ਕਦੇ ਦਿਨ ਸੁਧਰ ਵੀ ਜਾਣਗੇ, ਪਰ ਹੁਣ ਮੈਂ ਨਾ-ਉਮੀਦ ਹੋ ਗਈ ਹਾਂ। ਕੋਈ ਆਸ ਹੀ ਨਹੀਂ ਰਹਿ ਗਈ ਜਾਪਦੀ। ਜੇ ਕੋਈ ਸੁਧਾਰ ਹੋਣਾ ਹੁੰਦਾ ਤਾਂ ਇਨ੍ਹਾਂ ਬੱਚਿਆਂ ਨਾਲ ਵਾਪਰੇ ਇਸ ਕਹਿਰ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ, ਪਰ ਕੋਈ ਆਸ ਨਹੀਂ ਰਹਿ ਗਈ।” ਉਸ ਦੇ ਸ਼ਬਦ ਲਿਖਣ ਵੇਲੇ ਸਾਡੇ ਕੋਲੋਂ ਅੱਗੇ-ਪਿੱਛੇ ਹੋਏ ਹੋ ਸਕਦੇ ਹਨ, ਪਰ ਭਾਵ ਇਹੋ ਸੀ, ਜਿਹੜਾ ਅਸੀਂ ਵੀ ਲਿਆ ਤੇ ਹੋਰਨਾਂ ਨੇ ਵੀ, ਅਤੇ ਇਹ ਪ੍ਰਭਾਵ ਉਦੋਂ ਦਾ ਹੈ, ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੱਦੀ ਹੋਈ ਸਰਬ ਪਾਰਟੀ ਮੀਟਿੰਗ ਹਾਲੇ ਨਹੀਂ ਸੀ ਹੋਈ।
ਅਗਲੇ ਦਿਨ ਸਰਬ ਪਾਰਟੀ ਮੀਟਿੰਗ ਹੋਈ, ਜਿਸ ਵਿਚ ਹਰ ਕਿਸੇ ਨੇ ਦਹਿਸ਼ਤਗਰਦੀ ਦੇ ਖਿਲਾਫ ਇਸ ਲਈ ਬੋਲਿਆ ਕਿ ਉਸ ਦਿਨ ਬੋਲਣਾ ਪੈਣਾ ਸੀ। ਉਥੇ ਉਹ ਇਮਰਾਨ ਖਾਨ ਵੀ ਬੋਲਿਆ, ਜਿਸ ਦੀ ਪਾਰਟੀ ਦਾ ਉਸ ਖੈਬਰ ਪਖਤੂਨਖਵਾ ਸੂਬੇ ਵਿਚ ਰਾਜ ਹੈ, ਜਿੱਥੇ ਇਹ ਕਾਂਡ ਹੋਇਆ ਹੈ। ਜਦੋਂ ਉਸ ਸੂਬੇ ਵਿਚ ਫੌਜ ਅਤਿਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਗਈ ਸੀ, ਇਮਰਾਨ ਦੀ ਪਾਰਟੀ ਦੇ ਉਥੇ ਲੱਗੇ ਗਵਰਨਰ ਨੇ ਇਸ ਦੇ ਵਿਰੋਧ ਵਿਚ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਫੌਜੀ ਕਾਰਵਾਈ ਰੋਕਣੀ ਪਈ ਸੀ। ਜਿਹੜਾ ਮੇਜਰ ਜਨਰਲ ਫੌਜੀ ਕਾਰਵਾਈ ਦੀ ਕਮਾਂਡ ਕਰਨ ਲਈ ਉਥੇ ਗਿਆ ਸੀ, ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਦਹਿਸ਼ਤਗਰਦਾਂ ਨਾਲ ਸਾਂਝ ਰੱਖਣ ਵਾਲਾ ਗਵਰਨਰ ਇਮਰਾਨ ਖਾਨ ਨੂੰ ਮਾੜਾ ਨਹੀਂ ਸੀ ਲੱਗਾ। ਇਸ ਤਰ੍ਹਾਂ ਦੇ ਕਈ ਹੋਰ ਵੀ ਉਸ ਸਰਬ ਪਾਰਟੀ ਮੀਟਿੰਗ ਵਿਚ ਬੈਠੇ ਸਨ, ਜਿਨ੍ਹਾਂ ਲਈ ਇਹ ਮੀਟਿੰਗ ਇੱਕ ਰਸਮ ਪੂਰਤੀ ਸੀ, ਸਾਂਝ ਤਾਂ ਉਨ੍ਹਾਂ ਦੀ ਹੋਰ ਪਾਸੇ ਰਹਿਣੀ ਸੀ।
ਕਈ ਲੋਕਾਂ ਨੂੰ ਜਾਪਣ ਲੱਗ ਪਿਆ ਸੀ, ਅਤੇ ਇੱਕ ਹੱਦ ਤੱਕ ਸਾਨੂੰ ਵੀ ਇਹ ਪ੍ਰਭਾਵ ਦਿੱਸਿਆ ਸੀ ਕਿ ਇਸ ਵਾਰ ਜਿੱਡਾ ਵੱਡਾ ਕਾਂਡ ਆਰਮੀ ਸਕੂਲ ਵਿਚ ਹੋਇਆ ਹੈ, ਉਸ ਤੋਂ ਬਾਅਦ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਨੂੰ ਮੋੜਾ ਕੱਟਣਾ ਪਵੇਗਾ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਇਹ ਕਹਿਣਾ ਵੀ ਇੱਕ ਖਾਸ ਇਸ਼ਾਰਾ ਕਰਦਾ ਸੀ ਕਿ ‘ਹੁਣ ਚੰਗੇ ਅਤੇ ਮਾੜੇ ਤਾਲਿਬਾਨ ਵਿਚ ਕੋਈ ਫਰਕ ਨਹੀਂ ਰੱਖਿਆ ਜਾਵੇਗਾ।’ ਇਹ ਇੱਕ ਤਰ੍ਹਾਂ ਇਸ ਜੁਰਮ ਦਾ ਇਕਬਾਲ ਕਰਨ ਦੇ ਬਰਾਬਰ ਸੀ ਕਿ ਹੁਣ ਤੱਕ ਉਹ ਇਸ ਤਰ੍ਹਾਂ ਕਰਦੇ ਰਹੇ ਸਨ। ਨਵਾਜ਼ ਸ਼ਰੀਫ ਦੇ ਸੁਰੱਖਿਆ ਸਲਾਹਕਾਰ ਨੇ ਹਾਲੇ ਪਿਛਲੇ ਹਫਤੇ ਕਿਹਾ ਸੀ ਕਿ ਜਿਹੜੇ ਦਹਿਸ਼ਤਗਰਦ ਗਰੁਪ ਸਾਡੇ ਉਤੇ ਹਮਲਾ ਨਹੀਂ ਕਰਨਗੇ, ਉਨ੍ਹਾਂ ਨੂੰ ਅਸੀਂ ਵੀ ਨਹੀਂ ਮਾਰਾਂਗੇ। ਇਸ ਦਾ ਭਾਵ ਸੀ ਕਿ ਚੜ੍ਹਦੇ ਪਾਸੇ ਭਾਰਤ ਵਿਚ ਅਤੇ ਲਹਿੰਦੇ ਪਾਸੇ ਅਫਗਾਨਿਸਤਾਨ ਵਿਚ ਭਾਵੇਂ ਕੁਝ ਵੀ ਕਰ ਕੇ ਸਾਡੇ ਘਰ ਪਨਾਹ ਲੈ ਲੈਣ, ਜੇ ਉਹ ਪਾਕਿਸਤਾਨ ਦੇ ਅੰਦਰ ਵਾਰਦਾਤ ਨਹੀਂ ਕਰਦੇ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਦਹਿਸ਼ਤਗਰਦੀ ਨਾਲ ਨੰਗੀ-ਮੁੰਗੀ ਸਾਂਝ ਦਾ ਇਸ ਤੋਂ ਵੱਡਾ ਐਲਾਨ ਕੋਈ ਵੀ ਨਹੀਂ ਕੀਤਾ ਜਾ ਸਕਦਾ, ਜਿੱਡਾ ਉਸ ਨੇ ਕਰ ਦਿੱਤਾ ਸੀ ਅਤੇ ਸੰਸਾਰ ਦੀ ਲੋਕ-ਲਾਜ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ।
ਕੁਝ ਦਿਨ ਪਹਿਲਾਂ ਇੱਕ ਟੀæਵੀæ ਚੈਨਲ ਵਲੋਂ ਕਰਵਾਈ ਬਹਿਸ ਵਿਚ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਵੀ ਸ਼ਾਮਲ ਸੀ। ਉਥੇ ਇੱਕ ਪੱਤਰਕਾਰ ਨੇ ਇਹ ਸੁਣਾ ਦਿੱਤਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਆਪਣੀ ਪਹਿਲੀ ਡਿਫੈਂਸ ਲਾਈਨ ਦੇ ਤੌਰ ਉਤੇ ਵਰਤਦਾ ਲੱਗਦਾ ਹੈ। ਜਨਰਲ ਮੁਸ਼ੱਰਫ ਨੇ ਜਵਾਬ ਵਿਚ ਕਿਹਾ ਸੀ ਕਿ ਡਿਫੈਂਸ ਲਾਈਨ ਹੀ ਨਹੀਂ, ਜਹਾਦੀਆਂ ਨੂੰ ਕਈ ਵਾਰ ਪਹਿਲੀ ਆਫੈਂਸ ਲਾਈਨ ਵਜੋਂ ਵੀ ਵਰਤਣਾ ਪੈਂਦਾ ਹੈ। ਇਸ ਦਾ ਮਤਲਬ ਇਹ ਸੀ ਕਿ ਉਨ੍ਹਾਂ ਦੇ ਹਿਸਾਬ ਨਾਲ ਦਹਿਸ਼ਤਗਰਦੀ ਨੂੰ ਜਹਾਦ ਵਜੋਂ ਪੇਸ਼ ਕਰ ਕੇ ਹਮਲਾਵਰੀ ਦਾ ਕੰਮ ਵੀ ਕਰਵਾਇਆ ਜਾਂਦਾ ਹੈ। ਪਾਕਿਸਤਾਨ ਵਿਚ ਕਿਸੇ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਸੀ ਮਨਾਇਆ।
ਕੁਝ ਸਾਲ ਪਿੱਛੇ ਵੱਲ ਝਾਕਿਆ ਜਾਵੇ ਤਾਂ ਜਦੋਂ ਜਨਰਲ ਮੁਸ਼ੱਰਫ ਪਾਕਿਸਤਾਨ ਦਾ ਮੁਖੀ ਹੁੰਦਾ ਸੀ, ਅਮਰੀਕਾ ਦੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉਤੇ ਜਹਾਜ਼ ਮਾਰੇ ਜਾਣ ਦੀ ਘਟਨਾ ਪਿੱਛੋਂ ਉਹ ਜਾਰਜ ਬੁੱਸ਼ ਦੇ ਕਹਿਣ ਉਤੇ ਅਫਗਾਨਿਸਤਾਨ ਦਾ ਉਚੇਚਾ ਦੌਰਾ ਕਰਨ ਗਿਆ ਤੇ ਉਥੇ ਸਰਕਾਰ ਚਲਾ ਰਹੇ ਮੁੱਲਾ ਉਮਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇ। ਮੁਸ਼ੱਰਫ ਦੀ ਸਮਝਾਉਣੀ ਕੰਮ ਨਹੀਂ ਸੀ ਆਈ ਤੇ ਜਦੋਂ ਉਹ ਉਥੋਂ ਮੁੜਿਆ ਤਾਂ ਪਹਿਲਾ ਕੰਮ ਆਪਣੀ ਖੁਫੀਆ ਏਜੰਸੀ ਆਈ ਐਸ ਆਈ ਦੇ ਮੁਖੀ ਜਰਨੈਲ ਨੂੰ ਪਾਸੇ ਕਰਨ ਦਾ ਕੀਤਾ ਸੀ। ਇਸ ਦਾ ਕਾਰਨ ਇਹ ਸੀ ਕਿ ਖੁਫੀਆ ਏਜੰਸੀ ਦਾ ਮੁਖੀ ਕੱਟੜਪੰਥੀ ਸੀ ਤੇ ਉਹ ਮੁਸ਼ੱਰਫ ਵਲੋਂ ਅਫਗਾਨਿਸਤਾਨ ਤੱਕ ਇਸ ਗੱਲ ਦੀ ਪਹੁੰਚ ਕਰਨ ਨੂੰ ਜਹਾਦ ਦੇ ਵਿਰੁਧ ਮੰਨਦਾ ਸੀ। ਜਨਰਲ ਮੁਸ਼ੱਰਫ ਉਸ ਤੋਂ ਖਤਰਾ ਸਮਝ ਗਿਆ ਤੇ ਉਸ ਦੇ ਨਾਲ ਇੱਕ ਖਾਸ ਗਰੁਪ ਦੇ ਕਈ ਹੋਰ ਜਰਨੈਲਾਂ ਦੇ ਬਿਸਤਰੇ ਵੀ ਲਪੇਟੇ ਗਏ ਸਨ। ਸਾਰੇ ਜਾਣਦੇ ਸਨ ਕਿ ਇਹ ਖਾਸ ਗਰੁਪ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਰਾਜ ਵੇਲੇ ਬਣਿਆ ਸੀ, ਜਿਸ ਨਾਲ ਜੁੜੇ ਦਾੜ੍ਹੀ ਵਾਲੇ ਮੌਲਾਨਾ-ਟਾਈਪ ਫੌਜੀ ਅਫਸਰ ਸਾਰੇ ਸੰਸਾਰ ਉਤੇ ਇਸਲਾਮੀ ਰਾਜ ਕਰਨ ਦੀ ਸੋਚ ਰੱਖਦੇ ਸਨ। ਉਦੋਂ ਤੱਕ ਜਨਰਲ ਮੁਸ਼ੱਰਫ ਕੱਟੜਪੰਥੀ ਨਹੀਂ ਸੀ, ਸ਼ਾਇਦ ਅਜੇ ਵੀ ਨਾ ਹੋਵੇ, ਕਿਉਂਕਿ ਉਸ ਦੇਸ਼ ਵਿਚ ਕਈ ਲੋਕ ‘ਸਮਿਰਨਾਫ ਵੋਦਕਾ’ ਦਾ ਨਾਂ ਵਿਗਾੜ ਕੇ ਕਿਸੇ ਕਾਰਨ ਅੱਜ ਵੀ ‘ਮੁਸ਼ੱਰਫਨ ਵੋਦਕਾ’ ਕਹਿ ਦਿੰਦੇ ਹਨ। ਕੱਟੜਪੰਥੀ ਨਾ ਹੁੰਦੇ ਹੋਏ ਵੀ ਕੱਟੜਪੰਥ ਨੂੰ ਮੁਸ਼ੱਰਫ ਇੱਕ ਹਥਿਆਰ ਵਜੋਂ ਵਰਤਣਾ ਚਾਹੁੰਦਾ ਸੀ, ਪਰ ਆਪਣੇ ਲਈ ਖਤਰਾ ਵੀ ਮਹਿਸੂਸ ਕਰਦਾ ਸੀ, ਇਸ ਲਈ ਰਤਾ ਕੁ ਫਾਸਲੇ ਨਾਲ ਵਰਤਦਾ ਰਿਹਾ ਸੀ।
ਹੁਣ ਦੌਰ ਮੁਸ਼ੱਰਫ ਦਾ ਨਹੀਂ, ਨਵਾਜ਼ ਸ਼ਰੀਫ ਦਾ ਹੈ। ਮੁਸ਼ੱਰਫ ਤੇ ਸ਼ਰੀਫ ਦਾ ਅਰਥ ਹੀ ਲਗਭਗ ਇੱਕੋ ਜਿਹਾ ਨਹੀਂ, ਵਿਹਾਰ ਵੀ ਮਿਲਦਾ-ਜੁਲਦਾ ਹੈ। ਦੋਵਾਂ ਨੇ ਦਹਿਸ਼ਤਗਰਦ ਜਥੇਬੰਦੀਆਂ ਨੂੰ ਗਾਹੇ-ਬਗਾਹੇ ਵਰਤਿਆ ਤੇ ਫਿਰ ਲੋੜ ਪਈ ਤੋਂ ਦਿਖਾਵੇ ਜੋਗੀ ਸਖਤੀ ਕੀਤੀ ਹੋਈ ਹੈ। ਇਸ ਵਾਰ ਵੀ ਇਹੋ ਕੁਝ ਹੁੰਦਾ ਜਾਪਦਾ ਹੈ। ਉਥੇ ਹੋਈ ਸਰਬ ਪਾਰਟੀ ਮੀਟਿੰਗ ਮਗਰੋਂ ਪਾਕਿਸਤਾਨੀ ਫੌਜ ਦਾ ਮੁਖੀ ਜਨਰਲ ਰਾਹੀਲ ਸ਼ਰੀਫ ਬੜੀ ਤੇਜ਼ੀ ਨਾਲ ਅਫਗਾਨਿਸਤਾਨ ਨੂੰ ਤੁਰ ਗਿਆ ਤੇ ਸਰਕਾਰ ਵਲੋਂ ਇਹ ਦੱਸਿਆ ਗਿਆ ਕਿ ਉਹ ਬੱਚਿਆਂ ਦੇ ਕਤਲ ਕਰਾਉਣ ਵਾਲੇ ਦਹਿਸ਼ਤਗਰਦਾਂ ਦੇ ਮੁਖੀ ਦੀ ਹਵਾਲਗੀ ਬਾਰੇ ਉਥੋਂ ਦੀ ਹਕੂਮਤ ਨਾਲ ਗੱਲ ਕਰਨ ਗਿਆ ਹੈ। ਜਿੰਨੀ ਤੇਜ਼ੀ ਨਾਲ ਗਿਆ ਸੀ, ਉਨੀ ਨਾਲ ਖਾਲੀ ਹੱਥ ਮੁੜ ਆਇਆ। ਉਹ ਕਹਿੰਦਾ ਹੈ ਕਿ ਉਸ ਨੇ ਅਫਗਾਨੀ ਹਕੂਮਤ ਨੂੰ ਆਰਮੀ ਸਕੂਲ ਉਤੇ ਹਮਲੇ ਦੌਰਾਨ ਕਾਤਲਾਂ ਦੀ ਆਪਣੇ ਮੁਖੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਇੱਕ ਪੱਕੇ ਸਬੂਤ ਵਜੋਂ ਪੇਸ਼ ਕੀਤੀ ਹੈ। ਸਰਬ ਪਾਰਟੀ ਮੀਟਿੰਗ ਮੌਕੇ ਨਵਾਜ਼ ਸ਼ਰੀਫ ‘ਚੰਗੇ ਤੇ ਮਾੜੇ ਤਾਲਿਬਾਨ’ ਦਾ ਜ਼ਿਕਰ ਕਰ ਕੇ ਆਪਣੇ ਗੁਨਾਹ ਦਾ ਇਕਬਾਲ ਕਰ ਬੈਠਾ ਸੀ, ਉਵੇਂ ਹੀ ਜਨਰਲ ਰਾਹੀਲ ਸ਼ਰੀਫ ਵੀ ਇਸ ਰਿਕਾਰਡਿੰਗ ਨਾਲ ਇੱਕ ਹੋਰ ਗੱਲੋਂ ਫਸ ਗਿਆ ਹੈ।
ਭਾਰਤ ਦੇ ਮੁੰਬਈ ਸ਼ਹਿਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ, ਜਿਸ ਵਿਚ ਜਿੰਦਾ ਫੜੇ ਇੱਕ ਕਾਤਲ ਅਜਮਲ ਆਮਿਰ ਕਸਾਬ ਨੂੰ ਪਾਕਿਸਤਾਨ ਨੇ ਆਪਣਾ ਨਹੀਂ ਸੀ ਮੰਨਿਆ। ਉਸ ਹਮਲੇ ਵਿਚ ਇੱਕ ਸੌ ਛਿਆਹਠ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਕੁਝ ਅਮਰੀਕੀ ਵੀ ਸਨ ਅਤੇ ਦੋਸ਼ ਇਹ ਲੱਗ ਰਿਹਾ ਸੀ ਕਿ ਹਮਲਾਵਰ ਟੋਲੇ ਦੇ ਪਿੱਛੇ ਮੁੱਖ ਦੋਸ਼ੀ ਜ਼ਕੀ ਉਰ ਰਹਿਮਾਨ ਲਖਵੀ ਹੈ, ਜਿਸ ਨਾਲ ਦਹਿਸ਼ਤਗਰਦ ਗੋਲੀ ਚੱਲਦੀ ਤੋਂ ਵੀ ਗੱਲਾਂ ਕਰਦੇ ਤੇ ਉਸ ਤੋਂ ਹਦਾਇਤਾਂ ਲੈਂਦੇ ਰਹੇ ਸਨ। ਇਸ ਦੀ ਰਿਕਾਰਡਿੰਗ ਵੀ ਹੋਈ ਸੀ ਤੇ ਸਿਰਫ ਭਾਰਤ ਨੇ ਨਹੀਂ, ਅਮਰੀਕਾ ਵਾਲਿਆਂ ਨੇ ਵੀ ਕਰ ਲਈ ਸੀ। ਜ਼ਕੀ ਉਰ ਰਹਿਮਾਨ ਲਖਵੀ ਦੇ ਕੇਸ ਵਿਚ ਉਹੋ ਰਿਕਾਰਡਿੰਗ ਜਦੋਂ ਭਾਰਤ ਨੇ ਜ਼ਿਕਰ ਹੇਠ ਲਿਆਂਦੀ, ਪਾਕਿਸਤਾਨ ਦੀ ਕਿਸੇ ਵੀ ਹਕੂਮਤ ਨੇ ਸਬੂਤ ਵਜੋਂ ਕਦੇ ਨਹੀਂ ਸੀ ਮੰਨੀ। ਜੇ ਉਹ ਕਾਤਲਾਂ ਦੀ ਆਪਣੇ ਮੁਖੀ ਨਾਲ ਗੱਲਬਾਤ ਦੀ ਰਿਕਾਰਡਿੰਗ ਨੂੰ ਇੱਕ ਸਬੂਤ ਵਜੋਂ ਅਫਗਾਨਿਸਤਾਨ ਦੀ ਹਕੂਮਤ ਕੋਲ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਭਾਰਤ ਦੇ ਦਿੱਤੇ ਇਸੇ ਸਬੂਤ ਨੂੰ ਹੁਣ ਤੱਕ ਉਹ ਆਪ ਕਿਉਂ ਨਹੀਂ ਸੀ ਮੰਨਦੇ, ਜਦਕਿ ਇਹ ਅਮਰੀਕਾ ਕੋਲ ਵੀ ਸੀ। ਅਫਗਾਨਿਸਤਾਨ ਸਰਕਾਰ ਨੇ ਇਸੇ ਲਈ ਜਨਰਲ ਰਾਹੀਲ ਦੀ ਕੋਈ ਗੱਲ ਨਹੀਂ ਮੰਨੀ ਕਿ ਪਾਕਿਸਤਾਨ ਵਾਲੇ ਦੋ-ਰੰਗੀ ਨਹੀਂ ਛੱਡਦੇ। ਪਾਕਿਸਤਾਨ ਵਿਚ ਕਤਲ ਕਰਨ ਵਾਲੇ ਦੋਸ਼ੀ ਤਾਂ ਉਹ ਮੰਗਦੇ ਹਨ, ਅਫਗਾਨਿਸਤਾਨ ਨੂੰ ਉਸ ਦੇ ਦੋਸ਼ੀ ਦੇਣ ਨੂੰ ਤਿਆਰ ਨਹੀਂ। ਜਿੱਦਾਂ ਦਾ ਵਿਹਾਰ ਉਨ੍ਹਾਂ ਨੇ ਹੁਣ ਤੱਕ ਭਾਰਤ ਨਾਲ ਕੀਤਾ ਸੀ, ਉਹੋ ਕੁਝ ਅਫਗਾਨਿਸਤਾਨ ਨਾਲ ਕਰਦੇ ਹੋਏ ਉਨ੍ਹਾਂ ਦਾ ਜਰਨੈਲ ਖਾਲੀ ਠੂਠਾ ਲੈ ਕੇ ਘਰ ਪਰਤ ਆਇਆ ਹੈ। ਇਹ ਉਨ੍ਹਾਂ ਲਈ ਇੱਕ ਹੋਰ ਝਟਕਾ ਹੈ, ਪਰ ਸੁਧਰ ਨਹੀਂ ਸਕਦੇ।
ਨਤੀਜਾ ਕੀ ਨਿਕਲੇਗਾ ਇਸ ਦਾ? ਸ਼ਾਇਦ ਕੋਈ ਵੀ ਨਹੀਂ। ਅਸੀਂ ਇਹ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਭਾਰਤ ਦੇ ਸਬੰਧ ਚੰਗੇ ਹੋਣ, ਅਸੀਂ ਮਿਲ ਕੇ ਚੱਲੀਏ ਤੇ ਇੱਕ-ਦੂਸਰੇ ਦੀ ਮਦਦ ਕਰੀਏ ਪਰ ਮਦਦ ਉਸ ਦੀ ਕੀਤੀ ਜਾ ਸਕਦੀ ਹੈ, ਜਿਹੜਾ ਮਦਦ ਲੈਣ ਦੇ ਬਦਲੇ ਕਿਸੇ ਤਰ੍ਹਾਂ ਦੀ ਮਦਦ ਕਰਨ ਲਈ ਵੀ ਤਿਆਰ ਹੋਵੇ। ਭਾਰਤ ਨੂੰ ਇਸ ਤਰ੍ਹਾਂ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਪਾਕਿਸਤਾਨ ਦੇ ਅੰਦਰਲੇ ਹਾਲਾਤ ਇਹੋ ਜਿਹੇ ਹਨ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਫੌਜ ਅਤੇ ਹੋਰ ਪ੍ਰਭਾਵਸ਼ਾਲੀ ਏਜੰਸੀਆਂ ਉਤੇ ਕੋਈ ਕਾਬੂ ਨਹੀਂ ਅਤੇ ਜਿਹੜੇ ਜਰਨੈਲਾਂ ਦੀ ਉਥੇ ਚੱਲਦੀ ਹੈ, ਉਹ ਇੱਕ ਵਾਰੀ ਫਿਰ ਉਸੇ ਜਨਰਲ ਮੁਸ਼ੱਰਫ ਨਾਲ ਮਿਲ ਕੇ ਚੱਲਣ ਲੱਗ ਪਏ ਹਨ, ਜਿਹੜਾ ਪੇਸ਼ਾਵਰ ਦੀ ਘਟਨਾ ਵਾਸਤੇ ਵੀ ਭਾਰਤ ਨੂੰ ਦੋਸ਼ੀ ਠਹਿਰਾ ਕੇ ਉਸ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਥੇ ਫੌਜ ਦੇ ਬਹੁਤੇ ਜਰਨੈਲ ਹੁਣ ਵੀ ਇਸੇ ਧਾਰਨਾ ਉਤੇ ਚੱਲ ਰਹੇ ਹਨ ਕਿ ਚੌਧਰ ਉਸੇ ਦੀ ਚਮਕਣੀ ਹੈ, ਜਿਹੜਾ ਭਾਰਤ ਦੇ ਖਿਲਾਫ ਹਮਲਾਵਰੀ ਬੋਲੀ ਬੋਲਣ ਵਿਚ ਬਾਕੀ ਸਾਰਿਆਂ ਨੂੰ ਪਛਾੜ ਜਾਵੇਗਾ। ਭਾਰਤ ਦੇ ਵਿਰੋਧ ਦਾ ਇਹ ਕੰਮ ਕਬਰਾਂ ਵਿਚ ਖੜੋ ਕੇ ਵੀ ਕੁਝ ਲੋਕਾਂ ਨੇ ਕਰ ਦਿੱਤਾ ਸੀ ਤੇ ਅਗਲੇ ਦਿਨੀਂ ਵੀ ਫਿਰ ਕੀਤਾ ਜਾਣ ਵਾਲਾ ਹੈ।
ਹਾਲਾਤ ਕੋਈ ਵੀ ਹੋਣ, ਅਸੀਂ ਫਿਰ ਆਪਣੇ ਗਵਾਂਢ ਦੇ ਇਸ ਦੇਸ਼ ਦੀ ਖੈਰ ਮੰਗਦੇ ਹਾਂ, ਜਿਸ ਦੇ ਆਗੂਆਂ ਨੇ ਸਾਡੀ ਸੁੱਖ ਕਦੇ ਨਹੀਂ ਮੰਗੀ। ਅਸੀਂ ਵੀ ਦੁਆ ਹੀ ਕਰ ਸਕਦੇ ਹਾਂ, ਖੈਰ ਉਸ ਦੇਸ਼ ਵਿਚ ਰਹਿਣੀ ਨਹੀਂ। ਬੱਚਿਆਂ ਦੇ ਕਤਲਾਂ ਤੋਂ ਅਗਲੀ ਸਵੇਰ ਟੀæਵੀæ ਪ੍ਰੋਗਰਾਮ ਦੀ ਪੇਸ਼ਕਾਰ ਉਹ ਕੁੜੀ ਹਉਕੇ ਭਰਦੀ ਹੋਈ ਠੀਕ ਹੀ ਕਹਿੰਦੀ ਸੀ ਕਿ ‘ਹੁਣ ਮੈਨੂੰ ਕੋਈ ਆਸ ਨਹੀਂ ਰਹੀ। ਅੱਜ ਅਸੀਂ ਮੋਮਬੱਤੀਆਂ ਫੜ ਕੇ ਸ਼ਰਧਾਂਜਲੀ ਦੇ ਰਹੇ ਹਾਂ, ਕੁਝ ਦਿਨਾਂ ਨੂੰ ਫੇਰ ਜਗਾ ਕੇ ਬੈਠੇ ਹੋਵਾਂਗੇ। ਪਹਿਲਾਂ ਆਸ ਸੀ ਕਿ ਕਦੇ ਦਿਨ ਸੁਧਰ ਵੀ ਜਾਣਗੇ, ਪਰ ਹੁਣ ਮੈਂ ਨਾ-ਉਮੀਦ ਹੋ ਗਈ ਹਾਂ। ਕੋਈ ਆਸ ਹੀ ਨਹੀਂ ਰਹਿ ਗਈ ਜਾਪਦੀ। ਜੇ ਕੋਈ ਸੁਧਾਰ ਹੋਣਾ ਹੁੰਦਾ ਤਾਂ ਇਨ੍ਹਾਂ ਬੱਚਿਆਂ ਨਾਲ ਵਾਪਰੇ ਇਸ ਕਹਿਰ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ, ਪਰ ਕੋਈ ਆਸ ਨਹੀਂ ਰਹਿ ਗਈ।’ ਕਾਸ਼, ਅਸੀਂ ਇਹ ਧਾਰਨਾ ਰੱਦ ਕਰ ਸਕਦੇ।