ਪ੍ਰਕਾਸ਼ ਰੇਡੀਓ ਵਾਲਾ

‘ਪ੍ਰਕਾਸ਼ ਰੇਡੀਓ ਵਾਲਾ’ ਵਿਚ ਦਲਬੀਰ ਸਿੰਘ ਨੇ ਆਪਣੇ ਪਿੰਡ ਦੇ ਉਸ ਕਲਾਕਾਰ ਦੀ ਗੱਲ ਕੀਤੀ ਹੈ ਜਿਸ ਵਿਚ ਨਿਰਮਾਣਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਨੇ ਇਸ ਸ਼ਖਸ ਪ੍ਰਕਾਸ਼ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਹਨ, ਉਨ੍ਹਾਂ ਵਿਚੋਂ ਪਿੰਡ ਦੀ ਤਾਸੀਰ ਉਭਰਦੀ ਹੈ। ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ।

ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਬਾਰੂ ਦੀ ਦੁਕਾਨ, ਰੇਡੀਓ ਵਾਲੇ ਪ੍ਰਕਾਸ਼ ਦੇ ਘਰ ਤੋਂ ਪਿੰਡ ਦੇ ਸਕੂਲ ਨੂੰ ਮੁੜਨ ਵਾਲੀ ਗਲੀ ਦੇ ਪਰਲੇ ਪਾਸੇ ḔਵਿਹੜੇḔ ਵਿਚ ਸੀ। ਉਨ੍ਹੀਂ ਦਿਨੀਂ ਇਸ ਇਲਾਕੇ ਨੂੰ ਵਿਹੜਾ ਨਹੀਂ, ਸਗੋਂ ਆਮ ਭਾਸ਼ਾ ਵਿਚ ਚਮਾਲੜੀ ਕਿਹਾ ਜਾਂਦਾ ਸੀ। ਜਿਹੜੀਆਂ ਜਾਤਾਂ ਦੇ ਲੋਕ ḔਪਿੰਡḔ ਵਾਲੇ ਪਾਸੇ ਰਹਿੰਦੇ ਸਨ, ਉਹ ਹਰੀਜਨਾਂ, ਚੂਹੜਿਆਂ ਜਾਂ ਦਲਿਤਾਂ ਨੂੰ ਉਨ੍ਹਾਂ ਦੇ ਮੂੰਹ ਉਤੇ ਤਾਂ ਚੌਧਰੀ ਕਹਿ ਕੇ ਜਾਂ ਇਸੇ ਤਰ੍ਹਾਂ ਦੀ ਕੋਈ ਹੋਰ ਗੱਲ ਕਹਿ ਕੇ ਬੁਲਾਉਂਦੇ ਸਨ ਪਰ ਪਿੱਠ ਪਿਛੇ ਚਮਾਰ ਹੀ ਕਹਿੰਦੇ ਸਨ। ਮੈਨੂੰ ਲਗਦਾ ਸੀ ਕਿ ਸਮਾਂ ਬੀਤਣ ਉਤੇ ਖਬਰੇ ਇਸ ਮਾਮਲੇ ਵਿਚ ਕੋਈ ਫਰਕ ਪਿਆ ਹੋਵੇ, ਪਰ ਲਗਦਾ ਹੈ ਕਿ ਪੰਜਾਬ ਵਿਚ ਜਾਤ-ਪਾਤ ਖਤਮ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਆਮ ਲੋਕ ਅਜੇ ਵੀ ਜਾਤ-ਪਾਤ ਦੇ ਕੋਹੜ ਤੋਂ ਮੁਕਤ ਨਹੀਂ ਹੋ ਸਕੇ। ਅੱਜ ਵੀ ਅੰਦਰਖਾਤੇ ਦਲਿਤਾਂ ਨੂੰ ਚਮਾਲੜੀ ਵਾਲੀ ਭਾਸ਼ਾ ਵਿਚ ਸੰਬੋਧਨ ਕੀਤਾ ਜਾਂਦਾ ਹੈ। ਇਸ ਗੱਲ ਦੇ ਬਾਵਜੂਦ ਹਾਲਤ ਇਸੇ ਤਰ੍ਹਾਂ ਦੇ ਹੀ ਹਨ ਕਿ ਸਿੱਖੀ ਵਿਚ ਸਭ ਸਿੱਖ ਇਕੋ ਜਿਹੇ ਹੀ ਹੁੰਦੇ ਹਨ ਅਤੇ ਕਿਸੇ ਤਰ੍ਹਾਂ ਦਾ ਜਾਤ-ਪਾਤੀ ਭਿੰਨ-ਭੇਦ ਨਹੀਂ ਹੁੰਦਾ।
ਦੱਸਣਾ ਠੀਕ ਰਹੇਗਾ ਕਿ ਜਿਵੇਂ ਬਿਨਾਂ ਅੰਮ੍ਰਿਤ ਛਕਿਆਂ ਹੀ ਪਿੰਡ ਦੇ ਹੋਰ ਜਾਤਾਂ ਦੇ ਲੋਕ ਸਿੱਖ ਬਣ ਗਏ ਸਨ, ਉਸੇ ਤਰ੍ਹਾਂ ਹਰੀਜਨ ਜਾਂ ਦਲਿਤ ਵੀ ਸਿੱਖ ਹੀ ਕਹਾਏ ਜਾਣ ਲੱਗੇ ਸਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਨਾ ਸਿਰਫ ਕੇਸ ਹੀ ਰੱਖੇ ਹੋਏ ਹਨ, ਸਗੋਂ ਨਾਮ ਵੀ ਸਿੱਖਾਂ ਵਾਲੇ ਹੀ ਹਨ। ਫਿਰ ਵੀ ਕਈ ਲੋਕ ਭਾਵੇਂ ਪਿੱਠ ਪਿਛੇ ਹੀ ਸਹੀ, ਉਨ੍ਹਾਂ ਨੂੰ ਠਿੱਠ ਕਰਨ ਵਿਚ ਮਜ਼ਾ ਲੈਂਦੇ ਹਨ। ਕੁਝ ਸਾਲ ਹੋਏ ਮੈਂ ਪਿੰਡ ਗਿਆ ਅਤੇ ਰਾਮਗੜ੍ਹੀਆਂ ਦੇ ਸ਼ਰੀਕੇ ਵਿਚ ਭਰਾ ਲਗਦੇ ਬੰਦੇ ਵਲੋਂ ਚਾਹ ਲਈ ਘਰ ਸੱਦੇ ਜਾਣ ਉਤੇ ਮੈਂ ਆਪਣੇ ਇਕ ਹਰੀਜਨ ਸਾਥੀ ਨੂੰ ਵੀ ਨਾਲ ਲੈ ਗਿਆ। ਬੋਲ ਕੇ ਭਾਵੇਂ ਉਸ ਨੇ ਕੋਈ ਇਤਰਾਜ਼ ਨਹੀਂ ਕੀਤਾ, ਪਰ ਉਸ ਦੇ ਅੰਦਾਜ਼ ਨੇ ਸਾਰੀ ਗੱਲ ਕਹਿ ਦਿੱਤੀ ਸੀ।
ਅੱਜ ਵੀ ਗਰਾਂ ਦੀ ਤਕਸੀਮ ਪਹਿਲਾਂ ਵਰਗੀ ਹੀ ਹੈ। ਅਜੇ ਵੀ ਚਮਾਲੜੀ ਸੂਖਮ ਰੂਪ ਵਿਚ ਕਾਇਮ ਹੈ। ਇਸੇ ਹੀ ਚਮਾਲੜੀ ਵਿਚ ਸੀ ਬਾਰੂ ਦੀ ਦੁਕਾਨ ਅਤੇ ਪ੍ਰਕਾਸ਼ ਦਾ ਘਰ। ਸਾਡੇ ਪਿੰਡਾਂ ਵਿਚ ਦਲਿਤਾਂ ਦੇ ਵੀ ਅਤੇ ਜੱਟਾਂ ਦੇ ਘਰ ਵੀ ਕੋਠੜੀਆਂ ਵਰਗੇ ਹੀ ਹੁੰਦੇ ਸਨ। ਵੱਡੇ-ਵੱਡੇ ਖੁੱਲ੍ਹੇ ਘਰ ਤਾਂ ਬਾਅਦ ਵਿਚ ਮਾਲਵੇ ਵਿਚ ਹੀ ਦੇਖੇ ਸਨ। ਮੈਂ ਕਿਉਂਕਿ ਜੱਟਾਂ ਦੇ ਛੋਟੇ-ਛੋਟੇ ਘਰ ਦੇਖੇ ਹੋਏ ਹਨ, ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਹਰੀਜਨਾਂ ਜਾਂ ਦਲਿਤਾਂ ਦੇ ਘਰ ਹੋਰ ਵੀ ਛੋਟੇ ਸਨ। ਮਾਲਵੇ ਦੇ ਲੋਕ ਸ਼ਾਇਦ ਨਾ ਸਮਝ ਸਕਣ ਕਿ ਦੋਆਬੇ ਦੇ ਕਿਸੇ ਪਿੰਡ ਵਿਚ ਹਰੀਜਨਾਂ ਦੇ ਘਰ ਕਿਹੋ ਜਿਹੇ ਹੋਣਗੇ।
ਪ੍ਰਕਾਸ਼ ਪਹਿਲਾਂ ਜਲੰਧਰ ਰੇਡੀਓ ਉਤੇ ਚਪੜਾਸੀ ਭਰਤੀ ਹੋਇਆ। ਉਸ ਨੂੰ ਇਹ ਨੌਕਰੀ ਪੰਡਤਾਂ ਦੇ ਸੋਮਨਾਥ ਨੇ ਦਿਵਾਈ ਸੀ ਜਿਹੜਾ ਰੇਡੀਓ ਉਤੇ ਕੰਮ ਕਰਦਾ ਸੀ। ਮਗਰੋਂ ਪ੍ਰਕਾਸ਼ ਨੇ ਢੋਲਕੀ ਵਜਾਉਣੀ ਸਿੱਖ ਲਈ ਅਤੇ ਕਈ ਸਾਲਾਂ ਤੱਕ ਉਹ ਰੇਡੀਓ ਉਤੇ ਗਾਉਣ ਵਾਲੇ ਕਲਾਕਾਰਾਂ ਨਾਲ ਢੋਲਕੀ ਉਤੇ ਸੰਗਤ ਕਰਦਾ ਰਿਹਾ।
ਪਿੰਡ ਵਿਚ ਗੁਰਦੁਆਰੇ ਵਿਚ ਕੀਰਤਨ ਕਰਨ ਵਾਲਿਆਂ ਵਿਚ ਮਿਸਤਰੀਆਂ ਦਾ ਮਿਹਰ ਸਿੰਘ ਅਤੇ ਉਸ ਦਾ ਭਾਈ ਮਹਿੰਦਰ ਸਿੰਘ ਹੀ ਮੋਹਰੀ ਸਨ। ਦੋਵੇਂ ਭਾਈ ਰਾਮਾ ਮੰਡੀ ਵਿਚ ਸਾਈਕਲਾਂ ਦੀ ਵੱਖ-ਵੱਖ ਦੁਕਾਨ ਕਰਦੇ ਸਨ। ਉਹ ਕੀਰਤਨ ਕਰਦੇ ਸਮੇਂ ਆਪੇ ਹੀ ਵਾਰੀ-ਵਾਰੀ ਢੋਲਕੀ ਵਜਾਉਂਦੇ। ਕੀਰਤਨ ਸਮੇਂ ਉਨ੍ਹਾਂ ਕਦੀ ਵੀ ਪ੍ਰਕਾਸ਼ ਨੂੰ ਆਪਣੇ ਨਾਲ ਢੋਲਕੀ ਵਜਾਉਣ ਲਈ ਨਹੀਂ ਕਿਹਾ ਹੋਣਾ। ਮੈਂ ਉਸ ਨੂੰ ਗੁਰਦੁਆਰੇ ਵਿਚ ਢੋਲਕੀ ਵਜਾਉਂਦਿਆਂ ਤਾਂ ਦੂਰ, ਕਦੀ ਹਾਜ਼ਰੀ ਭਰਦਿਆਂ ਵੀ ਨਹੀਂ ਸੀ ਦੇਖਿਆ। ਇਸ ਦਾ ਕਾਰਨ ਸ਼ਾਇਦ ਹਰੀਜਨਾਂ ਨੂੰ ਉਸ ਗੁਰਦੁਆਰੇ ਵਿਚ ਦਾਖਲ ਨਾ ਹੋਣ ਦੇਣ ਦੀ ਪਿਰਤ ਸੀ।
ਪ੍ਰਕਾਸ਼ ਕਾਲੇ ਰੰਗ ਦਾ, ਪਰ ਮਾੜਕੂ ਜਿਹਾ ਚੁੱਪ ਰਹਿਣ ਵਾਲਾ ਬੰਦਾ ਸੀ। ਛੋਟੀ ਉਮਰੇ ਉਸ ਨੂੰ ਦੇਖ ਕੇ ਅਸੀਂ ਬੱਚੇ ਡਰ ਜਾਇਆ ਕਰਦੇ ਸਾਂ। ਏਨਾ ਕਾਲਾ ਵੀ ਕੋਈ ਬੰਦਾ ਹੋ ਸਕਦਾ ਹੈ? ਉਸ ਵਰਗਾ ਹੀ ਕਾਲਾ ਉਸ ਦਾ ਵੱਡਾ ਭਾਈ ਵੀ ਸੀ ਜਿਹੜਾ ਰਿਕਸ਼ਾ ਚਲਾਉਂਦਾ ਸੀ। ਸ਼ਾਇਦ ਉਹ ਸਾਡੇ ਪਿੰਡ ਦਾ ਪਹਿਲਾ ਬੰਦਾ ਸੀ ਜਿਹੜਾ ਰਿਕਸ਼ਾ ਚਲਾਉਣ ਲੱਗਿਆ ਸੀ। ਅਸੀਂ ਉਸ ਉਮਰੇ ਰਿਕਸ਼ਾ ਚਲਾਉਣ ਨੂੰ ਕੋਈ ਚੰਗੀ ਗੱਲ ਨਹੀਂ ਸਾਂ ਸਮਝਦੇ। ਇਹ ਪਿੰਡ ਵਾਲਿਆਂ ਦਾ ਕਿੱਤਾ ਨਹੀਂ ਸੀ ਸਮਝਿਆ ਜਾਂਦਾ। ਫਿਰ ਵੀ ਜਦੋਂ ਕਦੀ ਬਿਮਾਰ ਮਾਂ ਨੂੰ ਡਾਕਟਰ ਦੇ ਲਿਜਾਣ ਦੀ ਜ਼ਰੂਰਤ ਪੈਂਦੀ ਤਾਂ ਉਸ ਦਾ ਰਿਕਸ਼ਾ ਹੀ ਕੰਮ ਆਉਂਦਾ ਸੀ। ਮਜ਼ਦੂਰ ਦੀ ਲੋੜ ਅਤੇ ਕੰਮ ਦੀ ਕਦਰ ਦੀ ਸਮਝ ਬਹੁਤ ਮਗਰੋਂ ਜਾ ਕੇ ਆਈ।
ਪ੍ਰਕਾਸ਼ ਦਾ ਘਰ ਦੋ ਖਣਾਂ ਵਾਲਾ ਮਿੱਟੀ ਦੇ ਛੱਪਰ ਵਾਲਾ ਕੋਠਾ ਜਿਹਾ ਹੀ ਸੀ। ਇਸ ਵਿਚ ਕੋਈ ਵਿਹੜਾ ਨਹੀਂ ਸੀ। ਉਸ ਕੋਠੜੀ ਵਿਚ ਹੀ ਕਦੀ-ਕਦੀ ਉਹ ਢੋਲਕੀ ਦਾ ਰਿਆਜ਼ ਕਰਦਾ ਸੀ। ਸਾਰੀ ਉਮਰ ਰੇਡੀਓ ਉਤੇ ਨੌਕਰੀ ਕਰਨ ਅਤੇ ਕਦੀ-ਕਦੀ ਕਲਾਕਾਰਾਂ ਨਾਲ ਪ੍ਰੋਗਰਾਮਾਂ ਉਤੇ ਜਾਣ ਤੋਂ ਬਾਅਦ ਵੀ ਮੇਰੀ ਸੁਰਤ ਤੱਕ ਉਸ ਦੀ ਕੋਠੜੀ ਵਿਚ ਪੱਕੀ ਇੱਟ ਤੱਕ ਨਹੀਂ ਸੀ ਲੱਗੀ ਅਤੇ ਇਸ ਵਿਚ ਇਕ ਇੰਚ ਤੱਕ ਦਾ ਵੀ ਵਾਧਾ ਨਹੀਂ ਸੀ ਹੋਇਆ। ਇਹ ਗੱਲ ਮੰਨਣ ਵਿਚ ਮੈਨੂੰ ਕੋਈ ਸ਼ਰਮ ਨਹੀਂ ਕਿ ਚਮਾਰ ਹੋਣ ਕਾਰਨ ਸਾਡੇ ਬਾਲ ਮਨਾਂ ਵਿਚ ਉਸ ਪ੍ਰਤੀ ਹੀਣੀ ਭਾਵਨਾ ਭਰੀ ਗਈ ਸੀ। ਮਗਰੋਂ ਜਾ ਕੇ ਜਦੋਂ ਅਖਬਾਰ ਵਿਚ ਨੌਕਰੀ ਕਰਦਿਆਂ ਮੇਰਾ ਉਸ ਨਾਲ ਵਾਹ ਪਿਆ ਤਾਂ ਹੀ ਪਤਾ ਲੱਗਿਆ ਕਿ ਉਹ ਕਿੰਨਾ ਸ਼ਾਇਸਤਾ ਬੰਦਾ ਸੀ। ਦੂਜੀ ਗੱਲ ਇਹ ਕਿ ਪੰਡਤਾਂ ਦੇ ਸੋਮਨਾਥ ਦੀ ਪ੍ਰਕਾਸ਼ ਨਾਲ ਯਾਰੀ ਸੀ ਅਤੇ ਉਨ੍ਹਾਂ ਵਿਚਾਲੇ ਕਦੀ ਵੀ ਜਾਤ ਦਾ ਮਾਮਲਾ ਨਹੀਂ ਸੀ ਉਠਾਇਆ। ਇਹ ਗੱਲ ਪਤਾ ਲੱਗਣ ਉਤੇ ਮੇਰੇ ਦਿਲ ਵਿਚ ਸੋਮਨਾਥ ਬਾਰੇ ਤਾਂ ਆਦਰ ਵਧਿਆ ਹੀ, ਪ੍ਰਕਾਸ਼ ਦੀ ਇੱਜ਼ਤ ਵੀ ਬਹੁਤ ਵਧ ਗਈ।
ਪ੍ਰਕਾਸ਼ ਪੁਰਾਣੀ ਕਿਸਮ ਦਾ ਢੋਲਕੀ ਵਾਦਕ ਸੀ ਜਿਸ ਨੇ ਕਦੀ ਵੀ ਪੰਜਾਬੀ ਦੇ ਵੱਡੇ-ਵੱਡੇ ਕਲਾਕਾਰਾਂ ਨਾਲ ਆਪਣੀ ਨੇੜਤਾ ਦਾ ਵਿਖਾਵਾ ਨਹੀਂ ਸੀ ਕੀਤਾ। ਰੇਡੀਓ ਜਲੰਧਰ ਵਲੋਂ ਸੱਤਰਵਿਆਂ ਦੇ ਦਹਾਕੇ ਦੌਰਾਨ ਸਟੇਸ਼ਨ ਦੇ ਸਾਹਮਣੇ ਪਈ ਖਾਲੀ ਥਾਂ ਉਤੇ ਹੀ ਗਾਇਕੀ ਦੇ ਕਈ ਪ੍ਰੋਗਰਾਮ ਕੀਤੇ ਗਏ ਸਨ ਜਿਨ੍ਹਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਿਹਾ ਸੀ। ਕਈ ਪ੍ਰੋਗਰਾਮਾਂ ਦੌਰਾਨ ਪ੍ਰਕਾਸ਼ ਨੂੰ ਮੈਂ ਨਾਮੀ-ਗਿਰਾਮੀ ਕਲਾਕਾਰਾਂ ਨਾਲ ਸੰਗਤ ਕਰਦਿਆਂ ਦੇਖਿਆ/ਸੁਣਿਆ। ਇਨ੍ਹਾਂ ਵਿਚ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ ਅਤੇ ਯਮਲਾ ਜੱਟ ਵਰਗੇ ਚੋਟੀ ਦੇ ਕਲਾਕਾਰ ਵੀ ਸ਼ਾਮਲ ਹੁੰਦੇ ਸਨ ਪਰ ਪ੍ਰਕਾਸ਼ ਨੇ ਕਦੀ ਵੀ ਇਸ ਦੀ ਹਉਮੈ ਨਹੀਂ ਸੀ ਦਿਖਾਈ। ਉਹ ਸਹੀ ਅਰਥਾਂ ਵਿਚ ਕਲਾਕਾਰ ਸੀ। ਹੁਣ ਤਾਂ ਗਾਇਕੀ ਦਾ ਅੰਦਾਜ਼ ਹੀ ਬਦਲ ਗਿਆ ਹੈ। ਢੋਲਕੀਆਂ ਦਾ ਜ਼ਮਾਨਾ ਹੀ ਨਹੀਂ ਰਹਿ ਗਿਆ।
ਚਲੋ ਹੁਣ ਬਾਰੂ ਦੀ ਦੁਕਾਨ ਵੱਲ ਚਲੀਏ। ਇਹ ਸਾਡੇ ਪਿੰਡ ਦੀ ਤੀਜੀ ਦੁਕਾਨ ਸੀ। ਪਹਿਲੀ ਦੁਕਾਨ ਸਕੂਲ ਦੇ ਬਿਲਕੁਲ ਸਾਹਮਣੇ ਕਿਰਾਏ ਦਾ ਕਮਰਾ ਲੈ ਕੇ ਰਾਜਸਥਾਨ ਤੋਂ ਆਏ ਕਿਸੇ ਮਹਾਜਨ ਨੇ ਖੋਲ੍ਹੀ ਸੀ। ਅਸਲ ਵਿਚ ਇਹੀ ਪਿੰਡ ਦੀ ਸਭ ਤੋਂ ਵੱਡੀ ਜਾਂ ਮੁੱਖ ਦੁਕਾਨ ਸੀ। ਫਿਰ ਸੁਨਿਆਰਿਆਂ ਦੇ ਧਨੀ ਨੇ ਪਿੱਪਲ ਦੇ ਕੋਲ ਕਰ ਕੇ ਦੁਕਾਨ ਸ਼ੁਰੂ ਕੀਤੀ ਜਿਸ ਦੀ ਇਕੋ-ਇਕ ਖਾਸੀਅਤ ਸ਼ਾਮ ਨੂੰ ਬਣਨ ਵਾਲੇ ਪਕੌੜੇ ਹੁੰਦੀ ਸੀ। ਬਾਰੂ ਦੀ ਹੱਟੀ ਜਾਂ ਦੁਕਾਨ ਦਲਿਤਾਂ ਦੇ ਵਿਹੜੇ ਵਿਚ ਹੁੰਦੀ ਸੀ। ਉਂਜ, ਬਾਕੀ ਦੁਕਾਨਾਂ ਨਾਲੋਂ ਇਸ ਦੁਕਾਨ ਦਾ ਇਕ ਗੱਲ ਤੋਂ ਫਰਕ ਸੀ; ਬਾਰੂ ਅੰਨਾ ਸੀ। ਸਾਡੇ ਲਈ ਇਹ ਸੱਚਮੁਚ ਹੀ ਅਚੰਭੇ ਵਾਲੀ ਗੱਲ ਸੀ ਕਿ ਕੋਈ ਸ਼ਖਸ ਨੇਤਰਹੀਣ ਹੋਣ ਦੇ ਬਾਵਜੂਦ ਹੱਟੀ ਕਰੀ ਜਾਂਦਾ ਸੀ। ਉਸ ਦੇ ਤੋਲ ਵਿਚ ਕਦੀ ਕੋਈ ਫਰਕ ਨਹੀਂ ਸੀ ਹੁੰਦਾ। ਹੋਰ ਤਾਂ ਹੋਰ, ਉਸ ਦਾ ਸਾਮਾਨ ਵੀ ਕਦੀ ਖਰਾਬ ਨਹੀਂ ਸੀ ਹੁੰਦਾ ਅਤੇ ਖਰਾਬ ਦਾਲਾਂ ਵਗੈਰਾ ਦਾ ਉਸ ਨੂੰ ਖੁਦ ਹੀ ਪਤਾ ਲੱਗ ਜਾਂਦਾ ਸੀ। ਇਸ ਤੋਂ ਬਿਨਾਂ, ਉਸ ਨੂੰ ਖਰੇ-ਖੋਟੇ ਨੋਟਾਂ ਅਤੇ ਸਿੱਕਿਆਂ ਦੀ ਵੀ ਪਛਾਣ ਸੀ। ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਕਿ ਕੋਈ ਖੋਟਾ ਸਿੱਕਾ ਬਾਰੂ ਦੀ ਦੁਕਾਨ ਉਤੇ ਚਲਾ ਦਿੱਤਾ ਜਾਵੇ; ਸਾਡੇ ਵਾਂਗ ਪਤਾ ਨਹੀਂ ਹੋਰ ਕਿੰਨਿਆਂ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੋਣੀ ਹੈ, ਪਰ ਕਦੀ ਵੀ ਕੋਈ ਸਫਲ ਨਹੀਂ ਸੀ ਹੋ ਸਕਿਆ। ਜਿਥੇ ਉਹ ਜਾਅਲੀ ਨੋਟ ਅਤੇ ਸਿੱਕੇ ਪਛਾਣ ਜਾਂਦਾ ਸੀ, ਉਸ ਨੂੰ ਆਪਣੇ ਸਾਮਾਨ ਦਾ ਵੀ ਪੱਕਾ ਪਤਾ ਹੁੰਦਾ ਸੀ ਕਿ ਕਿਹੜੀ ਚੀਜ਼ ਕਿਥੇ ਪਈ ਹੈ।
ਬਾਰੂ ਵਾਲੀ ਦੁਕਾਨ ਹੁਣ ਕਿਸੇ ਹੋਰ ਦੀ ਹੈ। ਪਿੰਡ ਵਿਚ ਹੋਰ ਦੁਕਾਨਾਂ ਵੀ ਖੁੱਲ੍ਹ ਗਈਆਂ ਹਨ। ਹੁਣ ਤਾਂ ਕਈਆਂ ਨੇ ਆਪਣੇ ਘਰਾਂ ਵਿਚ ਗੋਦਾਮ ਵੀ ਬਣਾ ਲਏ ਹਨ। ਜਦੋਂ ਪਿੰਡ ਦੀ ਹੈਸੀਅਤ ਅਜੇ ਕਾਇਮ ਸੀ ਅਤੇ ਇਹ ਸ਼ਹਿਰ ਦਾ ਹਿੱਸਾ ਨਹੀਂ ਸੀ ਬਣਿਆ, ਉਦੋਂ ਰਾਮਾ ਮੰਡੀ ਅਤੇ ਜਲੰਧਰ ਦੇ ਵਪਾਰੀਆਂ ਨੂੰ ਪਿੰਡ ਵਿਚ ਗੋਦਾਮ ਬਣਾਉਣੇ ਲਾਹੇਵੰਦ ਸਨ, ਕਿਉਂਕਿ ਲਾਲ ਡੋਰੇ ਦੇ ਬਾਹਰ ਹੋਣ ਕਾਰਨ ਉਨ੍ਹਾਂ ਨੂੰ ਟੈਕਸ ਚੋਰੀ ਕਰਨ ਵਿਚ ਸੌਖ ਰਹਿੰਦੀ ਸੀ। ਮਗਰੋਂ ਪਿੰਡ ਜਦੋਂ ਸ਼ਹਿਰ ਵਿਚ ਹੀ ਆ ਗਿਆ ਤਾਂ ਵਾਪਰੀਆਂ ਦੀ ਟੈਕਸ ਚੋਰੀ ਦੀ ਜੁਗਤ ਜਾਂਦੀ ਰਹੀ।
(ਚਲਦਾ)