ਪਰਲੋ ਕਿਵੇਂ ਆਈ

ਬਲਜੀਤ ਬਾਸੀ
ਮੈਂ ਉਦੋਂ ਬਹੁਤ ਛੋਟਾ ਜਿਹਾ ਹੁੰਦਾ ਸਾਂ, ਸ਼ਾਇਦ ਪੰਜ ਛੇ ਸਾਲ ਦਾ। ਇਕ ਸਾਲ ਪੰਜਾਬ ਵਿਚ ਬਹੁਤ ਜ਼ਬਰਦਸਤ ਹੜ੍ਹ ਆਏ। ਸਾਡੇ ਪਿੰਡ ਦੇ ਬਾਹਰ ਬਾਹਰ ਚਲਦੀ ਨਹਿਰ ਟੁੱਟ ਗਈ। ਪਿੰਡ ਅਤੇ ਖੇਤ ਪਾਣੀਓ ਪਾਣੀ ਹੋ ਗਏ। ਲੋਕ ਰਾਤਾਂ ਨੂੰ ਪਾਣੀ ਬੰਦ ਕਰਨ ਦਾ ਆਹਰ ਕਰਦੇ ਰਹੇ। ਘਬਰਾਏ ਹੋਏ ਆਪਣੇ ਚਾਚਾ ਜੀ ਜੋ ਖੇਤੀ ਕਰਦੇ ਸਨ, ਤੋਂ ਮੈਂ ਇਹ ਸ਼ਬਦ ਸੁਣੇ, “ਕਹਿੰਦੇ ਬਈ ਪਰਲੋ ਆਉਣੀ ਹੈ।

ਸਾਰੀ ਦੁਨੀਆਂ ਡੁੱਬ ਜਾਣੀ ਹੈ।” ਮੇਰੇ ਬਾਲ ਮਨ ਵਿਚ ਦੁਨੀਆਂ ਦੇ ਖਤਮ ਹੋਣ ਦਾ ਤ੍ਰਾਸ ਪੈਦਾ ਹੋ ਗਿਆ। ਪਰਲੋ ਸ਼ਬਦ ਉਦੋਂ ਮੈਂ ਪਹਿਲੀ ਵਾਰੀ ਸੁਣਿਆ। ਦੁਨੀਆਂ ਦੀਆਂ ਕਈ ਮਿਥਾਂ ਵਿਚ ਪਰਲੋ ਜਾਂ ਪਰਲੋ ਜਿਹੇ ਸਰਵਨਾਸ ਦੀਆਂ ਕਈ ਕਥਾਵਾਂ ਮਿਲਦੀਆਂ ਹਨ। ਪਰਲੋ ਦਾ ਮੁੱਖ ਅਰਥ ਜਗਤ ਦਾ ਖਾਤਮਾ, ਕਿਆਮਤ ਆਦਿ ਹੈ। ਉਂਜ ਕਿਸੇ ਕਾਰਨ ਹੁੰਦੇ ਬੇਹੱਦ ਨੁਕਸਾਨ, ਹੜ੍ਹ ਆਦਿ ਨੂੰ ਵੀ ਪਰਲੋ ਕਹਿ ਦਿੱਤਾ ਜਾਂਦਾ ਹੈ। ਪਿਛਲੇ ਸਾਲ ਉਤਰਾਖੰਡ ਵਿਚ ਆਏ ਭਿਅੰਕਰ ਹੜ੍ਹ ਨੂੰ ਪਰਲੋ ਬਿਆਨਿਆ ਗਿਆ ਸੀ। ਲਾਖਣਿਕ ਅਰਥਾਂ ਵਿਚ ਕਾਸੇ ਦੀ ਅਤਿ ਲਿਆਉਣ ਨੂੰ ਵੀ ਪਰਲੋ ਕਹਿ ਦਿੱਤਾ ਜਾਂਦਾ ਹੈ। ਇਕ ਬੋਲੀ ਦੇ ਕੁਝ ਅੰਸ਼ ਪੜ੍ਹੋ:
ਮੁਣਸ਼ੀ ਰਾਮੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕੌਂਕਿਆਂ ਦਾ ਜਿੰਨੇ ਕੁੱਟ’ਤੀ ਪੰਡੋਰੀ ਸਾਰੀ
ਧੰਨ ਕੌਰ ਦੌਧਰ ਦੀ, ਲੱਕ ਪਤਲਾ ਬਦਨ ਦੀ ਭਾਰੀ
ਪਰਲੋ ਆ ਜਾਂਦੀ, ਜੇ ਹੁੰਦੀ ਨਾ ਪੁਲਸ ਸਰਕਾਰੀ।
ਸ਼ਤਪਥ ਬ੍ਰਾਹਮਣ, ਮਹਾਭਰਤ ਅਤੇ ਪੌਰਾਣਿਕ ਸਾਹਿਤ ਵਿਚ ਪਰਲੋ ਦੀਆਂ ਕਈ ਕਥਾਵਾਂ ਮਿਲਦੀਆਂ ਹਨ। Ḕਮਨੁਖ ਦੀ ਉਤਪਤੀḔ ਵਾਲੇ ਲੇਖ ਵਿਚ ਮਨੂ ਦਾ ਜ਼ਿਕਰ ਕੀਤਾ ਗਿਆ ਸੀ। ਅਸੀਂ ਦੱਸਿਆ ਸੀ ਕਿ ਵਰਤਮਾਨ ਸਮਾਂ ਸੱਤਵੇਂ ਮਨੂ ਵੈਵਸੂਤ ਦਾ ਹੈ। ਇਸ ਨਾਲ ਜੁੜੀ ਹੋਈ ਇਕ ਜਲ-ਪ੍ਰਲਯ ਦੀ ਕਥਾ ਹੈ। ਇਕ ਦਿਨ ਸਵੇਰੇ ਸਵੇਰੇ ਨਦੀ ਕਿਨਾਰੇ ਆਚਮਨ ਕਰਦੇ ਹੋਏ ਮਨੂ ਦੇ ਹੱਥ ਇਕ ਛੋਟੀ ਜਿਹੀ ਮੱਛੀ ਆ ਗਈ। ਤੜਪਦੀ ਮੱਛੀ ਨੇ ਬੇਨਤੀ ਕੀਤੀ, “ਮੇਰੀ ਰੱਖਿਆ ਕਰੋ, ਬਿਪਤਾ ਆਉਣ ‘ਤੇ ਮੈਂ ਤੁਹਾਡੀ ਰੱਖਿਆ ਕਰਾਂਗੀ। ਜਲ-ਪਰਲੋ ਆਉਣ ਵਾਲੀ ਹੈ ਜਿਸ ਕਾਰਨ ਸਭ ਪ੍ਰਾਣੀ ਨਸ਼ਟ ਹੋ ਜਾਣਗੇ। ਮੈਨੂੰ ਘੜੇ ਵਿਚ ਪਾ ਦੇਵੋ। ਜਦ ਮੈਂ ਵੱਡੀ ਹੋ ਜਾਵਾਂ ਤਾਂ ਫਿਰ ਸਰੋਵਰ ਵਿਚ ਪਾ ਦੇਣਾ। ਜਦ ਹੋਰ ਵੱਡੀ ਹੋ ਕੇ ਉਸ ਵਿਚ ਵੀ ਨਾ ਸਮਾਵਾਂ ਤਾ ਮੈਨੂੰ ਸਮੁੰਦਰ ਵਿਚ ਪਾ ਦੇਣਾ। ਪਰਲੋ ਆਉਣ ਸਮੇਂ ਮੈਨੂੰ ਚੇਤੇ ਕਰਨਾ, ਮੈਂ ਪ੍ਰਗਟ ਹੋ ਕੇ ਸਭ ਦੀ ਰੱਖਿਆ ਕਰਾਗੀ।” ਮਨੂ ਨੇ ਮਛਲੀ ਦੇ ਕਹੇ ਦੀ ਪਾਲਣਾ ਕੀਤੀ।
ਸੱਤ ਦਿਨ ਬਾਅਦ ਮੀਂਹ ਨਾਲ ਜਲ-ਥਲ ਇਕ ਹੋ ਗਿਆ। ਪ੍ਰਿਥਵੀ ਗਰਕ ਜਾਣ ਲੱਗੀ। ਉਧਰ ਮਛਲੀ ਦਾ ਆਕਾਰ ਹੋਰ ਵਧਣ ਲੱਗਾ ਤਾਂ ਉਸ ਨੂੰ ਸਮੁੰਦਰ ਵਿਚ ਪਾ ਦਿੱਤਾ ਗਿਆ। ਜਲ ਦੇ ਭਿਅੰਕਰ ਹੱਦ ਤੱਕ ਵਧਦੇ ਜਾਣ ਨਾਲ ਮਨੂ ਭੈਅਭੀਤ ਹੋ ਗਿਆ। ਉਸ ਨੇ ਵਿਸ਼ਾਲ ਕਾਇਆ ਵਾਲੀ ਮਛਲੀ ਨੂੰ ਯਾਦ ਕੀਤਾ ਤਾਂ ਉਹ ਤਰਦੀ ਹੋਈ ਆ ਗਈ। ਮੱਛੀ ਨੇ ਮਨੂ ਨੂੰ ਇਕ ਨੌਕਾ ਬਣਾਉਣ ਲਈ ਕਿਹਾ। ਮੱਛੀ ਦੇ ਕਹਿਣ ‘ਤੇ ਉਸ ਨੇ ਸਭ ਜੀਵਾਂ ਦੇ ਜੋੜੇ ਇਕੱਠੇ ਕਰ ਲਏ ਅਤੇ ਨੌਕੇ ਵਿਚ ਰੱਖ ਦਿੱਤੇ। ਉਸ ਨੇ ਮਨੂ ਨੂੰ ਕਿਹਾ ਕਿ ਨੌਕੇ ਨੂੰ ਇਕ ਰੱਸੀ ਲੈ ਕੇ ਮੇਰੇ ਸਿੰਗ ਨਾਲ ਬੰਨ੍ਹ ਦੇਵੋ। ਮਨੂ ਦੇ ਅਜਿਹਾ ਕਰਨ ‘ਤੇ ਮਛਲੀ ਉਸ ਨੌਕੇ ਨੂੰ ਖਿਚ ਕੇ ਉਤਰੀ ਪਰਬਤ ‘ਤੇ ਲੈ ਗਈ। ਇਥੇ ਪਹੁੰਚ ਕੇ ਮਛਲੀ ਦੇ ਹੋਰ ਆਦੇਸ਼ਾਂ ਅਨੁਸਾਰ ਨੌਕੇ ਨੂੰ ਪਰਬਤ ‘ਤੇ ਉਗੇ ਇਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ। ਪਾਣੀ ਦੇ ਪੂਰੀ ਤਰ੍ਹਾਂ ਉਤਰ ਜਾਣ ਪਿਛੋਂ ਮਨੂ ਨੇ ਇਕ ਯੱਗ ਕੀਤਾ ਜਿਸ ਨੂੰ ਸੰਪਨ ਕਰਨ ਲਈ ਕਿਲਾਤ ਅਤੇ ਆਕੁਲੀ ਨਾਂ ਦੇ ਬ੍ਰਾਹਮਣਾਂ ਨੂੰ ਸੱਦਿਆ ਗਿਆ। ਉਸ ਯੱਗ ਵਿਚ ਸ਼ਰਧਾ ਦਾ ਜਨਮ ਹੋਇਆ। ਮਨੂ ਅਤੇ ਸ਼ਰਧਾ ਦੇ ਸੰਜੋਗ ਨਾਲ ਨਵੀਂ ਸ੍ਰਿਸ਼ਟੀ ਦਾ ਜਨਮ ਹੋਇਆ।
ਬਾਈਬਲ ਵਿਚ ਵੀ ਅਜਿਹੀ ਮਿਥ ਹੈ। ਇਕ ਵਾਰ ਰੱਬ ਨੇ ਦੇਖਿਆ ਕਿ ਧਰਤੀ ਉਤੇ ਬੁਰਾਈ ਅਤੇ ਦੁਸ਼ਟਤਾ ਬਹੁਤ ਵਧ ਗਈ ਹੈ। ਖਿਝੇ ਹੋਏ ਰੱਬ ਨੇ ਨੂਹ ਨੂੰ ਕਿਹਾ ਕਿ ਮੈਂ ਹਰੇਕ ਮਨੁਖ, ਬਲਕਿ ਹਰ ਜੀਵਧਾਰੀ ਨੂੰ ਨਸ਼ਟ ਕਰ ਦੇਵਾਂਗਾ ਕਿਉਂਕਿ ਧਰਤੀ ‘ਤੇ ਬਹੁਤ ਹਿੰਸਾ ਫੈਲ ਚੁੱਕੀ ਹੈ ਅਤੇ ਜੀਵਾਂ ਦੇ ਅਚਾਰ-ਵਿਹਾਰ ਭ੍ਰਿਸ਼ਟ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਕੇਵਲ ਨੂਹ ਹੀ ਚਰਿਤਰਵਾਨ ਬਚਿਆ ਹੈ। ਉਸ ਦੇ ਬਚਾਅ ਲਈ ਰੱਬ ਨੇ ਨੂਹ ਨੂੰ ਕਈ ਖਾਨਿਆਂ ਵਾਲਾ ਸੰਦੂਕ ਬਣਾਉਣ ਦੀ ਹਦਾਇਤ ਕੀਤੀ। ਫਿਰ ਉਸ ਨੂੰ ਕਿਹਾ ਕਿ ਇਸ ਵਿਚ ਆਪਣੇ ਪਰਿਵਾਰ ਅਤੇ ਸਭ ਜੀਅ ਜੰਤੂਆਂ ਦਾ ਇਕ-ਇਕ ਜੋੜਾ ਰੱਖ ਦੇਹ। ਨੂਹ ਨੇ ਅਜਿਹਾ ਹੀ ਕੀਤਾ ਤਾਂ ਰੱਬ ਨੇ ਸੱਤ ਦਿਨ ਬਾਅਦ ਮੂਸਲਾਧਾਰ ਮੀਂਹ ਵਰ੍ਹਾ ਦਿੱਤਾ। ਸਾਰੇ ਪਰਬਤ, ਬਨਸਪਤੀ, ਜੀਵ ਜੰਤੂ ਮੀਂਹ ਦੇ ਜਲ ਵਿਚ ਲੀਨ ਹੋ ਕੇ ਮਰ ਮਿਟ ਗਏ ਪਰ ਸੰਦੂਕ ਵਿਚ ਘੁਸੇ ਹੋਏ ਸਾਰੇ ਜੋੜੇ ਬਚ ਗਏ। ਕਈ ਮਹੀਨਿਆਂ ਪਿਛੋਂ ਸੰਦੂਕ ਅਰਾਰਾਤ ਪਰਬਤ ‘ਤੇ ਜਾ ਲੱਗਾ। ਅਗਲੇ ਮਹੀਨੇ ਧਰਤੀ ਦੇ ਖੁਸ਼ਕ ਹੋ ਜਾਣ ਨਾਲ ਰੱਬ ਨੇ ਸਭ ਨੂੰ ਬਾਹਰ ਆਉਣ ਦਾ ਹੁਕਮ ਦਿੱਤਾ ਤਾਂ ਕਿ ਸਾਰੇ ਜੀਵ ਮੁੜ ਤੋਂ ਵਧ ਫੁੱਲ ਸਕਣ। ਫਿਰ ਨੂਹ ਨੇ ਪਰਮਾਤਮਾ ਨੂੰ ਜਾਨਵਰਾਂ ਦੀ ਬਲੀ ਦਿੱਤੀ ਤੇ ਉਸ ਨੇ ਮੁੜ ਕੇ ਅਜਿਹੀ ਸਜ਼ਾ ਨਾ ਦੇਣ ਦਾ ਫੈਸਲਾ ਕੀਤਾ।
ਪ੍ਰਾਚੀਨ ਸੁਮੇਰੀ-ਅਕਾਦੀ ਦੇ Ḕਗਿਲਗਾਮੇਸ਼ ਮਹਾਕਾਵਿḔ ਵਿਚ ਵੀ ਅਜਿਹਾ ਹੀ ਬਿਰਤਾਂਤ ਆਉਂਦਾ ਹੈ ਜਿਸ ਵਿਚ ਕਿਸ਼ਤੀ ਬਣਾਉਣ, ਉਨ੍ਹਾਂ ਨੂੰ ਜੀਵ-ਜੰਤੂਆਂ ਨਾਲ ਭਰਨ, ਪਹਾੜ ‘ਤੇ ਲਿਜਾਣ ਅਤੇ ਫਿਰ ਬਚਾਉਣ ਦਾ ਜ਼ਿਕਰ ਆਉਂਦਾ ਹੈ। ਇਸੇ ਕਥਾ ਤੋਂ ਪ੍ਰਭਾਵਿਤ ਗਰੀਕ-ਲਾਤੀਨੀ ਪਰਲੋ ਮਿੱਥਾਂ ਹਨ। ਸਾਰਿਆਂ ਵਿਚ ਜਲ-ਮਗਨ ਹੋ ਕੇ ਨਸ਼ਟ ਹੋਣ ਦਾ ਬਿਰਤਾਂਤ ਹੈ। ਅਜਿਹੀ ਸਥਿਤੀ ਨੂੰ ਸਾਡੀ ਭਾਸ਼ਾ ਵਿਚ ਪਰਲੋ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਪਰਲੈ ਅਤੇ ਪਰਲਉ ਦੇ ਸ਼ਬਦ-ਜੋੜਾਂ ਨਾਲ ਮਿਲਦਾ ਹੈ। “ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ॥” ਅਰਥਾਤ ਪਰਮਾਤਮਾ ਪੈਦਾ ਕਰਨ ਤੇ ਨਸ਼ਟ ਕਰਨ ਦੇ ਸਮਰੱਥ ਹੈ (ਗੁਰੂ ਅਰਜਨ ਦੇਵ)। “ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਾਉ ਨਾਹੀ॥” (ਭਗਤ ਕਬੀਰ)। “ਕੋਟਿ ਪਰਲਉ ਓਪਤਿ ਨਿਮਖ ਮਾਹਿ”, ਅੱਖ ਝਮਕਦਿਆਂ ਉਹ ਕਰੋੜਾਂ ਜੀਵ ਪੈਦਾ ਤੇ ਫਨਾਹ ਕਰ ਦਿੰਦਾ ਹੈ। ਸੰਸਕ੍ਰਿਤ ਦੇ ਸ਼ਬਦ-ਜੋੜਾਂ ਅਨੁਸਾਰ ਇਸ ਨੂੰ ਪ੍ਰਲਯ ਲਿਖਿਆ ਜਾਵੇਗਾ। ਪਰਲੋ\ਪ੍ਰਲਯ ਦਾ ਸ਼ਾਬਦਿਕ ਅਰਥ ਹੈ- ਰੁੜ੍ਹ ਜਾਣਾ, ਖੁਰ ਜਾਣਾ, ਘੁਲ ਜਾਣਾ। ਮਿਥਾਂ ਵਿਚ ਧਰਤੀ ਅਤੇ ਇਸ ਦੇ ਜੀਵਾਂ ਦਾ ਮੀਂਹ ਦੇ ਪਾਣੀ ਵਿਚ ਗਰਕ ਜਾਣ ਤੋਂ ਮੁਰਾਦ ਹੈ। ਇਥੇ ਸੰਸਾਰ ਦਾ ਪ੍ਰਕਿਰਤੀ ਵਿਚ ਲੀਨ ਹੋ ਜਾਣ ਦਾ ਹੀ ਭਾਵ ਹੈ। ਪ੍ਰਾਚੀਨ ਵਿਚ ਪਾਣੀ ਤੇ ਅਗਨੀ ਮਨੁੱਖ ਲਈ ਘੋਰ ਤਬਾਹੀ ਦੇ ਕਾਰਨ ਸਨ। ਕਹਾਵਤ ਹੈ, ਆਪ ਮਰੇ ਜੱਗ ਪਰਲੋ।
ਪ੍ਰਲਯ ਸ਼ਬਦ ਬਣਿਆ ਹੈ ਪ੍ਰ+ਲਯ ਤੋਂ। Ḕਪ੍ਰḔ ਅਗੇਤਰ ਕਈ ਸੂਰਤਾਂ ਵਿਚ ਸ਼ਬਦ ਦੇ ਅਰਥ ਨੂੰ ਤੀਖਣ ਕਰਨ ਲਈ ਵਰਤਿਆ ਜਾਂਦਾ ਹੈ। ਲਯ ਦਾ ਅਰਥ ਹੈ ਲੀਨ ਹੋਣਾ, ਮਗਨ ਹੋਣਾ। ਲਯ ਸ਼ਬਦ ਦਾ ਧਾਤੁ ਹੈ ḔਲੀḔ ਜਿਸ ਵਿਚ ਨਾਲ ਲੱਗਣਾ, ਜੁੜਨਾ, ਢਲਣਾ, ਖੁਰਨਾ ਆਦਿ ਦੇ ਭਾਵ ਹਨ। ਅਸਲ ਵਿਚ ਤਾਂ ਲੀਨ ਸ਼ਬਦ ਵੀ ਲਯ ਦਾ ਹੀ ਵਿਉਤਪਤ ਰੂਪ ਹੈ। ਲੀਨ ਦਾ ਅਰਥ ਲੈਅ ਨੂੰ ਪ੍ਰਾਪਤ, ਸਮਾਇਆ, ਮਗਨ, ਗਲਤਾਨ, ਗਰਕ, ਡੁਬਿਆ ਹੋਇਆ ਹੈ, “ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ॥” (ਭਗਤ ਕਬੀਰ)। “ਨਿਮਖ ਨ ਲੀਨ ਭਇਓ ਚਰਨਨ ਸਿਉ॥” (ਗੁਰੂ ਤੇਗ ਬਹਾਦਰ)। ਲੈਅ, ਗੁਰਮੁਖੀ ਵਿਚ ਅਸੀਂ ਲਯ ਨੂੰ ਲੈਅ ਵਜੋਂ ਲਿਖਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਸ਼ਬਦ ਜੋੜ ḔਲੈḔ ਵੀ ਮਿਲਦੇ ਹਨ, “ਉਰਧ ਤਾਪ ਲੈ ਗੈਨ॥” ਇਸ ਦਾ ਅਰਥ Ḕਸੰਗੀਤ ਅਨੁਸਾਰ ਤੇਲਧਾਰਾ ਵਾਂਗ ਤਾਰ ਗੀਤ ਦੀ ਅਖੰਡਤਾḔ ਵੀ ਹੈ, “ਸਤ ਸੁਰਾ ਲੈ ਚਾਲੈ॥” (ਗੁਰੂ ਅਰਜਨ ਦੇਵ)।
ਲੀਨ ਸ਼ਬਦ ਦੇ ਅੱਗੇ ḔਵਿḔ ਅਗੇਤਰ ਲੱਗ ਕੇ ਵਿਲੀਨ ਸ਼ਬਦ ਬਣ ਜਾਂਦਾ ਹੈ ਜਿਸ ਦਾ ਅਰਥ ਇਕ ਚੀਜ਼ ਦਾ ਦੂਜੀ ਵਿਚ ਜਜ਼ਬ ਹੋ ਜਾਣਾ, ਮਿਟ ਜਾਣਾ ਆਦਿ ਹੈ। ਇਸ ਦਾ ਗੁਰਬਾਣੀ ਵਿਚ ਸਮਾਨੰਤਰ ਸ਼ਬਦ ਆਉਂਦਾ ਹੈ- ਬਿਲਾਨਾ, “ਰਸਨਾ ਸਿਮਰਤ ਪਾਪ ਬਿਲਾਇਣ॥” (ਗੁਰੂ ਅਰਜਨ ਦੇਵ) ਅਰਥਾਤ ਸਿਮਰਣ ਕਰਨ ਨਾਲ ਪਾਪਾਂ ਦਾ ਨਾਸ ਹੋ ਜਾਂਦਾ ਹੈ। ਨਸ਼ਟ ਜਾਂ ਖੁਰ ਜਾਣ ਦੇ ਭਾਵ ਤੋਂ ਲੰਘ ਜਾਣ, ਬੀਤ ਜਾਣ ਦਾ ਵਿਸਥਾਰ ਵੀ ਹੁੰਦਾ ਹੈ, “ਬਹੁ ਜਨਮ ਬਿਲਾਨੇ॥” (ਧੰਨਾ ਭਗਤ)। Ḕਟਿਕਾਣੇ ਲਾਉਣḔ ਦੇ ਅਰਥਾਂ ਵਿਚ ਅਸੀਂ ਇਕ ਉਕਤੀ ਵਰਤਦੇ ਹਾਂ- ਬਿਲੇ ਲਾਉਣਾ। ਬਿਲੇ ਦਾ ਸੰਸਕ੍ਰਿਤ ਰੂਪ ਹੈ ḔਵਿਲਯḔ ਜਿਸ ਵਿਚ ḔਲੀḔ ਧਾਤੂ ਸਪਸ਼ਟ ਹੈ, ਪੁਆਧੀ ਵਿਚ ਵਿੱਲੇ ਲਾਉਣਾ ਦਾ ਅਰਥ ਹੁੰਦਾ ਹੈ ਫਾਹਾ ਵੱਢਣਾ। ਇਸੇ ਦਾ ਇਕ ਰੁਪਾਂਤਰ ਹੈ- ਵਿਲਾਇ, “ਸੰਸਾ ਗਇਆ ਵਲਾਇ॥” (ਗੁਰੂ ਅਮਰ ਦਾਸ) ਭਾਵ ਸੰਸਾ ਮਿਟ ਗਿਆ। ਲੀਨ, ਮਗਨ ਦੇ ਅਰਥਾਂ ਵਿਚ ਲਯ ਸ਼ਬਦ ਦਾ ਇਕ ਰੂਪ ਮਿਲਦਾ ਹੈ, ḔਲੌḔ, Ḕਲੌ ਲੱਗਣਾḔ ਅਰਥਾਤ ਮਗਨ ਹੋ ਜਾਣਾ। ਲਯ ਤੋਂ ਹੀ ਵਿਉਤਪਤ ਇਕ ਹੋਰ ਸ਼ਬਦ ḔਲਿਵḔ ਹੈ ਜਿਸ ਦੀ ਧਾਰਮਿਕ ਸਾਹਿਤ ਵਿਚ ਬਹੁਤ ਵਰਤੋਂ ਹੁੰਦੀ ਹੈ। ਇਥੇ ਲਯ ਦੀ ḔਯḔ ਧੁਨੀ ḔਵḔ ਵਿਚ ਵਟ ਗਈ ਹੈ। ਲਿਵ ਦਾ ਅਰਥ- ਲਗਾਤਾਰ ਮਗਨਤਾ, ਬਿਰਤੀ ਦੀ ਇਕਾਗਰਤਾ ਹੈ। “ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥” ਇਥੇ ਤਾਰ ਦਾ ਮਤਲਬ ਨਿਰੰਤਰ, ਲਗਾਤਾਰ, ਇਕ ਰਸ ਹੈ।
ਦਿਲਚਸਪ ਗੱਲ ਹੈ ਕਿ Ḕਮਹਾਨ ਕੋਸ਼Ḕ ਨੇ ਲਿਵ ਸ਼ਬਦ ਦਾ ਮੂਲ ਸੰਸਕ੍ਰਿਤ ਲਿਪਸਾ ਦੱਸਿਆ ਹੈ। ਲਿਪਸਾ ਦਾ ਅਰਥ ਹੁੰਦਾ ਹੈ- ਇੱਛਾ, ਅਭਿਲਾਸ਼ਾ। ਸਪੱਸ਼ਟ ਹੈ ਜਿਵੇਂ ਗ਼ਸ਼ ਰਿਆਲ ਨੇ ਧਿਆਨ ਦੁਆਇਆ ਹੈ, ਲਿਪਸਾ ਦਾ ਇੱਛਾ ਨਾਲ ਕੋਈ ਜੋੜ ਨਹੀਂ ਬੈਠਦਾ। ਹੋਰ ਤਾਂ ਹੋਰ ਇਸ ਕੋਸ਼ ਅਨੁਸਾਰ ਲਿਵ ਸ਼ਬਦ ਅੰਗਰੇਜ਼ੀ ਲਵ (ਲੋਵe) ਦਾ ਸਕਾ ਹੈ ਜੋ ਸਰਾਸਰ ਮੰਨਣਯੋਗ ਨਹੀਂ। ਰਤਨ ਸਿੰਘ ਜੱਗੀ ਜਿਹੇ ਸਿੱਖ ਵਿਦਵਾਨ ਨੇ ਵੀ ਇਸ ਤੋਂ ਭੁਲੇਖਾ ਖਾ ਕੇ Ḕਗੁਰੂ ਗ੍ਰੰਥ ਵਿਸ਼ਵਕੋਸ਼Ḕ ਵਿਚ ਲਿਵ ਇੰਦਰਾਜ ਇਸ ਤਰ੍ਹਾਂ ਅਰੰਭਿਆ ਹੈ, “ਲਿਵ: ਇਸ ਦਾ ਮੂਲ ਅਰਥ ਪ੍ਰੇਮ ਹੈ ਪਰ ਜਦੋਂ ਪ੍ਰੇਮ ਦੀ ਪ੍ਰਕਾਸ਼ਠਾ ‘ਤੇ ਸਾਧਕ ਪਹੁੰਚ ਜਾਂਦਾ ਹੈ ਤਾਂ ਇਹ ਬਿਰਤੀ ਦੀ ਇਕਾਗਰਤਾ ਬਣ ਜਾਂਦੀ ਹੈæææ।” ਅਸੀਂ ਲੋਭ ਵਾਲੇ ਲੇਖ ਵਿਚ ਦੱਸਿਆ ਸੀ ਕਿ ਅੰਗਰੇਜ਼ੀ ਲੋਵe ਦਾ ਸਕਾ ਪੰਜਾਬੀ ਲੋਭ ਬਣਦਾ ਹੈ। ਲਿਵ ਸ਼ਬਦ ਨਾਲ ਲੀਨ ਜੋੜ ਕੇ ਬਣਿਆ ḔਲਿਵਲੀਨḔ ਸ਼ਬਦ ਵੀ ਖੂਬ ਚਲਦਾ ਹੈ ਹਾਲਾਂਕਿ ਲਿਵ ਅਤੇ ਲੀਨ- ਦੋਵੇਂ ਇਕੋ ਮੂਲ ਨਾਲ ਸਬੰਧਿਤ ਹਨ। ਇਹ ਸ਼ਬਦ Ḕਸ੍ਰੀ ਗੁਰ ਪ੍ਰਤਾਪ ਸੂਰਜḔ ਵਿਚ ਵੀ ਆਇਆ ਹੈ। ਇਹ ਸ਼ਬਦ ਵਿਅਕਤੀ ਨਾਂ ਵਜੋਂ ਵੀ ਪ੍ਰਚਲਿਤ ਹੈ। ਇਸੇ ਦੀ ਤਰਜ਼ ‘ਤੇ ਗੁਰਲੀਨ, ਹਰਲੀਨ ਜਿਹੇ ਵਿਅਕਤੀ ਨਾਂ ਵੀ ਪ੍ਰਚਲਿਤ ਹਨ।