ਧਰਮ ਬਦਲੀ ਦਾ ਮੁੱਦਾ ਤੇ ਫਿਰਕੂ ਟਕਰਾਅ

ਡਾ. ਮਹੀਪ ਸਿੰਘ
ਫੋਨ: 91-93139-32888
ਧਰਮ ਤਬਦੀਲੀ ਦੇ ਮੁੱਦੇ ਨੂੰ ਲੈ ਕੇ ਇਸ ਦੇਸ਼ ਵਿਚ ਮੁੜ ਭਖਵੀਂ ਚਰਚਾ ਛਿੜ ਗਈ ਹੈ। ਆਗਰਾ ਵਿਚ ਲਗਭਗ 200 ਮੁਸਲਮਾਨ ਪਰਿਵਾਰਾਂ ਨੇ ਹਿੰਦੂ ਧਰਮ ਸਵੀਕਾਰ ਕਰ ਲਿਆ। ਹਿੰਦੂ ਸੰਗਠਨ ਇਸ ਤੋਂ ਬੜੇ ਖੁਸ਼ ਹਨ। ਅਜਿਹੇ ਇਕ ਸੰਗਠਨ ਧਰਮ ਜਾਗਰਨ ਸਮਿਤੀ ਨੇ ਐਲਾਨ ਕੀਤਾ ਹੈ ਕਿ 25 ਦਸੰਬਰ 2014 ਤੱਕ ਇਕ ਲੱਖ ਮੁਸਲਮਾਨਾਂ ਅਤੇ ਇੰਨੇ ਹੀ ਈਸਾਈਆਂ ਨੂੰ ਹਿੰਦੂ ਬਣਾਇਆ ਜਾਏਗਾ।

ਇਸ ਧਰਮ ਪਰਿਵਰਤਨ ਨੂੰ ਉਹ ‘ਘਰ ਵਾਪਸੀ’ ਆਖਦੇ ਹਨ। ਅਜਿਹੇ ਪਰਿਵਰਤਨ ਲਈ ਇਹ ਵੀ ਐਲਾਨ ਹੋਇਆ ਹੈ ਕਿ ਇਕ ਮੁਸਲਮਾਨ ਨੂੰ ਹਿੰਦੂ ਬਣਾਉਣ ਲਈ 5 ਲੱਖ ਰੁਪਏ ਅਤੇ ਈਸਾਈ ਨੂੰ ਹਿੰਦੂ ਬਣਾਉਣ ਲਈ 2 ਲੱਖ ਰੁਪਏ ਦਿੱਤੇ ਜਾਣਗੇ। ਸੰਗਠਨ ਵਲੋਂ ਸਾਰੇ ਹਿੰਦੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਮੁਹਿੰਮ ਲਈ ਅਥਾਹ ਧਨ ਰਾਸ਼ੀ ਉਹ ਦਾਨ ਕਰਨ।
ਜਦੋਂ ਵੀ ਧਰਮ ਪਰਿਵਰਤਨ ਦੀ ਗੱਲ ਚਲਦੀ ਹੈ, ਸਭ ਤੋਂ ਪਹਿਲਾਂ ਮੁਸਲਮਾਨਾਂ ਦੀ ਯਾਦ ਆਉਂਦੀ ਹੈ। ਇਸਲਾਮ ਵਿਸਤਾਰਵਾਦੀ ਧਰਮ ਹੈ। ਉਹ ਜਿਥੇ ਗਏ, ਉਥੇ ਇਸਲਾਮ ਨੂੰ ਫੈਲਾਉਣ ਲਈ ਉਨ੍ਹਾਂ ਬੜੇ ਯਤਨ ਕੀਤੇ ਹਨ। ਇਨ੍ਹਾਂ ਯਤਨਾਂ ਵਿਚ ਸੂਫੀ-ਫਕੀਰਾਂ ਦੀ ਪ੍ਰੇਮ ਭਰੀ ਬਾਣੀ ਵੀ ਸੀ, ਇਸਲਾਮ ਦਾ ਮਨੁੱਖੀ ਬਰਾਬਰੀ ਦਾ ਫਲਸਫਾ ਵੀ ਸੀ, ਲਾਲਚ ਵੀ ਸੀ ਅਤੇ ਸਭ ਤੋਂ ਵੱਧ ਜ਼ੋਰ-ਜ਼ਬਰਦਸਤੀ ਵੀ ਸੀ। ਅਜਿਹੀ ਜ਼ਬਰਦਸਤੀ ਮੁਸਲਮਾਨ ਸ਼ਾਸ਼ਕਾਂ ਵਲੋਂ ਸਦੀਆਂ ਤੱਕ ਚਲਦੀ ਰਹੀ। ਈਸਾਈਅਤ ਵੀ ਵਿਸਤਾਰਵਾਦੀ ਧਰਮ ਹੈ। ਜਿਥੇ ਉਨ੍ਹਾਂ ਨੇ ਆਪਣੀ ਹਕੂਮਤ ਕਾਇਮ ਕੀਤੀ, ਉਥੇ ਉਨ੍ਹਾਂ ਨੇ ਗੈਰ-ਈਸਾਈਆਂ ਨੂੰ ਈਸਾਈ ਬਣਾਉਣ ਲਈ ਬਲ ਦਾ ਸਹਾਰਾ ਵੀ ਲਿਆ, ਪਰ ਆਪਣਾ ਧਰਮ ਫੈਲਾਉਣ ਲਈ ਉਨ੍ਹਾਂ ਨੇ ਲੋਕ-ਸੇਵਾ ਨੂੰ ਮੁੱਖ ਆਧਾਰ ਬਣਾਇਆ। ਉਹ ਜੰਗਲਾਂ, ਪਹਾੜਾਂ, ਪਛੜੇ ਇਲਾਕਿਆਂ ਵਿਚ ਗਏ। ਉਥੇ ਉਨ੍ਹਾਂ ਨੇ ਸਕੂਲ ਖੋਲ੍ਹੇ, ਸਿੱਖਿਆ ਦਾ ਪ੍ਰਚਾਰ ਕੀਤਾ, ਲੋਕਾਂ ਨੂੰ ਨਵੀਂ ਰੌਸ਼ਨੀ ਤੋਂ ਜਾਣੂ ਕਰਾਇਆ। ਅਜਿਹੇ ਇਲਾਕਿਆਂ ਵਿਚ ਪਹਿਲਾਂ ਕੋਈ ਧਰਮ ਨਹੀਂ ਸੀ ਪਹੁੰਚਿਆ। ਈਸਾਈ ਮਿਸ਼ਨਰੀ ਉਥੇ ਗਏ ਅਤੇ ਲੋਕਾਂ ਵਿਚ ਕੰਮ ਕੀਤਾ। ਇਸ ਲਈ ਅੱਜ ਨਾਗਾਲੈਂਡ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਜਿਹੇ ਸੂਬਿਆਂ ਵਿਚ ਈਸਾਈ ਧਰਮ ਨੂੰ ਮੰਨਣ ਵਾਲੇ ਵੱਡੀ ਗਿਣਤੀ ਵਿਚ ਹਨ। ਅੱਜ ਵੀ ਈਸਾਈ ਮਿਸ਼ਨਰੀ ਆਦਿਵਾਸੀਆਂ ਵਿਚ ਬਹੁਤ ਕੰਮ ਕਰਦੇ ਹਨ।
ਹਿੰਦੂ ਧਰਮ ਵਿਸਤਾਰਵਾਦੀ ਧਰਮ ਨਹੀਂ ਰਿਹਾ, ਇਸਲਾਮ ਅਤੇ ਈਸਾਈਅਤ ਦੇ ਇਸ ਧਰਤੀ ਉਤੇ ਆਉਣ ਤੋਂ ਪਹਿਲਾਂ ਜਿੰਨੇ ਕਬੀਲੇ ਜਾਂ ਜਾਤੀਆਂ ਇਥੇ ਆਏ, ਉਨ੍ਹਾਂ ਕੋਲ ਸੰਗਠਿਤ ਧਰਮ ਨਹੀਂ ਸਨ। ਉਹ ਹੌਲੀ-ਹੌਲੀ ਉਨ੍ਹਾਂ ਲੋਕਾਂ ਵਿਚ ਜਜ਼ਬ ਹੋ ਗਏ ਜਿਨ੍ਹਾਂ ਲੋਕਾਂ ਨੂੰ ਹਿੰਦੂ ਕਿਹਾ ਜਾਂਦਾ ਸੀ। ਇਸਲਾਮ ਤੇ ਈਸਾਈਅਤ ਸੰਗਠਿਤ ਧਰਮ ਜਾਂ ਮਜ਼੍ਹਬ ਸਨ। ਉਨ੍ਹਾਂ ਦਾ ਆਪਣਾ ਸਭਿਆਚਾਰ ਸੀ, ਪਰੰਪਰਾ ਸੀ, ਧਰਮ ਗ੍ਰੰਥ ਸਨ, ਇਤਿਹਾਸ ਸੀ। ਇਸ ਲਈ ਉਹ ਹਿੰਦੂਆਂ ਵਿਚ ਜਜ਼ਬ ਨਹੀਂ ਹੋਏ; ਸਗੋਂ ਉਹ ਆਪਣੇ ਨਾਲ ਲਿਆਏ ਧਰਮ ਦਾ ਇਥੇ ਪ੍ਰਚਾਰ ਕਰਨ ਲੱਗ ਪਏ ਅਤੇ ਕਰੋੜਾਂ ਹਿੰਦੂਆਂ ਨੂੰ ਆਪਣੇ ਧਰਮ ਵਿਚ ਲੈ ਆਏ।
ਇਸ ਦੇਸ਼ ਵਿਚ ਵੀ ਅਨੇਕਾਂ ਧਰਮਾਂ ਦਾ ਜਨਮ ਹੋਇਆ। ਯੱਗ ਪ੍ਰਧਾਨ ਵੈਦਿਕ ਧਰਮ ਜਿਸ ਨੂੰ ਅੱਜ ਹਿੰਦੂ ਧਰਮ ਕਿਹਾ ਜਾਂਦਾ ਹੈ, ਦੇ ਮੁਕਾਬਲੇ ਬੁੱਧ, ਜੈਨ ਅਤੇ ਸਿੱਖ ਧਰਮ ਇਥੇ ਉਪਜੇ। ਵੈਦਿਕ ਧਰਮ ਵਿਚ ਯੱਗਾਂ ਵਿਚ ਪਸ਼ੂਆਂ ਦੀ ਬਲੀ ਵੱਡੀ ਗਿਣਤੀ ਵਿਚ ਦਿੱਤੀ ਜਾਂਦੀ ਸੀ। ਦੇਸ਼ ਦੇ ਕੁਝ ਹਿੱਸਿਆਂ ਵਿਚ ਅੱਜ ਵੀ ਪਸ਼ੂ ਬਲੀ ਦਿੱਤੀ ਜਾਂਦੀ ਹੈ। ਬੁੱਧ ਤੇ ਜੈਨ ਧਰਮ ਅਜਿਹੇ ਹਿੰਸਕ ਰੁਝਾਨ ਖਿਲਾਫ ਅਹਿੰਸਕ ਧਰਮ ਬਣ ਕੇ ਉਭਰੇ। ਅਸੰਖ ਜਾਤੀਆਂ, ਵਰਣ-ਵਿਵਸਥਾ, ਊਚ-ਨੀਚ ਦੀ ਮਾਨਸਿਕਤਾ ਅਤੇ ਪੁਰੋਹਿਤਵਾਦ ਦੇ ਖਿਲਾਫ ਸਿੱਖ ਧਰਮ ਉਭਰਿਆ। ਇਨ੍ਹਾਂ ਧਰਮਾਂ ਦੇ ਫਲਸਫੇ ਅਤੇ ਪ੍ਰਚਾਰ ਕਰ ਕੇ ਬਹੁਤ ਸਾਰੇ ਹਿੰਦੂਆਂ ਨੇ ਇਹ ਧਰਮ ਸਵੀਕਾਰ ਕਰ ਲਿਆ।
ਛੂਤ-ਛਾਤ ਅਤੇ ਗੈਰ-ਬਰਾਬਰੀ ਦੀ ਧਾਰਨਾ ਕਰ ਕੇ ਡਾæ ਭੀਮ ਰਾਓ ਅੰਬੇਡਕਰ ਜਿਹੜੇ ਆਪ ਇਕ ਅਖੌਤੀ ਨੀਵੀਂ ਜਾਤੀ ਵਿਚ ਜਨਮੇ ਸਨ, ਨੇ ਇਕ ਮੁਹਿੰਮ ਸ਼ੁਰੂ ਕੀਤੀ। ਜੇ ਹਿੰਦੂਆਂ ਵਿਚ ਜਨਮੇ ਦਲਿਤਾਂ ਨੂੰ ਸਵਰਨ ਹਿੰਦੂ ਸਮਾਜ ਬਰਾਬਰੀ ਦੀ ਥਾਂ ਨਹੀਂ ਦਿੰਦਾ, ਤਾਂ ਉਹ ਆਪਣੇ ਦਲਿਤ ਸਾਥੀਆਂ ਨਾਲ ਹਿੰਦੂ ਧਰਮ ਦਾ ਅੰਗ ਨਹੀਂ ਰਹਿਣਗੇ। ਉਨ੍ਹਾਂ ਆਪ ਐਲਾਨ ਕੀਤਾ ਸੀ, ‘ਮੈਂ ਹਿੰਦੂ ਹੋ ਕੇ ਜਨਮਿਆ ਜ਼ਰੂਰ ਹਾਂ, ਪਰ ਹਿੰਦੂ ਹੋ ਕੇ ਮਰਾਂਗਾ ਨਹੀਂ।’ ਉਹ ਭਾਰਤ ਵਿਚ ਜਨਮੇ ਕਿਸੇ ਧਰਮ ਨੂੰ ਅਪਨਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ 1956 ਵਿਚ ਨਾਗਪੁਰ ਵਿਚ 5 ਲੱਖ ਦਲਿਤਾਂ ਨਾਲ ਬੁੱਧ ਧਰਮ ਨੂੰ ਸਵੀਕਾਰ ਕਰ ਲਿਆ। ਇਸ ਵੇਲੇ ਤੱਕ ਤਕਰੀਬਨ ਇਕ ਕਰੋੜ ਦਲਿਤਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ।
ਸਦੀਆਂ ਤੋਂ ਹਿੰਦੂ ਧਰਮ ਵਿਚ ਸਦਾ ਇਕ ਦਰਵਾਜ਼ਾ ਰਿਹਾ ਹੈ- ਬਾਹਰ ਜਾਣ ਵਾਲਾ। ਮੰਦਿਰ ਆਉਣ ਲਈ ਕੋਈ ਬੂਹਾ ਨਹੀਂ ਰਿਹਾ। ਕੋਈ ਹਿੰਦੂ ਆਪਣਾ ਧਰਮ ਛੱਡ ਕੇ ਦੂਜੇ ਧਰਮ ਵਿਚ ਜਾ ਸਕਦਾ ਹੈ, ਪਰ ਕਿਸੇ ਦੂਜੇ ਧਰਮ ਦਾ ਬੰਦਾ ਹਿੰਦੂ ਨਹੀਂ ਬਣ ਸਕਦਾ। ਇਥੇ ਜਾਤੀਆਂ ਦਾ, ਊਚ-ਨੀਚ ਦਾ ਇੰਨਾ ਵੱਡਾ ਜੰਗਲ ਹੈ ਜਿਥੇ ਉਸ ਨੂੰ ਆਪਣੀ ਥਾਂ ਲੱਭਣੀ ਬੜੀ ਔਖੀ ਹੈ। 20ਵੀਂ ਸਦੀ ਵਿਚ ਆਰੀਆ ਸਮਾਜ ਨੇ ਸ਼ੁੱਧੀਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ ਇਸ ਗੱਲ ‘ਤੇ ਸ਼ੁਰੂ ਹੋਈ ਕਿ ਹਿੰਦੂ ਧਰਮ ਤੋਂ ਦੂਜੇ ਧਰਮ ਵਿਚ ਗਏ ਬੰਦਿਆਂ ਨੂੰ ਸ਼ੁੱਧ ਕਰ ਕੇ ਹਿੰਦੂ ਕਲਾਵੇ ਵਿਚ ਵਾਪਸ ਲਿਆ ਜਾ ਸਕਦਾ ਹੈ, ਪਰ ਇਹ ਮੁਹਿੰਮ ਬਹੁਤਾ ਕਾਮਯਾਬ ਨਹੀਂ ਹੋਈ। ਸਨਾਤਨੀ ਹਿੰਦੂਆਂ ਨੇ ਇਸ ਗੱਲ ਨੂੰ ਕਦੀ ਪ੍ਰਵਾਨ ਨਹੀਂ ਕੀਤਾ। ਅੱਜ ਵੀ ਕੋਈ ਸ਼ੰਕਰਾਚਾਰੀਆ ਇਸ ਗੱਲ ਦੀ ਪ੍ਰਵਾਨਗੀ ਨਹੀਂ ਦਿੰਦਾ ਕਿ ਹਿੰਦੂ ਧਰਮ ਵਿਚ ਕੋਈ ਗੈਰ-ਹਿੰਦੂ ਆ ਸਕਦਾ ਹੈ।
ਹੁਣ ਹਿੰਦੂਆਂ ਦਾ ਇਕ ਵਰਗ ਅਜਿਹੇ ਵਿਚਾਰ ਨੂੰ ਸਾਹਮਣੇ ਲਿਆ ਰਿਹਾ ਹੈ ਕਿ ਘਰ ਵਾਪਸੀ ਦੇ ਨਾਂ ਹੇਠ ਮੁਸਲਮਾਨਾਂ ਤੇ ਈਸਾਈਆਂ ਨੂੰ ਮੁੜ ਹਿੰਦੂ ਬਣਾਇਆ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਵਿਚ ਜਿਹੜੇ ਕੁਝ ਮੁਸਲਮਾਨ ਹਿੰਦੂ ਬਣੇ ਹਨ, ਉਹ ਬੰਗਲਾਦੇਸ਼ੀ ਮੁਸਲਮਾਨ ਹਨ; ਜਿਹੜੇ ਗੈਰ-ਕਾਨੂੰਨੀ ਢੰਗ ਨਾਲ ਹਿੰਦੁਸਤਾਨ ਵਿਚ ਆ ਗਏ ਹਨ, ਉਨ੍ਹਾਂ ਨੂੰ ਕੁਝ ਹਿੰਦੂ ਸੰਗਠਨਾਂ ਵਲੋਂ ਇਹ ਲਾਲਚ ਦਿੱਤਾ ਗਿਆ ਹੈ ਕਿ ਜੇ ਤੁਸੀਂ ਹਿੰਦੂ ਬਣ ਜਾਓ ਤਾਂ ਅਸੀਂ ਤੁਹਾਨੂੰ ਇਸ ਦੇਸ਼ ਦੀ ਨਾਗਰਿਕਤਾ ਦਿਵਾ ਦਿਆਂਗੇ, ਤੁਹਾਡੇ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਬਣਵਾ ਦਿਆਂਗੇ। ਭਾਰਤ ਵਿਚ ਧਰਮ ਪਰਿਵਰਤਨ ਬਾਰੇ ਕੁਝ ਕਾਨੂੰਨ ਬਣੇ ਹੋਏ ਹਨ। ਕੋਈ ਕਿਸੇ ਦਾ ਜਬਰਨ ਧਰਮ ਪਰਿਵਰਤਨ ਨਹੀਂ ਕਰਾ ਸਕਦਾ। ਲਾਲਚ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਾਉਣਾ ਵੀ ਗ਼ੈਰ-ਕਾਨੂੰਨੀ ਹੈ। ਇਸ ਬਾਰੇ ਵੀ ਕੇਂਦਰ ਸਰਕਾਰ ਦੇ ਅਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਬਣਾਏ ਗਏ ਕਾਨੂੰਨਾਂ ਵਿਚ ਬੜੇ ਫਰਕ ਹਨ।
ਅੱਜ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਵਲੋਂ ਸਾਰੇ ਦੇਸ਼ ਵਿਚ ਧਰਮ ਪਰਿਵਰਤਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਏ, ਪਰ ਇਹ ਗੱਲ ਇੰਨੀ ਸੌਖੀ ਨਹੀਂ। ਕਿਹੜਾ ਬੰਦਾ ਕਿਸ ਧਰਮ ਨੂੰ ਮੰਨਦਾ ਹੈ, ਇਹ ਉਸ ਦਾ ਨਿੱਜੀ ਫੈਸਲਾ ਹੈ ਅਤੇ ਦੇਸ਼ ਦਾ ਸੰਵਿਧਾਨ ਇਸ ਦੀ ਆਜ਼ਾਦੀ ਦਿੰਦਾ ਹੈ। ਅਜਿਹਾ ਕੋਈ ਕਾਨੂੰਨ ਉਸ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਕੋਈ ਬੰਦਾ ਆਪਣਾ ਧਰਮ ਤਿਆਗ ਕੇ ਜੇ ਦੂਜਾ ਧਰਮ ਸਵੀਕਾਰ ਕਰਦਾ ਹੈ, ਇਹ ਵੀ ਉਸ ਦਾ ਨਿੱਜੀ ਮਾਮਲਾ ਹੈ; ਇਹ ਵੀ ਉਸ ਦਾ ਮਨੁੱਖੀ ਹੱਕ ਹੈ। ਇਸ ਤੋਂ ਉਸ ਨੂੰ ਵਾਂਝਿਆਂ ਨਹੀਂ ਕੀਤਾ ਜਾ ਸਕਦਾ। ਬਾਬਾ ਸਾਹਿਬ ਅੰਬੇਡਕਰ ਦੇ ਯਤਨਾਂ ਨਾਲ ਦੇਸ਼ ਦੇ ਲੱਖਾਂ ਦਲਿਤ ਹਿੰਦੂਆਂ ਨੇ ਬੁੱਧ ਧਰਮ ਨੂੰ ਪ੍ਰਵਾਨ ਕਰ ਲਿਆ ਅਤੇ ਲਗਾਤਾਰ ਕਰ ਰਹੇ ਹਨ। ਇਸ ਗੱਲ ਨੂੰ ਗ਼ੈਰ-ਕਾਨੂੰਨੀ ਨਹੀਂ ਕਿਹਾ ਜਾ ਸਕਦਾ।
ਹੁਣ ਸਾਰੇ ਧਰਮਾਂ ਵਿਚ ਇਹ ਸਹਿਮਤੀ ਬਣਨੀ ਚਾਹੀਦੀ ਹੈ ਕਿ ਧਰਮ ਪਰਿਵਰਤਨ ਵਿਚ ਜ਼ੋਰ-ਜ਼ਬਰਦਸਤੀ, ਲਾਲਚ, ਵਿਖਾਵਾ ਵਰਗੀਆਂ ਚੀਜ਼ਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਏ। ਭਾਰਤ, ਬਹੁ-ਧਰਮੀ ਦੇਸ਼ ਹੈ। ਸਾਰੇ ਧਰਮਾਂ ਅਤੇ ਸੰਪਰਦਾਵਾਂ ਨੂੰ ਵਧਣ-ਫੁੱਲਣ ਤੇ ਪ੍ਰਚਾਰ ਕਰਨ ਦੀ ਪੂਰੀ ਆਜ਼ਾਦੀ ਹੈ। ਇਸ ‘ਤੇ ਕੁਝ ਪਾਬੰਦੀਆਂ ਵੀ ਹਨ। ਇਨ੍ਹਾਂ ਪਾਬੰਦੀਆਂ ਦੇ ਹੁੰਦੇ ਹੋਏ ਵੀ ਧਰਮ ਪਰਿਵਰਤਨ ਹੁੰਦੇ ਰਹਿਣਗੇ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਰਹਿਣਗੀਆਂ। ਸਹਿ-ਹੋਂਦ ਦੀ ਜਿੰਨੀ ਲੋੜ ਇਸ ਦੇਸ਼ ਵਿਚ ਹੈ, ਸ਼ਾਇਦ ਹੀ ਕਿਤੇ ਹੋਵੇ। ਭਿਆਨਕਤਾ, ਫਿਰਕੂ ਫਸਾਦਾਂ ਦੇ ਨਾਲ ਹੀ ਭਾਰਤ ਦੀ ਵੰਡ ਹੋਈ ਸੀ। ਬਾਅਦ ਵਿਚ ਉਮੀਦ ਸੀ ਕਿ ਹੁਣ ਫਿਰਕੂ ਫਸਾਦ ਨਹੀਂ ਹੋਣਗੇ, ਪਰ ਇਹ ਉਮੀਦ ਨਾ-ਉਮੀਦੀ ਵਿਚ ਛੇਤੀ ਬਦਲ ਗਈ। ਆਜ਼ਾਦੀ ਪਿਛੋਂ ਇਥੇ ਲਗਾਤਾਰ ਫਸਾਦ ਹੁੰਦੇ ਰਹੇ, ਅੱਜ ਵੀ ਹੋ ਰਹੇ ਹਨ। ਸਾਰੇ ਜਾਣਦੇ ਹਨ ਕਿ ਗਊ ਨੂੰ ਹਿੰਦੂ ਪਵਿੱਤਰ ਮੰਨਦੇ ਹਨ ਪਰ ਮੁਸਲਮਾਨਾਂ ਦਾ ਇਕ ਤਬਕਾ ਗਊਕੁਸ਼ੀ ਕਰਦਾ ਹੈ ਤੇ ਗਊ ਦਾ ਮਾਸ ਖਾਂਦਾ ਹੈ। ਬੜੇ ਫਸਾਦ ਤਾਂ ਇਸੇ ਕਾਰਨ ਹੁੰਦੇ ਰਹੇ ਹਨ।
ਬਹੁ-ਧਰਮੀ ਦੇਸ਼ ਵਿਚ ਦੂਜੇ ਧਰਮ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਬੜਾ ਜ਼ਰੂਰੀ ਬਣਦਾ ਹੈ। ਇਹੋ ਸਹਿ-ਹੋਂਦ ਦੀ ਮਾਨਤਾ ਹੈ। ਜੇ ਅਜਿਹੀ ਮਾਨਤਾ ਨੂੰ ਤਰਜੀਹ ਨਾ ਦਿੱਤੀ ਗਈ ਤਾਂ ਭਾਰਤ ਨੂੰ ਧਰਮ ਪਰਿਵਰਤਨ ਅਤੇ ਫਿਰਕੂ ਫਸਾਦਾਂ ਤੋਂ ਕਦੀ ਮੁਕਤੀ ਨਹੀਂ ਮਿਲੇਗੀ।