ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਗੁਰੂਆਂ ਪੀਰਾਂ ਦੇ ਪਾਵਨ ਪੁਰਬਾਂ ਅਤੇ ਹੋਰ ਇਤਿਹਾਸਕ ਦਿਨ ਦਿਹਾੜਿਆਂ ਮੌਕੇ ਅਖ਼ਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਜਾਂਦੇ ਹਨ ਜਿਨ੍ਹਾਂ ਵਿਚ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈਆਂ/ਮੁਬਾਰਕਾਂ ਦਿੱਤੀਆਂ ਹੁੰਦੀਆਂ ਹਨ। ਕਿਸੇ ਕਿਸੇ ਨੇ ਆਪਣੇ ਪੂਰੇ ਟੱਬਰ ਦੀ ਫੋਟੋ ਨਾਲ ਆਪਣੇ ਕਾਰੋਬਾਰ ਦੀ ਜਾਣਕਾਰੀ ਵੀ ਲਿਸ਼ਕਾ-ਪੁਸ਼ਕਾ ਕੇ ਛਪਵਾਈ ਹੁੰਦੀ ਹੈ। ਮਹਿੰਗੇ ਭਾਅ ਅਜਿਹੇ ਇਸ਼ਤਿਹਾਰ ਛਪਵਾਉਣ ਵਾਲਿਆਂ ਦੇ ਮਨਾਂ ਵਿਚ ਆਪਣੇ ਧਾਰਮਿਕ ਰਹਿਬਰਾਂ ਪ੍ਰਤੀ ਸ਼ਰਧਾ ਦਾ ਹੜ੍ਹ ਠਾਠਾਂ ਮਾਰਦਾ ਹੁੰਦਾ ਹੋਵੇਗਾ ਕਿ ਆਪਣੇ ਬਿਜਨੈਸ ਦੀ ਇਸ਼ਤਿਹਾਰਬਾਜ਼ੀ ਦੀ ਲਾਲਸਾ ਛਾਲਾਂ ਮਾਰਦੀ ਹੁੰਦੀ ਹੋਵੇਗੀ? ਇਹ ਤਾਂ ਰੱਬ ਜਾਣੇ ਜਾਂ ਉਹ ਬਿਜਨੈਸਮੈਨ ਜਾਣਨ; ਲੇਕਿਨ ਇਸ ਲਿਖਤ ਵਿਚ ਜਿਸ ਇਸ਼ਤਿਹਾਰ ਦੀ ਗੱਲ ਕੀਤੀ ਜਾ ਰਹੀ ਹੈ, ਉਹ ਨਾ ਤਾਂ ਕਿਸੇ ਕਾਰੋਬਾਰੀ ਵਪਾਰੀ ਨੇ ਛਪਵਾਇਆ ਹੈ ਅਤੇ ਨਾ ਹੀ ਉਸ ਦੀ ਸ਼ਬਦਾਵਲੀ ਕਿਸੇ ਗੁਰੂ ਪੀਰ ਨੂੰ ਸਮਰਪਿਤ ਹੈ। ਹਾਂ, ਗੁਰੂਆਂ ਪੀਰਾਂ ਵੱਲੋਂ ਵਰੋਸਾਏ ਪੰਜਾਬ ਲਈ ਇਹਦੇ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਆਪਣੇ ਪੁਰਖਿਆਂ ਦੀ ਭੂਮੀ ਲਈ ਦਰਦ ਭਰੀ ਹੂਕ ਹੈ ਇਸ ਇਸ਼ਤਿਹਾਰ ਵਿਚ!
ਆਪਣੇ ਆਪ ਵਿਚ ਵਿਲੱਖਣ ਦਿੱਖ ਵਾਲਾ ਇਹ ਇਸ਼ਤਿਹਾਰ ਕਿਸੇ ਸਿਆਸਤਦਾਨ, ਧਨਾਢ ਵਪਾਰੀ, ਕਾਰੋਬਾਰੀ ਅਦਾਰੇ, ਕਿਸੇ ਖਾਸ ਸਭਾ ਸੁਸਾਇਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੇ ਜਾਰੀ ਨਹੀਂ ਕੀਤਾ; ਇਹ ਤਾਂ ਹੱਥੀਂ ਕਿਰਤ ਕਰ ਕੇ ਆਪਣਾ ਜੀਵਨ ਨਿਰਬਾਹ ਚਲਾਉਣ ਵਾਲੇ ਉਨ੍ਹਾਂ ਪੰਜਾਬ ਹਿਤੈਸ਼ੀਆਂ ਨੇ ਲਹੂ ਦੇ ਅੱਥਰੂ ਕੇਰਦਿਆਂ ਹੋਇਆਂ ਲਿਖਿਆ ਹੈ ਜੋ ਭਾਰਤ, ਹਾਲੈਂਡ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਇਟਲੀ, ਹਾਂਗ ਕਾਂਗ ਅਤੇ ਅਮਰੀਕਾ ਵਿਚ ਰਹਿੰਦਿਆਂ ਆਪਣੇ ਮਾਦਰੇ ਵਤਨ ਦੀ ਨਿਘਰਦੀ ਹਾਲਤ ‘ਤੇ ਚਿੰਤਾਗ੍ਰਸਤ ਹੋਏ ਰਹਿੰਦੇ ਨੇ। ਇਨ੍ਹਾਂ ਵਿਚ ਕੋਈ ਰੇਡੀਓ ਹੋਸਟ, ਪੱਤਰਕਾਰ, ਲਿਖਾਰੀ, ਖਿਡਾਰੀ, ਟਰੱਕ/ਟੈਕਸੀ ਡਰਾਇਵਰ, ਦੁਕਾਨਦਾਰ ਅਤੇ ਕੋਈ ਗੀਤਕਾਰ ਹੈ। ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਨ੍ਹਾਂ ਸਾਰਿਆਂ ਨੇ ਰਲ-ਮਿਲ ਕੇ ਦੇਸ਼ ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਦਿਲ ਟੁੰਬਵੇਂ ਬੋਲਾਂ ਨਾਲ ਹਲੂਣਿਆ ਹੈ।
ਆਮ ਛਪਦੇ ਇਸ਼ਤਿਹਾਰਾਂ ਵਾਂਗ ਕੋਈ ਫੰਡ ਇਕੱਠਾ ਕਰਨ ਲਈ ਜਾਂ ਕੋਈ ਨਵੀਂ ਸੰਸਥਾ ਪਾਰਟੀ ਖੜ੍ਹੀ ਕਰਨ ਦੀ ਅਪੀਲ ਨਾਲ ਨਹੀਂ ਸਗੋਂ ਨੁਕੀਲੇ ਅਣਖੀਲੇ ਤੀਰਾਂ ਵਰਗੇ ਪੰਜ ਸਵਾਲ, ਪੰਜਾਬੀਆਂ ਨੂੰ ਕਰਦਿਆਂ ਹੋਇਆਂ ਇਸ਼ਤਿਹਾਰ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਸਵਾਲ ਵਿਚ ਗਫ਼ਲਤ ਦੀ ਨੀਂਦ ‘ਚ ਸੁੱਤੇ ਪੰਜਾਬੀਆਂ ਨੂੰ ਨਿਹੋਰਾ ਮਾਰਦਿਆਂ ਪੁੱਛਿਆ ਗਿਆ ਹੈ ਕਿ ਭਰਾਵੋ, ਕੀ ਆਪਾਂ ਸੱਚ ਮੁੱਚ ਅਣਖੀ ਹਾਂ ਜਾਂ ਹੁਣ ‘ਕਾਗਜ਼ੀ ਅਣਖੀ’ ਬਣ ਚੁੱਕੇ ਹਾਂ? ਦੂਜੇ ਸਵਾਲ ਵਿਚ ਉਨ੍ਹਾਂ ਨੂੰ ਪੰਜਾਬ ‘ਚ ਸੱਭਿਆਚਾਰ ਦੇ ਨਾਂ ਹੇਠ ਪਾਏ ਜਾ ਰਹੇ ਗੰਦ ਖ਼ਿਲਾਫ਼ ‘ਚੁੱਪ ਵੱਟਣ’ ਦਾ ਕਾਰਨ ਪੁੱਛਿਆ ਗਿਆ ਹੈ? ਤੀਜਾ ਸਵਾਲ ਪੰਜਾਬ ਦੇ ਉਨ੍ਹਾਂ ਬੁੱਧੀਜੀਵੀਆਂ ਨੂੰ ਮੁਖ਼ਾਤਬ ਹੈ ਜੋ ਜਵਾਨ ਪੀੜ੍ਹੀ ਨੂੰ ‘ਪੁੱਠੀਆਂ ਪੱਟੀਆਂ’ ਪੜ੍ਹਾਉਣ ਵਾਲਿਆਂ ਵਿਰੁਧ ਖਾਮੋਸ਼ੀ ਧਾਰੀ ਬੈਠੇ ਹਨ? ਚੌਥੇ ਸਵਾਲ ਵਿਚ ਪੰਜਾਬ ਪੁਲਿਸ ਅਤੇ ਸਰਕਾਰੀ ਤੰਤਰ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਹ ਜਵਾਨੀ ਨੂੰ ਕਾਮ ਉਕਸਾਊ ਤੇ ਭੜਕਾਊ ਗੀਤਾਂ ਜਾਂ ਵੀਡੀਓ ‘ਤੇ ਪਾਬੰਦੀ ਕਿਉਂ ਨਹੀਂ ਲਾਉਂਦੇ? ਪੰਜਵਾਂ ਸਵਾਲ, ਸਿੱਧਾ ਗਾਇਕਾਂ ਅਤੇ ਗੀਤਕਾਰਾਂ ਨੂੰ ਹੈ ਕਿ ਸੱਜਣੋਂ, ਧੀਆਂ ਨੂੰ ਕੁੱਖਾਂ ਵਿਚ ਮਾਰਨ ਦੇ ਬੇ-ਰਹਿਮ ਵਰਤਾਰੇ ਵਿਚ ਕੀ ਤੁਸੀਂ ਵੀ ਯੋਗਦਾਨ ਨਹੀਂ ਪਾ ਰਹੇ? ਆਖ਼ਰ, ਤੁਹਾਡੀ ਬਦੌਲਤ ਬਣੇ ਮਾਹੌਲ ਵਿਚ ਕੌਣ ਧੀਆਂ ਜੰਮੇਗਾ?
‘ਸਾਡੀ ਚੁੱਪ ਦਾ ਨਤੀਜਾ ਸਾਡੀਆਂ ਨਸਲਾਂ ਭੁਗਤਣਗੀਆਂ!’ ਵਾਲੀ ਭਵਿੱਖਮੁਖੀ, ਖ਼ਤਰਨਾਕ ਤੇ ਭਿਆਨਕ ਚਿਤਾਵਨੀ ਤੋਂ ਬਾਅਦ, ਪੰਜਾਬ ਨੂੰ ਲੱਚਰਤਾ ਨਾਲ ਗੰਧਲਾ ਤੇ ਵਿਸ਼ੈਲਾ ਬਣਾਉਣ ਵਿਰੁਧ ਚਹੁੰ ਧਿਰਾਂ ਅੱਗੇ ਅਰਜੋਈ ਕੀਤੀ ਗਈ ਹੈ। ਸਭ ਤੋਂ ਪਹਿਲਾਂ ਮਾਪਿਆਂ ਪ੍ਰਤੀ ਗੁਜਾਰਿਸ਼ ਵਿਚ ਪੰਜਾਬ ਦੇ ਗੌਰਵਮਈ ਇਤਿਹਾਸ ਤੇ ਵਿਰਸੇ ਦਾ ਵਾਸਤਾ ਪਾਉਂਦਿਆਂ ਕੁਝ ਇਹੋ ਜਿਹੇ ਦਰਦ ਭਿੰਨੇ ਅਲਫਾਜ਼ ਲਿਖੇ ਗਏ ਹਨ,
‘ਅਣਖ ਅਤੇ ਗ਼ੈਰਤ ਨਾਲ ਲਬਰੇਜ਼ ਪੰਜਾਬ ਦੇ ਸ਼ਾਨਾਂਮੱਤੇ ਵਿਰਸੇ ਨੂੰ ਅੱਜ ਹਨੇਰੇ ਖੂਹ ਦੀ ਮੌਣ ‘ਤੇ ਲਿਆ ਖੜ੍ਹਾਇਆ ਗਿਆ ਹੈ। ਇਸ ਨੂੰ ਪਿਛਿਉਂ ਧੱਕਾ ਦੇ ਕੇ ਖੂਹ ‘ਚ ਗਰਕ ਕਰਨ ਲਈ ਇਹ ਸੱਭਿਆਚਾਰ ਦੇ ਅਖੌਤੀ ਵਾਰਸ, ਗਾਇਕ ਕਲਾਕਾਰ ਤੇ ਗੀਤਕਾਰ ਪੱਬਾਂ ਭਾਰ ਹੋਏ ਪਏ ਹਨ, ਜਿਸ ਤਰ੍ਹਾਂ ਹਲਕੇ ਹੋਏ ਕੁੱਤੇ ਨੂੰ ਮਾਰਨ ਵਾਸਤੇ ਰੋਟੀ ਜਾਂ ਗੁੜ ‘ਚ ਲਪੇਟ ਕੇ ਜ਼ਹਿਰ ਦਿੱਤਾ ਜਾਂਦਾ ਹੈ, ਇਵੇਂ ਹੀ ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਦੀਆਂ ਧੁਨਾਂ ਵਿਚ ਲਪੇਟ ਕੇ ਤੁਹਾਡੇ ਬੱਚਿਆਂ ਨੂੰ ਮਾਰੂ ਜ਼ਹਿਰ ਦਿੱਤਾ ਜਾ ਰਿਹਾ ਹੈ। ਤੁਹਾਡੇ ਮੁੰਡਿਆਂ ਨੂੰ ਪੜ੍ਹਨ ਲਿਖਣ ਦੀ ਉਮਰੇ ਕੁੜੀਆਂ ਦੇ ਕਾਲਜਾਂ ਅੱਗੇ ਮੋਟਰਸਾਈਕਲਾਂ ‘ਤੇ ਮਟਰਗਸ਼ਤੀ ਕਰਦਿਆਂ ਆਸ਼ਕੀ ਕਰਨ ਦੇ ‘ਵਲ’ ਦੱਸੇ ਜਾ ਰਹੇ ਹਨ; ਇਹ ਭੁੱਲ ਕੇ ਕਿ ਉਨ੍ਹਾਂ ਕਾਲਜਾਂ ਵਿਚ ਸਾਡੀਆਂ ਧੀਆਂ-ਭੈਣਾਂ ਵੀ ਪੜ੍ਹਦੀਆਂ ਹਨ। ਕੁੜੀਆਂ ਮਗਰ ਲੜਾਈਆਂ ਲੜਨ ਨੂੰ ਸ਼ਹਿ ਦਿੰਦੇ ਫੂਹੜ ਗੀਤ ਤੁਹਾਡੇ ਸਾਊ ਪੁੱਤਾਂ ਨੂੰ ਵੈਲੀ ਅਤੇ ਚੋਰੀ ਯਾਰੀ ਕਰਨ ਵਾਲੇ ਮੁਸ਼ਟੰਡੇ ਬਣਾ ਰਹੇ ਨੇ। ਇਨ੍ਹਾਂ ਬੇਹੂਦਾ ਕਲਾਕਾਰਾਂ ਨੇ ਤੁਹਾਡੀਆਂ ਸਕੂਲ ‘ਚ ਪੜ੍ਹਦੀਆਂ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਬਾਲੜੀਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪ੍ਰੇਮੀਆਂ ਨੂੰ ਮਿਲਣ ਜਾਣ ਮੌਕੇ ਪਰਿਵਾਰ ਦੇ ਜੀਆਂ ਨੂੰ ਦੁੱਧ ਵਿਚ ਨੀਂਦ ਦੀਆਂ ਗੋਲੀਆਂ ਘੋਲ ਕੇ ਕਿਵੇਂ ਪਿਆਉਣੀਆਂ ਹਨ। ਗੱਜ ਵੱਜ ਕੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਘਰਦਿਆਂ ਤੋਂ ਚੋਰੀ ਚੋਰੀ, ਪ੍ਰੇਮੀ ਨਾਲ ਮੋਬਾਈਲ ‘ਤੇ ਗੱਲਾਂ ਕਿਵੇਂ ਕਰਨੀਆਂ ਹਨ। ਕੰਧਾਂ ਕੌਲੇ ਟੱਪਦਿਆਂ ਅਵਾਰਾਗਰਦੀ ਕਿਵੇਂ ਕਰਨੀ ਹੈ!
ਇਹੋ ਜਿਹੀ ਫੁਕਰੀ ਗਾਇਕੀ ਨੇ ਸਕੂਲਾਂ, ਕਾਲਜਾਂ ਦੀ ਜਿਹੜੀ ਤਸਵੀਰ ਬਣਾ ਦਿੱਤੀ ਹੋਈ ਹੈ, ਹੁਣ ਉਥੇ ਆਪਣੇ ਬੱਚੇ-ਬੱਚੀਆਂ ਨੂੰ ਵਿਦਿਆ ਪ੍ਰਾਪਤੀ ਲਈ ਭੇਜਣ ਵੇਲੇ ਕੀ ਤੁਹਾਡੇ ਕਾਲਜੇ ਦਾ ਰੁੱਗ ਨਹੀਂ ਭਰ ਜਾਂਦਾ ਹੋਵੇਗਾ? ਇਸ ਜ਼ਾਲਮਾਨਾ ਹਿਮਾਕਤ ਦੇ ਤੁਸੀਂ ਕੋਈ ਠੋਸ ਹੱਲ ਕੱਢਣ ਲਈ ਯਤਨਸ਼ੀਲ ਨਹੀਂ ਹੋਵੋਗੇ?
ਦੂਜੀ ਧਿਰ ਨੌਜਵਾਨ ਵਰਗ ਨੂੰ ਗ਼ੈਰ-ਇਖਲਾਕੀ ਰਾਹ ‘ਤੇ ਤੁਰਨ ਤੋਂ ਵਰਜਦਿਆਂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸੁਨਾਮ ਦੀਆਂ ਸ਼ਹਾਦਤਾਂ ਦਾ ਚੇਤਾ ਕਰਵਾਇਆ ਗਿਆ ਹੈ। ਉਸ ਦੀ ਗ਼ੈਰਤ ਨੂੰ ਵੰਗਾਰ ਪਾਉਂਦਿਆਂ ਪੁੱਛਿਆ ਗਿਆ ਹੈ ਕਿ ਜਦੋਂ ਤੁਸੀਂ ਕੁੜੀਆਂ ਦੇ ਅੰਗਾਂ ਦੀ ਨੁਮਾਇਸ਼ੀ ਗਾਇਕੀ ਝੂਮ ਝੂਮ ਕੇ ਸੁਣਦੇ ਹੋ ਤਾਂ ਤੁਹਾਨੂੰ ਆਪਣੀਆਂ ਸਕੀਆਂ ਭੈਣਾਂ ਦਾ ਚੇਤਾ ਕਿਉਂ ਭੁੱਲ ਜਾਂਦਾ ਹੈ? ਉਹ ਵੀ ਤਾਂ ਇਸੇ ਸਮਾਜ ਵਿਚ ਰਹਿ ਰਹੀਆਂ ਹਨ? ਕੀ ਤੁਸੀਂ ਜਾਣਦੇ ਨਹੀਂ ਕਿ ਇਹੀ ਗੰਦ ਮੰਦ ਉਨ੍ਹਾਂ ਦੇ ਕੰਨੀਂ ਵੀ ਪੈ ਰਿਹਾ ਹੈ? ਤੁਸੀਂ ਇਨ੍ਹਾਂ ਫੁਕਰੇ ਗਾਇਕਾਂ ਦੀਆਂ ਧਾੜਾਂ ਨੂੰ ਪੁੱਛ ਨਹੀਂ ਸਕਦੇ ਕਿ ਤੁਹਾਨੂੰ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਨ ਦਾ ਹੱਕ ਕਿਸ ਕੰਜਰ ਨੇ ਦਿੱਤਾ ਹੈ? ਨੌਜਵਾਨ ਕੁੜੀਆਂ ਦਾ ਵੀ ਫਰਜ਼ ਨਹੀਂ ਬਣਦਾ ਕਿ ਉਹ ਗਾਇਕਾਂ ਨੂੰ ਪੁੱਛਣ ਕਿ ਸਾਨੂੰ ਬਦਮਾਸ਼ੀਪੁਣੇ ਦੇ ਚਿੱਕੜ ਵਿਚ ਕਾਹਨੂੰ ਸੁੱਟਿਆ ਜਾ ਰਿਹਾ ਹੈ? ਪੰਜਾਬਣ ਧੀਆਂ-ਧਿਆਣੀਆਂ ਆਪਣੇ ਬਾਪ-ਦਾਦਿਆਂ ਦੀਆਂ ਪੱਗਾਂ ਦਾ ਵਾਸਤਾ ਪਾ ਕੇ ਗੰਦ-ਮੰਦ ਬਕਣ ਵਾਲੀਆਂ ਫੁਕਰੀਆਂ ਗਾਇਕ ਕੁੜੀਆਂ ਨੂੰ ਵੀ ਘੇਰ ਕੇ ਪੁੱਛਣ, ‘ਨੀ ਭੈਣੋ, ਤੁਸੀਂ ਤਾਂ ਆਪਣੇ ਬਾਪ, ਚਾਚਿਆਂ, ਤਾਇਆਂ ਤੇ ਭਰਾਵਾਂ ਦੀ ਸੰਗ-ਸ਼ਰਮ ਘੋਲ ਕੇ ਪੀ ਚੁੱਕੀਆਂ ਹੋ, ਹੁਣ ਸਾਨੂੰ ਇਸ ਬੇਹਯਾਈ ਦੇ ਹੜ੍ਹ ਵਿਚ ਕਿਉਂ ਧੱਕ ਰਹੀਆਂ ਓ?’
ਸਾਜ਼ਿਸ਼ੀ ਅਤੇ ਗ਼ੈਰ-ਜ਼ਿੰਮੇਵਾਰਾਨਾ ਖਾਮੋਸ਼ੀਆਂ ਧਾਰੀ ਬੈਠੀ ਤੀਜੀ ਧਿਰ, ਸਰਕਾਰ ਅਤੇ ਅਫ਼ਸਰਸ਼ਾਹੀ ਨੂੰ ਤਾਅਨਾ ਮਾਰਿਆ ਗਿਆ ਹੈ ਕਿ ਉਹ ‘ਅ-ਸੱਭਿਆਚਾਰ ਦੀ ਅੱਗ’ ਵਿਚ ਝੁਲਸ ਹੋ ਰਹੇ ਪੰਜਾਬ ਨੂੰ, ਮਹਿਜ਼ ਤਮਾਸ਼ਬੀਨ ਬਣ ਕੇ ਕਿਉਂ ਦੇਖੀ ਜਾ ਰਹੇ ਹਨ? ਕੀ ਉਨ੍ਹਾਂ ਨੂੰ ਪੰਜਾਬ ਦੀ ਫਿਜ਼ਾ ਵਿਚ ਰਫ਼ਲਾਂ, ਪਿਸਤੌਲਾਂ, ਗੰਡਾਸੇ ਚੁੱਕਣ ਦੀਆਂ ਸਲਾਹਾਂ ਦੇਣ ਵਾਲੇ ‘ਗੀਤ’ ਗੂੰਜਦੇ ਸੁਣਾਈ ਨਹੀਂ ਦਿੰਦੇ? ਇਹ ‘ਅ-ਸੱਭਿਆਚਾਰਕ ਅਤਿਵਾਦ’ ਕਿਉਂ ਬਰਦਾਸ਼ਤ ਕੀਤਾ ਜਾ ਰਿਹਾ ਹੈ? ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀ, ਵਿਧਾਇਕ ਤੇ ਅਫ਼ਸਰ, ਸਭ ਦੇ ਸਭ ‘ਨੀਰੋ’ ਵਾਂਗ ਬੰਸਰੀ ਵਜਾ ਰਹੇ ਹਨ ਤੇ ‘ਰੋਮ’ ਭੜ ਭੜ ਕਰ ਕੇ ਸੜ ਰਿਹਾ ਐ! ਫੁਕਰੀ ਗਾਇਕੀ ਨੂੰ ਰੋਕਣ ਲਈ, ਕਦੇ ਕਦਾਈਂ ਸੈਂਸਰ ਬੋਰਡ ਬਣਾਉਣ ਦੇ ਬਿਆਨ ਦੇਣ ਵਾਲੀ ਸਰਕਾਰ ਲਈ ਉਹ ‘ਚਾਨਣੀ ਦੀਵਾਲੀ’ ਕਦੋਂ ਆਉਣੀ ਐ? ਕਦੋਂ ਇਹ ਸੈਂਸਰ ਬੋਰਡ ਹੋਂਦ ‘ਚ ਆਏਗਾ?
ਚੌਥੀ ਧਿਰ ਗਾਇਕਾਂ ਨੂੰ ਮੱਤ ਦਿੰਦਿਆਂ ਯਾਦ ਕਰਾਇਆ ਗਿਆ ਹੈ ਕਿ ਮਿੱਤਰੋ, ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਤੁਸੀਂ ਸਾਡੇ ਹੀ ਪੁੱਤ ਭਰਾ ਹੁੰਦਿਆਂ ਕਿਉਂ ਆਪਣੇ ਭੈਣਾਂ-ਭਰਾਵਾਂ ਦੇ ਰਾਹਾਂ ‘ਚ ਕੰਡੇ ਵਿਛਾਉਣ ਤੁਰੇ ਹੋਏ ਹੋ? ਤੁਹਾਡੀ ਗਾਇਕੀ ਤੋਂ ਹੀ ‘ਸਬਕ ਲੈ ਕੇ’ ਕੋਈ ਲਫੰਡਰ ਮੁੰਡਾ ਕੱਲ੍ਹ ਕਲੋਤਰ ਨੂੰ ਤੁਹਾਡੀਆਂ ਹੀ ਧੀਆਂ-ਭੈਣਾਂ ਦੇ ਰਾਹ ਰੋਕਣ ਲੱਗ ਪਿਆ, ਤਦ ਤੁਹਾਡੇ ਦਿਲ ‘ਤੇ ਕੀ ਗੁਜ਼ਰੇਗੀ? ਪੈਸੇ ਤੇ ਸ਼ੁਹਰਤ ਲਈ ਪੰਜਾਬ ਨੂੰ ‘ਲੁੱਚਸਤਾਨ’ ਬਣਾਉਣ ਲੱਗੇ ਹੋਏ ਭਰਾਵੋ, ਰੱਬ ਦਾ ਵਾਸਤਾ ਜੇ, ਇਹ ਕਹਿਰ ਨਾ ਕਮਾਓ! ਫਰੀਦਕੋਟ ਵਾਲੀ ਨਿਭਾਗਣ ਕੁੜੀ ਸ਼ਰੁਤੀ ਅਤੇ ਇੱਜ਼ਤ ਬਚਾਉਂਦੀ ਆਪਣਾ ਪਿਉ ਮਰਵਾਉਣ ਵਾਲੀ ਛੇਹਰਟੇ ਦੀ ਜੋਬਨਜੀਤ ਕੌਰ ਨਾਲ ਹੋਈ ਜੱਗੋਂ ਤੇਰਵੀਂ ਤੁਹਾਡੀਆਂ ਭੈਣਾਂ ਨਾਲ ਵੀ ਵਾਪਰ ਸਕਦੀ ਹੈ। ਖੁਦਾ ਦਾ ਖੌਫ ਖਾ ਕੇ, ਲੁੱਚਪੁਣਾ ਫੈਲਾਉਣ ਤੋਂ ਤੌਬਾ ਕਰੋ।
ਸੱਚ ਦੱਸਾਂ ਇਸ ਇਸ਼ਤਿਹਾਰ ਦੀ ਇਬਾਰਤ ਵਿਚੋਂ ਮੈਨੂੰ ਦੁੱਲਾ ਭੱਟੀ ਨੂੰ ਪੈਂਦੀਆਂ ਵੰਗਾਰਾਂ ਸੁਣਾਈ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ; ਜਿਵੇਂ ਅਕਬਰ ਦੀ ਫੌਜ ਦੁਆਰਾ ਲੁੱਟੀ ਪੁੱਟੀ ਜਾ ਰਹੀ ਸਾਂਦਲ ਬਾਰ ਦਾ ਕੋਈ ‘ਮਿਹਰੂ’ ਨਾਨਕੇ ਘਰ ਮੌਜਾਂ ਮਾਣਦੇ ਦੁੱਲੇ ਸੂਰਮੇ ਨੂੰ ਤਾਹਨੇ ਮਾਰ ਰਿਹਾ ਹੋਵੇ,
‘ਲੜਕੀ ਸਲੇਮੋ ਤੇਰੀ ਕੁਰਲਾਉਂਦੀ ਐ,
ਉਏ ਹੰਝੂ ਪਈ ਵਗਾਉਂਦੀ ਐ।’
ਦੇਖਣਾ ਹੁਣ ਇਹ ਹੈ ਕਿ ਜਿਵੇਂ ਮਾਂ ਲੱਧੀ ਅਤੇ ਭੈਣ ਸਲੇਮੋ ਦੀ ਬੇਇੱਜ਼ਤੀ ਨਾ ਸਹਾਰਦਿਆਂ ਦੁੱਲੇ ਦਾ ਖੂਨ ਉਬਾਲੇ ਖਾਣ ਲੱਗ ਪਿਆ ਸੀ, ਕੀ ਉਕਤ ਇਬਾਰਤ ਪੜ੍ਹ ਕੇ ਪੰਜਾਬੀਆਂ ਨੂੰ ਵੀ ਰੋਹ ਚੜ੍ਹੇਗਾ ਕਿ ਨਹੀਂ? ਦੁੱਲੇ ਦੀ ਪਿੰਡੀ ਤਾਂ ਹਮਲਾਵਰ ਅਕਬਰ ਨੇ ਉਜਾੜੀ ਸੀ ਪਰ ਪੰਜਾਬ ਦਾ ਤਾਂ ਉਸ ਦੇ ‘ਆਪਣਿਆਂ’ ਨੇ ਹੀ ਇਹ ਹਾਲ ਕੀਤਾ ਹੋਇਆ ਹੈ,
‘ਵਿਸੀਅਰ ਨਾਗਾਂ ਲਾਈਆਂ ਵੇਖੋ,
ਚਾਰ ਚੁਫ਼ੇਰੇ ਅੱਗਾਂ।
ਲੁੱਟੀਆਂ ਚੌਕ ਚੁਰਾਹੇ,
ਰੁਲੀਆਂ ਧੀਆਂ, ਭੈਣਾਂ, ਪੱਗਾਂ।
ਅੰਤਿਕਾ: ਪਤਾ ਲੱਗਿਆ ਹੈ ਕਿ ਇਸ ਇਸ਼ਤਿਹਾਰ ਨੂੰ ਘਰ ਘਰ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ। ਅਨੇਕਾਂ ਪੰਜਾਬੀ ਅਖ਼ਬਾਰ ਇਹ ਮੁਫ਼ਤ ਛਾਪ ਰਹੇ ਹਨ। ‘ਫੇਸ ਬੁੱਕ’ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪਰਵਾਸੀ ਭਰਾ, ਆਪੋ ਆਪਣੇ ਇਲਾਕਿਆਂ ਵਿਚ ਇਹ ਇਸ਼ਤਿਹਾਰ ਛਪਵਾ ਕੇ ਵੰਡ ਰਹੇ ਹਨ। ਇਹ ਸਤਰਾਂ ਲਿਖਣ ਵੇਲੇ ਤੱਕ ਇਸ ਦੀ ਇਸ਼ਾਇਤ ਗਿਣਤੀ (ਇਕੱਲੇ ਪੰਜਾਬ ਵਿਚ ਹੀ) ਪੰਜਾਹ ਕੁ ਹਜ਼ਾਰ ਦੇ ਲਾਗੇ ਚਾਗੇ ਪਹੁੰਚ ਚੁੱਕੀ ਹੈ, ਜਿਵੇਂ ਜਿਵੇਂ ਇਹ ਲਹਿਰ ਜ਼ੋਰ ਫੜ ਰਹੀ ਹੈ, ਤਿਵੇਂ ਅੱਗੇ ਤੋਂ ਅੱਗੇ ਇਸ ਦੀ ਛਪਵਾਈ ਦੀ ਮੰਗ ਵਧ ਰਹੀ ਹੈ। ਲੱਚਰ ਗਾਇਕੀ ਖ਼ਿਲਾਫ਼ ਚੱਲ ਰਹੀ ਇਸ ਮੁਹਿੰਮ ਬਾਰੇ ਮੁਕੰਮਲ ਜਾਣਕਾਰੀ ‘ਹਿੰਮਤਪੁਰਾ ਡਾਟ ਕਾਮ’ ਤੋਂ ਲਈ ਜਾ ਸਕਦੀ ਹੈ। ਆਓ ਵੀਰੋ ਭੈਣੋਂ, ਉਜੜਦੇ ਜਾ ਰਹੇ ਪੰਜਾਬ ਲਈ ਸਿਰ ਜੋੜ ਕੇ ਤਦਬੀਰਾਂ ਬਣਾਈਏ।
Leave a Reply