ਇੱਦਾਂ ਜਾਗਣਗੇ ਪਿੰਡਾਂ ਦੇ ਭਾਗ ਮੀਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856

ਪਿਛਲੀ ਵਾਰ ਚਾਰ-ਪੰਜ ਬਾਈਆਂ ਦੇ ਮਨ ਦੀ ਚੀਸ ਨੂੰ ‘ਦਿਓ ਕੋਈ ਜਵਾਬ’ ਦੇ ਨਾਮ ਹੇਠ ਕਲਮਬੱਧ ਕੀਤਾ ਸੀ। ਪਾਠਕਾਂ ਦੇ ਬਹੁਤ ਫੋਨ ਆਏ। ਇਸ ਲੇਖ ਵਿਚ ਇਕ ਬਾਈ ਮਹਿਮਾ ਸਿੰਘ ਨੇ ਆਪਣੇ ਪਿੰਡ ਦੇ ਹਰਪਾਲ ਸਿੰਘ ਬਾਰੇ ਦੱਸਿਆ ਸੀ ਕਿ ਉਹ ਅਮਰੀਕਾ ਤੋਂ ਪਿੰਡ ਜਾ ਕੇ ਕਿਵੇਂ ਲੋੜਵੰਦਾਂ ਦੀ ਮਦਦ ਕਰਦਾ ਹੈ। ਕਈ ਪਾਠਕਾਂ ਨੇ ਦੱਸਿਆ ਕਿ ਉਹ ਵੀ ਪਿੰਡ ਜਾ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਐਤਕੀਂ ਇਕ ਪਾਠਕ ਵਲੋਂ ਸੁਣਾਈ ਹੱਡਬੀਤੀ ਲਿਖ ਰਿਹਾ ਹਾਂ:

ਪਛੜੇ ਇਲਾਕੇ ਦਾ ਗਰੀਬੀ ਦਾ ਮਾਰਿਆ ਮੇਰਾ ਪਿੰਡ ਹੈ। ਪਿੰਡ ਨੂੰ ਆਉਂਦੇ ਚਾਰ ਕੱਚੇ ਰਾਹ। ਪਾਣੀ ਦਾ ਮੁੱਖ ਸਾਧਨ ਪਿੰਡ ਕੋਲੋਂ ਲੰਘਦਾ ਸੂਆ ਸੀ ਜੋ ਕਸਬੇ ਨੂੰ ਜਾਣ ਲਈ ਜੀæਟੀæ ਰੋਡ ਦਾ ਕੰਮ ਦਿੰਦਾ। ਪਿੰਡ ਦਾ ਸਕੂਲ ਅੱਠਵੀਂ ਤੱਕ। ਜੇ ਕਿਸੇ ਨੇ ਅਗਾਂਹ ਪੜ੍ਹਨਾ ਹੋਵੇ, ਤਾਂ ਉਸ ਨੂੰ ਲਾਗਲੇ ਦੋ ਪਿੰਡ ਛੱਡ ਕੇ ਤੀਜੇ ਪਿੰਡ ਜਾਣਾ ਪੈਂਦਾ। ਉਨ੍ਹਾਂ ਦਿਨਾਂ ਵਿਚ ਆਉਣ-ਜਾਣ ਲਈ ਸਾਈਕਲ ਹੀ ਮੁੱਖ ਸਾਧਨ ਸੀ। ਬਹੁਤੇ ਤਾਂ ਅਗਾਂਹ ਇਸ ਕਰ ਕੇ ਨਾ ਪੜ੍ਹ ਸਕੇ ਕਿ ਮਾਪਿਆਂ ਕੋਲ ਸਾਈਕਲ ਜੋਗੇ ਪੈਸੇ ਹੀ ਨਹੀਂ ਸਨ। ਗਰੀਬੀ ਦੀ ਮਾਰ ਕਾਰਨ ਕਈ ਹੁਸ਼ਿਆਰ ਮੁੰਡਿਆਂ ਦੀ ਪੜ੍ਹਾਈ ਛੁੱਟ ਜਾਂਦੀ। ਪਿੰਡ ਵਿਚ ਸਾਰੀਆਂ ਜਾਤਾਂ-ਗੋਤਾਂ ਦੇ ਲੋਕ ਇਨਸਾਨੀਅਤ ਦੇ ਧਾਗੇ ਨਾਲ ਜੁੜੇ ਇੱਕਠੇ ਰਹਿੰਦੇ ਸਨ। ਜੇ ਕਿਸੇ ਦੇ ਵੀ ਸੂਈ ਚੁੱਭਦੀ, ਤਾਂ ਸਾਰਾ ਪਿੰਡ ਚੀਸ ਮਹਿਸੂਸ ਕਰਦਾ; ਸਾਰਾ ਪਿੰਡ ਜਿਵੇਂ ਇਕ ਸਰੀਰ ਹੋਵੇ।
ਸਾਡਾ ਪਰਿਵਾਰ ਵੀ ਗਰੀਬ ਤੇ ਮਿਹਨਤੀ ਸੀ। ਮੇਰੇ ਤਿੰਨੇ ਮਾਮੇ ਫੌਜ ਵਿਚ ਹੋਣ ਕਰ ਕੇ, ਪਰਿਵਾਰ ਨੂੰ ਹੋਰਾਂ ਨਾਲੋਂ ਸਮੇਂ ਦੀ ਤਬਦੀਲੀ ਦਾ ਜਾਗ ਛੇਤੀ ਲੱਗਦਾ ਰਿਹਾ। ਜਦ ਕੋਈ ਮਾਮਾ ਮਿਲਣ ਆਉਂਦਾ ਤਾਂ ਸਾਡਾ ਹੌਸਲਾ ਬੁਲੰਦ ਹੋ ਜਾਂਦਾ। ਮੈਂ ਵੀ ਦਿਲ ਵਿਚ ਚਾਹਤ ਪੈਦਾ ਕਰਦਾ ਕਿ ਵੱਡਾ ਹੋ ਕੇ ਫੌਜੀ ਬਣੂੰਗਾ। ਵੱਡਾ ਪਰਿਵਾਰ ਹੋਣ ਕਰ ਕੇ ਮੈਨੂੰ ਖੇਤੀ ਦੇ ਕੰਮਾਂ ਵਿਚ ਘੱਟ ਘੜੀਸਿਆ ਗਿਆ; ਬੱਸ, ਪੜ੍ਹਨ ਲਈ ਛੱਡ ਦਿੱਤਾ ਜਾਂਦਾ। ਤਿੰਨੇ ਚਾਚੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਕਰਦੀਆਂ ਤੇ ਹਮੇਸ਼ਾ ਕਹਿੰਦੀਆਂ, “ਭਾਗ ਸਿਆਂ! ਪੁੱਤ ਤੂੰ ਪੜ੍ਹ ਕੇ ਵੱਡਾ ਅਫਸਰ ਬਣ ਜਾ, ਤੇ ਘਰ ਦੇ ਭਾਗ ਜਗਾਉਣ ਦੇ ਨਾਲ-ਨਾਲ ਪਿੰਡ ਦੇ ਭਾਗ ਵੀ ਜਗਾ ਦੇਈਂ।” ਮੈਂ ਬਾਹਾਂ ਖੋਲ੍ਹ ਕੇ ਕਹਿੰਦਾ ਕਿ ਇੰਨਾ ਵੱਡਾ ਅਫਸਰ ਬਣੂੰਗਾ।
ਅਜੇ ਅੱਠਵੀਂ ਵਿਚ ਦਾਖਲਾ ਹੀ ਲਿਆ ਸੀ ਕਿ ਛੋਟਾ ਮਾਮਾ ਆ ਗਿਆ ਤੇ ਕਹਿੰਦਾ, “ਭਾਗ ਸਿਆਂ! ਅੱਠਵੀਂ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੀਂ, ਮੈਂ ਤੈਨੂੰ ਨਵਾਂ ਐਟਲਸ ਸਾਈਕਲ ਲੈ ਕੇ ਦੇਣਾ ਹੈ, ਤੇ ਤੈਂ ਅਗਾਂਹ ਪੜ੍ਹਨਾ ਹੈ।” ਮੈਂ ਮਾਮੇ ਦੀ ਗੱਲ ਸੁਣ ਕੇ ਉਹਦੇ ਗਲ ਨੂੰ ਚੁੰਬੜ ਗਿਆ। ਅੱਠਵੀਂ ਦੇ ਨਤੀਜੇ ਤੋਂ ਬਾਅਦ ਮਾਮਾ ਤਾਂਗੇ ‘ਤੇ ਸਾਈਕਲ ਲੱਦ ਲਿਆਇਆ।
ਮੈਂ ਆਪ ਤਾਂ ਅਗਾਂਹ ਪੜ੍ਹਨਾ ਹੀ ਸੀ, ਨਾਲ ਦੋ ਹੋਰ ਮਿੱਤਰਾਂ ਨੂੰ ਵੀ ਪੜ੍ਹਨ ਲਾ ਲਿਆ। ਉਨ੍ਹਾਂ ਨੂੰ ਨਾਲ ਲਿਜਾਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਅਸੀਂ ਤਿੰਨੇ ਇਕੋ ਸਾਈਕਲ ‘ਤੇ ਜਾਂਦੇ। ਦੋ ਸਾਲ ਬਾਅਦ ਉਹ ਦੋਵੇਂ ਦਸਵੀਂ ਪਾਸ ਕਰ ਕੇ ਹਟ ਗਏ, ਤੇ ਮੈਨੂੰ ਪੜ੍ਹਨ ਲਈ ਸ਼ਹਿਰ ਤੋਰ ਦਿੱਤਾ ਗਿਆ। ਮੈਂ ਸ਼ਹਿਰ ਵੀ ਸਾਈਕਲ ‘ਤੇ ਹੀ ਜਾਂਦਾ। ਮਾਮੇ ਖੁਸ਼ ਸਨ ਕਿ ਭਾਣਜਾ ਪੜ੍ਹਾਈ ਵਿਚ ਵਧੀਆ ਹੈ। ਪੜ੍ਹਾਈ ਪੂਰੀ ਕਰ ਕੇ ਮੈਂ ਅਧਿਆਪਕ ਬਣ ਗਿਆ। ਚਾਰ ਸਾਲ ਇਕ ਪਿੰਡ ਵਿਚ ਪੜ੍ਹਾਇਆ, ਫਿਰ ਮਾਮਿਆਂ ਨੇ ਮੇਰੀ ਬਦਲੀ ਸਾਡੇ ਪਿੰਡ ਕਰਵਾ ਦਿੱਤੀ। ਪੜ੍ਹਾਉਣ ਦੇ ਤਜਰਬੇ ਵਿਚੋਂ ‘ਬੇਈਮਾਨ’ ਸ਼ਬਦ ਆਪਣੀ ਡਿਕਸ਼ਨਰੀ ਵਿਚੋਂ ਕੱਢ ਮਾਰਿਆ। ਨਾ ਬੇਈਮਾਨੀ ਕੀਤੀ, ਨਾ ਅੱਖਾਂ ਅੱਗੇ ਹੋਣ ਦਿੱਤੀ। ਸਕੂਲੇ ਮੇਰਾ ਵੱਖਰਾ ਹੀ ਸਤਿਕਾਰ ਹੁੰਦਾ। ਇਸ ਦਾ ਮੈਨੂੰ ਸਦਾ ਮਾਣ ਰਹੇਗਾ।
ਭੱਜ-ਨੱਠ ਕਰ ਕੇ ਮੈਂ ਪਿੰਡ ਦਾ ਸਕੂਲ ਦਸਵੀਂ ਤੱਕ ਕਰਵਾ ਲਿਆ। ਮਾਮੇ ਦਾ ਸਹੁਰਾ ਪਰਿਵਾਰ ਰਾਜਨੀਤੀ ਵਿਚ ਹੋਣ ਕਰ ਕੇ ਮੈਂ ਢੰਗ-ਤਰੀਕੇ ਵਰਤ ਕੇ ਕਈ ਕੰਮ ਲੈ ਗਿਆ ਸੀ। ਸ਼ਹਿਰ ਨੂੰ ਜਾਣ ਵਾਲੀ ਸੜਕ ਪੱਕੀ ਕਰਵਾ ਲਈ। ‘ਬਾਕੀ ਫਿਰ ਕਰਵਾ ਦੇਵਾਂਗਾ’ ਦਾ ਭਰੋਸਾ ਮੰਤਰੀ ਨੇ ਦਿੱਤਾ ਸੀ। ਹੌਲੀ-ਹੌਲੀ ਪਿੰਡ ਡਿਸਪੈਂਸਰੀ ਵੀ ਆ ਗਈ। ਇਕ ਦਿਨ ਚਾਚੀ ਕਹਿੰਦੀ, “ਲੋਕ ਭਲਾਈ ਹੀ ਕਰੀ ਜਾਵੇਂਗਾ ਕਿ ਆਪਣਾ ਘਰ ਵੀ ਵਸਾਵੇਂਗਾ।” ਮੈਂ ਹੱਸ ਕੇ ਜਵਾਬ ਦਿੱਤਾ, “ਚਾਚੀ ਜੀ, ਤੁਸੀਂ ਹੀ ਤਾਂ ਕਹਿੰਦੀਆਂ ਸੀ ਕਿ ਭਾਗ ਸਿਆਂ! ਪਿੰਡ ਦੇ ਭਾਗ ਜਗਾਉਣੇ ਨੇ; ਹੁਣ ਜਗਾਉਣ ਦਿਓ ਪਿੰਡ ਦੇ ਭਾਗ, ਫਿਰ ਦੇਖਾਂਗੇ।” ਉਨ੍ਹੀਂ ਦਿਨੀਂ ਲੋਕਾਂ ਨੂੰ ਬਾਹਰਲੇ ਮੁਲਕ ਦੀ ਇੰਨੀ ਸੋਝੀ ਨਹੀਂ ਸੀ ਹੁੰਦੀ। ਮਾਮੇ ਦਾ ਵੱਡਾ ਸਾਲਾ ਬਹੁਤ ਪਹਿਲਾਂ ਦਾ ਅਮਰੀਕਾ ਆਇਆ ਹੋਇਆ ਸੀ। ਉਸ ਦੀ ਧੀ ਦਾ ਰਿਸ਼ਤਾ ਮੈਨੂੰ ਕਰਨ ਲਈ ਜ਼ੋਰ ਪਾਉਣ ਲੱਗੇ। ਮੈਂ ਜਵਾਬ ਦੇ ਦਿੱਤਾ ਕਿ ਪਿੰਡ ਛੱਡ ਕੇ ਅਮਰੀਕਾ ਨਹੀਂ ਜਾਣਾ। ਮੈਂ ਪੜ੍ਹਾਈ ਕੀਤੀ ਹੈ, ਨੌਕਰੀ ਕਰਦਾ ਹਾਂ; ਆਪਣੇ ਲਈ ਨਹੀਂ, ਆਪਣੇ ਪਿੰਡ ਲਈ। ਹੁਣ ਆਪਣੇ ਲੋਕਾਂ ਨੂੰ ਛੱਡ ਕੇ ਬਾਹਰਲੇ ਮੁਲਕ ਨਹੀਂ ਜਾਣਾ।
ਮਾਮਿਆਂ ਦੇ ਅਹਿਸਾਨ ਤਾਂ ਮੇਰੇ ਉਤੇ ਬਥੇਰੇ ਸਨ, ਪਰ ਮੇਰੇ ਪਿੰਡ ਨੂੰ ਮੇਰੀ ਜ਼ਿਆਦਾ ਲੋੜ ਸੀ। ਹੌਲੀ-ਹੌਲੀ ਮਾਮੇ ਮੇਰੇ ਨਾਲ ਸਹਿਮਤ ਹੋ ਗਏ। ਮੈਂ ਪਿੰਡ ਪੜ੍ਹਾਉਂਦਿਆਂ ਆਪਣੀ ਇਕ ਹਮ-ਜਮਾਤਣ ਨਾਲ ਵਿਆਹ ਕਰਵਾ ਲਿਆ। ਉਹ ਵੀ ਅਧਿਆਪਕ ਬਣ ਗਈ ਸੀ। ਪੱਕੀ ਸੜਕ ਬਣਨ ਨਾਲ ਪਿੰਡ ਬੱਸ ਵੀ ਆਉਣ ਲੱਗ ਗਈ ਸੀ। ਘਰਵਾਲੀ ਬੱਸ ‘ਤੇ ਚੜ੍ਹ ਕੇ ਪੜ੍ਹਾਉਣ ਜਾਂਦੀ। ਛੇ ਸਾਲ ਬਾਅਦ ਘਰਵਾਲੀ ਦੀ ਬਦਲੀ ਵੀ ਮੈਂ ਪਿੰਡ ਦੇ ਸਕੂਲ ਵਿਚ ਕਰਵਾ ਲਈ। ਅਸੀਂ ਦੋਵਾਂ ਜਣਿਆਂ ਨੇ ਇਕ ਤਨਖਾਹ ਘਰ ਲਿਆਂਦੀ ਤੇ ਇਕ ਸਕੂਲ ਦੇ ਬੱਚਿਆਂ ‘ਤੇ ਖਰਚ ਕੀਤੀ। ਘਰੇ ਦੋ ਪੁੱਤਰ ਅਤੇ ਇਕ ਧੀ ਹੋਏ। ਚਾਚਿਆਂ ਦੇ ਮੁੰਡੇ-ਕੁੜੀਆਂ ਵੀ ਵਿਆਹੇ ਗਏ। ਹੌਲੀ-ਹੌਲੀ ਇਕ ਘਰ ਦੇ ਚਾਰ ਚੁੱਲ੍ਹੇ ਬਣ ਗਏ। ਪਿੰਡ ਦੇ ਸਾਰੇ ਰਾਹ, ਸੜਕਾਂ ਵਿਚ ਤਬਦੀਲ ਹੋ ਗਏ। ਪਿੰਡ ਦੇ ਚੰਗੇ ਸਰਪੰਚ ਦੀ ਬਦੌਲਤ ਪਿੰਡ ਵਿਚ ਸਾਰੀਆਂ ਸਹੂਲਤਾਂ ਆ ਗਈਆਂ। ਸਿਆਸੀ ਲੋਕਾਂ ਨੂੰ ਵੀ ਸਾਡਾ ਪਿੰਡ ਦਿਸਣ ਲੱਗਿਆ। ਖਾੜਕੂਵਾਦ ਦੇ ਸਮੇਂ ਵੀ ਪਿੰਡ ਨੇ ਇਕੱਠਿਆਂ ਹੋ ਕੇ ਹਰ ਦੁੱਖ-ਸੁੱਖ ਵਿਚ ਮੋਢੇ ਨਾਲ ਮੋਢਾ ਜੋੜਿਆ। ਤਕਰੀਬਨ ਸਾਰੇ ਪਿੰਡ ਦਾ ਬਚਾਅ ਰਿਹਾ। ਹੁਣ ਲੋਕ ਸਾਈਕਲ ਤੋਂ ਸਕੂਟਰਾਂ ਅਤੇ ਮੋਟਰ ਸਾਈਕਲਾਂ ‘ਤੇ ਚੜ੍ਹ ਗਏ ਸਨ। ਮੈਂ ਆਪਣੇ ਤਿੰਨੇ ਬੱਚੇ ਵਧੀਆ ਪੜ੍ਹਾਏ। ਇਕ ਪੁੱਤ ਮੇਰੇ ਵਾਂਗ ਅਧਿਆਪਕ ਬਣ ਗਿਆ, ਦੂਜੇ ਨੂੰ ਅਮਰੀਕਾ ਵਾਲਾ ਰਿਸ਼ਤਾ ਆਵੇ ਤਾਂ ਮਾਮਾ ਕੰਧ ਬਣ ਵਿਚਕਾਰ ਖੜ੍ਹ ਗਿਆ। ਕਹਿੰਦਾ, “ਹੁਣ ਕਿਉਂ ਅਮਰੀਕਾ ਵਾਲਾ ਰਿਸ਼ਤਾ ਲੈਂਦਾ ਏਂ?” ਮੈਂ ਕਿਹਾ, “ਮਾਮਾ ਜੀ! ਸਮਾਂ ਸਦਾ ਸਮਰੱਥ ਹੈ, ਉਸ ਵਕਤ ਪਿੰਡ ਨੂੰ ਮੇਰੀ ਲੋੜ ਸੀ, ਤੇ ਅੱਜ ਪਿੰਡ ਦੀ ਹੋਰ ਤਰੀਕੇ ਵਾਸਤੇ ਮੁੰਡੇ ਨੂੰ ਅਮਰੀਕਾ ਦੀ ਲੋੜ ਹੈ। ਜੋ ਕੰਮ ਇਥੇ ਰਹਿ ਕੇ ਨਹੀਂ ਹੋ ਸਕਦੇ, ਉਹ ਪੁੱਤ ਅਮਰੀਕਾ ਜਾ ਕੇ ਪੂਰੇ ਕਰੂਗਾ।” ਮੈਂ ਪੁੱਤ ਅਮਰੀਕਾ ਵਿਆਹ ਦਿੱਤਾ। ਫਿਰ ਧੀ ਦਾ ਰਿਸ਼ਤਾ ਵੀ ਇੱਥੇ ਹੀ ਕਰ ਦਿੱਤਾ। ਅਸੀਂ ਦੋਵੇਂ ਪਿੰਡ ਹੀ ਪੜ੍ਹਾਉਂਦੇ ਰਹੇ। ਇਕ ਪੁੱਤ ਵਿਆਹ ਕਰਵਾ ਕੇ ਸ਼ਹਿਰ ਰਹਿਣ ਲੱਗ ਗਿਆ। ਪਿੰਡ ਵਾਲੀ ਸਾਰੀ ਜ਼ਮੀਨ ਅਸੀਂ ਚਾਚਿਆਂ ਨੂੰ ਮਾਮਲੇ ‘ਤੇ ਦੇ ਦਿੰਦੇ। ਮੇਰੇ ਮਾਤਾ-ਪਿਤਾ ਵਾਰੀ-ਵਾਰੀ ਇਸ ਦੁਨੀਆਂ ਤੋਂ ਤੁਰ ਗਏ। ਚਾਚੀਆਂ ਦੇ ਭਾਗ ਸਿਉਂ ਨੇ ਜਿੰਨਾ ਹੋ ਸਕਿਆ, ਪਿੰਡ ਦਾ ਭਲਾ ਕੀਤਾ। ਪਿੰਡ ਦੇ ਚਾਰੇ ਪਾਸੇ ਦੁਕਾਨਾਂ ਖੁੱਲ੍ਹ ਗਈਆਂ। ਸਕੂਲ ਦੀ ਇਮਾਰਤ ਹੋਰ ਵਧਾ ਕੇ ਸਕੂਲ ਹਾਇਰ ਸੈਕੰਡਰੀ ਕਰ ਦਿੱਤਾ। ਮੈਨੂੰ ਪ੍ਰਿੰਸੀਪਲ ਬਣਾ ਦਿੱਤਾ ਗਿਆ। ਪਿੰਡ ਦਾ ਹਰ ਬੱਚਾ ਮੇਰਾ ਬੱਚਾ ਸੀ।
ਫਿਰ ਉਹ ਦਿਨ ਆ ਗਿਆ ਜਿਸ ਦਿਨ ਮੈਨੂੰ ਸਕੂਲੋਂ ਵਿਦਾ ਕਰਨਾ ਸੀ, ਯਾਨਿ ਮੇਰੀ ਰਿਟਾਇਰਮੈਂਟ ਦਾ ਸਮਾਂ ਆ ਗਿਆ ਸੀ। ਸਕੂਲ ਦੇ ਸਟਾਫ ਤੇ ਪਿੰਡ ਦੇ ਸਹਿਯੋਗ ਨਾਲ ਵੱਡਾ ਵਿਦਾਇਗੀ ਸਮਾਗਮ ਰੱਖਿਆ ਗਿਆ। ਪਿੰਡ ਦੇ ਸਰਪੰਚ ਤੇ ਪਤਵੰਤੇ ਸੱਜਣਾਂ ਨੇ ਮੈਨੂੰ ਸ਼ਬਦਾਂ ਰੂਪੀ ਪਿਆਰ ਨਾਲ ਲੱਦ ਦਿੱਤਾ। ਸਾਰੇ ਸਟਾਫ ਨੇ ਭਰੀਆਂ ਅੱਖਾਂ ਨਾਲ ਮੇਰੇ ਗਲ ਫੁੱਲਾਂ ਦੇ ਹਾਰ ਪਾਏ ਅਤੇ ਮੈਂ ਖੁਸ਼ੀ ਦੇ ਹੰਝੂਆਂ ਨਾਲ ਸਕੂਲ ਦਾ ਗੇਟ ਟੱਪ ਆਇਆ। ਮੈਨੂੰ ਆਪਣੇ ਆਪ ‘ਤੇ ਮਾਣ ਹੋ ਰਿਹਾ ਸੀ ਕਿ ਮੈਂ ਵੀ ਪਿੰਡ ਲਈ ਕੁਝ ਕਰ ਸਕਿਆ ਹਾਂ।
ਸਕੂਲੋਂ ਵਿਦਾ ਹੋ ਕੇ ਮੈਂ ਗੁਰਦੁਆਰੇ ਜਾ ਕੇ ਸੇਵਾ ਕਰ ਆਉਂਦਾ, ਬਜ਼ੁਰਗਾਂ ਨੂੰ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਦੇਸ਼-ਵਿਦੇਸ਼ ਨਾਲ ਜੋੜੀ ਰੱਖਦਾ। ਕਿਸੇ ਦਾ ਕੋਈ ਕੰਮ-ਧੰਦਾ ਹੁੰਦਾ, ਉਹ ਕਰਵਾ ਦਿੰਦਾ। ਤਿੰਨ ਸਾਲ ਬਾਅਦ ਘਰਵਾਲੀ ਵੀ ਰਿਟਾਇਰ ਹੋ ਗਈ। ਪੁੱਤ ਤੇ ਧੀ ਦੇ ਕਹਿਣ ‘ਤੇ ਅਸੀਂ ਪਾਸਪੋਰਟ ਬਣਾ ਲਏ। ਇਨ੍ਹਾਂ ਨੇ ਪੇਪਰ ਭੇਜੇ ਤੇ ਅਸੀਂ ਇੱਥੇ ਆ ਗਏ। ਇਥੇ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਨੂੰ ਦੇਖ ਕੇ ਮਨ ਖੁਸ਼ ਹੋ ਗਿਆ। ਪਿੰਡ ਸਾਡੀ ਦੋਵਾਂ ਦੀ ਪੈਨਸ਼ਨ ਜਮ੍ਹਾਂ ਹੋਈ ਜਾਂਦੀ ਹੈ। ਪੁੱਤ ਨੇ ਇਥੇ ਦੇ ਸਿਟੀਜ਼ਨ ਬਣਾ ਦਿੱਤਾ, ਪਰ ਅਸੀਂ ਚਾਰ ਮਹੀਨੇ ਪਿੰਡ ਜਾ ਕੇ ਸਾਲ ਦੀ ਪੈਨਸ਼ਨ ਪਿੰਡ ਹੀ ਖਰਚ ਆਉਂਦੇ ਹਾਂ। ਚਾਚੇ ਦੇ ਪੁੱਤਰਾਂ ਤੋਂ ਸਾਰੀ ਜ਼ਮੀਨ ਦਾ ਮਾਮਲਾ ਨਹੀਂ ਲਿਆ। ਸਾਡੇ ਵਲੋਂ ਇਸ ਮਦਦ ਸਦਕਾ ਉਹ ਆਪਣੇ ਪੁੱਤਰ ਧੀਆਂ ਪੜ੍ਹਾ ਗਏ। ਕੋਈ ਕੈਨਡਾ ਆ ਗਿਆ, ਕੋਈ ਆਸਟਰੇਲੀਆ ਚਲਿਆ ਗਿਆ। ਮੇਰੇ ਪੁੱਤਰਾਂ ਨੇ ਮੇਰੇ ਸਮਾਜਕ ਕੰਮਾਂ ਵਿਚ ਕਦੇ ਦਖਲ-ਅੰਦਾਜ਼ੀ ਨਹੀਂ ਕੀਤੀ। ਮੈਂ ਜੋ ਵੀ ਕਰਦਾ ਹਾਂ, ਸਕੂਨ ਮਿਲਦਾ ਹੈ। ਹੁਣ ਸਾਡੇ ਪਿੰਡੋਂ ਹੋਰ ਪਰਿਵਾਰ ਵੀ ਬਾਹਰ ਆ ਗਏ ਹਨ। ਉਹ ਵੀ ਪਿੰਡ ਵਿਚ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਂਦੇ ਹਨ। ਪਿੰਡ ਵਿਚ ਅਖੰਡ ਪਾਠ ਬੇਸ਼ਕ ਬਹੁਤ ਘੱਟ ਹੁੰਦੇ ਹਨ, ਪਰ ਲੋਕ ਗੁਰਦੁਆਰੇ ਨਾਲ ਜੁੜੇ ਹੋਏ ਹਨ। ਸਾਡੇ ਆਪਣੇ ਘਰ ਮਰਗ ਹੋਣ ਤੋਂ ਬਾਅਦ ਹੀ ਸਹਿਜ ਪਾਠ ਕਰਵਾਇਆ ਹੈ। ਖੁਸ਼ੀ ਵੇਲੇ ਗੁਰਦੁਆਰੇ ਅਰਦਾਸ ਕਰਵਾ ਲਈਦੀ ਹੈ। ਫਜ਼ੂਲ ਦੇ ਖਰਚਿਆਂ ਤੋਂ ਬਚ ਕੇ ਗਰੀਬਾਂ ਦੇ ਕਾਰਜ ਵਿਚ ਆਪਣਾ ਤਿਲ-ਫੁੱਲ ਭੇਟ ਕਰ ਦੇਈਦਾ ਹੈ। ਵਿਹੜੇ ਵਾਲੇ ਜਿੰਨੇ ਬਜ਼ੁਰਗ ਸਾਡੇ ਜ਼ਿਮੀਦਾਰਾਂ ਦੇ ਘਰਾਂ ਵਿਚ ਸਾਂਝੀ ਰਲਦੇ ਹੁੰਦੇ ਸੀ, ਉਹ ਸਭ ਸਾਡੇ ਬਜ਼ੁਰਗਾਂ ਨਾਲ ਇਕ ਥੜ੍ਹੇ ‘ਤੇ ਬੈਠਦੇ ਹਨ। ਪਿੰਡ ਵਿਚ ਇਕ ਹੀ ਗੁਰਦੁਆਰਾ ਹੈ। ਗੁਰਦੁਆਰੇ ਦੇ ਅਖੌਤੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਆਪਣਾ ਗੁਰੂਘਰ ਬਣਾਉਣ ਲਈ ਮਜਬੂਰ ਕਰ ਦਿੱਤਾ। ਸਾਡੇ ਗੁਰਦੁਆਰੇ ਇਕੋਤਰੀ ਦੇ ਪਾਠ ਨਹੀਂ ਹੁੰਦੇ, ਨਾ ਹੀ ਪਿੰਡ ਵਿਚ ਦੋ ਟੂਰਨਾਮੈਂਟ ਹੁੰਦੇ ਹਨ। ਪਿੰਡ ਆਪਸੀ ਧੜੇਬੰਦੀ ਤੋਂ ਬਚਿਆ ਹੋਇਆ ਹੈ। ਪਿੰਡ ਦੇ ਨੌਜਵਾਨ ਸ਼ਾਮ ਨੂੰ ਸਕੂਲ ਦੀ ਗਰਾਊਂਡ ਵਿਚ ਹਾਕੀ ਖੇਡ ਲੈਂਦੇ ਹਨ। ਪਿੰਡ ਵਿਚ ਭਾਈਚਾਰਕ ਸਾਂਝ ਹੈ। ਅੱਜ ਵੀ ਜੇ ਕਿਸੇ ਲੋੜਵੰਦ ਦੀ ਧੀ ਦਾ ਵਿਆਹ ਹੁੰਦਾ ਹੈ, ਤਾਂ ਸਾਰਾ ਪਿੰਡ ਉਸ ਦੇ ਨਾਲ ਖੜ੍ਹਦਾ ਹੈ। ਕੋਈ ਵੀ ਗਰੀਬ ਡੇਰਿਆਂ ਜਾਂ ਸਾਧਾਂ ਵੱਲ ਮੂੰਹ ਨਹੀਂ ਕਰਦਾ। ਜਦੋਂ ਵੀ ਦੇਸ਼-ਕੌਮ ਨੂੰ ਲੋੜ ਪਈ ਹੈ, ਇਨਕਲਾਬ ਬਾਹਰਲੇ ਦੇਸ਼ਾਂ ਵਿਚੋਂ ਹੀ ਤੁਰਿਆ ਹੈ। ਹੁਣ ਸਾਨੂੰ ਵੀ ਲੋਕਾਂ ਨਾਲੋਂ ਟੁੱਟਣਾ ਨਹੀਂ ਚਾਹੀਦਾ, ਸਗੋਂ ਜੁੜਨਾ ਚਾਹੀਦਾ ਹੈ, ਫਿਰ ਹੀ ਉਹ ਸਾਡੀਆਂ ਗੱਲਾਂ ਤੇ ਸਾਡੇ ਸੁਨੇਹੇ ਸੁਣਨਗੇ। ਫਿਰ ਹੀ ਉਹ ਵੋਟਾਂ ਦੀ ਤਾਕਤ ਨਾਲ ਰਾਜ ਪਲਟਾ ਸਕਦੇ ਹਨ। ਨੌਜਵਾਨ ਪੀੜ੍ਹੀ ਨੂੰ ਕੁਰਾਹੇ ਤੋਂ ਮੋੜਨਾ ਪੈਣਾ ਹੈ। ਕਿਸੇ ਦੇ ਪੁੱਤ ਨੂੰ ਪੁੱਠੇ ਰਾਹ ਪੈਣ ਤੋਂ ਰੋਕਣਾ ਹੋਵੇਗਾ। ਫਿਰ ਸਾਡੀ ਕੌਮ ਨੂੰ ਨਾ ਕੋਈ ਗੱਦਾਰ ਤੇ ਨਾ ਕੋਈ ਸਰਕਾਰ ਖਤਮ ਕਰ ਸਕਦੀ ਹੈ।
ਮੈਂ ਕਈ ਵਾਰ ਪਾਰਕ ਵਿਚ ਬੈਠਾ ਬਜ਼ੁਰਗਾਂ ਤੋਂ ਗੱਲਾਂ ਸੁਣਦਾ ਹਾਂ। ਕੋਈ ਕਹੂਗਾ, ਸਾਡੀ ਜ਼ਮੀਨ 50 ਹਜ਼ਾਰ ਰੁਪਏ ਠੇਕੇ ‘ਤੇ ਗਈ ਹੈ, ਅਸੀਂ ਤਾਂ ਸਾਰੇ ਰੁਪਏ ਨਕਦ ਫੜੇ ਨੇ। ਕੋਈ ਕਹੂਗਾ, ਮੈਂ ਆਪਣੀ ਸਾਰੀ ਪੈਨਸ਼ਨ ਡਾਲਰਾਂ ਵਿਚ ਵਟਾ ਲਿਆਂਦੀ ਹੈ। ਕਈ ਉਧਰੋਂ ਵੀ ਪੈਨਸ਼ਨ ਲਈ ਜਾਂਦੇ ਹਨ ਤੇ ਇਧਰੋਂ ਵੀ। ਕਈਆਂ ਨੇ ਤਾਂ ਮਾਂ-ਪਿਉ ਪੈਨਸ਼ਨ ਵਾਸਤੇ ਹੀ ਰੱਖੇ ਹੋਏ ਹਨ। ਉਸ ਦਿਨ ਬੇਬੇ-ਬਾਪੂ ਬੜੇ ਯਾਦ ਆਉਂਦੇ ਹਨ। ਉਥੇ ਦਾ ਗਰੀਬ ਜੱਟ ਆਪਣਾ ਹੀ ਭਰਾ ਹੈ। ਅਸੀਂ ਚੰਗੇ ਮੁਲਕਾਂ ਵਿਚ ਆ ਕੇ ਵੀ ਆਪਣੀ ਭੁੱਖ ਨਹੀਂ ਮਿਟਾ ਸਕੇ, ਤਾਂ ਫਿਰ ਅਸੀਂ ਭੁੱਖਿਆਂ ਤੋਂ ਖੋਹ ਕੇ ਜ਼ਿਆਦਾ ਰੱਜ ਜਾਵਾਂਗੇ? ਬਾਹਰਲੇ ਬੰਦਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਇਸੇ ਕਰ ਕੇ ਹੁੰਦੇ ਹਨ। ਅਸੀਂ ਉਨ੍ਹਾਂ ਦੇ ਗਲ ‘ਗੂਠਾ ਦੇ ਕੇ ਮਾਮਲਾ ਬਟੋਰਦੇ ਹਾਂ। ਪੰਜਾਹ ਹਜ਼ਾਰ ਰੁਪਏ ਇਕ ਕਿੱਲੇ ਦਾ ਠੇਕਾ ਦੇ ਕੇ ਕਿਸਾਨ ਨੂੰ ਕੀ ਬਚੇਗਾ? ਸਾਨੂੰ ਚਾਹੀਦਾ ਹੈ, ਉਨ੍ਹਾਂ ਦੇ ਜ਼ਖ਼ਮ ‘ਤੇ ਮਲ੍ਹਮ ਲਾਈਏ; ਜ਼ਖ਼ਮਾਂ ‘ਤੇ ਲੂਣ ਨਾ ਛਿੜਕੀਏ। ਵੱਡੇ ਲੰਗਰ ਲਾਉਣ ਨਾਲੋਂ ਥੋੜ੍ਹਾ-ਥੋੜ੍ਹਾ ਸਾਮਾਨ ਗਰੀਬਾਂ ਦੇ ਬੂਹੇ ਪੁੱਜਦਾ ਕਰੋ। ਜਿਥੇ ਅਸੀਂ ਆਪਣੇ ਮਹਿੰਗੇ ਮੁੱਲ ਦੇ ਇਲਾਜ ਕਰਵਾਉਂਦੇ ਹਾਂ, ਉਥੇ ਕਦੇ ਗਰੀਬ ਨੂੰ ਵੀ ਬੁਖ਼ਾਰ ਦਾ ਟੀਕਾ ਲਗਵਾ ਦੇਵੋ। ਮੈਨੂੰ ਆਪਣੀ ਲੰਘਾਈ ਜ਼ਿੰਦਗੀ ‘ਤੇ ਮਾਣ ਹੈ ਕਿ ਕਦੇ ਬੇਈਮਾਨੀ ਨਹੀਂ ਕੀਤੀ। ਜੋ ਗੁਰਬਾਣੀ ਕਹਿੰਦੀ ਹੈ, ਉਸ ‘ਤੇ ਪਹਿਰਾ ਦਿੱਤਾ। ਪਾਠ ਪੜ੍ਹਿਆ ਘੱਟ ਹੈ, ਪਰ ਅਮਲ ਜ਼ਿਆਦਾ ਕੀਤਾ ਹੈ। ਅੱਜ ਵੀ ਮੇਰੀ ਦਿਲੀ, ਆਖਰੀ ਖਵਾਹਿਸ਼ ਹੈ ਕਿ ਮੇਰਾ ਆਖਰੀ ਸਾਹ ਮੇਰੇ ਪਿੰਡ ਨਿਕਲੇ; ਮੈਂ ਮਾਡਰਨ ਸਿਵਿਆਂ ਵਿਚ ਨਾ ਮੱਚਾਂ, ਸਗੋਂ ਪਿੰਡ ਦੇ ਪੁਰਾਣੇ ਸਿਵਿਆਂ ਵਿਚ ਮੱਚ ਕੇ ਸੁਆਹ ਹੋ ਜਾਵਾਂ।æææ
æææਇਸ ਬਜ਼ੁਰਗ ਪਾਠਕ ਦੀ ਹੱਡਬੀਤੀ ਨੇ ਮੈਨੂੰ ਕਲਮ ਚੁੱਕਣ ਲਈ ਪ੍ਰੇਰਿਆ। ਬਹੁਤੇ ਸੁੱਖਾਂ ਦਾ ਅਨੰਦ ਭੋਗਣ ਲਈ ਕਿਸੇ ਦੇ ਦੁੱਖਾਂ ਦੇ ਸ਼ਰੀਕ ਬਣੋ।