ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ

ਡਾæ ਗੁਰਨਾਮ ਕੌਰ, ਕੈਨੇਡਾ

ਦਾਗੇ ਹੋਹਿ ਸੁ ਰਨ ਮਹਿ ਜੂਝਹਿ
ਬਿਨੁ ਦਾਗੇ ਭਗਿ ਜਾਈ॥
ਇਹ ਸ਼ਬਦ ਭਗਤ ਕਬੀਰ ਜੀ ਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੭੦ ਉਤੇ ਦਰਜ ਹੈ ਜਿਸ ਵਿਚ ਦੱਸਿਆ ਹੈ ਕਿ ਕੌਣ ਇਸ ਰਣ-ਤੱਤੇ ਵਿਚ ਜੂਝਦਾ ਹੈ ਅਤੇ ਕੌਣ ਜੰਗ ਦੇ ਮੈਦਾਨ ਵਿਚੋਂ ਦੌੜ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਨੂੰ ਆਪਣੇ ਅੰਦਰ ਪਏ ਔਗੁਣਾਂ ਤੇ ਵਿਕਾਰਾਂ ਨਾਲ ਅਤੇ ਆਲੇ-ਦੁਆਲੇ ਇਨ੍ਹਾਂ ਵਿਕਾਰਾਂ ਕਾਰਨ ਪਸਰੀ ਬੁਰਾਈ ਨਾਲ ਜੂਝਦੇ ਰਹਿਣ ਦੀ ਪ੍ਰੇਰਨਾ ਕੀਤੀ ਹੋਈ ਹੈ।

ਮਨੁੱਖੀ ਮਨ ਵਿਚ ਘਰ ਕਰੀ ਬੈਠੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਜਾਂ ਹਉਮੈ ਆਦਿ ਵਿਕਾਰ ਹੀ ਤਾਂ ਹਨ ਜੋ ਦੁਨੀਆਂ ਅੰਦਰ ਫੈਲੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹਨ। ਸਿੱਖ ਧਰਮ ਵਿਚ ਸ਼ਹਾਦਤ ਦੇ ਸੰਕਲਪ ਤੇ ਇਸ ਤੋਂ ਪਹਿਲਾਂ ਵੀ ਸੰਖੇਪ ਚਰਚਾ ਗਦਰ ਪਾਰਟੀ ਲਹਿਰ ਦੇ ਸਬੰਧ ਵਿਚ ਹੋ ਚੁੱਕੀ ਹੈ। ਅੱਜ ਦਸਮ ਪਾਤਿਸ਼ਾਹ ਹਜ਼ੂਰ ਦੇ ਪੁੱਤਰਾਂ ਉਨ੍ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਨੀ ਹੈ ਜਿਨ੍ਹਾਂ ਨੇ ਉਮਰ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਮਨੁੱਖੀ ਆਜ਼ਾਦੀ ਦੀ ਬਹਾਲੀ ਤੇ ਸਰਬੱਤ ਦੇ ਭਲੇ ਅਤੇ ਨਿਆਂ ਦੀ ਸਥਾਪਤੀ ਲਈ ਸ਼ਹਾਦਤ ਨੂੰ ਹੱਸਦੇ-ਹੱਸਦੇ ਆਪਣੇ ਗਲ ਨਾਲ ਲਾਇਆ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਦੀ ਜਿੱਥੇ ਅਧਿਆਤਮਕਤਾ ਦੇ ਰਸਤੇ ‘ਤੇ ਚੱਲਣ ਦੀ ਅਗਵਾਈ ਕਰਦੀ ਹੈ ਉਥੇ ਸੰਸਾਰ ਵਿਚ ਆਪਣੇ ਸਵੈਮਾਣ ਨੂੰ ਕਾਇਮ ਰੱਖਦਿਆਂ ਦੁਨਿਆਵੀ ਪੱਧਰ ‘ਤੇ ਬੁਰਾਈ ਨਾਲ ਜੂਝਣ ਲਈ ਵੀ ਮਾਰਗ ਦਰਸ਼ਨ ਕਰਦੀ ਹੈ। ਉਪਰ ਦੱਸੇ ਸ਼ਬਦ ਵਿਚ ਭਗਤ ਕਬੀਰ ਇਸੇ ਅਧਿਆਤਮਕ ਅਤੇ ਸੰਸਾਰਕ ਵਿਚਰਨ ਦੀ ਗੱਲ ਕਰਦੇ ਹਨ ਕਿ ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਅਰਥਾਤ ਕੁਤਵਾਲੀ ਕਰਨ ਲਈ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਭਲੇ ਗੁਣਾਂ ਦਾ ਸੁਆਗਤ ਕਰਾਂ ਅਤੇ ਵਿਕਾਰਾਂ ਨੂੰ ਆਪਣੇ ਸਰੀਰ ਵਿਚੋਂ ਕੱਢ ਕੇ ਬਾਹਰ ਮਾਰਾਂ ਅਤੇ ਹਰ ਸਮੇਂ, ਹੇ ਅਕਾਲ ਪੁਰਖ! ਤੇਰੀ ਸੇਵਾ ਕਰਾਂ। ਅੱਗੇ ਫਿਰ ਅਰਦਾਸ ਕਰਦੇ ਹਨ ਕਿ ਉਹ ਇਸ ਤੋਂ ਪਹਿਲੇ ਜਨਮਾਂ ਵਿਚ ਵੀ ਪਰਮਾਤਮਾ ਦੇ ਸੇਵਕ ਰਹੇ ਹਨ ਅਤੇ ਇਸ ਜਨਮ ਵਿਚ ਵੀ ਉਸ ਅਕਾਲ ਪੁਰਖ ਦੇ ਦਰਵਾਜ਼ੇ ਤੋਂ ਦੂਰ ਨਹੀਂ ਹੋ ਸਕਦੇ। ਪਰਮਾਤਮਾ ਦੇ ਦਰ ਨਾਲ ਜੁੜਿਆ ਰਹਿ ਕੇ ਮਨੁੱਖ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਇਹ ਅਵਸਥਾ ਭਗਤ ਕਬੀਰ ਨੂੰ ਵੀ ਪ੍ਰਾਪਤ ਹੋ ਗਈ ਹੈ।
ਕਬੀਰ ਸਾਹਿਬ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਦੇ ਮੱਥੇ ਉਤੇ ਇਸ ਪਰਮਾਤਮ-ਭਗਤੀ ਦਾ, ਉਸ ਮਾਲਕ ਦਾ ਨਿਸ਼ਾਨ ਲੱਗ ਜਾਂਦਾ ਹੈ, ਉਹ ਰਣਭੂਮੀ ਵਿਚ, ਜੰਗ ਦੇ ਮੈਦਾਨ ਵਿਚ ਲੜ ਮਰਦੇ ਹਨ। ਜਿਹੜੇ ਇਸ ਨਿਸ਼ਾਨ ਤੋਂ ਵਾਂਝੇ ਰਹਿ ਜਾਂਦੇ ਹਨ, ਉਹ ਦੁਸ਼ਮਣ ਨਾਲ ਟਾਕਰਾ ਹੋ ਜਾਣ ‘ਤੇ ਮੈਦਾਨ ਵਿਚੋਂ ਭੱਜ ਜਾਂਦੇ ਹਨ। ਜੋ ਮਨੁੱਖ ਰੱਬ ਦੀ ਭਗਤੀ ਕਰਕੇ ਉਸ ਨਾਲ ਇਕਸੁਰਤਾ ਪੈਦਾ ਕਰ ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਆਪਣੇ ਦਰ ‘ਤੇ ਪ੍ਰਵਾਨ ਕਰ ਲੈਂਦਾ ਹੈ। ਭਗਤ ਕਬੀਰ ਨੇ ਮਨੁੱਖ ਦੇ ਸਰੀਰ ਨੂੰ ਇੱਕ ਨਿੱਕਾ ਜਿਹਾ ਸੁਹਣਾ ਕੋਠਾ ਕਿਹਾ ਹੈ ਜਿਸ ਵਿਚ ਇੱਕ ਨਿੱਕੀ ਜਿਹੀ ਕੋਠੜੀ ਅਰਥਾਤ ਮਨੁੱਖ ਦਾ ਦਿਮਾਗ ਹੈ। ਇਹ ਨਿੱਕੀ ਜਿਹੀ ਕੋਠੜੀ ਪਰਮਾਤਮਾ ਦਾ ਨਾਮ ਸਿਮਰਨ ਅਤੇ ਵਿਚਾਰਨ ਨਾਲ ਹੋਰ ਸੁਹਣੀ ਬਣ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੁਰੂ ਨੇ ਨਾਮ-ਪਦਾਰਥ ਦਿੱਤਾ ਹੈ ਅਤੇ ਇਸ ਵਸਤ ਨੂੰ ਸਾਂਭ ਕੇ ਰੱਖਣ ਦਾ ਆਦੇਸ਼ ਕੀਤਾ ਹੈ। ਭਗਤ ਨੇ ਇਹ ਨਾਮ-ਪਦਾਰਥ ਦੁਨੀਆਂ ਦੇ ਹੋਰ ਲੋਕਾਂ ਵਿਚ ਵੀ ਵੰਡਿਆ ਹੈ ਪਰ ਕਿਸੇ ਕਿਸਮਤ ਵਾਲੇ ਨੇ ਇਸ ਨੂੰ ਪ੍ਰਾਪਤ ਕੀਤਾ ਹੈ। ਇਸ ਨਾਮ-ਅੰਮ੍ਰਿਤ ਦਾ ਇੱਕ ਵਾਰ ਜਿਸ ਮਨੁੱਖ ਨੇ ਸੁਆਦ ਮਾਣਿਆ ਹੈ ਉਹ ਸਦਾ ਸਦਾ ਲਈ ਭਾਗਾਂ ਵਾਲਾ ਹੋ ਜਾਂਦਾ ਹੈ,
ਪੂਰਬ ਜਨਮ ਹਮ ਤੁਮਰ੍ਹੇ ਸੇਵਕ ਅਬ ਤਉ ਮਿਟਿਆ ਨ ਜਾਈ॥
ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ॥੨॥
ਦਾਗੇ ਹਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ॥੩॥ (ਪੰਨਾ ੯੭੦)
ਇਸੇ ਨੂੰ ਗੁਰੂ ਨਾਨਕ ਸਾਹਿਬ ਨੇ Ḕਸਿਰੁ ਧਰਿ ਤਲੀ ਗਲੀ ਮੇਰੀ ਆਉḔ ਕਿਹਾ ਹੈ। ਉਸ ਸਿਰਜਣਹਾਰ ਨਾਲ ਇਕਸੁਰਤਾ ਕਾਇਮ ਕੀਤੇ ਬਿਨਾ, ਉਸ ਦੇ ਪ੍ਰੇਮ ਦੀ ਪ੍ਰਾਪਤੀ ਤੋਂ ਬਿਨਾਂ ਸ਼ਹਾਦਤ ਪ੍ਰਾਪਤ ਕਰਨੀ ਮੁਸ਼ਕਿਲ ਹੈ ਕਿਉਂਕਿ ਆਤਮਕ ਅਡੋਲਤਾ ਤੋਂ ਬਿਨਾਂ ਇਹ ਸੰਭਵ ਹੀ ਨਹੀਂ ਹੈ ਅਤੇ ਜਦੋਂ ਇਹ ਇਕਸੁਰਤਾ ਪ੍ਰਾਪਤ ਹੋ ਜਾਂਦੀ ਹੈ, ਫਿਰ ਉਮਰ ਭਾਵੇਂ ਕੋਈ ਵੀ ਹੋਵੇ ਅਟੱਲ ਇਰਾਦੇ ਨੂੰ ਸੰਸਾਰ ਦੀ ਕੋਈ ਵੀ ਤਾਕਤ ਡੁਲਾ ਨਹੀਂ ਸਕਦੀ। ਦਸਮ ਪਾਤਿਸ਼ਾਹ ਹਜ਼ੂਰ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੇ ਪੜਦਾਦਾ ਗੁਰੂ ਅਰਜਨ ਦੇਵ ਸਨ ਜਿਨ੍ਹਾਂ ਨੇ ਸਿੱਖ ਧਰਮ ਦੇ Ḕਸਿਰ ਦੀਜੈ ਕਾਣਿ ਨ ਕੀਜੈḔ ਦੇ ਫਲਸਫੇ ਨੂੰ ਅਮਲੀ ਰੂਪ ਵਿਚ ਸਾਕਾਰ ਕਰਦਿਆਂ ਤਪਦੇ ਮੌਸਮ ਵਿਚ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਪ੍ਰਾਪਤ ਦਿੱਤੀ। ਗੁਰੂ ਗੋਬਿੰਦ ਸਿੰਘ ਦੀ ਆਪਣੀ ਉਮਰ ਮਹਿਜ਼ ਨੌਂ ਸਾਲ ਸੀ ਜਦੋਂ ਉਨ੍ਹਾਂ ਨੇ ਆਪਣੇ ਗੁਰੂ-ਪਿਤਾ ਤੇਗ ਬਹਾਦਰ ਸਾਹਿਬ ਨੂੰ ਆਪ ਦਿੱਲੀ ਜਾ ਕੇ ਔਰੰਗਜ਼ੇਬ ਦੇ ਧਾਰਮਿਕ ਜਨੂੰਨ ਨੂੰ ਠੱਲ੍ਹ ਪਾਉਣ ਲਈ ਸ਼ਹਾਦਤ ਦੇਣ ਲਈ ਅਰਜ਼ ਕੀਤੀ। ਨੌਂ ਸਾਲ ਦੀ ਬਾਲ ਉਮਰ ਵਿਚ ਸਿੱਖ ਧਰਮ ਦੀ ਅਗਵਾਈ ਦੀ ਵਾਗ ਡੋਰ ਸੰਭਾਲੀ। ਇਹ ਸਭ ਕਰਾਮਾਤ ਉਸ ਸਿਰਜਣਹਾਰ ਨਾਲ ਇਕਸੁਰਤਾ ਦਾ ਨਤੀਜਾ ਸੀ ਜਿਸ ਨੂੰ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟਿ ਦਾ ਬਿਆਨ ਕਰਦਿਆਂ ਲਿਖਿਆ ਹੈ,
ਸਿਧਿ ਬੋਲਨਿ ਸੁਣਿ ਨਾਨਕਾ! ਤੁਹਿ ਜਗ ਨੋ ਕਰਾਮਾਤਿ ਦਿਖਾਈ॥
ਕੁਝੁ ਵਿਖਾਲੇਂ ਅਸਾਂ ਨੋ ਤੁਹਿ ਕਿਉਂ ਢਿਲ ਅਵੇਹੀ ਲਾਈ॥
ਬਾਬਾ ਬੋਲੇ ਨਾਥ ਜੀ! ਅਸਿ ਵੇਖਣਿ ਜੋਗੀ ਵਸਤੁ ਨ ਕਾਈ॥
ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ॥æææ (੧੨੪੨)
Ḕਬਾਬੇ ਕੇḔ ਅਤੇ Ḕਬਾਬਰ ਕੇḔ ਦੇ ਨਿਖੇੜ ਦੀ ਨੀਂਹ ਵੀ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ। ਬਾਬਰ ਰਾਹੀਂ ਮੁਗਲ ਸਮਰਾਜ ਦੀ ਨੀਂਹ ਭਾਰਤ ਵਿਚ ਰੱਖੀ ਗਈ ਜੋ ਜ਼ੁਲਮ-ਜ਼ਬਰ ਦਾ ਪ੍ਰਤੀਕ ਹੋ ਨਿਬੜਿਆ ਜਿਸ ਦਾ ਸਿਖਰ ਜਹਾਂਗੀਰ ਰਾਹੀਂ ਹੁੰਦਾ ਹੋਇਆ ਔਰੰਗਜ਼ੇਬ ਵੇਲੇ ਇੰਤਹਾ ਪਾਰ ਕਰ ਜਾਂਦਾ ਹੈ। ਗੁਰੂ ਨਾਨਕ ਸਾਹਿਬ ਹੀ ਅਜਿਹੀ ਹਸਤੀ ਹਨ ਜੋ ਬਾਬਰ ਦੇ ਹਮਲੇ ਨੂੰ Ḕਪਾਪੁ ਕੀ ਜੰਞ ਲੈ ਕਾਬਲੋਂ ਧਾਇਆḔ ਕਹਿ ਕੇ ਵੰਗਾਰਦੇ ਹਨ ਅਤੇ ਇਸੇ ਪਾਪ ਨੂੰ ਠੱਲ੍ਹਣ ਲਈ ਅਤੇ ਇਨਸਾਫ ਦੀ ਸਥਾਪਤੀ ਲਈ ਗੁਰੂ ਗੋਬਿੰਦ ਸਿੰਘ ੧੬੯੯ ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਦੇ ਹਨ। ਮੁਗਲਾਂ ਦੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਦੇ ਅਮਲ ਵਿਚ ਹੀ ਉਹ ਆਪਣਾ Ḕਸਰਬੰਸ ਦਾਨḔ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਜਨਮ ਮਾਤਾ ਸੁੰਦਰੀ ਨੇ ੨੬ ਜਨਵਰੀ ੧੬੮੭ ਨੂੰ ਪੌਂਟਾ ਸਾਹਿਬ ਵਿਖੇ ਦਿੱਤਾ। ਉਸ ਤੋਂ ਅਗਲੇ ਵਰ੍ਹੇ ਹੀ ਦਸਮ ਗੁਰੂ ਅਨੰਦਪੁਰ ਸਾਹਿਬ ਆ ਗਏ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸਿੱਖ ਪਰੰਪਰਾ, ਦਰਸ਼ਨ ਅਤੇ ਸ਼ਸਤਰ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਕੀਤਾ ਗਿਆ। ਅਜੀਤ ਸਿੰਘ ਵਿਚ ਛੋਟੀ ਉਮਰ ਤੋਂ ਹੀ ਇੱਕ ਸਨੁੱਖਾ, ਬੁੱਧੀਮਾਨ ਅਤੇ ਆਗੂ ਬਣਨ ਦੀਆਂ ਕੁਦਰਤੀ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਅਤੇ ਉਨ੍ਹਾਂ ਨੇ ਗੁਰੂ ਦਾ ਸਿੱਖ ਹੋਣ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਮਹਿਜ਼ ਬਾਰਾਂ ਵਰ੍ਹਿਆਂ ਦੀ ਉਮਰ ਵਿਚ ੨੩ ਮਾਰਚ ੧੬੯੯ ਨੂੰ ਅਜੀਤ ਸਿੰਘ ਨੇ ਪਹਿਲੀ ਮੁਹਿੰਮ ਸਰ ਕੀਤੀ ਜਦੋਂ ਪੋਠੋਹਾਰ ਤੋਂ ਆ ਰਹੀ ਸੰਗਤਿ ਨੂੰ ਅਨੰਦਪੁਰ ਸਾਹਿਬ ਨੇੜੇ ਨੂਹ ਦੇ ਰੰਘੜਾਂ ਨੇ ਲੁੱਟ ਲਿਆ। ਸਾਹਿਬਜ਼ਾਦੇ ਨੇ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਵੀ ਦਿੱਤੀ ਅਤੇ ਲੁੱਟਿਆ ਮਾਲ ਵਾਪਸ ਕਰਵਾਇਆ। ਬਾਈ ਧਾਰ ਦੇ ਪਹਾੜੀ ਰਾਜੇ ਮੁੱਢ ਤੋਂ ਹੀ ਦਸਮ ਗੁਰੂ ਨਾਲ ਯੁੱਧ ਕਰਦੇ ਰਹੇ ਸਨ। ਉਪਰ ਦੱਸੀ ਘਟਨਾ ਤੋਂ ਇੱਕ ਸਾਲ ਬਾਅਦ ਹੀ ਉਨ੍ਹਾਂ ਨੇ ਮੁਗਲਾਂ ਨਾਲ ਰਲ ਕੇ ਅਨੰਦਪੁਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਭੱਟ ਵਹੀਆਂ ਅਨੁਸਾਰ ਇਸ ਹਮਲੇ ਸਮੇਂ ਅਜੀਤ ਸਿੰਘ ਨੇ ਭਾਈ ਉਦੈ ਸਿੰਘ ਦੀ ਮਦਦ ਨਾਲ ੨੯ ਅਗਸਤ ੧੭੦੦ ਈਸਵੀ ਨੂੰ ਤਾਰਾਗੜ੍ਹ ਕਿਲੇ ਦੀ ਰੱਖਿਆ ਕੀਤੀ ਅਤੇ ਇਨ੍ਹਾਂ ਮੁਹਿੰਮਾਂ ਸਮੇਂ ਹੀ ਨਿਰਮੋਹਗੜ੍ਹ ਦੀ ਲੜਾਈ ਵਿਚ ਵੀ ਹਿੱਸਾ ਲਿਆ।
੧੫ ਮਾਰਚ ੧੭੦੧ ਨੂੰ ਸਿਆਲਕੋਟ ਦੇ ਨੇੜੇ ਦੇ ਇਲਾਕੇ ਤੋਂ ਆ ਰਹੀ ਸੰਗਤ ਨੂੰ ਰੰਘੜਾਂ ਤੇ ਗੁੱਜਰਾਂ ਨੇ ਲੁੱਟ ਲਿਆ। ਸਾਹਿਬਜ਼ਾਦੇ ਨੇ ਇਨ੍ਹਾਂ ਨੂੰ ਵੀ ਸੋਧਿਆ ਅਤੇ ਸਫਲਤਾ ਪ੍ਰਾਪਤ ਕੀਤੀ। ਇਸੇ ਤਰ੍ਹਾਂ ੭ ਮਾਰਚ ੧੭੦੩ ਨੂੰ ੧੦੦ ਘੋੜ ਸਵਾਰ ਸਿੰਘਾਂ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਨੇੜੇ ਬਸੀ ਦੇ ਪਠਾਣ ਮੁਖੀਏ ਤੋਂ ਨਵੀਂ ਵਿਆਹੀ ਬ੍ਰਾਹਮਣ ਕੰਨਿਆਂ ਨੁੰ ਬਚਾਇਆ। ੧੬੯੧ ਈਸਵੀ ਵਿਚ ਮਾਤਾ ਸੁੰਦਰੀ ਨੇ ਦੂਸਰੇ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਜੁਝਾਰ ਸਿੰਘ ਰੱਖਿਆ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਅਜੀਤ ਸਿੰਘ ਤੋਂ ਚਾਰ ਸਾਲ ਛੋਟਾ ਸੀ ਅਤੇ ਉਹ ਵੀ ਆਪਣੇ ਵੱਡੇ ਭਰਾ ਦੇ ਪਦ ਚਿੰਨ੍ਹਾਂ ‘ਤੇ ਚਲਦਾ ਹੋਇਆ ਹਰ ਤਰ੍ਹਾਂ ਨਾਲ ਸਿੱਖ ਪਰੰਪਰਾ ਵਿਚ ਨਿਪੁੰਨ ਹੋ ਰਿਹਾ ਸੀ ਅਤੇ ਇਨਸਾਫ ਦੀ ਸਥਾਪਤੀ ਲਈ ਵੱਡੇ ਭਰਾ ਨਾਲ ਮਿਲ ਕੇ ਕਈ ਮੁਹਿੰਮਾਂ ਫਤਿਹ ਕੀਤੀਆਂ। ਦਸੰਬਰ ੧੭੦੫ ਈਸਵੀ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਬਹੁਤ ਵੱਡੀ ਸੈਨਾ ਲੈ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ, ਇਸ ਇਤਿਹਾਸ ਤੋਂ ਸਾਰੇ ਜਾਣੂ ਹਨ। ੩-੪ ਦਸੰਬਰ ੧੭੦੫ ਦੀ ਰਾਤ ਨੂੰ ਮੁਗਲਾਂ ਦੀਆਂ ਝੂਠੀਆਂ ਕਸਮਾਂ ਤੇ ਵਿਸ਼ਵਾਸ ਦੁਆਉਣ ਅਤੇ ਖਾਲਸੇ ਦੀ ਬੇਨਤੀ ‘ਤੇ ਗੁਰੂ ਸਾਹਿਬ ਸਿੰਘਾਂ ਸਮੇਤ ਅਨੰਦਪੁਰ ਦਾ ਕਿਲਾ ਛੱਡ ਕੇ ਨਿਕਲ ਪਏ ਪਰ ਮੁਗਲੀਆ ਫੌਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭਾਈ ਉਦੈ ਸਿੰਘ ਦੀ ਮਦਦ ਨਾਲ ਪਿਛਲੇ ਹਿੱਸੇ ਦੀ ਰਾਖੀ ਦਾ ਕੰਮ ਸੌਂਪਿਆ ਗਿਆ ਅਤੇ ਉਨ੍ਹਾਂ ਨੇ ਸ਼ਾਹੀ ਟਿੱਬੀ ਦੀ ਲੜਾਈ ਵਿਚ ਮੁਗਲ ਫੌਜਾਂ ਨੂੰ ਉਲਝਾਈ ਰੱਖਿਆ। ਸਰਸਾ ਪਾਰ ਕਰਨ ਤੇ ਅਜੀਤ ਸਿੰਘ ਵੀ ਗੁਰੂ ਪਿਤਾ ਨੂੰ ਆ ਮਿਲੇ ਅਤੇ ਸਮੇਤ ਜੁਝਾਰ ਸਿੰਘ ਦੇ ੫੦ ਦੇ ਕਰੀਬ ਸਿੰਘਾਂ ਸਮੇਤ ਰੋਪੜ ਨੇੜੇ ਚਮਕੌਰ ਵੱਲ ਕੂਚ ਕੀਤਾ ਅਤੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਮੁਕਾਮ ਕੀਤਾ। ੭ ਦਸੰਬਰ ੧੭੦੫ ਦੀ ਸਵੇਰ ਨੂੰ ਚਮਕੌਰ ਦੀ ਗੜੀ੍ਹ ਨੂੰ ਘੇਰਾ ਪੈ ਜਾਣ ‘ਤੇ ਗੁਰੂ ਦੇ ੪੦ ਸਿੰਘਾਂ ਨੇ ਦੁਸ਼ਮਣ ਦੀ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਫੌਜ ਨਾਲ ਘਮਸਾਣ ਦਾ ਯੁੱਧ ਸ਼ੁਰੂ ਕਰ ਦਿੱਤਾ। ਗੋਲੀ ਸਿੱਕਾ ਮੁੱਕ ਜਾਣ ‘ਤੇ ਸਿੰਘਾਂ ਨੇ ੫-੫ ਦੇ ਟੋਲੇ ਬਣਾ ਕੇ ਬਰਛਿਆਂ ਅਤੇ ਤਲਵਾਰਾਂ ਨਾਲ ਹੱਥੋ ਹੱਥ ਲੜਾਈ ਕੀਤੀ। ਇਸ ਯੁੱਧ ਵਿਚ ਬਹਾਦਰੀ ਨਾਲ ਲੜਦਿਆਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਛੋਟੀ ਉਮਰ ਦੇ ਜੁਝਾਰ ਸਿੰਘ ਨੇ ਵੀ ਆਪਣੇ ਵੱਡੇ ਭਰਾ ਦੀ ਤਰ੍ਹਾਂ ਹੀ ਦੁਸ਼ਮਣ ਨਾਲ ਦੋ ਦੋ ਹੱਥ ਕਰਦਿਆਂ ਸ਼ਹਾਦਤ ਦੇ ਦਿੱਤੀ।
ਮੀਂਹ, ਠੰਢ ਅਤੇ ਝੱਖੜ ਭਰੀ ਹਨੇਰੀ ਰਾਤ ਨੂੰ ਸਰਸਾ ਨਦੀ ਨੂੰ ਪਾਰ ਕਰਦਿਆਂ ਸਾਰਾ ਗੁਰੂ ਪਰਿਵਾਰ ਵਿਛੜ ਗਿਆ। ਦੋ ਵੱਡੇ ਸਾਹਿਬਜ਼ਾਦੇ ਦਸਮ ਪਾਤਿਸ਼ਾਹ ਅਤੇ ਹੋਰ ਸਿੰਘਾਂ ਨਾਲ ਚਮਕੌਰ ਪਹੁੰਚ ਗਏ। ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜਿਸ ਦੀ ਉਮਰ ਉਸ ਵੇਲੇ ਨੌਂ ਸਾਲ ਸੀ ਅਤੇ ਫ਼ਤਿਹ ਸਿੰਘ ਜੋ ਸੱਤ ਸਾਲ ਦਾ ਸੀ, ਆਪਣੀ ਦਾਦੀ ਮਾਤਾ ਗੁਜਰੀ ਜੀ ਦੀ ਉਂਗਲ ਫੜੀ ਸਖ਼ਤ ਮੌਸਮ ਵਿਚ ਬਿਖੜੇ ਰਸਤੇ ‘ਤੇ ਚੱਲਦੇ ਹੋਏ ਪਾਣੀ ਢੋਣ ਵਾਲੇ ਮੁਸਲਿਮ ਕੁਮਾ ਦੇ ਝੌਂਪੜੇ ਵਿਚ ਪਹੁੰਚ ਗਏ ਜੋ ਬਹੁਤ ਹੀ ਹਲੀਮੀ ਅਤੇ ਸਤਿਕਾਰ ਨਾਲ ਹੱਥ ਜੋੜ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਆਪਣੇ ਝੌਂਪੜੇ ਵਿਚ ਲੈ ਗਿਆ। ਮਾਤਾ ਗੁਜਰੀ ਉਸ ਦੀ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਰਾਤ ਉਥੇ ਹੀ ਟਿਕਣ ਦਾ ਫੈਸਲਾ ਕਰ ਲਿਆ। ਅਗਲੀ ਸਵੇਰ ਖਬਰ ਮਿਲਣ ਤੇ ਗੁਰੂ ਸਾਹਿਬ ਦਾ ਰਸੋਈਆਂ ਗੰਗੂ ਉਥੇ ਪਹੁੰਚ ਗਿਆ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਲੈ ਜਾਣ ਲਈ ਬੇਨਤੀ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਉਸ ਦੇ ਘਰ ਠਹਿਰਨ ਦੀ ਕਿਸੇ ਨੂੰ ਖ਼ਬਰ ਨਹੀਂ ਲਗੇਗੀ। ਉਸ ਦੇ ਵਾਰ ਵਾਰ ਜ਼ੋਰ ਦੇਣ ‘ਤੇ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਉਸ ਨਾਲ ਜਾਣ ਲਈ ਤਿਆਰ ਹੋ ਗਏ। ਗੰਗੂ ਨੇ ਉਨ੍ਹਾਂ ਦਾ ਸਾਰਾ ਸਮਾਨ ਇੱਕ ਖੱਚਰ ‘ਤੇ ਲੱਦ ਲਿਆ ਅਤੇ ਗੰਗੂ ਦੇ ਪਿੰਡ ਖੇੜੀ ਪਹੁੰਚ ਗਏ। ਰਾਤ ਸਮੇਂ ਜਦੋਂ ਮਾਤਾ ਗੁਜਰੀ ਅੱਖਾਂ ਬੰਦ ਕਰਕੇ ਅਰਾਮ ਕਰ ਰਹੇ ਸਨ ਅਤੇ ਸਾਹਿਬਜ਼ਾਦੇ ਸੌਂ ਰਹੇ ਸਨ ਤਾਂ ਗੰਗੂ ਚੁੱਪ ਚਾਪ ਕਮਰੇ ਵਿਚ ਆਇਆ ਅਤੇ ਸੋਨੇ ਦੀਆਂ ਮੁਹਰਾਂ ਚੁਰਾ ਲਈਆਂ। ਅਗਲੀ ਸਵੇਰ ਜਦੋਂ ਮਾਤਾ ਜੀ ਨੇ ਮੁਹਰਾਂ ਬਾਰੇ ਪੁੱਛਿਆ ਕਿ ਦਰਵਾਜ਼ਾ ਤਾਂ ਬੰਦ ਸੀ, ਮੁਹਰਾਂ ਕੌਣ ਲੈ ਗਿਆ? ਗੰਗੂ ਨੇ ਮਾਤਾ ਜੀ ਦੇ ਮਨ੍ਹਾਂ ਕਰਨ ‘ਤੇ ਵੀ ਬਾਹਰ ਨਿਕਲ ਕੇ ਸ਼ੋਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੋਰਿੰਡੇ ਦੇ ਕੋਤਵਾਲ ਨੂੰ ਜਾ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਪੁੱਤਰ ਅਤੇ ਮਾਤਾ ਉਸ ਦੇ ਘਰ ਹਨ। ਕੋਤਵਾਲ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਰਾਤ ਮੋਰਿੰਡੇ ਕੋਤਵਾਲੀ ਵਿਚ ਰੱਖਿਆ ਅਤੇ ਦੂਸਰੇ ਦਿਨ ਸਰਹਿੰਦ ਲੈ ਆਂਦਾ ਅਤੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ।
ਮਾਤਾ ਗੁਜਰੀ ਆਪਣੇ ਪੋਤਰਿਆਂ ਨਾਲ ਮਿਲ ਕੇ ਬਾਣੀ ਦਾ ਪਾਠ ਅਤੇ ਅਰਦਾਸ ਕਰਦੇ, ਉਨ੍ਹਾਂ ਨੂੰ ਉਨ੍ਹਾਂ ਦੇ ਬਜ਼ੁਰਗਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਦੱਸਦੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਜ਼ੁਲਮ ਦਾ ਟਾਕਰਾ ਕਰਦਿਆਂ ਇਨਸਾਫ ਦੀ ਬਹਾਲੀ ਲਈ, ਮਨੁੱਖਤਾ ਦੇ ਅਧਿਕਾਰਾਂ ਲਈ ਅਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ। ਸੂਬਾ ਸਰਹਿੰਦ ਵਲੋਂ ਸਾਹਿਬਜ਼ਾਦਿਆਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਇਸਲਾਮ ਧਾਰਨ ਕਰਕੇ ਐਸ਼ੋ-ਆਰਾਮ ਵਾਲਾ ਜੀਵਨ ਜਿਉਣ ਦੇ ਅਨੇਕ ਕਿਸਮ ਦੇ ਭਰਮਾਊ ਲਾਲਚ ਵੀ ਦਿੱਤੇ ਗਏ, ਪਰ ਕੋਈ ਵੀ ਡਰ ਜਾਂ ਲਾਲਚ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਇਰਾਦੇ ਤੋਂ ਹਿਲਾ ਨਹੀਂ ਸਕਿਆ। ਉਹ ਬੜੀ ਬਹਾਦਰੀ ਅਤੇ ਨਿਡਰਤਾ ਨਾਲ ਸੂਬੇ ਦੀ ਹਰ ਗੱਲ ਦਾ ਮੋੜਵਾਂ ਉਤਰ ਦਿੰਦੇ ਰਹੇ। ਅਖੀਰ ਸੂਬੇ ਨੇ ਜਿਉਂਦੇ ਬਾਲਾਂ ਨੂੰ ਬੜੀ ਬੇਰਹਿਮੀ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਨੂੰ ਜਦੋਂ ਉਨ੍ਹਾਂ ਦੀ ਸ਼ਹਾਦਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਪੁੱਤਰਾਂ ਲਈ ਮੈਂ ਚਾਰ ਪੁੱਤਰ ਵਾਰ ਦਿੱਤੇ ਹਨ। ਕੀ ਹੋਇਆ ਜੇ ਚਾਰ ਚਲੇ ਗਏ, ਉਨ੍ਹਾਂ ਦੀ ਥਾਂ ਕਈ ਹਜ਼ਾਰ ਜੀਵਤ ਹਨ। ਜਿਸ ਖਾਲਸੇ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਸੀ ਅੱਜ ਉਹ ਹੀ ਖਾਲਸਾ ਕਿਧਰੇ ਗੋਲਕ ‘ਤੇ ਕਬਜ਼ੇ ਲਈ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਕਿਰਪਾਨਾਂ ਕੱਢਦਾ ਤੇ ਇੱਕ ਦੂਜੇ ਦੇ ਸਿਰ ਤੋਂ ਦਸਤਾਰਾਂ ਲਾਹੁੰਦਾ ਹੈ, ਕਿਧਰੇ ਪੰਥ ਦੇ ਨਾਂ ‘ਤੇ ਲੋਕਾਂ ਦਾ ਧਾਰਮਿਕ ਸੋਸ਼ਣ ਕਰਦਾ ਅਤੇ ਠੱਗਦਾ ਫਿਰਦਾ ਹੈ।