ਜਗਤਾਰ ਨੇ ਦਲਜੀਤ ਦੀ ਆਖਰੀ ਕੋਸ਼ਿਸ਼ ਕਿੱਦਾਂ ਪੰਕਚਰ ਕੀਤੀ

‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀਆਂ ਯਾਦਾਂ ਦੀ ਲੜੀ
ਅਮੋਲਕ ਸਿੰਘ ਜੰਮੂ
ਮੈਂ ਦੱਸ ਚੁੱਕਾ ਹਾਂ ਕਿ ‘ਪੰਜਾਬੀ ਟ੍ਰਿ੍ਰਬਿਊਨ’ ਸ਼ੁਰੂ ਹੋਣ ਤੋਂ ਦੋ-ਤਿੰਨ ਸਾਲਾਂ ਅੰਦਰ ਹੀ ਟ੍ਰਿਬਿਊਨ ਅਦਾਰੇ ਅੰਦਰ
ਮੁਲਾਜ਼ਮ ਯੂਨੀਅਨ ਬਣ ਗਈ ਸੀ ਤੇ ਫਿਰ ਬਹੁਤ ਤਾਕਤਵਰ ਵੀ ਹੋ ਗਈ ਸੀ। ਇਸ ਨੇ ਅਦਾਰੇ ਦੀ ਮੈਨੇਜਮੈਂਟ ਉਤੇ ਪੂਰਾ ਦਾਬਾ ਪਾ ਲਿਆ ਪਰ ਇਹ ‘ਸਤਿਯੁਗ’ ਸੱਤਾ ਤੇ ਕਾਬਜ਼ ਹੋਣ ਵਾਲੇ ਧੜੇ ਦੇ ਮੈਂਬਰਾਂ ਲਈ ਹੀ ਸਾਬਤ ਹੋਇਆ ਅਤੇ ਸਾਰੇ ਲਾਭ/ਫਾਇਦੇ ਵੀ ਉਸੇ ਧੜੇ ਦੇ ਨਵੇਂ ਬਣੇ ਦਾਦਾ ਕਿਸਮ ਦੇ ਲੋਕਾਂ ਨੇ ਹਥਿਆ ਲਏ। ਯੂਨੀਅਨ ਅਦਾਰੇ ਦੇ ਮੁਲਾਜ਼ਮਾਂ ਲਈ ਸੁੱਖ ਸਹੂਲਤਾਂ, ਤਰੱਕੀਆਂ, ਨਿਯੁਕਤੀਆਂ ਵਿਚ ਕਿਸ ਤਰ੍ਹਾਂ ਦਖਲਅੰਦਾਜ਼ੀ ਕਰਦੀ ਸੀ, ਉਸ ਦੀਆਂ ਕਈ ਭੈੜੀਆਂ ਮਿਸਾਲਾਂ ਮੈਨੂੰ ਯਾਦ ਹਨ ਪਰ ਮੈਂ ਆਪਣੇ ਆਪ ਨੂੰ ਪੰਜਾਬੀ ਟ੍ਰਿਬਿਊਨ ਤਕ ਹੀ ਸੀਮਤ ਰਖਾਂਗਾ।
1986 ਦੇ ਸ਼ੁਰੂ ਵਿਚ ਹੀ ਟ੍ਰਿਬਿਊਨ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਮੋਹਣ ਲਾਲ ਦੇ ਆਸਰੇ ਜਗਤਾਰ ਸਿੱਧੂ ਨੇ ਸਟਾਫ ਰਿਪੋਰਟਰ ਦੇ ਅਹੁਦੇ ਨੂੰ ਹੱਥ ਮਾਰ ਹੀ ਲਿਆ ਸੀ। ਜਗਤਾਰ ਬੜਾ ਜੁਗਤੀ ਸਾਬਤ ਹੋਇਆ ਅਤੇ ਸਾਡੇ ਵੇਖਦਿਆਂ-ਵੇਖਦਿਆਂ ਬਹੁਤ ਜਲਦੀ ਹੀ ਉਹ ਯੂਨੀਅਨ ਦਾ ਸਰਵੇ-ਸਰਵਾ ਬਣ ਗਿਆ। ਦੂਜੇ ਪਾਸੇ ‘ਪੰਜਾਬੀ ਟ੍ਰਿਬਿਊਨ’ ਦੇ ਸਾਹਿਤਕ ਰੁਚੀਆਂ ਵਾਲੇ ਸ਼ਰੀਫ ਤੇ ਦਾਨਿਸ਼ਵਰ ਸੰਪਾਦਕ ਸ਼ ਗੁਲਜ਼ਾਰ ਸਿੰਘ ਸੰਧੂ ਨੂੰ ਦਲਜੀਤ ਸਰਾਂ ਪ੍ਰਤੀ ਨਰਮ ਗੋਸ਼ਾ ਰੱਖਣ ਦੀ ਭਾਰੀ ਕੀਮਤ ਤਾਰਨੀ ਪਈ। ਸੰਧੂ ਸਾਹਿਬ ਜਨਰਲ ਮੈਨੇਜਰ ਭਾਂਬਰੀ ਦੀਆਂ ਨਜ਼ਰਾਂ ਵਿਚ ਆ ਗਏ। ਉਨ੍ਹਾਂ ਨੂੰ ਪ੍ਰੇਸ਼ਾਨੀਆਂ ਤਾਂ ਕੀ, ਇੱਕ ਤਰ੍ਹਾਂ ਨਾਲ ਮਾਨਸਿਕ ਤਸੀਹੇ ਦਿੱਤੇ ਜਾਣ ਲੱਗੇ। ਬਾਅਦ ਵਿਚ ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਭਾਅ ਦੀ ਤਾਂ ਬਿਪਤਾ ਹੀ ਬਣੀ ਰਹੀ ਸੀ। ਜਨਰਲ ਮੈਨੇਜਰ ਅਕਸਰ ਹੀ ਉਨ੍ਹਾਂ ਦੇ ਕਮਰੇ ਵਿਚ ਆ ਕੇ ਅਕਾਰਨ ਹੀ ਬੈਠਾ ਰਿਹਾ ਕਰੇ। ਉਨ੍ਹਾਂ ਅੰਦਰੇ-ਅੰਦਰ ਬੇਚੈਨ ਹੋਈ ਜਾਇਆ ਕਰਨਾ। ਅਖੀਰ 1987 ਦੇ ਅੰਤ ਜਾਂ 1988 ਦੇ ਸ਼ੁਰੂ ਜਿਹੇ ਵਿਚ ਇੱਕ ਦਿਨ ਜਨਰਲ ਮੈਨੇਜਰ ਨੇ ਸਿੱਧਾ ਹੀ ਉਨ੍ਹਾਂ ਨੂੰ ਅਸਤੀਫਾ ਦੇ ਜਾਣ ਲਈ ਇਸ਼ਾਰਾ ਕਰ ਦਿੱਤਾ। ਇਸ ਸਮੇਂ ਤੱਕ ਹਰਭਜਨ ਹਲਵਾਰਵੀ ਦੀ ਮੁਲਾਜ਼ਮ ਯੂਨੀਅਨ ਨਾਲ ਅਟੀ-ਸਟੀ ਪੂਰੀ ਤਰ੍ਹਾਂ ਫਿੱਟ ਆ ਗਈ ਹੋਈ ਸੀ। ਸੰਧੂ ਸਾਹਿਬ ਨੂੰ ਟਰੱਸਟ ਨੇ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਪੂਰੇ ਮਾਣ-ਸਨਮਾਨ ਨਾਲ ਝੱਟ ਅਸਤੀਫਾ ਦੇ ਗਏ। ਉਨ੍ਹਾਂ ਤੋਂ ਬਾਅਦ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹਰਭਜਨ ਹਲਵਾਰਵੀ ਬਣੇ।
ਕੁਝ ਸਮੇਂ ਬਾਅਦ ਸਟਾਫ ਰਿਪੋਰਟਰ ਦੀ ਦੂਜੀ ਅਸਾਮੀ ਨਿਕਲ ਆਈ। ਇਸ ਵਾਰ ਫਿਰ ਦਲਜੀਤ ਸਰਾਂ ਇਸ ਪੋਸਟ ਲਈ ਮੁੱਖ ਦਾਅਵੇਦਾਰ ਸੀ। ਸਾਡੇ ਸਭ ਦੇ ਮਨ ਵਿਚ ਸੀ ਕਿ ਜਗਤਾਰ ਥੋੜ੍ਹੀ ਬਹੁਤ ਸੰਗ ਜ਼ਰੂਰ ਮੰਨੇਗਾ ਅਤੇ ਸੰਪਾਦਕ ਕਿਸੇ ਤਰ੍ਹਾਂ ਦਾ ਰੌਲਾ-ਰੱਪਾ ਪਵਾਉਣ ਤੋਂ ਬਿਨਾਂ ਹੀ ਸਟਾਫ ਰਿਪੋਰਟਰੀ ਲਈ ਦਲਜੀਤ ਦੇ ਨਾਂ ਦੀ ਸਿਫਾਰਸ਼ ਕਰ ਦੇਵੇਗਾ। ਗੁਰਦਿਆਲ ਬੱਲ ਨੇ ਖੁਦ ਜਗਤਾਰ ਦੇ ਘਰ ਜਾ ਕੇ ਉਸ ਨਾਲ ਗੱਲ ਕੀਤੀ ਪਰ ਉਸ ਨੇ ਕੋਈ ਪੱਲਾ ਨਾ ਫੜਾਇਆ।
ਐਡਵੋਕੇਟ ਰਜਿੰਦਰ ਸਿੰਘ ਚੀਮਾ ਹਰਭਜਨ ਹਲਵਾਰਵੀ ਦਾ ਵੀ ਬਰਜਿੰਦਰ ਸਿੰਘ ਜਿੰਨਾ ਹੀ ਯਾਰ ਸੀ। ਉਤੋਂ ਇਹ ਵੀ ਸੀ ਕਿ ਅਸਿਸਟੈਂਟ ਐਡੀਟਰ ਦੀ ਵੱਕਾਰੀ ਪੋਸਟ ‘ਤੇ ਹਲਵਾਰਵੀ ਨੂੰ ਲਿਆਉਣ ਲਈ ਬਰਜਿੰਦਰ ਸਿੰਘ ਦਾ ਮਨ ਬਣਾਉਣ ਵਿਚ ਪ੍ਰੋæ ਐਸ਼ਪੀæ ਸਿੰਘ ਦੇ ਨਾਲ ਚੀਮਾ ਸਾਹਿਬ ਨੇ ਵੀ ਖਾਸ ਭੂਮਿਕਾ ਨਿਭਾਈ ਸੀ। ਮੈਂ ਬੱਲ ਨੂੰ ਚੇਤੇ ਕਰਵਾਇਆ ਕਿ ਜੋ ਪੱਤਾ ਮੇਰੇ ਮੁਕਾਬਲੇ ਸ਼ਮਸ਼ੇਰ ਸੰਧੂ ਦੇ ਆ ਜਾਣ ਕਾਰਨ ਮੇਰੇ ਕੇਸ ਵਿਚ ਨਹੀਂ ਸੀ ਚੱਲਿਆ, ਇਸ ਵਾਰ ਕੰਮ ਦੇ ਸਕਦਾ ਸੀ। ਇਸ ਤਰੁਪ ਦੇ ਪੱਤੇ ਬਾਰੇ ਚੇਤਾ ਆਉਂਦੇ ਸਾਰ ਹੀ ‘ਲੈ ਕੰਮ ਬਣ ਗਿਆ’ ਆਖ ਕੇ ਬੱਲ ਬਾਬੇ ਨੇ ਆਪਣਾ ਸਾਈਕਲ ਸੈਕਟਰ 21 ਵਿਚ ਚੀਮੇ ਦੀ ਕੋਠੀ ਵੱਲ ਰੇੜ੍ਹ ਦਿੱਤਾ।
ਬੱਲ ਨੇ ਚੀਮਾ ਸਾਹਿਬ ਦੇ ਘਰ ਜਾ ਕੇ ਉਨ੍ਹਾਂ ਅੱਗੇ ਆਪਣੀ ਕਹਾਣੀ ਪਾ ਦਿੱਤੀ। ਚੀਮਾ ਸਹਿਬ ਪਹਿਲਾਂ ਤਾਂ ਕੁਝ ਬੋਲੇ ਹੀ ਨਾ। ਫਿਰ ਟੈਲੀਫੋਨ ਸੁਣਨ ਦੇ ਬਹਾਨੇ ਕੁਝ ਸਮਾਂ ਐਵੇਂ ਹੀ ਅੰਦਰ ਬਾਹਰ ਆਈ ਜਾਈ ਗਏ। ਅਖੀਰ ਆ ਕੇ ਕਹਿਣ ਲੱਗੇ, ਬਾਬਿਆ! ਬੜਾ ਵੱਡਾ ਧਰਮ ਸੰਕਟ ਖੜ੍ਹਾ ਕਰ ਦਿੱਤਾ ਈ, ਤੂੰ ਮੇਰੇ ਲਈ। ਮੈਂ ਸਾਰੀ ਉਮਰ ਕਿਸੇ ਨੂੰ ਵੀ ਸਿਫਾਰਸ਼ ਵਰਗਾ ਕੋਈ ਸਵਾਲ ਕਦੀ ਇਸ ਡਰੋਂ ਨਹੀਂ ਪਾਇਆ ਕਿ ਨਜ਼ਰਅੰਦਾਜ਼ ਕਰ ਦਿੱਤੇ ਜਾਣ ‘ਤੇ ਅਜਿਹੇ ਆਦਮੀ ਦੇ ਮੱਥੇ ਲੱਗਣਾ ਵੀ ਮੁਸ਼ਕਿਲ ਹੋ ਜਾਏਗਾ। ਉਨ੍ਹਾਂ ਦੀ ਖੁਦਦਾਰੀ ਦਾ ਸੁਭਾਅ ਹੀ ਅਜਿਹਾ ਸੀ ਤੇ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਹਲਵਾਰਵੀ ਉਨ੍ਹਾਂ ਦਾ ਯਾਰ ਹੈ ਪਰ ਡਰ ਇਸ ਗੱਲ ਦਾ ਹੈ ਕਿ ਹੋ ਸਕਦਾ ਹੈ ਕਿ ਉਹ ਗੱਲ ਨਾ ਮੰਨੇ! ਇਸ ਤੌਖਲੇ ‘ਤੇ ਬੱਲ ਨੇ ਜਰਕਣ ਦੀ ਥਾਂ ਸਗੋਂ ਝੂਠੀ-ਮੂਠੀ ਦਾ ਤਾਅ ਖਾ ਜਾਣ ਦੀ ਐਕਟਿੰਗ ਕਰਦਿਆਂ ਆਖਿਆ ਕਿ ਅੱਛਾ! ਵੱਡਾ ਅੜਿੱਕਾ ਉਨ੍ਹਾਂ ਦੀ ਖੁਦਦਾਰੀ ਦਾ ਸੀ। ਬੱਲ ਨੇ ਆਪਣੇ ਆਪ ਨੂੰ ਹੀ ਹਵਾ ਵਿਚ ਗਾਲਾਂ ਦੇ ਗੋਲੇ ਦਾਗਦਿਆਂ ਆਖਣਾ ਸ਼ੁਰੂ ਕਰ ਦਿੱਤਾ, ਠੀਕ ਹੈ, ਆਤਮ ਸਨਮਾਨ ਦੀ ਗੱਲ ਕਰਨ ਦਾ ਹੱਕ ਕੇਵਲ ਤੁਹਾਨੂੰ ਹੀ ਹੈ, ਉਸ ਨੂੰ ਬਿਲਕੁਲ ਨਹੀਂ ਜੋ ਐਵੇਂ ਕਿਸੇ ਆਸ ਦੇ ਤਹਿਤ ਮੂੰਹ ਚੁੱਕ ਕੇ ਤੁਹਾਡੇ ਕੋਲ ਚਲਾ ਆਇਆ? ਅਖੀਰ ਬੱਲ ਨੇ ਆਪਣੇ ਉਮੀਦਵਾਰ ਦੇ ਵਜ਼ਨ ਅਤੇ ਅਪਣੱਤ ਦੇ ਜ਼ੋਰ ਨਾਲ ਚੀਮਾ ਸਾਹਿਬ ਦੇ ਹੱਥ ਖੜ੍ਹੇ ਕਰਵਾ ਦਿੱਤੇ।
ਅਗਲੇ ਜਾਂ ਅਗਲੇਰੇ ਦਿਨ ਦਲਜੀਤ ਨੇ ਚੀਮਾ ਸਾਹਿਬ ਨੂੰ ਮਿਲ ਕੇ ਕਿਹਾ ਵੀ ਕਿ ਉਹ ਧਰਮ ਸੰਕਟ ਵਿਚ ਨਾ ਪੈਣ, ਪਰ ਦੋ ਤਿੰਨ ਦਿਨ ਬਾਅਦ ਚੀਮਾ ਸਾਹਿਬ ਆਪਣੀ ਪਤਨੀ ਦੇ ਨਾਲ ਹਲਵਾਰਵੀ ਦੇ ਘਰ ਰਾਤ ਦੇ ਖਾਣੇ ਦੇ ਬਹਾਨੇ ਗਏ ਅਤੇ ਦਲਜੀਤ ਦੇ ਹੱਕ ‘ਚ ਸਿਫਾਰਸ਼ ਕਰਨ ਲਈ ਉਸ ਤੋਂ ਹਾਂ ਕਰਵਾ ਲਈ। ਅਗਲੇ ਦਿਨ ਹਲਵਾਰਵੀ ਸਾਹਿਬ ਨੇ ਦਲਜੀਤ ਨੂੰ ਸੱਦ ਕੇ ਘੰਟਾ ਲੰਮੀ ਗੱਲਬਾਤ ਕੀਤੀ। ਨਵੇਂ ਪੁਰਾਣੇ ਗਿਲੇ ਸ਼ਿਕਵੇ ਸਾਂਝੇ ਕੀਤੇ। ਚੀਫ ਐਡੀਟਰ ਅੱਗੇ ਦਲਜੀਤ ਦੇ ਨਾਂ ਦੀ ਸਿੱਧੀ ਸਿਫਾਰਸ਼ ਕਰ ਦੇਣ ਦਾ ਵਾਅਦਾ ਕੀਤਾ। ਸਦਭਾਵਨਾ ਭਰੇ ਮਾਹੌਲ ਵਿਚ ਦਲਜੀਤ ਨੂੰ ਅਲਵਿਦਾ ਕਹਿੰਦਿਆਂ ਸੰਪਾਦਕ ਨੇ ਹਿੱਕ ਥਾਪੜ ਕੇ ਕਿਹਾ ਕਿ ਜਗਤਾਰ ਆਪਣਾ ਹੀ ਆਦਮੀ ਹੈ, ਉਸ ਨੂੰ ਇਥੇ ਹੀ ਬੁਲਾ ਕੇ ਆਪਣਾ ਇਹ ਨਿਰਣਾ ਸੁਣਾ ਦੇਣਾ ਹੈ। ਦਲਜੀਤ ਹੱਸ ਪਿਆ ਅਤੇ ਇਹ ਆਖ ਕੇ ਕਮਰੇ ਵਿਚੋਂ ਬਾਹਰ ਆ ਗਿਆ ਕਿ ਜੇ ਅਜੇ ਵੀ ਜਗਤਾਰ ਦੀ ਸਲਾਹ ਹੀ ਲੈਣੀ ਹੈ ਤਾਂ ਇਹ ਕੰਮ ਇੱਥੇ ਹੀ ਛੱਡ ਦਿੱਤਾ ਜਾਵੇ।
ਸੰਪਾਦਕ ਹਲਵਾਰਵੀ ਨੇ ਜਗਤਾਰ ਸਿੱਧੂ ਨੂੰ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੈਰਾਂ ਉਤੇ ਪਾਣੀ ਨਾ ਪੈਣ ਦਿੱਤਾ। ਉਲਟਾ ਉਸ ਨੇ ਇਹ ਕਹਿੰਦਿਆਂ ਸੰਪਾਦਕ ਨੂੰ ਸਾਵਧਾਨ ਕੀਤਾ ਕਿ ਉਹ ਆਪਣਾ ਪੜ੍ਹਿਆ ਵਿਚਾਰ ਲਵੇ ਅਤੇ ਇਹ ਗੱਲ ਚੇਤੇ ਰੱਖੇ ਕਿ ਦਲਜੀਤ ਸ਼ੁਰੂ ਤੋਂ ਹੀ ਮੁਲਾਜ਼ਮ ਯੂਨੀਅਨ ਦਾ ਦੁਸ਼ਮਣ ਹੈ।
ਚੀਮਾ ਸਾਹਿਬ ਦੀ ਬੱਲ ਨੂੰ ਆਖੀ ਗੱਲ ਠੀਕ ਨਿਕਲੀ। ਹਲਵਾਰਵੀ ਨੇ ਜਗਤਾਰ ਦੀ ਗੱਲ ਮੰਨਦਿਆਂ ਅਗਲੇ ਦਿਨ ਸਟਾਫ ਰਿਪੋਟਰ ਦੀ ਪੋਸਟ ਸਾਰਿਆਂ ਲਈ ਓਪਨ ਕਰ ਦਿੱਤੀ। ਪਰੂਫ ਰੀਡਰ ਸੁਰਿੰਦਰ ਇਸ ਸਮੇਂ ਤੱਕ ਸਬ ਐਡੀਟਰ ਬਣ ਗਿਆ ਹੋਇਆ ਸੀ। ਉਹ ਯੂਨੀਅਨ ਦਾ ਜਾਂ ਜਗਤਾਰ ਦਾ ਆਫੀਸ਼ਲ ਉਮੀਦਵਾਰ ਸੀ। ਇਸ ਤਰ੍ਹਾਂ ਦਲਜੀਤ, ਸੁਰਿੰਦਰ ਤੇਜ ਅਤੇ ਅਸ਼ੋਕ ਕੁਮਰ ਸ਼ਰਮਾ ਸਮੇਤ ਇਸ ਵਾਰ ਦੋ ਦੀ ਥਾਂ ਚਾਰ ‘ਸੱਜਣ’ ਮੈਦਾਨ ਵਿਚ ਸਨ। ਦਲਜੀਤ, ਤੇਜ, ਅਸ਼ੋਕ ਅਤੇ ਉਨ੍ਹਾਂ ਦੇ ਸਾਰੇ ਸਮਰਥਕਾਂ ਦਾ ਸਾਰਾ ਜ਼ੋਰ ਸੀਨੀਅਰਿਟੀ ਤੈਅ ਕਰਵਾ ਕੇ ਸੁਰਿੰਦਰ ਨੂੰ ਰੇਸ ਵਿਚੋਂ ਬਾਹਰ ਕਢਵਾਉਣ ‘ਤੇ ਲੱਗਿਆ ਹੋਇਆ ਸੀ। ਹਲਵਾਰਵੀ ਨੇ ਇਹ ਰੇਸ ਸ਼ੁਰੂ ਕਰਵਾ ਕੇ ਆਪਣੇ ਗਲ ਤਾਂ ਬਿਪਤਾ ਪਾਈ ਹੀ, ਚੀਫ ਐਡੀਟਰ ਵੀæਐਨæ ਨਰਾਇਣਨ ਲਈ ਵੀ ਸਿਰਦਰਦੀ ਖੜ੍ਹੀ ਕਰ ਦਿੱਤੀ। ਤਿੰਨੇ ਉਮੀਦਵਾਰ ਨਰਾਇਣਨ ਨਾਲ ਮੀਟਿੰਗਾਂ ਕਰ ਕੇ ਸੀਨੀਆਰਟੀ ਮਿਥਣ ਲਈ ਜ਼ੋਰ ਪਾ ਰਹੇ ਸਨ। ਅਸ਼ੋਕ ਸ਼ਰਮਾ ਨੂੰ ਅਜਿਹੇ ਮੌਕਿਆਂ ‘ਤੇ ਗੱਲ ਜ਼ਰਾ ਜ਼ਿਆਦਾ ਹੀ ਚੱਬ ਕੇ ਕਰਨ ਦੀ ਵਾਦੀ ਸੀ। ਵੀæਐਨæ ਨਰਾਇਣਨ ਉਸ ਦੇ ਇਸ ਅੰਦਾਜ਼ ‘ਤੇ ਖਿੱਝ ਗਿਆ ਅਤੇ ਉਸ ਨੇ ਇਹ ਆਖ ਕੇ ਉਸ ਦਾ ਭਾਂਡਾ ਭੰਨ ਦਿੱਤਾ ਕਿ ਉਹ ਇੱਕ ਪਾਸੇ ਸੀਨੀਆਰਟੀ-ਸੀਨੀਆਰਟੀ ਕਰੀ ਜਾਂਦਾ ਹੈ, ਦੂਜੇ ਪਾਸੇ ਸਭ ਤੋਂ ਤਕੜੀ ਸਿਫਾਰਸ਼ ਵੀ ਉਸੇ ਦੀ ਆਈ ਹੋਈ ਸੀ। ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਅਸ਼ੋਕ ਦਾ ਕੈਰੋਂ ਵੇਲਿਆਂ ਦੇ ਸਾਂਝੇ ਪੰਜਾਬ ਦੇ ਗ੍ਰਹਿ ਮੰਤਰੀ ਪੰਡਿਤ ਮੋਹਣ ਲਾਲ ਨਾਲ ਕਿਸੇ ਸਬੱਬ ਨੇੜ ਸੀ। ਉਸ ਨੇ ਅੰਦਰਖਾਤੇ ਬਾਜ਼ੀ ਜਿੱਤਣ ਲਈ ਉਹ ਰੰਗ ਦਾ ਪੱਤਾ ਲਾਇਆ ਹੋਇਆ ਸੀ।
ਅਖੀਰ ਇੰਟਰਵਿਊ ਲਈ ਚਾਰੇ ਉਮੀਦਵਾਰ ਪੀæਐਨæ ਚੁਟਾਨੀ ਅਤੇ ਹੋਰ ਟਰੱਸਟੀਆਂ ਅੱਗੇ ਪੇਸ਼ ਹੋਏ। ਪੰਡਿਤ ਮੋਹਣ ਲਾਲ ਵਾਲਾ ਪੱਤਾ ਅਸ਼ੋਕ ਸ਼ਰਮਾ ਦੇ ਆਪਣੇ ਕੰਮ ਭਾਵੇਂ ਨਾ ਆਇਆ ਪਰ ਉਹ ਸਭ ਤੋਂ ਜੂਨੀਅਰ ਅਤੇ ਜਗਤਾਰ ਯੂਨੀਅਨ ਦੇ ਪਹਿਲਵਾਨ ਸੁਰਿੰਦਰ ਸਿੰਘ (ਪਰੂਫ ਰੀਡਰ) ਦੀ ਗੇਮ ਜ਼ਰੂਰ ਖਰਾਬ ਕਰ ਗਿਆ।
ਇਸ ਇੰਟਰਵਿਊ ਦਾ ਅਫਸੋਸਨਾਕ ਪਹਿਲੂ ਇਹ ਸੀ ਕਿ ਇਸ ਵਿਚ ਸੁਰਿੰਦਰ ਤੇਜ ਵਰਗੇ ਨਿਊਜ਼ ਰੂਮ ਦੇ ਸਭ ਤੋਂ ਮਿਹਨਤੀ, ਇਮਾਨਦਾਰ ਅਤੇ ਸਮਰੱਥ ਮੈਂਬਰ ਦਾ ਵੱਕਾਰ ਖਾਹ-ਮਖਾਹ ਹੀ ਦਾਅ ‘ਤੇ ਲੱਗਿਆ ਰਿਹਾ। ਸੁਰਿੰਦਰ ਤੇਜ ਅਜਕਲ੍ਹ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਹਨ। ਉਨ੍ਹਾਂ ਦੀ ਬੇਟੀ ਗੁਰਨੀਤ ਆਈ ਏ ਐਸ ਅਫਸਰ ਹੈ।
ਇਸ ਰਾਮ ਕਹਾਣੀ ਤੋਂ ਜਾਹਰ ਹੈ ਕਿ ਟ੍ਰਿਬਿਊਨ ਅਦਾਰੇ ਦੀ ਉਨ੍ਹਾਂ ਦਿਨਾਂ ਦੀ ਮੁਲਾਜ਼ਮ ਯੂਨੀਅਨ ਕਿੰਨੀ ਕੁ ਧਾਕੜ ਹੋਵੇਗੀ! ਚੀਫ ਐਡੀਟਰ, ਜਨਰਲ ਮੈਨੇਜਰ ਅਤੇ ਟਰੱਸਟੀ ਉਮੀਦਵਾਰਾਂ ਦਾ ਗੱਲਾਂ-ਬਾਤਾਂ ਨਾਲ ਜੀ ਪਰਚਾ ਕੇ ਬਿਨਾਂ ਕਿਸੇ ਦੇ ਹੱਕ ਵਿਚ ਫੈਸਲਾ ਕੀਤਿਆਂ ਹੀ ਉਠ ਗਏ। ਸਟਾਫ ਰਿਪੋਰਟਰ ਦੀ ਇਹੋ ਪੋਸਟ ਪਿੱਛੋਂ ਜਾ ਕੇ ਜਗਤਾਰ ਦੇ ਇਕ ਬਸਤਾ-ਬਰਦਾਰ ਨਵੇ ਸਬ ਐਡੀਟਰ ਬਣੇ ਬਲਵਿੰਦਰ ਜੰਮੂ ਨੂੰ ਕਿਸੇ ਵਡੇ ਤਰੱਦਦ ਤੋਂ ਬਿਨਾਂ ਹੀ ਮਿਲ ਗਈ।
ਗੁਲਜ਼ਾਰ ਸਿੰਘ ਸੰਧੂ ਪਿਛੋਂ ਸੰਪਾਦਕ ਦੀ ਕੁਰਸੀ ਹਾਸਲ ਕਰ ਲੈਣ ਤੋਂ ਬਾਅਦ ਹਰਭਜਨ ਹਲਵਾਰਵੀ ਕੁਝ ਜ਼ਿਆਦਾ ਹੀ ਸੰਤੁਸ਼ਟ ਹੋ ਗਿਆ ਸੀ। ਮੁਲਾਜ਼ਮ ਯੂਨੀਅਨ ਅਤੇ ਨਵਾਂ ਸੰਪਾਦਕ ਕਦਮ ਮਿਲਾ ਕੇ ਚੱਲ ਰਹੇ ਸਨ। ਹਲਵਾਰਵੀ ਜਗਤਾਰ ਯੂਨੀਅਨ ਦੇ ਖੇਮੇ ਵਿਚ ਨੰਬਰ ਬਣਾਉਣ ਲਈ ਵਿਰੋਧੀ ਧਿਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਜਵਾਬ-ਤਲਬੀ ਕਰਨ ਦੇ ਮੌਕੇ ਦੀ ਤਾੜ ਵਿਚ ਰਹਿੰਦਾ ਸੀ, ਪਰ ਪ੍ਰੇਸ਼ਾਨੀ ਇਹ ਸੀ ਕਿ ਕਰਮਜੀਤ, ਦਲਜੀਤ ਜਾਂ ਸੁਰਿੰਦਰ ਤੇਜ ਵਿਚੋਂ ਕੋਈ ਵੀ ਅਜਿਹਾ ਮੌਕਾ ਦਿੰਦਾ ਨਹੀਂ ਸੀ। ਗੁਰਦਿਆਲ ਬੱਲ ਹੀ ਅਜਿਹਾ ਮੌਕਾ ਦੇ ਸਕਦਾ ਸੀ ਪਰ ਉਸ ਨਾਲ ਹਲਵਾਰਵੀ ਦੀ ਨਕਸਲੀ ਸਫਾਂ ਵਿਚ ਜਾਣ ਤੋਂ ਵੀ ਪਹਿਲਾਂ ਤੋਂ ਯਾਰੀ ਹੋਣ ਕਾਰਨ ਸ਼ੁਰੂ ਸ਼ੁਰੂ ਵਿਚ ਉਸ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਤੋਂ ਉਹ ਸੰਗ ਮੰਨਦਾ ਸੀ। ਅਖੀਰ ਜ਼ਾਬਤੇ ਦੀ ਪਹਿਲੀ ਕਾਰਵਾਈ ਕਰ ਕੇ ਆਪਣਾ ਸਿੱਕਾ ਜਮਾਉਣ ਲਈ ਉਸ ਨੂੰ ਬੱਲ ਉਤੇ ਹੀ ਵਾਰ ਕਰਨਾ ਪਿਆ।
ਐਮ ਏ ਕਰਦਿਆਂ ਆਪਣੇ ਅਧਿਆਪਕ ਡਾæ ਹਰਦੇਵ ਸਿੰਘ ਸੱਚਰ ਦੀ ਪ੍ਰੇਰਣਾ ਕਰਕੇ ਮੈਨੂੰ ਡਾਇਰੀ ਲਿਖਣ ਦਾ ਸ਼ੌਕ ਪੈ ਗਿਆ। ਇਹ ਵਖਰੀ ਗੱਲ ਹੈ ਕਿ ਡਾਇਰੀ ਮੈਂ ਬਾਜਾਬਤਾ ਲਿਖਣ ਦਾ ਪਾਬੰਦ ਨਾ ਹੋ ਸਕਿਆ। ਕਦੀ ਲਿਖ ਲੈਣੀ, ਕਦੀ ਨਾ। ਉਨ੍ਹਾਂ ਵੇਲਿਆਂ ‘ਚ ਲਿਖੀ ਡਾਇਰੀ ਦੇ ਕੁਝ ਪੰਨਿਆਂ ਉਤੇ ਨਿਜੀ ਵੇਰਵਿਆਂ ਤੋਂ ਇਲਾਵਾ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਵੀ ਕੁਝ ਨਾ ਕੁਝ ਦਰਜ ਹੈ। ਮੇਰੀ ਇਕ ਡਾਇਰੀ ਵਿਚ 16 ਮਈ, 1988 ਦੀ ਐਂਟਰੀ ਬੱਲ ਨਾਲ ਵਾਪਰੀ ਇਸੇ ਘਟਨਾ ਬਾਰੇ ਹੈ। 13 ਮਈ ਦੀ ਅਖਬਾਰ ਵਿਚ ਕਿਸੇ ਨਕਸਲੀ ਆਗੂ ਵੱਲੋਂ ‘ਦਰਬਾਰ ਸਾਹਿਬ ਕੰਪਲੈਕਸ ਦੇ ਘੇਰੇ ਦੀ ਨਿਖੇਧੀ’ ਬਾਰੇ ਖਬਰ ਛਪੀ ਸੀ ਜੋ ਬੱਲ ਦੇ ਹੱਥਾਂ ਦੀ ਬਣੀ ਹੋਈ ਸੀ। ਖਬਰ ਦਾ ਸਰੋਤ ਸ਼ੱਕੀ ਸੀ। ਬੱਲ ਨੂੰ ਵੀ ਖਬਰ ਵਿਚ ਆਪਣੇ ਕੋਲੋਂ ਬੜਾ ਕੁਝ ਜੋੜ ਦੇਣ ਦਾ ਖਬਤ ਸੀ। ਸੰਪਾਦਕ ਨੇ ਉਸ ਨੂੰ ਪਹਿਲੀ ਵਾਰ ਲਿਖਤੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਤਾਂ ਇਸ ਖਹਿ-ਭੇੜ ਦਾ ਲੰਮਾ ਚੱਕਰ ਹੀ ਚੱਲ ਪਿਆ ਸੀ ਜੋ ਹਲਵਾਰਵੀ ਦੇ 1997-98 ਵਿਚ ਪਹਿਲੀ ਵਾਰ ਅਦਾਰੇ ਵਿਚੋਂ ਬਾਹਰ ਹੋਣ ਤੱਕ ਜਾਰੀ ਰਿਹਾ।
ਇਹ ਸਥਿਤੀ ਬੜੀ ਦਿਲਚਸਪ ਸੀ। ਸੰਪਾਦਕ ਮੁਲਾਜ਼ਮ ਯੂਨੀਅਨ ਨੂੰ ਪਾਸ ਦੇ ਕੇ ਖੇਡ ਰਿਹਾ ਸੀ। ਦੂਜੇ ਪਾਸੇ ਕਰਮਜੀਤ ਅਤੇ ਬੱਲ ਆਪਣੀ ਖੇਡ, ਖੇਡ ਰਹੇ ਸਨ। ਸੰਪਾਦਕ ਜ਼ਿਆਦਾ ਸਮਾਂ ਬੱਲ ਪਿੱਛੇ ਭੱਜਾ-ਨੱਠਾ ਫਿਰਦਾ ਰਿਹਾ, ਉਧਰ ਕਰਮਜੀਤ ਭਾਅ ਜੀ ਚੁੱਪ-ਚੁਪੀਤਿਆਂ ਖਬਰਾਂ ਪਾ-ਪਾ ਕੇ ਖਾੜਕੂ ਲਹਿਰ ਦੀ ਵੱਡਮੁੱਲੀ ਸੇਵਾ ਕਰੀ ਗਏ!
ਬੱਲ ਅਤੇ ਸੰਪਾਦਕ ਵਿਚਕਾਰ ਹੋਈਆਂ ਝੜਪਾਂ ਵਿਚੋਂ ਮੇਰੀ ਡਾਇਰੀ ਵਿਚ ਜੋ ਦੋ-ਤਿੰਨ ਇੰਦਰਾਜ਼ ਹਨ, ਉਨ੍ਹਾਂ ਵਿਚੋਂ ਨਮੂਨੇ ਦੇ ਤੌਰ ‘ਤੇ ਇੱਕ ਐਂਟਰੀ ਦੀ ਇਬਾਰਤ ਇੰਨ-ਬਿੰਨ ਹਾਜ਼ਰ ਹੈ। ਕਮਾਲ ਇਹ ਹੈ ਕਿ ਇਸ ਸਮੇਂ ਨਿਊਜ਼ ਐਡੀਟਰ ਵੀ ਬੱਲ ਦੇ ਖਾਸ-ਮ-ਖਾਸ ਕਰਮਜੀਤ ਸਿੰਘ ਖੁਦ ਹੀ ਸਨ। 6 ਜੂਨ, 1994 ਦਾ ਇਹ ਆਦੇਸ਼ ਇਸ ਪ੍ਰਕਾਰ ਸੀ:
ਨਿਊਜ਼ ਸੈਕਸ਼ਨ:
ਗੁਰਦਿਆਲ ਸਿੰਘ ਬੱਲ, ਸੀਨੀਅਰ ਸਬ ਐਡੀਟਰ, ਪੰਜਾਬੀ ਟ੍ਰਿਬਿਊਨ ਵੱਲੋਂ ਕੀਤੀ ਗਈ ਕੋਈ ਵੀ ਰਿਪੋਰਟ ਫੀਚਰ ਜਾਂ ਕਿਸੇ ਵੀ ਤਰ੍ਹਾਂ ਦਾ ਮੈਟਰ ਮੇਰੀ ਆਗਿਆ ਤੋਂ ਬਿਨਾਂ ‘ਪੰਜਾਬੀ ਟ੍ਰਿਬਿਊਨ’ ਵਿਚ ਬਿਲਕੁਲ ਨਾ ਛਾਪਿਆ ਜਾਵੇ।
ਕਰਮਜੀਤ ਸਿੰਘ, ਸਮਾਚਾਰ ਸੰਪਾਦਕ
ਹਰਭਜਨ ਸਿੰਘ ਹਲਵਾਰਵੀ, ਸੰਪਾਦਕ
ਇਸ ਤੋਂ ਪਹਿਲਾਂ ਹਲਵਾਰਵੀ ਸਾਹਿਬ ਨੇ ਭਾਅ ਜੀ ਕਰਮਜੀਤ ਦੇ ਖਿਲਾਫ ਲੜਾਈ ਵਿੱਢ ਰੱਖੀ ਸੀ। ਇਸ ‘ਜੰਗ’ ਦੀ ਸ਼ੁਰੂਆਤ ਉਨ੍ਹਾਂ ਨੇ ਸਾਲ 1990 ਜਾਂ 91 ਵਿਚ ਉਸ ਸਮੇਂ ਕੀਤੀ ਜਦੋਂ ਨਿਊਜ਼ ਐਡੀਟਰ ਜਗਜੀਤ ਸਿੰਘ ਬੀਰ ਦੇ ਸੜਕ ਹਾਦਸੇ ਵਿਚ ਚਲਾਣਾ ਕਰ ਜਾਣ ‘ਤੇ ਖਾਲੀ ਹੋਈ ਪੋਸਟ ਜੋ ਨਿਯਮਾਂ ਅਨੁਸਾਰ ਸੀਨੀਅਰ ਚੀਫ ਐਡੀਟਰ ਹੋਣ ਕਾਰਨ ਕਰਮਜੀਤ ਭਾਅ ਜੀ ਨੂੰ ਮਿਲਣੀ ਚਾਹੀਦੀ ਸੀ, ਮੌਕਾ ਤਾੜ ਕੇ ਅਸਿਸਟੈਂਟ ਐਡੀਟਰ ਦਲਬੀਰ ਦੇ ਹਵਾਲੇ ਕਰ ਦਿੱਤੀ ਗਈ। ਇਸ ਬਾਰੇ ਨੋਟਿਸ ਨਿਊਜ਼ ਸੈਕਸ਼ਨ ਵਿਚ ਸ਼ਾਮ ਨੂੰ 5 ਵਜੇ ਉਦੋਂ ਟੰਗਿਆ ਗਿਆ ਜਦੋਂ ਕਰਮਜੀਤ ਭਾਅ ਜੀ ਸਵੇਰ ਦੀ ਸ਼ਿਫਟ ਲਾ ਕੇ ਘਰ ਜਾ ਚੁੱਕੇ ਸਨ। ਬੱਲ ਉਦੋਂ ਦੋ ਕੁ ਸਾਲਾਂ ਲਈ ਇਕ ਖੋਜ ਵਜ਼ੀਫੇ ‘ਤੇ ਸ਼ਿਮਲੇ ਗਿਆ ਹੋਇਆ ਸੀ। ਉਹ ਅਚਾਨਕ ਸ਼ਿਮਲੇ ਤੋਂ ਪਟਿਆਲੇ ਜਾਂਦਿਆਂ ਸ਼ਾਮ ਨੂੰ ਟ੍ਰਿਬਿਊਨ ਚੌਕ ‘ਤੇ ਬੱਸੋਂ ਉੱਤਰ ਕੇ ਸਾਥੀਆਂ ਨੂੰ ਮਿਲਣ ਦਫਤਰ ਆ ਗਿਆ। ਇਸ ਸਮੇਂ ਤੱਕ ਮੈਂ ਸਬ ਐਡੀਟਰ ਬਣ ਗਿਆ ਹੋਇਆ ਸਾਂ ਤੇ ਉਸ ਮੌਕੇ ਖੁਦ ਨਿਊਜ਼ ਰੂਮ ਵਿਚ ਹਾਜ਼ਰ ਸਾਂ। ਬੱਲ ਨੇ ਨੋਟਿਸ ਪੜ੍ਹਦਿਆਂ ਹੀ ਹਲਵਾਰਵੀ ਨੂੰ ਬੁਰਾ ਭਲਾ ਆਖਿਆ ਅਤੇ ਸੰਪਾਦਕ ਦੀ ਇਸ ਚਾਲ ਬਾਰੇ ਦੱਸਣ ਲਈ ਪਟਿਆਲੇ ਜਾਣ ਦੀ ਬਜਾਏ ਕਰਮਜੀਤ ਭਾਅ ਦੇ ਘਰ ਵੱਲ ਚਾਲੇ ਪਾ ਦਿੱਤੇ।
ਦੋਵਾਂ ਦੋਸਤਾਂ ਨੇ ਜੋ ਮਤਾ ਪਕਾਇਆ, ਬੱਲ ਦੇ ਦੱਸਣ ਅਨੁਸਾਰ, ਉਹ ਇਸ ਪ੍ਰਕਾਰ ਸੀ: ਕਰਮਜੀਤ ਭਾਅ ਜੀ ਅਗਲੇ ਦਿਨ ਸਵੇਰ ਦੀ ਸ਼ਿਫਟ ‘ਤੇ ਜਾਣ ਪਿੱਛੋਂ 10-10æ30 ਵਜੇ ਚੀਫ ਐਡੀਟਰ ਵੀæਐਨæ ਨਰਾਇਣਨ ਦੇ ਪੀæਏæ ਕੋਲੋਂ ਮੁਲਾਕਾਤ ਲਈ ਸਮਾਂ ਮੰਗਣਗੇ। ਜਵਾਬ ਮਿਲੇਗਾ ਕਿ ਚੀਫ ਐਡੀਟਰ ਮੀਟਿੰਗ ਵਿਚ ਹਨ। 12 ਵਜੇ ਉਹ ਦੁਬਾਰਾ ਸਮਾਂ ਮੰਗਣਗੇ। ਜਵਾਬ ਮਿਲੇਗਾ ਕਿ ਉਹ ਸੰਪਾਦਕੀ ਲਿਖ ਰਹੇ ਹਨ। ਦੁਪਹਿਰੇ 1 ਵਜੇ ਉਹ ਤੀਜੀ ਵਾਰ ਮੁੜ ਮੁਲਾਕਾਤ ਲਈ ਸਮੇਂ ਦੀ ਮੰਗ ਕਰਨਗੇ। ਇਸ ਵਾਰ ਜਵਾਬ ਮਿਲੇਗਾ ਕਿ ਚੀਫ ਐਡੀਟਰ ਦੁਪਹਿਰ ਦੇ ਖਾਣੇ ਲਈ ਘਰ ਜਾ ਰਹੇ ਹਨ। ਐਨ ਇਸ ਮੌਕੇ ਕਰਮਜੀਤ ਭਾਅ ਜੀ ਨੇ ਉੱਠਣਾ ਸੀ ਅਤੇ ਦਰਵਾਜੇ ‘ਤੇ ਖੜੇ ਪੀਅਨ ਦੀ ਪ੍ਰਵਾਹ ਕਰੇ ਬਗੈਰ ਚੀਫ ਐਡੀਟਰ ਦੇ ਸਾਹਮਣੇ ਜਾ ਹਾਜ਼ਰ ਹੋਣਾ ਸੀ। ਇਹ ਸਾਰਾ ‘ਨਾਟਕ’ ਯਰਕਾਊ ਵਿਧੀ ਅਨੁਸਾਰ ਕੀਤਾ ਜਾਣਾ ਸੀ।
ਕਰਮਜੀਤ ਭਾਅ ਜੀ ਨੇ ਚੀਫ ਐਡੀਟਰ ਅੱਗੇ ਗਰਨੇਡਾਂ ਵਾਂਗੂ, ਪਰ ਬਹੁਤ ਹੀ ਸੰਖੇਪ ਰੂਪ ਵਿਚ ਕੇਵਲ ਤਿੰਨ ਸਵਾਲ ਸੁੱਟਣੇ ਸਨ:
1æ ਕੀ ਉਨ੍ਹਾਂ ਨਾਲ ਇਹ ਵਧੀਕੀ ਨਹੀਂ ਹੈ?
2æ ਕੀ ਉਨ੍ਹਾਂ ਨਾਲ ਇਹ ਵਧੀਕੀ ਉਨ੍ਹਾਂ ਦੇ ਸਿੱਖ ਹਿਤੈਸ਼ੀ ਹੋਣ ਕਰਕੇ ਕੀਤੀ ਜਾ ਰਹੀ ਹੈ?
3æ ਜੇ ਇਹ ਨਹੀਂ ਤਾਂ ਕੀ ਉਨ੍ਹਾਂ ਦੀ  ਕੰਮ ਕਰਨ ਦੀ ਯੋਗਤਾ ਵਿਚ ਕੋਈ ਕਮੀ ਸੀ?
ਪ੍ਰਸ਼ਨ ਬੜੇ ਸਾਧਾਰਨ ਸਨ। ਫਿਰ ਵੀ, ਕਰਮਜੀਤ ਭਾਅ ਜੀ ਨੇ ਬੱਲ ਵੱਲੋਂ ਮੌਕੇ ‘ਤੇ ਹੀ ਘੜੀ ਇਸ ਪ੍ਰਸ਼ਨੋਤਰੀ ਨੂੰ ਚੰਗੀ ਤਰ੍ਹਾਂ ਰੱਟਾ ਮਾਰ ਲਿਆ। ਪੰਜਾਬ ਵਿਚ ਖਾੜਕੂ ਲਹਿਰ ਪੂਰੇ ਜੋਰਾਂ ‘ਤੇ ਸੀ ਅਤੇ ਉਹ ਨਾਜ਼ਕ ਸਮੇਂ ਸਨ ਅਤੇ ਇਨ੍ਹਾਂ ਸਵਾਲਾਂ ਨੇ ਚੀਫ ਐਡੀਟਰ ਦੀ ਨੀਂਦ ਵਿਚ ਭੰਗਣਾ ਪਾਉਣੀ ਹੀ ਸੀ। ਮੁਲਾਜ਼ਮ ਯੂਨੀਅਨ ਵਾਲਿਆਂ ਵੱਲੋਂ ਵੀ ਨਿੱਤਰ ਕੇ ਵਿਰੋਧੀ ਪੈਂਤੜਾ ਨਹੀਂ ਲਿਆ ਜਾ ਸਕਣਾ ਸੀ।
ਕਰਮਜੀਤ ਭਾਅ ਜੀ ਨੇ ਇੰਜ ਹੀ ਕੀਤਾ। ਫਿਰ ਵੀ, ਅਦਾਰੇ ਦੇ ਉਸ ਸਮੇਂ ਦੇ ਨੇਤਾ ਕਿਸਮ ਦੇ ਲੋਕਾਂ ਵਿਚ ਕੁਝ ਦਿਨ ਡਿਪਲੋਮੇਸੀ ਚੱਲੀ। ਪਿਛੋਂ ਪਤਾ ਲੱਗਾ ਕਿ ਸੰਪਾਦਕ ਹਲਵਾਰਵੀ ਨੇ ਨਿਊਜ਼ ਰੂਮ ਵਿਚ ਵਧੇ ਹੋਏ ਖਾੜਕੂਆਂ ਦੇ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਦਲਬੀਰ ਨੂੰ ਨਿਊਜ਼ ਐਡੀਟਰ ਬਣਾਇਆ ਸੀ। ਉਨ੍ਹਾਂ ਦਲਬੀਰ ਨੂੰ ਨਿਊਜ਼ ਐਡੀਟਰ ਤਾਂ ਬਣਵਾ ਲਿਆ ਪਰ ਅਸਿਸਟੈਂਟ ਐਡੀਟਰ ਦੀ ਖਾਲੀ ਹੋਈ ਅਸਾਮੀ ਕਰਮਜੀਤ ਭਾਅ ਦੇ ਹਵਾਲੇ ਕਰਨੀ ਪਈ।

Be the first to comment

Leave a Reply

Your email address will not be published.