ਉਤਰ ਵੈਦਿਕ ਕਾਲ ਵਿਚ ਔਰਤ ਦੀ ਹਾਲਤ

ਏਹੁ ਹਮਾਰਾ ਜੀਵਣਾ-2
‘ਏਹੁ ਹਮਾਰਾ ਜੀਵਣਾ’ ਵਿਚ ਪ੍ਰੋæ ਹਰਪਾਲ ਸਿੰਘ ਨੇ ਔਰਤ ਦੀ ਕਹਾਣੀ ਮੁੱਢ-ਕਦੀਮ ਤੋਂ ਸ਼ੁਰੂ ਕਰ ਕੇ ਸੁਣਾਈ ਹੈ ਅਤੇ ਦੱਸਿਆ ਹੈ ਕਿ ਭਾਰਤ ਵਿਚ ਆਰੀਅਨਾਂ ਦੇ ਆਗਮਨ ਤੋਂ ਪਹਿਲਾਂ ਔਰਤ ਦਾ ਸਮਾਜ ਵਿਚ ਰੁਤਬਾ ਕਿਸ ਤਰ੍ਹਾਂ ਦਾ ਸੀ। ਔਰਤ ਦੇ ਹਾਲਾਤ ਬਾਰੇ ਲੰਮੇ ਲੇਖ ਦੀ ਇਸ ਦੂਜੀ ਕਿਸ਼ਤ ਵਿਚ ਉਤਰ ਵੈਦਿਕ ਕਾਲ ਦੇ ਵੇਰਵੇ ਸਾਂਝੇ ਕੀਤੇ ਹਨ ਜਿਸ ਵਿਚ ਔਰਤ ਪ੍ਰਤੀ ਮਰਦ ਅਤੇ ਮਰਦ ਦੇ ਦਾਬੇ ਵਾਲੇ ਸਮਾਜ ਦੇ ਰਵੱਈਏ ਬਾਰੇ ਪਤਾ ਲੱਗਦਾ ਹੈ।

ਇਨ੍ਹਾਂ ਵੇਰਵਿਆਂ ਨਾਲ ਇਹ ਸੂਹ ਪੈਂਦੀ ਹੈ ਕਿ ਅੱਜ ਦੇ ਯੁੱਗ ਤੱਕ ਪੁੱਜਦਿਆਂ-ਪੁੱਜਦਿਆਂ ਔਰਤ ਦੀ ਹੁਣ ਵਾਲੀ ਹੌਲਨਾਕ ਹਾਲਤ ਕਿਸ ਤਰ੍ਹਾਂ ਬਣਾ ਦਿੱਤੀ ਗਈ ਅਤੇ ਇਸ ਲਈ ਕੌਣ ਲੋਕ ਜ਼ਿੰਮੇਵਾਰ ਹਨ। ਇਹ ਚਰਚਾ ਵੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਰਥਾਂ ਦੇ ਅਨਰਥ ਕਰ ਦਿੱਤੇ ਗਏ। ਲੇਖ ਦੀ ਅਗਲੀ ਅਤੇ ਆਖਰੀ ਕਿਸ਼ਤ ਵਿਚ ਜੈਨ, ਬੁੱਧ ਅਤੇ ਫਿਰ ਸਿੱਖ ਮਤ ਤਹਿਤ ਔਰਤ ਦੀ ਹਾਲਤ ਬਾਰੇ ਵਿਸਥਾਰ ਸਹਿਤ ਬਿਆਨ ਕੀਤਾ ਗਿਆ ਹੈ। -ਸੰਪਾਦਕ

ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਉਤਰ ਵੈਦਿਕ ਕਾਲ (1400-600 ਈਸਾ ਪੂਰਵ) ਦੇ ਗਿਆਨ ਲਈ ਸਾਡੇ ਆਧਾਰ ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਦੀਆਂ ਸਹਿੰਤਾਵਾਂ, ਬ੍ਰਾਹਮਣ, ਆਰਣਯਕ ਅਤੇ ਉਪਨਿਸ਼ਦ ਗ੍ਰੰਥ ਹਨ। ਇਸ ਯੁੱਗ ਵਿਚ ਆਰੀਅਨ ਸਭਿਅਤਾ ਹੌਲੀ-ਹੌਲੀ ਪੂਰਵ ਅਤੇ ਦੱਖਣ ਵੱਲ ਫੈਲੀ। ਪ੍ਰਾਚੀਨ ਆਰੀਅਨਾਂ ਦੇ ਮੁਢਲੇ ਸਥਾਨ ਉਤਰ ਪੱਛਮੀ ਭਾਰਤ ਦੀ ਮਹਾਨਤਾ ਧੁੰਦਲੀ ਪੈਣੀ ਸ਼ੁਰੂ ਹੋ ਗਈ ਸੀ। ਜੀਵਨ ਸਥਿਰ ਹੋ ਚੁੱਕਾ ਸੀ ਤੇ ਵੱਡੇ-ਵੱਡੇ ਨਗਰ ਵਸ ਚੁੱਕੇ ਸਨ। ਪੰਚਾਲਾਂ ਦੀ ਰਾਜਧਾਨੀ ਕਾਪਲਿਯ ਅਤੇ ਕੁਰੂਆਂ ਦੀ ਰਾਜਧਾਨੀ ਆਸੰਦੀਵਤ ਵਿਸ਼ਾਲ ਨਗਰ ਸਨ। ਕੋਸਾਂਬੀ ਅਤੇ ਕਾਸ਼ੀ ਵੀ ਵੱਡੇ ਨਗਰ ਸਨ।
ਇਸ ਕਾਲ ਵਿਚ ਹੋਣ ਵਾਲੇ ਰਾਜਨੀਤਕ, ਆਰਥਿਕ, ਧਾਰਮਿਕ ਤੇ ਸਮਾਜਕ ਪਰਿਵਰਤਨਾਂ ਤੋਂ ਸਮਾਜ ਪ੍ਰਭਾਵਤ ਹੋਣੋਂ ਨਾ ਬਚ ਸਕਿਆ। ਬ੍ਰਾਹਮਣਾਂ ਦਾ ਪ੍ਰਭਾਵ ਬਹੁਤ ਵਧ ਗਿਆ। ਜਾਤੀ ਪ੍ਰਥਾ ਕਠੋਰ ਹੁੰਦੀ ਚਲੀ ਗਈ ਅਤੇ ਦੂਜਿਆਂ ਨੂੰ ਘ੍ਰਿਣਾ ਨਾਲ ਦੇਖਣਾ ਸ਼ੁਰੂ ਹੋ ਗਿਆ। ਅੰਤਰ-ਜਾਤੀ ਵਿਆਹਾਂ (ਜਿਸ ਨੂੰ ਮਨੂੰ ਅਨੁਲੋਮ ਅਤੇ ਪ੍ਰਤੀਲੋਮ ਵਿਆਹ ਕਹਿੰਦਾ ਹੈ) ਨੂੰ ਭੈੜਾ ਸਮਝਿਆ ਜਾਣ ਲੱਗਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਛੋਟੀਆਂ ਜਾਤਾਂ ਦੀ ਪੈਦਾਇਸ਼ ਕਿਹਾ ਜਾਣ ਲੱਗਾ। ਰਿਗਵੇਦ ਔਰਤ ਦੀ ਕਦਰ ਇਸ ਯੁੱਗ ਦੇ ਅਗਾਂਹ ਵਧਣ ਦੇ ਨਾਲ-ਨਾਲ ਲਗਾਤਾਰ ਘਟਦੀ ਚਲੀ ਗਈ। ਨਾਰੀ ਦਾ ਜਾਇਦਾਦ ਉਤੇ ਕੋਈ ਅਧਿਕਾਰ ਨਹੀਂ ਸੀ। ਨਾ ਹੀ ਉਹ ਜਾਇਦਾਦ ਖਰੀਦ ਸਕਦੀਆਂ ਸਨ ਅਤੇ ਨਾ ਹੀ ਉਨ੍ਹਾਂ ਨੂੰ ਮਾਤਾ-ਪਿਤਾ ਤੋਂ ਕੋਈ ਜਾਇਦਾਦ ਲੈਣ ਦਾ ਅਧਿਕਾਰ ਸੀ। ਜੇ ਕਿਤੇ ਔਰਤ ਦੀ ਕਮਾਈ ਦਾ ਕੋਈ ਸਾਧਨ ਬਣ ਵੀ ਜਾਵੇ ਤਾਂ ਇਸ ਨੂੰ ਪਤੀ ਜਾਂ ਪਿਤਾ ਦੀ ਹੀ ਸੰਪਤੀ ਸਮਝਿਆ ਜਾਂਦਾ ਸੀ। ਰਾਜੇ ਅਤੇ ਅਮੀਰ ਲੋਕ ਕਈ-ਕਈ ਇਸਤਰੀਆਂ ਨਾਲ ਵਿਆਹ ਕਰਵਾਉਂਦੇ ਸਨ ਅਤੇ ਅਨੇਕਾਂ ਔਰਤਾਂ ਨੂੰ ਆਪਣੇ ਬਣਾਏ ਹਰਮਾਂ ਵਿਚ ਰੱਖਦੇ ਸਨ। ਜੁਆਰੀ, ਰਾਜੇ ਅਤੇ ਅਮੀਰ ਲੋਕ ਔਰਤ ਨੂੰ ਦਾਅ ‘ਤੇ ਲਾਉਣ ਲੱਗੇ ਅਤੇ ਹਾਰ ਜਾਣ ਦੀ ਹਾਲਤ ਵਿਚ ਔਰਤ ਪੂਰੀ ਤਰ੍ਹਾਂ ਦੂਜਿਆਂ ਦੇ ਅਧੀਨ ਹੋ ਗਈ। ਯੁਧਿਸ਼ਟਰ ਜਿਸ ਨੂੰ ਚੰਗਾ, ਸਦਾਚਾਰੀ, ਸੱਚ ਦਾ ਸਿਰਾ ਅਤੇ ਧਰਮਾਤਮਾ ਮੰਨਿਆ ਜਾਂਦਾ ਹੈ, ਜੂਏ ਵਿਚ ਕੇਵਲ ਆਪਣਾ ਰਾਜ ਹੀ ਨਹੀਂ, ਬਲਕਿ ਆਪਣੇ ਸਕੇ ਭਰਾ ਅਤੇ ਘਰਵਾਲੀ ਨੂੰ ਵੀ ਦਾਅ ‘ਤੇ ਲਾਉਂਦਾ ਹੈ ਅਤੇ ਹਾਰਦਾ ਹੈ। ਮਹਾਂਭਾਰਤ ਵਿਚ ਅਰਜਨ ਅਤੇ ਕ੍ਰਿਸ਼ਨ ਜਦੋਂ ਥੱਕ ਜਾਂਦੇ ਹਨ, ਜਾਂ ਮੌਜ-ਮਸਤੀ ਕਰਨਾ ਚਾਹੁੰਦੇ ਹਨ, ਤਾਂ ਉਹ ਰੱਜ ਕੇ ਸ਼ਰਾਬ ਪੀਂਦੇ ਹਨ। ਹਰੀਵੰਸ਼ ਨਾਚ ਨੱਚਦੇ ਹਨ। ਕ੍ਰਿਸ਼ਨ ਦਾ ਵੱਡਾ ਭਰਾ ਬਲਰਾਮ ਰੱਜ ਕੇ ਸ਼ਰਾਬ ਪੀਂਦਾ ਹੈ ਅਤੇ ਆਪਣੀ ਘਰਵਾਲੀ ਨਾਲ ਨੱਚਦਾ ਹੈ। ਮਹਾਂਭਾਰਤ ਦੀ ਸਾਰੀ ਕਹਾਣੀ ਸ਼ਰਾਬਖੋਰੀ, ਜੂਏਬਾਜ਼ੀ, ਔਰਤਾਂ ਨਾਲ ਨਾਚ, ਲੜਾਈ, ਮਾਰ-ਕੁਟਾਈ ਤੇ ਵੱਢ-ਵੱਢਾਂਗੇ ਦੁਆਲੇ ਹੀ ਘੁੰਮੀ ਜਾਂਦੀ ਹੈ ਅਤੇ ਇਨ੍ਹਾਂ ਦੁਰਾਚਾਰਾਂ ਤੋਂ ਇਲਾਵਾ ਉਸ ਵਿਚ ਹੋਰ ਕੁਝ ਨਹੀਂ।
ਮਹਾਂਭਾਰਤ ਵਿਚ ਰਾਣੀ ਦਰੋਪਤੀ ਆਰੀਅਨ ਹੈ ਅਤੇ ਭਰੀ ਸਭਾ ਵਿਚ ਉਸ ਦੇ ਬਸਤਰ ਉਤਾਰਨ ਦਾ ਕੰਮ ਵੀ ਆਰੀਅਨ ਹੀ ਕਰਦੇ ਹਨ। ਆਰੀਅਨ ਰਾਜੇ, ਆਰੀਅਨ ਗੁਰੂ ਅਤੇ ਉਸ ਨੂੰ ਜੂਏ ‘ਤੇ ਲਾ ਕੇ ਹਾਰਨ ਵਾਲੇ ਉਸ ਦੇ ਪੰਜ ਸ਼ਾਹੀ ਆਰੀਅਨ ਪਤੀ ਵੀ ਉਸ ਖਚਾਖਚ ਭਰੀ ਸਭਾ ਵਿਚ ਮੌਜੂਦ ਹਨ ਪਰ ਉਸ ਬੇਸਹਾਰਾ ਔਰਤ ਦੀ ਕੋਈ ਸੁਣਵਾਈ ਨਹੀਂ। ਮਿੰਨਤਾਂ, ਤਰਲੇ, ਹਾੜ੍ਹੇ ਕੱਢਦੀ ਦਰੋਪਤੀ ਨੂੰ ਵਾਲਾਂ ਤੋਂ ਫੜ ਕੇ ਧੂੰਹਦਿਆਂ ਆਰੀਅਨ ਰਾਜਿਆਂ ਦੀ ਵੱਡੀ ਸਭਾ ਵਿਚ ਇਧਰ-ਉਧਰ ਘੜੀਸਿਆ ਜਾਂਦਾ ਹੈ ਅਤੇ ਬੇਹਯਾਈ ਦੀਆਂ ਸਾਰੀਆਂ ਹੱਦਾਂ ਟੱਪ ਕੇ ਉਸ ਨੂੰ ਨੰਗਾ ਕੀਤਾ ਜਾਂਦਾ ਹੈ। ਦੂਜੇ ਪਾਸੇ ਲੰਕਾ ਦਾ ਰਾਜਾ ਰਾਵਣ ਹੈ ਜੋ ਭਾਰਤੀ ਨਸਲ ਦਾ ਹੈ। ਰਾਜ ਕੁਮਾਰੀ ਸੀਤਾ, ਆਰੀਆ ਨਸਲ ਦੀ ਹੈ। ਰਾਵਣ ਸੀਤਾ ਨੂੰ ਇਸ ਲਈ ਚੁਕ ਲਿਜਾਂਦਾ ਹੈ ਕਿਉਂਕਿ ਰਾਮ ਦੇ ਭਰਾ ਲਛਮਣ ਨੇ ਉਸ ਦੀ ਭੈਣ ਸਰੂਪਨਖਾ ਦੀ ਇੱਜ਼ਤ ਨੂੰ ਹੱਥ ਪਾਇਆ ਸੀ। ਅਸ਼ੋਕ ਵਾਟਿਕਾ ਪਹਾੜੀ ਦਾ ਨਾਂ ਹੈ ਜਿਥੇ ਰਾਵਣ ਨੇ ਸੀਤਾ ਨੂੰ ਰੱਖਿਆ; ਪਰ ਲਾਚਾਰ, ਬੇਵਸ ਸੀਤਾ ਨੂੰ ਰਾਵਣ ਦੀ ਕੈਦ ਵਿਚ ਕੋਈ ਖਤਰਾ ਨਹੀਂ। ਉਸ ਨੂੰ ਕੋਈ ਛੂਹ ਨਹੀਂ ਸਕਦਾ। ਰਾਜਾ ਰਾਵਣ ਵਲੋਂ ਉਸ ਨੂੰ ਪੂਰੀ ਸੁਰੱਖਿਆ, ਮਾਣ-ਸਨਮਾਨ, ਸਤਿਕਾਰ ਅਤੇ ਸਭ ਤਰ੍ਹਾਂ ਦੀਆਂ ਸ਼ਾਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਰਾਵਣ ਦੇ ਬੁਲੰਦ ਨੈਤਿਕ ਕਿਰਦਾਰ ਦੀ ਇਹ ਉਤਮ ਤਸਵੀਰ ਹੈ ਜਿਸ ਨੂੰ ਆਰੀਆ ਪੰਡਿਤਾਂ, ਪਰੋਹਿਤਾਂ ਨੇ ਘਟੀਆ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ।
ਰਿਗਵੇਦ ਦੇ ਅੰਤਲੇ ਯੁਗਾਂ ਵਿਚ ਔਰਤ ਦੀ ਜਿਹੜੀ ਕਦਰ ਘਟਣੀ ਸ਼ੁਰੂ ਹੋਈ, ਉਹ ਲਗਾਤਾਰ ਘਟਦੀ ਹੀ ਗਈ। ਸ਼ਕੁੰਤਲਾ ਅਤੇ ਦਰੋਪਤੀ ਦੀਆਂ ਬੇਵਸ ਸੁਰਾਂ ਤਾਂ ਬੇਹੱਦ ਕਮਜ਼ੋਰ ਸਾਬਤ ਹੋਈਆਂ; ਖਾਸ ਕਰ ਕੇ ਉਨ੍ਹਾਂ ਦੇ ਪਤੀਆਂ ਦੇ ਸਬੰਧ ਵਿਚ, ਜਿਨ੍ਹਾਂ ਦੀਆਂ ਹੋਰ ਬਥੇਰੀਆਂ ਚਹੇਤੀਆਂ ਸਨ। ਹਿੰਦੀ ਆਰੀਅਨ ਦੀਆਂ ਔਰਤਾਂ ਦੇ ਧਾਰਮਿਕ ਅਤੇ ਭਾਈਚਾਰਕ ਹੱਕ ਜੇ ਕਦੇ ਸਨ, ਤਾਂ ਆਦਮੀਆਂ ਦੇ ਬਰਾਬਰ ਬਹੁਤ ਘੱਟ ਸਮੇਂ ਤੱਕ ਰਹੇ। ਬ੍ਰਾਹਮਣ ਗ੍ਰੰਥਾਂ ਦੇ ਸਮੇਂ ਦੇ ਬ੍ਰਾਹਮਣਾਂ ਨੇ ਇਸਤਰੀ ਜਾਤੀ ਨਾਲ ਧੱਕਾ ਕੀਤਾ, ਘ੍ਰਿਣਾ ਕੀਤੀ ਅਤੇ ਉਨ੍ਹਾਂ ਨੂੰ ਨੀਚਾਂ ਵਿਚੋਂ ਨੀਚ ਕਿਹਾ। ਕਿਹਾ ਕਿ ਇਸਤਰੀ ਆਜ਼ਾਦੀ ਦੇ ਯੋਗ ਨਹੀਂ। ਮਨੂੰ ਨੇ ਇਸਤਰੀਆਂ ਨੂੰ ਆਦਮੀਆਂ ਦੀ ਤਕਰੀਬਨ ਗੁਲਾਮ ਬਣਾ ਦਿੱਤਾ। ਇਸਤਰੀ ਨੂੰ ਜੰਝੂ ਪਾਉਣ ਦੀ ਰਸਮ ਕਰਨ ਅਤੇ ਵੈਦਿਕ ਸਾਹਿਤ ਪੜ੍ਹਨ ਤੋਂ ਵੀ ਵਰਜਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਇਸਤਰੀ ਨੂੰ ਸ਼ੂਦਰ ਦੇ ਦਰਜੇ ਤਕ ਪਹੁੰਚਾ ਦਿੱਤਾ ਗਿਆ।
ਰਿਗਵੈਦਿਕ ਕਾਲ ਵਿਚ ਸਤੀ ਪ੍ਰਥਾ ਦਾ ਰਿਵਾਜ ਨਹੀਂ ਸੀ। ਸ਼ਾਸਤਰਾਂ ਜਾਂ ਸਿਮਰਤੀਆਂ ਨੇ ਸਤੀ ਦੀ ਰਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਪਰ ਇਹ ਬਹੁਤ ਪੁਰਾਣਾ ਰਿਵਾਜ ਹੈ। ਮਹਾਂਭਾਰਤ ਤੇ ਯੂਨਾਨੀ ਲਿਖਾਰੀਆਂ ਨੇ ਇਸ ਦਾ ਜ਼ਿਕਰ ਕੀਤਾ ਹੈ। ਇਸ ਦਾ ਸਬੂਤ ਅਥਰਵਵੇਦ ਵਿਚ ਸੁਰੱਖਿਅਤ ਹੈ। ਬਾਅਦ ਵਿਚ ਇਸ ਨੂੰ ਧਾਰਮਿਕ ਪ੍ਰਵਾਨਗੀ ਵੀ ਮਿਲ ਗਈ ਕਿਉਂਕਿ ਪਿਛੋਂ ਲਿਖੇ ਗਏ ਵੈਸਾਂਖਾ ਗ੍ਰਹਿ-ਸੂਤਰ ਅਤੇ ਪਿੱਛੋਂ ਲਿਖੀਆਂ ਗਈਆਂ ਸਾਖਾਂ, ਅੰਗੀਰਾਸ, ਡਾਖਸਾ ਅਤੇ ਵਿਆਸਾ ਵਰਗੀਆਂ ਸਿਮਰਤੀਆਂ ਨੇ ਇਸ ਰਿਵਾਜ ਨੂੰ ਮਨਜ਼ੂਰੀ ਦੇ ਦਿੱਤੀ। ਬ੍ਰਾਹਮਣ ਜਾਤੀ ਅਤੇ ਕਸ਼ੱਤਰੀ ਵਰਗ ਇਸ ਰਿਵਾਜ ਨੂੰ ਮਾਣ ਦੀ ਭਾਵਨਾ ਨਾਲ ਦੇਖਦਾ ਸੀ। ਪਤੀ ਦੇ ਮਰ ਜਾਣ ਦੀ ਸੂਰਤ ਵਿਚ ਪਤਨੀ ਉਸ ਦੀ ਅਧਸੜੀ ਚਿਤਾ ਵਿਚ ਉਸ ਦੇ ਨਾਲ ਹੀ ਸੜ/ਮਰ ਜਾਂਦੀ।
ਔਰਤਾਂ ਦੇ ਆਪਣੇ ਹੱਕ ਉਕਾ ਹੀ ਖ਼ਤਮ ਹੋ ਗਏ। ਹੱਕ ਖੋਹਣ ਕਾਰਨ ਉਨ੍ਹਾਂ ਦੀ ਮਾਲੀ ਹਾਲਤ ਬੇਹੱਦ ਮਾੜੀ ਹੋ ਗਈ। ਉਨ੍ਹਾਂ ਦਾ ਇਸ ਤੋਂ ਵੀ ਮੰਦਾ ਹਾਲ ਉਨ੍ਹਾਂ ਦੀ ਸਮਾਜਕ ਪੱਧਰ ਦਾ ਸੀ। ਸੂਤਰਕਾਰਾਂ ਨੇ ਵੇਖਿਆ ਕਿ ਮੁਸੀਬਤ ਵੇਲੇ ਔਰਤ ਦੀ ਰੱਖਿਆ ਜਿੰਨੀ ਚੰਗੀ ਤਰ੍ਹਾਂ ਉਸ ਦਾ ਪਤੀ ਕਰ ਸਕਦਾ ਹੈ, ਉਤਨੀ ਅਨੇਕਾਂ ਪੁੱਤਰਾਂ ਧੀਆਂ ਦੇ ਭਾਰ ਹੇਠ ਪਿਆ ਪਿਤਾ ਆਪਣੀ ਧੀ ਦੀ ਨਹੀਂ ਕਰ ਸਕਦਾ; ਇਸ ਲਈ ਬਿਹਤਰ ਇਹੀ ਹੈ ਕਿ ਕੰਨਿਆ ਨੂੰ ਛੇਤੀ ਤੋਂ ਛੇਤੀ ਪਤਨੀ ਬਣਾ ਦਿੱਤਾ ਜਾਵੇ। ਤਰਕ ਸਹੀ ਸੀ, ਪਰ ਨਤੀਜਾ ਬੇਹੱਦ ਕੌੜਾ। ਇਸ ਦੇ ਨਤੀਜੇ ਵਜੋਂ ਹੀ ਬਾਲ ਵਿਆਹ ਦੀ ਨੀਂਹ ਰੱਖੀ ਗਈ। ‘ਅਸ਼ਟਵਰਸ਼ਾ ਭਵੇਦਮੌਰੀ’ ਪਰੰਪਰਾ ਦਾ ਜਨਮ ਹੋਇਆ। ਵੈਦਿਕ ਕਾਲ ਵਿਚ ਰੱਤ-ਕਾਲ (ਮਾਹਵਾਰੀ) ਤੋਂ ਪਹਿਲਾਂ ਔਰਤ ਦਾ ਵਿਆਹ ਨਾ ਸੁਣਿਆ ਗਿਆ ਸੀ, ਤੇ ਨਾ ਕੋਈ ਇਸ ਤੋਂ ਜਾਣੂ ਸੀ। ਜ਼ਿਆਦਾਤਰ ਵਿਵਸਥਾ ਰੱਤ-ਪਤੀ ਹੋਣ ਤੋਂ ਮਗਰੋਂ (36 ਮਾਹਵਾਰੀਆਂ ਪਿਛੋਂ) ਹੀ (ਯਾਨੀ 16 ਸਾਲਾਂ ਦੀ) ਕੰਨਿਆ ਦਾ ਵਿਆਹ ਕਰਨ ਦੀ ਸੀ, ਪਰ ਹੁਣ ਅੱਠ-ਅੱਠ ਸਾਲ ਦੀਆਂ ਲੜਕੀਆਂ ਨੂੰ ਵਿਆਹ ਦੀ ਅੱਗ ਵਿਚ ਸੁੱਟਿਆ ਜਾਣ ਲੱਗਾ। ਜਿਹੜਾ ਪਿਤਾ ਰੱਤ-ਪਤੀ ਹੋਣ ਤੱਕ ਆਪਣੀ ਧੀ ਕੁਆਰੀ ਰੱਖਦਾ ਸੀ, ਉਸ ਨੂੰ ਨਰਕ ਦਾ ਡਰ ਦਿੱਤਾ ਗਿਆ। ਬਾਲ ਵਿਆਹ ਦੇ ਬੇਹੱਦ ਨੀਚ ਉਦਾਹਰਣ ਸਾਹਮਣੇ ਆਉਣ ਲੱਗੇ। ਇਥੋਂ ਤੱਕ ਕਿ ਕੁਝ ਜਾਤੀਆਂ ਵਿਚ ਤਾਂ ਦੁੱਧ ਚੁੰਘਦੀਆਂ ਬੱਚੀਆਂ ਦੇ ਹੱਥਾਂ ਵਿਚ ਵੀ ਇਸ ਅਸਚਰਜ-ਸੂਤਰ ਦੀ ਫਾਹੀ ਪਾ ਦਿੱਤੀ ਗਈ। ਲੜਕੀਆਂ ਦੇ ਬਾਲ-ਮਨ ਦੀ ਸ਼ਾਦੀ ਦੇ ਰਿਵਾਜ ਨੂੰ ਧਾਰਮਿਕ ਪ੍ਰਵਾਨਗੀ ਮਿਲ ਗਈ। ਮਨੂੰ (ਯ 94) ਇਹ ਨੀਯਤ ਕਰਦਾ ਹੈ ਕਿ 30 ਸਾਲ ਦਾ ਆਦਮੀ 12 ਸਾਲਾਂ ਦੀ ਕੁਆਰੀ ਲੜਕੀ ਨਾਲ ਅਤੇ 24 ਸਾਲ ਦੀ ਉਮਰ ਦਾ ਆਦਮੀ 8 ਸਾਲ ਦੀ ਲੜਕੀ ਨਾਲ ਸ਼ਾਦੀ ਕਰੇ।
ਵਿਧਵਾ-ਵਿਆਹ ਦੀ ਮਨਾਹੀ ਮਨੂੰ (ੜ 156-7) ਤੇ ਯਜਨਵਾ ਲਕਯਾ (ੀ-75) ਨੇ ਕੀਤੀ। ਵਿਧਵਾ-ਵਿਆਹ ਨਾ ਕਰਨਾ ‘ਜਾਤਾਂ’ ਦੇ ਭਾਈਚਾਰਕ ਰੁਤਬੇ ਦੀ ਕਸਵੱਟੀ ਬਣ ਗਈ। ਜਿਹੜੀਆਂ ਜਾਤਾਂ ਵਿਧਵਾ-ਵਿਆਹ ਨਹੀਂ ਕਰਦੀਆਂ, ਸਿਰਫ ਉਹੋ ਮਾਣ ਪ੍ਰਾਪਤ ਕਰਦੀਆਂ ਹਨ; ਜਿਹੜੀਆਂ ਉਚੀਆਂ ਜਾਤਾਂ ਵਿਧਵਾ-ਵਿਆਹ ਕਰਨ ਲੱਗ ਪੈਣ, ਉਨ੍ਹਾਂ ਦਾ ਸਮਾਜਕ ਰੁਤਬਾ ਨੀਵਾਂ ਹੋ ਜਾਂਦਾ ਹੈ।
ਬਾਲ ਹੱਤਿਆ ਦਾ ਘੋਰ ਤੇ ਭੈੜਾ ਰਿਵਾਜ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਦੂਜੇ ਮੁਲਕਾਂ ਵਿਚ ਸੀ, ਪਰ ਭਾਰਤ ਵਿਚ ਇਸਤਰੀ ਜਾਤੀ ਵਿਰੁਧ ਧਾਰਨ ਕੀਤੇ ਧਾਰਮਿਕ ਰਵੱਈਏ ਨੇ ਇਹ ਰਿਵਾਜ ਵਧਾਉਣ ਵਿਚ ਹਵਾ ਦਿੱਤੀ। ਧਾਰਮਿਕ ਗ੍ਰੰਥ (ਅਥਰਵਵੇਦ ੜੀ,113) ਲੜਕੀਆਂ ਦੀ ਪੈਦਾਇਸ਼ ਬਾਰੇ ਅਫ਼ਸੋਸ ਜ਼ਾਹਰ ਕਰਦੇ ਹਨ ਅਤੇ ਲੜਕੀਆਂ ਨੂੰ ਬਿਪਤਾ ਦਾ ਵਸੀਲਾ ਸਮਝਦੇ ਸਨ (ਐਤਰਿਆ ਬ੍ਰਾਹਮਣ ਗ੍ਰੰਥ ੜੀ, 15)। ਹੋਰ ਮੁਲਕਾਂ ਵਿਚ ਬਾਲ ਹੱਤਿਆ ਦਾ ਮੂਲ ਕਾਰਨ ਗਰੀਬੀ ਸੀ ਪਰ ਹਿੰਦ ਵਿਚ ਬਾਲ ਹੱਤਿਆ ਵਧੇਰੇ ਕਰ ਕੇ ਰਾਜਪੂਤਾਂ ਵਰਗੀਆਂ ਉਚੀਆਂ ਜਾਤਾਂ ਕਰਦੀਆਂ। ਅੰਗਰੇਜ਼ਾਂ ਨੇ 1829 ਵਿਚ ਬਾਲ ਹੱਤਿਆ ਰੋਕਣ ਲਈ ਸਖਤ ਕਾਨੂੰਨ ਬਣਾਏ। ਇਸ ਦੇ ਬਾਵਜੂਦ 1869 ਵਿਚ ਰਾਜਪੂਤਾਨੇ ਦੇ ਬਾਈ ਪਿੰਡਾਂ ਵਿਚ 284 ਲੜਕਿਆਂ ਦੇ ਮੁਕਾਬਲੇ ਕੇਵਲ 33 ਲੜਕੀਆਂ ਸਨ। 1836 ਦੀ ਗਿਣਤੀ ਵਿਚ ਰਾਜਪੂਤਾਂ ਦੇ ਕੁਝ ਇਲਾਕਿਆਂ ਵਿਚ ਦਸ ਹਜ਼ਾਰ ਦੀ ਆਬਾਦੀ ਵਿਚ ਇਕ ਸਾਲ ਤੋਂ ਵੱਡੀ ਉਮਰ ਦੀ ਇਕ ਵੀ ਲੜਕੀ ਨਾ ਮਿਲੀ। (ਮੈਕਸ ਵੈਬਰ, ਦਿ ਰਿਲੀਜਨ ਆਫ ਇੰਡੀਆ, ਪੰਨਾ 42)
ਸਮਾਂ ਬੀਤਿਆ, ਹੂਣਾਂ ਨੇ ਗੁਪਤਾਂ ਦਾ ਵੱਡਾ ਸਾਮਰਾਜ ਖੇਰੂੰ-ਖੇਰੂੰ ਕਰ ਦਿੱਤਾ। ਉਨ੍ਹਾਂ ਨਾਲ ਗੁੱਜਰ, ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਭਾਰਤ ਵਿਚ ਦਾਖ਼ਲ ਹੋਈਆਂ ਅਤੇ ਰਾਜ ਕਾਇਮ ਕੀਤੇ। ਉਨ੍ਹਾਂ ਸਦਕਾ ਭਾਰਤ ਵਿਚ ਰਾਜਪੂਤਾਂ ਦੀਆਂ ਅਨੇਕ ਜਾਤੀਆਂ ਜਾਟ, ਗੁੱਜਰ ਆਦਿ ਜੰਮੀਆਂ ਅਤੇ ਸਮਾਜ ਦੀ ਪਵਿੱਤਰਤਾ ਦਿਨੋ-ਦਿਨ ਵਿਗੜਦੀ ਗਈ। ਇਨ੍ਹਾਂ ਵਿਚੋਂ ਅਨੇਕਾਂ ਜਾਤੀਆਂ ਆਪਣੇ ਮੁੱਢਲੇ ਨਿਵਾਸ ਸਥਾਨ ਵਿਚ ਆਪਣੀਆਂ ਲੜਕੀਆਂ ਨੂੰ ਜਾਨੋਂ ਮਾਰ ਦਿੰਦੇ ਸਨ। ਉਨ੍ਹਾਂ ਦੇ ਕਈ ਹਿੱਸਿਆਂ ਨੇ ਭਾਰਤ ਵਿਚ ਆ ਕੇ ਆਪਣੀ ਇਸ ਪਰੰਪਰਾ ਨੂੰ ਕਾਇਮ ਰੱਖਿਆ। ਭਾਰਤੀ ਨਾਰੀ ਵਿਵਸਥਾ ਵਿਚ ਸਤੀ ਪ੍ਰਥਾ ਦਾ ਆਉਣਾ ਤਾਂ ਕਿਸੇ ਨਾ ਕਿਸੇ ਰੂਪ ਵਿਚ ਹਮੇਸ਼ਾ ਤੋਂ ਸੀ; ਪਰ ਇਸ ਵਿਵਸਥਾ ਨੇ ਹੋਰ ਜ਼ੋਰ ਫੜ ਲਿਆ ਅਤੇ ਜੌਹਰ ਦਾ ਰੂਪ ਧਾਰਨ ਕਰ ਲਿਆ। ਬਿਧਰਮੀ ਰਾਜਿਆਂ ਅਤੇ ਹਮਲਿਆਂ ਤੋਂ ਬਚਣ ਲਈ ਇਹ ਭਿਆਨਕ ਪ੍ਰਥਾ ਵੀ ਭਾਰਤੀ ਔਰਤ ਦੀ ਕੁਰਬਾਨੀ, ਦਲੇਰੀ ਅਤੇ ਸਮਰੱਥਾ ਦੇ ਸਾਹਮਣੇ ਨਿਗੂਣੀ ਹੀ ਰਹੀ। ਜੌਹਰ ਨੂੰ ਨਾ ਸਿਰਫ ਉਸ ਨੇ ਅਪਨਾਇਆ ਸਗੋਂ ਉਸ ਨੂੰ ਤਿਉਹਾਰ ਵਰਗਾ ਰੂਪ ਦੇ ਕੇ ਆਪਣੀ ਕੁਰਬਾਨੀ ਨਾਲ ਹਰਾ ਦਿੱਤਾ। ਔਰਤ ਦੀ ਇਸ ਸ਼ਕਤੀ ਨੇ ਰਾਜਪੂਤਾਂ ਨੂੰ ਤਾਂ ਘੱਟੋ-ਘੱਟ ਔਰਤ ਵਲੋਂ ਨਿਸ਼ਚਿੰਤ ਕਰ ਦਿੱਤਾ। ਔਰਤਾਂ ਨੂੰ ਚੁੱਕ ਕੇ ਲੈ ਜਾਣ ਨਾਲ ਜਿਹੜੀ ਬੇਇਜ਼ਤੀ ਦੀ ਸੰਭਾਵਨਾ ਸੀ, ਭਾਰਤੀ ਔਰਤ ਨੇ ਆਪਣੀ ਖੁਦਕਸ਼ੀ ਨਾਲ ਉਸ ਦਾ ਹੱਲ ਕਰ ਦਿੱਤਾ।
712 ਈਸਵੀ ਦੇ ਮੁਹੰਮਦ ਬਿਨ-ਕਾਸਮ ਦੇ ਅਰਬ ਹਮਲੇ ਤੋਂ ਲੈ ਕੇ 1707 ਈਸਵੀ ਵਿਚ ਮੁਗਲ ਰਾਜ ਦੇ ਢਹਿਣ ਤੱਕ ਭਾਰਤੀ ਸਦਾਚਾਰ ਤੇ ਇਤਿਹਾਸ ਦੀ ਗਾਥਾ ਔਰਤ ਨੇ ਆਪਣੇ ਲਹੂ ਨਾਲ ਲਿਖੀ। ਭਾਰਤੀ ਮਰਦ ਨੇ ਆਪਣੀ ਖੁਦਗਰਜ਼ੀ ਲਈ ਔਰਤ ਨੂੰ ਅੱਗ ਵਿਚ ਸੁੱਟ ਦਿੱਤਾ। ਔਰਤ ਨੇ ਆਪਾ ਤਿਆਗ ਕੇ ਅੱਗ ਨੂੰ ਛਾਤੀ ਨਾਲ ਘੁੱਟ ਕੇ ਇਸ ਖੁਦਗਰਜ਼ੀ ਦਾ ਬਦਲਾ ਲਿਆ। ਕੁਝ ਕੁ ਆਵਾਜ਼ਾਂ ਵੀ ਇਸ ਪ੍ਰਥਾ ਦੇ ਵਿਰੋਧ ਵਿਚ ਉਠੀਆਂ।
ਉਤਰ ਵੈਦਿਕ ਕਾਲ ਵਿਚ ਦੱਖਣ ਦੇ ਮੰਦਰਾਂ ਵਿਚ ਪਾਂਡਿਆਂ ਦੁਆਰਾ ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਲਈ ਨਵਾਂ ਜਾਲ ਵਿਛਾਇਆ ਗਿਆ। ਮੰਦਰਾਂ ਵਿਚ ਨਵੀਂ ਪ੍ਰਥਾ ਦਾ ਅਰੰਭ ਕੀਤਾ ਗਿਆ ਜਿਸ ਨੂੰ ਦੇਵਦਾਸੀਆਂ ਦਾ ਨਾਂ ਦਿੱਤਾ ਗਿਆ। ਠਾਕੁਰ ਨੂੰ ਇਸ਼ਨਾਨ ਕਰਵਾਉਣ, ਬਸਤਰ ਬਦਲਣ ਲਈ ਅਤੇ ਹਾਰ-ਸ਼ਿੰਗਾਰ ਕਰਨ ਲਈ 10-15 ਸਾਲ ਦੀਆਂ ਕੁਆਰੀਆਂ ਬੱਚੀਆਂ ਦੀ ਮੰਗ ਕੀਤੀ ਜਾਣ ਲੱਗੀ। ਪੰਡਿਤਾਂ ਦੇ ਇਸ ਉਪਕਾਰ ਦਾ ਬਦਲਾ ਚੁਕਾਉਣ ਲਈ ਲੋਕਾਂ ਨੇ ਆਪਣੀਆਂ ਬੱਚੀਆਂ ਭਗਵਾਨ ਦੇ ਚਰਨਾਂ ਵਿਚ ਭੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਵਦਾਸੀਆਂ ਦੀ ਨਾਚ ਮੰਡਲੀ ਤਿਆਰ ਕੀਤੀ ਗਈ ਜੋ ਭਗਵਾਨ ਦੇ ਸਾਹਮਣੇ ਨੱਚਦੀਆਂ। ਸਮਾਂ ਬੀਤਣ ਨਾਲ ਦੇਵਦਾਸੀਆਂ ਪੰਡਿਤਾਂ ਦੇ ਗੁਪਤ ਕਮਰਿਆਂ ਦਾ ਸ਼ਿੰਗਾਰ ਬਣਨ ਲੱਗੀਆਂ। ਵਿਉਪਾਰੀਆਂ ਅਤੇ ਸੈਲਾਨੀਆਂ ਨੂੰ ਖੁਸ਼ ਕਰਨ ਅਤੇ ਮਾਇਆ ਲੈਣ ਲਈ ਇਹ ਦੇਵਦਾਸੀਆਂ ਉਨ੍ਹਾਂ ਨੂੰ ਪੇਸ਼ ਕੀਤੀਆਂ ਜਾਣ ਲੱਗੀਆਂ। ਮੰਦਿਰਾਂ ਦੇ ਤਹਿ-ਖਾਨਿਆਂ ਵਿਚ ਦੇਹ ਵਪਾਰ ਸ਼ੁਰੂ ਹੋ ਗਿਆ। ਕਈ ਵਾਰ ਵਪਾਰੀ ਦੇਵਦਾਸੀਆਂ ਦਾ ਮੁੱਲ ਚੁਕਾ ਕੇ ਆਪਣੇ ਨਾਲ ਬਾਹਰਲੇ ਮੁਲਕਾਂ ਨੂੰ ਲੈ ਜਾਂਦੇ ਸਨ ਜਿਥੇ ਇਹ ਦੇਵਦਾਸੀਆਂ ਅਮੀਰਾਂ ਦੇ ਹਰਮਾਂ ਦਾ ਸ਼ਿੰਗਾਰ ਬਣਦੀਆਂ ਸਨ। ਅੱਜ ਵੀ ਦੱਖਣ ਭਾਰਤ ਦੇ ਕੁਝ ਮੰਦਿਰਾਂ ਵਿਚ ਇਹ ਪ੍ਰਥਾ ਬਾ-ਦਸਤੂਰ ਜਾਰੀ ਹੈ। ਔਰਤ ਦੀ ਲੁੱਟ ਦੀ ਇਹ ਪ੍ਰਥਾ ਅੱਜ ਵੀ ਕਈ ਥਾਈਂ ਜਾਰੀ ਹੈ ਪਰ ਇਸ ਦਾ ਨਾਂ ਅਤੇ ਢੰਗ ਬਦਲ ਗਿਆ ਹੈ। ਉਤਰ ਵੈਦਿਕ ਕਾਲ ਵਿਚ ਸ਼ਿਵ ਲਿੰਗ ਦੀ ਪੂਜਾ ਦੀ ਪ੍ਰਥਾ ਦਾ ਵੀ ਜ਼ੋਰ ਰਿਹਾ (ਭਾਰਤ ਵਿਚ ਅੱਜ ਵੀ ਸ਼ਿਵ ਲਿੰਗ ਦੀ ਪੂਜਾ ਕੀਤੀ ਜਾਂਦੀ ਹੈ, ਹਰ ਸਾਲ ਲੱਖਾਂ ਯਾਤਰੀ ਅਮਰਨਾਥ ਦੀ ਯਾਤਰਾ ਇਸ ਲਈ ਕਰਦੇ ਹਨ ਕਿ ਉਥੇ ਬਰਫ਼ ਨਾਲ ਬਣੇ ਸ਼ਿਵ ਲਿੰਗ ਦੇ ਦਰਸ਼ਨ ਕੀਤੇ ਜਾਣ ਅਤੇ ਉਸ ਦੀ ਪੂਜਾ ਕੀਤੀ ਜਾਵੇ)।
ਇਸ ਕਾਲ ਵਿਚ ਨਾਰੀ ਦਾ ਦਰਜਾ ਵੀ ਸ਼ੂਦਰਾਂ ਵਾਂਗ ਹੇਠ ਤੋਂ ਹੇਠਾਂ ਵੱਲ ਗਿਆ। ਰਿਗਵੈਦਿਕ ਕਾਲ ਵਿਚ ਨਾਰੀ ਫਿਰ ਵੀ ਸ਼ਕਤੀਸ਼ਾਲੀ ਸੀ। ਤਕਰੀਬਨ ਉਸੇ ਕਾਲ ਵਿਚ ਛੇਤੀ ਹੀ ਮਹਾਂਭਾਰਤ ਵਿਚ ਉਸ ਦੀ ਦੁਰਗਤੀ ਸ਼ੁਰੂ ਹੋ ਗਈ। ਸੀਤਾ ਤੇ ਦੋਰਪਤੀ ਵਰਗੀਆਂ ਔਰਤਾਂ ਵੀ ਵਿਵਸਥਾ ਦੇ ਪੁੜਾਂ ਵਿਚ ਨਪੀੜੀਆਂ ਜਾਣ ਲੱਗੀਆਂ। ਉਪਨਿਸ਼ਦ ਕਾਲ ਵਿਚ ਉਚੇ ਘਰਾਣੇ ਦੀਆਂ ਔਰਤਾਂ ਕੁਝ ਕੁ ਖੁਸ਼ਹਾਲ ਸਨ ਅਤੇ ਸਨਮਾਨਿਤ ਸਨ; ਲੇਕਿਨ ਅਮੂਮਨ ਉਨ੍ਹਾਂ ਦੇ ਹੱਕ ਵੀ ਸੁਆਹ ਹੋ ਜਾਂਦੇ ਸਨ। ਉਹ ਸਿਰਫ ਪਤੀ ਦੀ ਕਾਮ-ਤ੍ਰਿਪਤੀ ਜਾਂ ਸੰਤਾਨ ਦੀ ਉਤਪਤੀ ਦੇ ਵਸੀਲੇ ਬਣ ਕੇ ਰਹਿ ਜਾਂਦੀਆਂ ਸਨ।
(ਚਲਦਾ)