ਮੇਰੀ ਕਹਾਣੀ ਦੀ ਕਹਾਣੀ

ਕਹਾਣੀ ਇਉਂ ਤੁਰੀ-1
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। 495 ਸਫਿਆਂ ਉਤੇ ਫੈਲੇ ਇਸ ਨਾਵਲ ਵਿਚ ਉਨ੍ਹਾਂ ਪੰਜਾਬ ਦੀ ਹੀ ਬਾਤ ਪਾਈ ਹੈ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ।

ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ-ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਲੇਖਕਾਂ ਨੂੰ ਆਮ ਕਰ ਕੇ ਪੁੱਛਿਆ ਜਾਂਦਾ ਹੈ ਕਿ ਉਹ ਲਿਖ ਕਿਵੇਂ ਲੈਂਦੇ ਹਨ। ਇਹ ਸਵਾਲ ਵੀ ਕੀਤਾ ਜਾਂਦਾ ਹੈ ਕਿ ਲੇਖਕ ਦੇ ਲਿਖਣ ਦਾ ਕੀ ਕਾਰਨ ਹੁੰਦਾ ਹੈ, ਭਾਵ ਲੇਖਕ ਕਿਉਂ ਲਿਖਦਾ ਹੈ। ਇਸ ਤੋਂ ਅੱਗੇ ਇਹ ਸਵਾਲ ਬਣ ਜਾਂਦਾ ਹੈ ਕਿ ਕੋਈ ਲੇਖਕ ਜਿਸ ਵਿਧਾ ਵਿਚ ਲਿਖਦਾ ਹੈ, ਉਸੇ ਵਿਚ ਹੀ ਕਿਉਂ ਲਿਖਦਾ ਹੈ। ਇਸੇ ਕਰਕੇ ਮੈਨੂੰ ਵੀ ਅਕਸਰ ‘ਕਿਵੇਂ ਲਿਖਦਾ ਹਾਂ’ ਤੇ ‘ਕਿਉਂ ਲਿਖਦਾ ਹਾਂ’ ਦੇ ਨਾਲ ਨਾਲ ਇਹ ਵੀ ਪੁੱਛਿਆ ਜਾਂਦਾ ਹੈ ਕਿ ਮੈਂ ਮੁੱਖ ਰੂਪ ਵਿਚ ਕਹਾਣੀ ਹੀ ਕਿਉਂ ਲਿਖਦਾ ਹਾਂ। ਕੋਈ ਲੇਖਕ ਕਿਉਂ ਲਿਖਦਾ ਹੈ, ਇਸ ਸਵਾਲ ਦਾ ਹਰ ਲੇਖਕ ਕੋਲ ਵੱਖਰਾ ਜਵਾਬ ਹੁੰਦਾ ਹੈ। ਕੋਈ ਲੇਖਕ ਕਿਵੇਂ ਲਿਖਦਾ ਹੈ, ਇਹ ਵੀ ਕੋਈ ਅਜਿਹੀ ਸਾਂਝੀ ਵਿਧੀ ਨਹੀਂ ਜੋ ਸਾਰੇ ਲੇਖਕਾਂ ਉਤੇ ਲਾਗੂ ਹੋ ਸਕੇ। ਹਾਂ, ਕੋਈ ਲੇਖਕ ਕਿਸੇ ਇਕ ਵਿਧਾ ਨੂੰ ਪਹਿਲ ਕਿਉਂ ਦਿੰਦਾ ਹੈ, ਇਸ ਸਵਾਲ ਦਾ ਉਤਰ ਕੁਝ ਕੁਝ ਸੰਭਵ ਹੁੰਦਾ ਹੈ।
ਮੇਰੇ ਵਿਚਾਰ ਅਨੁਸਾਰ ਕਹਾਣੀ, ਸਾਹਿਤ ਦਾ ਸਭ ਤੋਂ ਸਹਿਜ-ਸੁਭਾਵਿਕ ਰੂਪ ਹੈ। ਇਸ ਦਾ ਕਾਰਨ, ਸ਼ਾਇਦ, ਇਸ ਦਾ ਮਨੁੱਖ ਜਾਤੀ ਦੀ ਸ਼ੁਰੂਆਤ ਦੇ ਲਗਭਗ ਨਾਲ ਹੀ ਹੋਂਦ ਵਿਚ ਆ ਜਾਣਾ ਅਤੇ ਉਸ ਦੇ ਇਤਿਹਾਸ ਵਿਚ ਰਚੇ-ਵਸੇ ਹੋਏ ਹੋਣਾ ਹੈ। ਇਹ ਸੋਚਣਾ ਮੈਨੂੰ ਬਿਲਕੁਲ ਵਾਜਬ ਲਗਦਾ ਹੈ ਕਿ ਕਹਾਣੀ ਦਾ ਅਰੰਭ ਮਨੁੱਖੀ ਸੋਝੀ ਦੇ ਅਰੰਭ ਅਤੇ ਮਨੁੱਖੀ ਬੋਲੀ ਦੇ ਮੁਢਲੇ ਵਿਕਾਸ ਦੇ ਨਾਲੋ-ਨਾਲ ਹੋ ਗਿਆ ਹੋਵੇਗਾ। ਕਲਪਨਾ ਕੀਤੀ ਜਾ ਸਕਦੀ ਹੈ, ਜਦੋਂ ਪਸ਼ੂ-ਪੱਧਰ ਦੇ ਮਨੁੱਖੀ ਇੱਜੜ ਤੋਂ ਕਬੀਲਾ ਬਣੇ ਕਿਸੇ ਸਮੂਹ ਦੇ ਕਿਸੇ ਜੀਅ ਨੂੰ ਕਿਸੇ ਵੀ ਕਾਰਨ, ਜਿਵੇਂ ਫਲ, ਕੰਦਮੂਲ ਜਾਂ ਸ਼ਿਕਾਰ ਲਿਆਉਣ ਲਈ, ਆਪਣੇ ਟਿਕਾਣੇ ਤੋਂ ਦੂਰ ਜਾਣਾ ਪੈਂਦਾ ਹੋਵੇਗਾ, ਉਹਨੂੰ ਕਈ ਵਾਰ ਸ਼ੇਰ-ਚੀਤੇ, ਸੱਪ-ਸਲੂਤੀ ਆਦਿ ਦਾ ਸਾਹਮਣਾ ਹੋ ਜਾਂਦਾ ਹੋਵੇਗਾ। ਪਰਤ ਕੇ ਉਹ ਇਸ ਦਾ ਵੇਰਵਾ ਆਪਣੇ ਨਾਲ ਦਿਆਂ ਨੂੰ ਦੱਸਦਾ ਹੋਵੇਗਾ। ਨਿਰਸੰਦੇਹ ਉਹ ਵੇਰਵਾ ਹੂਬਹੂ ਨਹੀਂ ਹੁੰਦਾ ਹੋਵੇਗਾ। ਉਸ ਵਿਚ ਉਹ ਵਿਅਕਤੀ ਸਥਿਤੀ ਦੀ ਭਿਆਨਕਤਾ ਅਤੇ ਆਪਣੀ ਦਲੇਰੀ ਤੇ ਅਕਲ ਨੂੰ ਵੀ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੋਵੇਗਾ, ਤਾਂ ਜੋ ਉਹ ਘਟਨਾ ਦਾ ਨਾਇਕ ਬਣ ਕੇ ਉਭਰ ਸਕੇ। ਸੱਚ ਵਿਚ ਪਾਈ ਗਈ ਗੱਪ ਦੀ ਇਸ ਮਿੱਸ ਨੂੰ ਹੀ ਗਲਪ ਦਾ, ਭਾਵ ਕਹਾਣੀ ਦਾ ਮੁੱਢ ਮੰਨਿਆ ਜਾ ਸਕਦਾ ਹੈ।
ਇਉਂ ਕਹਾਣੀ ਦਾ ਮੁੱਢ ਕਿਰਤੀ ਅਤੇ ਭਾਸ਼ਾਈ ਮਨੁੱਖ ਦੇ ਮੁੱਢ ਦੇ ਨਾਲ ਹੀ ਸੁਭਾਵਿਕ ਰੂਪ ਵਿਚ ਬੱਝ ਗਿਆ। ਸ਼ਾਇਦ ਇਸੇ ਕਰਕੇ ਇਹ ਅੱਜ ਵੀ ਪਾਠਕ ਲਈ ਸਾਹਿਤ ਦੀ ਸਭ ਤੋਂ ਸੁਭਾਵਿਕ ਅਤੇ ਹਰਮਨ-ਪਿਆਰੀ ਵਿਧਾ ਹੈ। ਕਵਿਤਾ ਦਾ ਜਨਮ ਬਹੁਤ ਮਗਰੋਂ ਜਾ ਕੇ, ਹਾਸਲ ਕੀਤੇ ਗਿਆਨ ਨੂੰ ਅਗਲੀ ਪੀੜ੍ਹੀ ਦੇ ਹਵਾਲੇ ਕਰਨ ਦੀ ਲੋੜ ਵਿਚੋਂ ਹੋਇਆ। ਲਿਖਤੀ ਭਾਸ਼ਾ ਦਾ ਜਨਮ ਅਜੇ ਨਾ ਹੋਇਆ ਹੋਣ ਕਰਕੇ, ਕਵਿਤਾ ਸਾਧਾਰਨ ਵਾਰਤਿਕੀ ਗੱਲਾਂ ਨਾਲੋਂ ਚੇਤੇ ਰੱਖਣੀ ਵੱਧ ਸੌਖੀ ਸੀ।
ਜਨਮ ਤੋਂ ਪਿੱਛੋਂ ਦੇ ਕੁਝ ਸਮੇਂ ਦੀਆਂ ਲੋਰੀਆਂ ਤੋਂ ਮਗਰੋਂ ਇਹ ਕਹਾਣੀ ਹੀ ਹੈ ਜੋ ਮਾਂ ਅਤੇ ਫੇਰ ਆਪਣੇ ਹੋਰਾਂ ਦੇ ਮੂੰਹੋਂ ਵੱਖ ਵੱਖ ਰੂਪਾਂ ਵਿਚ ਬਾਲ ਦੇ ਕੰਨੀਂ ਪੈਂਦੀ ਹੈ। ਮੇਰੇ ਬਚਪਨ ਵਿਚ ਪੰਜਾਬ ਵਿਚ ਕਿਹੜੀ ਪੇਂਡੂ ਮਾਂ ਹੋਵੇਗੀ ਜਿਸ ਨੇ ਅਜੇ ਬੋਲੀ ਸਮਝਣ ਤੋਂ ਵੀ ਅਸਮਰੱਥ ਬਾਲ ਨੂੰ ਉਹ ਕਹਾਣੀ ਨਾ ਸੁਣਾਈ ਹੋਵੇ ਜਿਸ ਵਿਚ ਉਹ ਪਸ਼ੂ ਹਿੱਕਣ ਲਈ ਹੱਥ ਵਿਚ ਖੂੰਡੀ ਅਤੇ ਧੁੱਪ, ਬਰਖਾ ਜਾਂ ਠੰਢ ਤੋਂ ਬਚਣ ਲਈ ਸਿਰ ਉਤੇ ਭੂੰਗੀ ਲੈ ਕੇ ਖੇਤ ਜਾਂਦਾ ਹੈ ਤੇ ਕਿਧਰੇ ਗੁਆਚ ਜਾਂਦਾ ਹੈ। ਅੰਤ ਵਿਚ ਮਾਂ ਜਦੋਂ ਹਥੇਲੀ ਤੋਂ ਤੋਰੀਆਂ ਉਂਗਲਾਂ ਨਾਲ ਬਾਂਹ ਉਤੇ ਪੈੜ ਲੱਭਦੀ ਲੱਭਦੀ ਕੁਤਕੁਤਾੜੀ ਕਰਦੀ ਹੈ, ਕਹਾਣੀ ਨੂੰ ਨਾ ਸਮਝਦਿਆਂ ਵੀ ਬਾਲ ਉਸ ਵਿਚਲੀ ਮੋਹ-ਪਿਆਰ ਦੀ ਭਾਵਨਾ ਨੂੰ ਜ਼ਰੂਰ ਸਮਝ ਜਾਂਦਾ ਹੈ। ਕੁਤਕੁਤਾੜੀ ਨਾਲ ਉਹ ਵੀ ਖਿੜਖਿੜ ਹੱਸ ਪੈਂਦਾ ਹੈ ਅਤੇ ਮਾਂ ਵੀ ਖੁਸ਼ੀ ਨਾਲ ਖੀਵੀ ਹੋ ਜਾਂਦੀ ਹੈ।
ਸੁਰਤ ਸੰਭਾਲਣ ਮਗਰੋਂ ਮੇਰਾ, ਆਪਣੀ ਪੀੜ੍ਹੀ ਦੇ ਹੋਰ ਬਾਲਾਂ ਵਾਂਗ, ਬਹੁਤ ਨੇੜਲਾ ਵਾਹ ਬਾਤਾਂ ਨਾਲ ਪਿਆ ਜਿਨ੍ਹਾਂ ਦੀ ਨੁਹਾਰ ਸਾਹਿਤਕ ਕਹਾਣੀ ਨਾਲ ਵੱਡੀ ਹੱਦ ਤੱਕ ਮੇਲ ਖਾਂਦੀ ਸੀ। ਉਨ੍ਹਾਂ ਵਿਚ ਵੀ ਕਹਾਣੀ ਵਾਂਗ ਹੀ ਘਟਨਾਵਲੀ ਅਤੇ ਵਾਰਤਾਲਾਪ ਦੇ ਸਹਾਰੇ ਗੱਲ ਅੱਗੇ ਤੁਰਦੀ ਸੀ, ਕਹਾਣੀ ਦੇ ਪਾਠਕ ਵਾਂਗ ਸਰੋਤੇ ਦੀ ਦਿਲਚਸਪੀ ਬਣੀ ਰਹਿੰਦੀ ਸੀ ਅਤੇ ਕਹਾਣੀ ਵਾਂਗ ਹੀ ਕਿਸੇ ਸਮਾਜਕ ਸਰੋਕਾਰ ਨੂੰ ਆਧਾਰ ਬਣਾਇਆ ਗਿਆ ਹੁੰਦਾ ਸੀ। ਜਦੋਂ ਕੋਈ ਬਾਤ ਸੁਣਾਉਣ ਲਈ ਆਖਦਾ ਸੀ, ਅੱਗਿਓਂ ਸਵਾਲ ਹੁੰਦਾ ਸੀ, ਹੱਡਬੀਤੀ ਸੁਣਾਵਾਂ ਜਾਂ ਜੱਗਬੀਤੀ? ਹੱਡਬੀਤੀ ਨੂੰ ਉਹ ਆਪਣੇ ਨਾਲ ਬੀਤੀ ਹੋਣ ਕਰਕੇ ਭਾਵਨਾਵਾਂ ਦੇ ਪੱਖੋਂ ਵਧੇਰੇ ਗਹਿਰਾਈ ਨਾਲ, ਵਧੇਰੇ ਭਾਵੁਕਤਾ ਨਾਲ ਸੁਣਾਉਂਦਾ ਸੀ ਅਤੇ ਜੱਗਬੀਤੀ ਨੂੰ ਉਹ ਪਰਾਈ ਘਟਨਾ ਹੋਣ ਕਰਕੇ ਇਕ ਭਾਵੁਕ ਵਿੱਥ ਤੋਂ ਬਿਆਨ ਕਰਦਾ ਸੀ।
ਅੱਜ ਦੀ ਸਾਹਿਤਕ ਕਹਾਣੀ ਵਿਚ ਵੀ ਵਿਸ਼ਾ ਹੱਡਬੀਤੀ ਅਤੇ ਜੱਗਬੀਤੀ ਦੀ ਸ਼ਕਲ ਵਿਚ ਹੀ ਹੁੰਦਾ ਹੈ। ਪਰ ਹੁਣ ਪੇਸ਼ਕਾਰੀ ਨੇ ਏਨਾ ਕਲਾਤਮਕ ਰੂਪ ਧਾਰਨ ਕਰ ਲਿਆ ਹੈ ਕਿ ਲੇਖਕ ਹੱਡਬੀਤੀ ਨੂੰ ਕਲਪਿਤ ਪਾਤਰਾਂ ਰਾਹੀਂ ਅਤੇ ਘਟਨਾਵਾਂ ਨੂੰ ਛਾਂਗ-ਤਰਾਸ਼ ਕੇ ਤੇ ਵਧਾ-ਚੜ੍ਹਾ ਕੇ ਜੱਗਬੀਤੀ ਬਣਾ ਦਿੰਦਾ ਹੈ ਅਤੇ ਦੂਜੇ ਪਾਸੇ ਜੱਗਬੀਤੀ ਦੀ ਪੇਸ਼ਕਾਰੀ ਸਮੇਂ ਉਹ ਪਾਤਰਾਂ ਨੂੰ ਆਪਣੇ ਅੰਦਰ ਵਸਾ ਕੇ ਉਨ੍ਹਾਂ ਦੇ ਦੁਖ-ਸੁਖ ਨੂੰ ਏਨੀ ਤੀਬਰਤਾ ਨਾਲ ਅਨੁਭਵ ਕਰਦਾ ਹੈ ਕਿ ਜੱਗਬੀਤੀ ਵੀ ਹੱਡਬੀਤੀ ਜਿੰਨੀ ਹੀ ਜੀਵੰਤ ਹੋ ਨਿੱਬੜਦੀ ਹੈ।
ਅਬੋਧ ਉਮਰੇ ਚੇਤੇ ਦੀ ਤਖਤੀ ਉਤੇ ਲਿਖੇ ਜਾਂਦੇ ਰਹੇ ਸ਼ਬਦਾਂ ਦੇ ਸਹੀ ਅਰਥ ਤਾਂ ਭਾਵੇਂ ਵੱਡਾ ਹੋ ਕੇ ਪਹਿਲਾਂ ਪਾਠਕ ਤੇ ਫੇਰ ਲੇਖਕ ਬਣਿਆਂ ਹੀ ਸਮਝ ਆਏ, ਪਰ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਸਾਹਿਤ ਦੀ ਨਿੱਕੀ ਨਿੱਕੀ ਕਣੀ ਮਨ ਦੀ ਮਿੱਟੀ ਵਿਚ ਜੀਰੇ ਨਾ ਤੇ ਕੋਈ ਭਿੱਜੇ ਤਾਂ ਉਹਨੂੰ ਅਨੰਦ ਦਾ ਅਹਿਸਾਸ ਹੋਵੇ ਹੀ ਨਾ! ਇਸ ਸਬੰਧ ਵਿਚ ਲੋਰੀਆਂ, ਇਸਤਰੀਆਂ ਦੇ ਖੁਸ਼ੀ-ਗਮੀ, ਮੇਲ-ਵਿਛੋੜੇ ਦੇ ਗੀਤਾਂ, ਦਿਲ-ਚੀਰਵੇਂ ਵੈਣਾਂ, ਧਾਰਮਿਕ ਦੀਵਾਨਾਂ, ਕਵੀਸ਼ਰਾਂ, ਢੱਡ-ਸਾਰੰਗੀ ਵਾਲੇ ਗਮੰਤਰੀਆਂ, ਨਕਲੀਆਂ, ਨਚਾਰਾਂ, ਆਦਿ ਦੇ ਖਾੜਿਆਂ, ਭਰਪੂਰ ਕਹਾਣੀ-ਰਸ ਵਾਲੀਆਂ ਬਾਤਾਂ, ਸੱਥਾਂ ਵਿਚ ਤੇ ਪਿੱਪਲਾਂ-ਬੋਹੜਾਂ ਹੇਠ ਸੁਣੇ-ਸੁਣਾਏ ਜਾਂਦੇ ਕਿੱਸਿਆਂ ਅਤੇ ਫੇਰ ਅਜਿਹੇ ਬਹੁਤ ਕੁਝ ਨੂੰ ਲਾਊਡਸਪੀਕਰਾਂ ਰਾਹੀਂ ਘਰ ਘਰ ਪੁਚਾ ਦੇਣ ਵਾਲੇ ਤਵਿਆਂ ਦੀ ਬਹੁਤ ਵੱਡੀ ਭੂਮਿਕਾ ਤੇ ਮਹੱਤਤਾ ਰਹੀ ਹੈ। ਇਸ ਸਭ ਕੁਝ ਨੇ ਬਿਨਾਂ-ਸ਼ੱਕ ਮੇਰੇ ਮਨ ਦੀ ਮਿੱਟੀ ਅੱਗੇ ਚੱਲ ਕੇ ਸਾਹਿਤ ਦੀ ਬੂਟੀ ਲੱਗਣ ਲਈ ਵੱਤਰ ਕਰ ਦਿੱਤੀ।
ਸਾਹਿਤ ਤਾਂ ਸਾਡੇ ਪਿੰਡਾਂ ਵਿਚ ਵਿਆਪਕ ਅਨਪੜ੍ਹਤਾ ਅਤੇ ਅਖਬਾਰਾਂ, ਰਸਾਲਿਆਂ ਤੇ ਪੁਸਤਕਾਂ ਦੀ ਅਪਹੁੰਚਤਾ ਦੇ ਬਾਵਜੂਦ ਅਨੇਕ ਰੂਪਾਂ ਵਿਚ ਮਿੱਟੀ ਵਿਚ ਰਚਿਆ, ਪੌਣ ਵਿਚ ਰਮਿਆ ਤੇ ਪਾਣੀ ਵਿਚ ਘੁਲਿਆ ਹੋਇਆ ਸੀ। ਲੋਕਾਂ ਨੇ ਸ਼ਬਦ ‘ਸਾਹਿਤ’ ਸੁਣਿਆ ਤੱਕ ਨਹੀਂ ਸੀ ਹੁੰਦਾ, ਇਹਦੇ ਅਰਥ ਜਾਣਨਾ ਤਾਂ ਦੂਰ ਦੀ ਗੱਲ ਹੈ, ਪਰ ਉਹ ਸਾਹਿਤ ਦੇ ਵਿਚਕਾਰ ਵਸਦੇ ਸਨ ਤੇ ਉਹਨੂੰ ਮਾਣਦੇ ਸਨ।
ਇਕ ਵਰਣਨਯੋਗ ਗੱਲ ਇਹ ਹੈ ਕਿ ਸਾਹਿਤ ਬਚਪਨ ਤੋਂ ਹੀ ਮੇਰੇ ਲਈ ਕੋਈ ਓਪਰੀ ਚੀਜ਼ ਨਹੀਂ ਸੀ ਰਹਿ ਗਿਆ। ਧਾਰਮਿਕ ਸਾਹਿਤ ਅਤੇ ਰਚਨਾਤਮਕ ਸਾਹਿਤ ਵੀ- ਸਾਡੇ ਘਰ-ਪਰਿਵਾਰ ਦੀ ਰਹਿਤਲ ਦਾ ਮਹੱਤਵਪੂਰਨ ਅੰਗ ਬਣਿਆ ਹੋਇਆ ਸੀ। ਬਾਪੂ ਜੀ ਨੇ ਨੌਕਰੀ ਦੇ ਸਮੇਂ ਤੋਂ ਹੀ ਬਹੁਤ ਸਾਰੀਆਂ ਪੁਸਤਕਾਂ ਇਕੱਤਰ ਕੀਤੀਆਂ ਹੋਈਆਂ ਸਨ। ਇਨ੍ਹਾਂ ਵਿਚ ਹੋਰਾਂ ਤੋਂ ਇਲਾਵਾ ਨਾਨਕ ਸਿੰਘ ਦੇ ਨਾਵਲ ਵੀ ਸਨ ਅਤੇ ਗੁਰਬਖਸ਼ ਸਿੰਘ ਦੀਆਂ ਪੁਸਤਕਾਂ ਵੀ। ਪੁਸਤਕਾਂ ਦੇ ਨਾਲ ਨਾਲ ਅਖਬਾਰ-ਰਸਾਲੇ ਵੀ ਆਉਂਦੇ ਸਨ। ‘ਪ੍ਰੀਤਲੜੀ’ ਤਾਂ ਹਰ ਮਹੀਨੇ ਆਉਂਦਾ ਹੀ ਸੀ। ਮਗਰੋਂ ਲੁਧਿਆਣੇ ਤੋਂ ਬਹੁਤ ਵਧੀਆ ਸਾਹਿਤਕ-ਰਾਜਨੀਤਕ ਪੰਜਾਬੀ ਹਫਤਾਵਾਰ ‘ਲਲਕਾਰ’ ਨਿਕਲਿਆ ਤਾਂ ਉਹ ਵੀ ਆਉਣ ਲਗਿਆ। ਇਉਂ ਸਾਹਿਤ ਦਾ ਬੀ ਮੇਰੇ ਮਨ ਵਿਚ ਬਹੁਤ ਅਗੇਤਾ ਹੀ ਬੀਜਿਆ ਗਿਆ ਸੀ।
ਆਪਣੇ ਪਿੰਡ ਪਿੱਥੋ ਦਾ ਪ੍ਰਾਇਮਰੀ ਸਕੂਲ ਮੁਕਾ ਕੇ ਪੰਜਵੀਂ ਵਿਚ ਰਾਮਪੁਰਾ ਫੂਲ ਦਾਖਲ ਹੋਇਆ ਤਾਂ ਬਾਪੂ ਜੀ ਫੌਜ ਵਿਚੋਂ ਪੈਨਸ਼ਨ ਲੈ ਕੇ ਘਰ ਆ ਚੁੱਕੇ ਸਨ। ਸਕੂਲੋਂ ਮੁੜਦਿਆਂ ਉਨ੍ਹਾਂ ਲਈ ਪੰਜਾਬੀ ਦਾ ਰੋਜ਼ਾਨਾ ਅਖਬਾਰ ਲਿਆਉਣਾ ਹੁੰਦਾ। ਭਾਈ ਖਜ਼ਾਨ ਸਿੰਘ ਆਪਣੀ ਬਸਾਤੀ ਦੀ ਦੁਕਾਨ ਉਤੇ ਅਖਬਾਰ-ਰਸਾਲੇ ਵੀ ਰਖਦਾ ਸੀ ਅਤੇ ਪੰਜਾਬੀ ਸਾਹਿਤ ਵੀ, ਤੇ ਉਹ ਪੁਸਤਕਾਂ ਕਿਰਾਏ ਉਤੇ ਵੀ ਦਿੰਦਾ ਸੀ। ਮੈਂ ਇਕ ਪੁਸਤਕ ਮੋੜ ਆਉਂਦਾ ਤੇ ਦੁਆਨੀ ਦੇ ਕੇ ਬਾਪੂ ਜੀ ਦੀ ਦੱਸੀ ਹੋਈ ਦੂਜੀ ਲਿਆ ਦਿੰਦਾ। ਜ਼ਮੀਨ ਸਾਡੀ ਹਿੱਸੇ-ਠੇਕੇ ਉਤੇ ਦਿੱਤੀ ਹੋਈ ਹੁੰਦੀ ਸੀ। ਗਰਮੀਆਂ ਵਿਚ ਪਿਛਲੇ ਪਹਿਰ ਅਤੇ ਸਿਆਲਾਂ ਵਿਚ ਰਾਤ ਨੂੰ ਮੇਰੀ ਮਾਂ ਕੰਮ-ਕਾਰ ਤੋਂ ਵਿਹਲੀ ਹੋ ਕੇ ਚਰਖਾ ਕੱਤਦੀ, ਗਲੋਟੇ ਅਟੇਰਦੀ ਜਾਂ ਹੋਰ ਅਜਿਹਾ ਕੁਝ ਕਰਦੀ। ਕੋਲ ਬੈਠ ਕੇ ਬਾਪੂ ਜੀ ਉਚੀ ਆਵਾਜ਼ ਵਿਚ ਕਿਸੇ ਪੁਸਤਕ ਦਾ ਪਾਠ ਕਰਦੇ। ਕਿਸੇ ਨਾ ਕਿਸੇ ਪੁਸਤਕ ਦਾ ਪਾਠ ਚਲਦਾ ਹੀ ਰਹਿੰਦਾ। ਜਿੰਨੇ ਕਾਂਡ ਪੜ੍ਹਨੇ ਹੁੰਦੇ, ਪੜ੍ਹ ਕੇ ਨਿਸ਼ਾਨੀ ਰਖਦਿਆਂ ਉਹ ਪੁਸਤਕ ਅਗਲੇ ਦਿਨ ਤਕ ਸੰਤੋਖ ਦਿੰਦੇ। ਮੈਂ ਆਮ ਕਰਕੇ ਥੋੜ੍ਹਾ ਹਟਵਾਂ ਬੈਠਾ ਸਕੂਲ ਦਾ ਕੰਮ ਕਰਦਾ। ਮੇਰੇ ਲਈ ਸਾਹਿਤ ਉਸ ਸਮੇਂ ਸ਼ਾਇਦ ਸਮਝੋਂ ਪਰ੍ਹੇ ਤੇ ਪੜ੍ਹਾਈ ਲਈ ਵਿਘਨਕਾਰੀ ਸਮਝਿਆ ਜਾਂਦਾ ਹੋਵੇਗਾ। ਤਾਂ ਵੀ ਇਉਂ ਪੁਸਤਕਾਂ ਫਰੋਲਣ ਦੀ ਸਮਝ ਅਤੇ ਉਮਰ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਸਬੱਬੀ ਸਰਸਰੀ ਸਰੋਤਾ ਜ਼ਰੂਰ ਬਣ ਗਿਆ।
ਇਹ ਸੀ ਮਾਹੌਲ ਜੀਹਦੇ ਵਿਚ ਮੈਂ ਸੁਰਤ ਸੰਭਾਲੀ। ਤੇ ਅਜਿਹਾ ਮਾਹੌਲ ਮਿਲਣਾ ਮੇਰਾ ਸੁਭਾਗ ਸੀ ਕਿਉਂਕਿ ਇਸੇ ਸਦਕਾ ਮੈਂ ਹਜ਼ਾਰਾਂ ਸਾਲ ਦੂਰ ਤੱਕ ਜੜ੍ਹਾਂ ਵਾਲੇ ਆਪਣੇ ਗੌਰਵਸ਼ਾਲੀ ਸਾਹਿਤਕ, ਸਭਿਆਚਾਰਕ ਤੇ ਭਾਸ਼ਾਈ ਪਿਛੋਕੇ ਬਾਰੇ ਚੇਤੰਨ ਹੋ ਸਕਿਆ। ਇਸੇ ਚੇਤਨਾ ਨੇ ਮੇਰੀ ਭਵਿੱਖੀ ਸਮਾਜਕ ਸੋਚ ਅਤੇ ਸਾਹਿਤਕ ਦ੍ਰਿਸ਼ਟੀ ਨੂੰ ਡੌਲਿਆ-ਢਾਲਿਆ।
ਇਹ ਗੱਲ ਠੀਕ ਹੈ ਕਿ ਕੇਵਲ ਸਾਹਿਤਕ ਮਾਹੌਲ ਕਿਸੇ ਨੂੰ ਸਾਹਿਤਕਾਰ ਨਹੀਂ ਬਣ ਸਕਦਾ, ਪਰ ਇਹ ਗੱਲ ਵੀ ਏਨੀ ਹੀ ਠੀਕ ਹੈ ਕਿ ਜੇ ਕਿਸੇ ਵਿਅਕਤੀ ਵਿਚ ਸਾਹਿਤਕ ਸੰਭਾਵਨਾ ਮੌਜੂਦ ਹੋਵੇ, ਸਾਹਿਤਕ ਮਾਹੌਲ ਨਿਰਸੰਦੇਹ ਉਸ ਲਈ ਪ੍ਰੇਰਕ ਅਤੇ ਸਹਾਇਕ ਸਿੱਧ ਹੁੰਦਾ ਹੈ। ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮਾਣ ਹੁੰਦਾ ਹੈ ਕਿ ਸਾਡੇ ਬਹੁਤ ਪਛੜੇ ਹੋਏ ਇਲਾਕੇ ਅੰਦਰ ਕੇਵਲ ਸਾਡੇ ਪਿੰਡ ਵਿਚ ਹੀ ਨਹੀਂ, ਸਗੋਂ ਨੇੜ-ਤੇੜ ਦੇ ਪਿੰਡਾਂ ਵਿਚ ਵੀ ਸ਼ਾਇਦ ਇਕ ਸਾਡਾ ਘਰ ਹੀ ਇਉਂ ਸਾਹਿਤਕ ਸੀ। ਮੇਰਾ ਮੰਨਣਾ ਹੈ, ਇਸ ਪਿਛੋਕੜ ਨੇ ਕਹਾਣੀ ਵਿਚ ਮੇਰੀ ਦਿਲਚਸਪੀ ਵੀ ਜਗਾਈ ਅਤੇ ਮੈਨੂੰ ਕਹਾਣੀ ਦੀ ਸੋਝੀ ਵੀ ਕਰਵਾਈ।
(ਚਲਦਾ)