ਐਸ਼ਵਰਿਆ ਰਾਏ ਦੀ ਵਾਪਸੀ

ਐਸ਼ਵਰਿਆ ਰਾਏ ਬੱਚਨ ਫਿਲਮ Ḕਜਜ਼ਬਾḔ ਨਾਲ ਫਿਲਮਾਂ ਵਿਚ ਵਾਪਸੀ ਕਰ ਰਹੀ ਹੈ। ਸਾਬਕਾ ਸੁੰਦਰੀ ਲਈ ਇਹ ਫਿਲਮ ਉਘਾ ਫਿਲਮਸਾਜ਼ ਸੰਜੇ ਗੁਪਤਾ ਡਾਇਰੈਕਟ ਕਰ ਰਿਹਾ ਹੈ। ਇਹ ਫਿਲਮ ਉਤਰੀ ਕੋਰੀਆ ਦੀ ਫਿਲਮ Ḕਸੈਵਨ ਡੇਅਜ਼Ḕ ਦੀ ਰੀਮੇਕ ਹੋਵੇਗੀ। Ḕਸੈਵਨ ਡੇਅਜ਼Ḕ 2007 ਵਿਚ ਬਣੀ ਸੀ ਅਤੇ ਇਹ ਅਜਿਹੀ ਔਰਤ ਦੀ ਕਹਾਣੀ ਹੈ ਜੋ ਆਪਣੀ ਅਗਵਾ ਹੋਈ ਧੀ ਨੂੰ ਬਚਾਉਣ ਲਈ ਇਕ ਅਪਰਾਧੀ ਦਾ ਕੇਸ ਲੜਨ ਲਈ ਤਿਆਰ ਹੋ ਜਾਂਦੀ ਹੈ। ਇਹ ਕੇਸ ਪੂਰੇ ਸੱਤ ਦਿਨ ਚਲਦਾ ਹੈ ਅਤੇ ਇਨ੍ਹਾਂ ਸੱਤਾਂ ਦਿਨਾਂ ਦੀ ਕਹਾਣੀ ਇਸ ਫਿਲਮ ਵਿਚ ਪਰੋਈ ਗਈ ਹੈ। ਇਸ ਫਿਲਮ ਵਿਚ ਐਸ਼ਵਰਿਆ ਤੋਂ ਇਲਾਵਾ ਇਰਫਾਨ ਖ਼ਾਨ, ਅਨੁਪਮ ਖੇਰ ਅਤੇ ਜੌਹਨ ਅਬਰਾਹਿਮ ਵਰਗੇ ਕਲਾਕਾਰ ਵੀ ਕੰਮ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋ ਰਹੀ ਹੈ ਅਤੇ ਮਈ 2015 ਵਿਚ ਇਹ ਕਾਨ (ਫ਼ਰਾਂਸ) ਵਿਚ ਲੱਗਣ ਵਾਲੇ ਫਿਲਮ ਮੇਲੇ ਵਿਚ ਦਿਖਾਈ ਜਾਵੇਗੀ। ਬਾਅਦ ਵਿਚ ਇਹ ਫਿਲਮ ਅਗਸਤ ਜਾਂ ਸਤੰਬਰ ਵਿਚ ਰਿਲੀਜ਼ ਕੀਤੀ ਜਾਵੇਗੀ। ਸੰਜੇ ਗੁਪਤਾ ਇਸ ਤੋਂ ਪਹਿਲਾਂ ‘ਸ਼ੂਟਆਊਟ ਐਟ ਵਡਾਲਾ’ ਫਿਲਮ ਡਾਇਰੈਕਟ ਕਰ ਚੁੱਕੇ ਹਨ ਅਤੇ ਫਿਲਮ ਡਾਇਰੈਕਸ਼ਨ ਵਿਚ ਉਸ ਦੀ ਪਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਯਾਦ ਰਹੇ, ਐਸ਼ਵਰਿਆ ਰਾਏ ਬੱਚਨ ਕਈ ਸਾਲਾਂ ਤੋਂ ਕਾਨ ਵਿਖੇ ਹਰ ਸਾਲ ਪੁੱਜਦੀ ਹੈ। 2003 ਵਿਚ ਤਾਂ ਉਸ ਨੂੰ ਇਸ ਮੇਲੇ ਦੀ ਜਿਊਰੀ ਦੀ ਮੈਂਬਰ ਵੀ ਬਣਾਇਆ ਗਿਆ ਸੀ।
ਐਸ਼ਵਰਿਆ ਰਾਏ ਬੱਚਨ ਦੀ ਪਿਛਲੀ ਫਿਲਮ Ḕਗੁਜ਼ਾਰਿਸ਼Ḕ 2010 ਵਿਚ ਰਿਲੀਜ਼ ਹੋਈ ਸੀ, ਪਰ ਬਾਅਦ ਵਿਚ ਬੇਟੀ ਦੇ ਜਨਮ ਕਰ ਕੇ ਉਸ ਨੇ ਫਿਲਮਾਂ ਤੋਂ ਕਿਨਾਰਾ ਕਰ ਲਿਆ ਸੀ। ਹੁਣ ਉਹ ਕੋਈ 5 ਸਾਲ ਬਾਅਦ ਫਿਲਮਾਂ ਵੱਲ ਪਰਤੀ ਹੈ। ਐਸ਼ਵਰਿਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1997 ਵਿਚ ਮਨੀ ਰਤਨਮ ਦੀ ਤਾਮਿਲ ਫਿਲਮ ḔਇਰੂਵਰḔ ਨਾਲ ਕੀਤੀ ਸੀ। ਉਸ ਦੀ ਪਹਿਲੀ ਹਿੰਦੀ ਫਿਲਮ Ḕਔਰ ਪਿਆਰ ਹੋ ਗਿਆḔ ਸੀ। ḔਤਾਲḔ, ḔਦੇਵਦਾਸḔ, ḔਰੇਨਕੋਟḔ ਤੇ Ḕਜੋਧਾ ਅਕਬਰḔ ਫਿਲਮਾਂ ਨਾਲ ਉਸ ਨੇ ਫਿਲਮੀ ਦੁਨੀਆਂ ਵਿਚ ਆਪਣੀ ਵਾਹਵਾ ਧਾਂਕ ਜਮਾਈ।
ਐਸ਼ਵਰਿਆ ਰਾਏ ਬੱਚਨ ਦੀ ਇਕ ਹੋਰ ਫਿਲਮ Ḕਐ ਦਿਲ ਹੈ ਮੁਸ਼ਕਿਲḔ ਫਿਲਮਸਾਜ਼ ਕਰਨ ਜੌਹਰ ਦੀ ਡਾਇਰੈਕਸ਼ਨ ਵਿਚ ਬਣ ਰਹੀ ਹੈ। ਇਸ ਫਿਲਮ ਵਿਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਵੀ ਕੰਮ ਕਰ ਰਹੇ ਹਨ। ਇਹ ਫਿਲਮ 2016 ਵਿਚ ਰਿਲੀਜ਼ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਐਸ਼ਵਰਿਆ ਰਾਏ ਹੋਰ ਵੀ ਕਈ ਫਿਲਮਾਂ ਸਾਈਨ ਕਰ ਰਹੀ ਹੈ ਅਤੇ ਕਈ ਨਿਰਮਾਤਾ ਨਿਰਦੇਸ਼ਕ ਉਸ ਨੂੰ ਆਪੋ-ਆਪਣੀਆਂ ਫਿਲਮਾਂ ਦੀਆਂ ਕਹਾਣੀਆਂ ਸੁਣਾ ਰਹੇ ਹਨ। ਐਸ਼ਵਰਿਆ ਰਾਏ ਦਾ ਕਹਿਣਾ ਹੈ ਕਿ ਫਿਲਮਾਂ ਵਿਚ ਉਸ ਦੀ ਇਹ ਵਾਪਸੀ ਉਹਦੀ ਨੰਨ੍ਹੀ ਧੀ ਅਰਾਧਿਆ ਨੂੰ ਸਮਰਪਿਤ ਹੈ ਜਿਸ ਦੇ ਜਨਮ ਨੇ ਉਸ ਦੀ ਜ਼ਿੰਦਗੀ ਨੂੰ ਇਕ ਨਵਾਂ ਹੁਲਾਰਾ ਦਿੱਤਾ। ਉਹ ਬੱਚਨ ਪਰਿਵਾਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਵੀ ਨਹੀਂ ਥੱਕਦੀ ਜਿਸ ਦੇ ਸਹਿਯੋਗ ਨਾਲ ਉਹ ਇਕ ਵਾਰ ਫਿਰ ਕੈਮਰੇ ਦੇ ਸਾਹਮਣੇ ਆ ਰਹੀ ਹੈ। ਅਭਿਸ਼ੇਕ ਬਾਰੇ ਤਾਂ ਉਹ ਇਹੀ ਆਖਦੀ ਹੈ ਕਿ ਉਸ ਵਰਗਾ ਪਤੀ ਕੋਈ ਹੋਰ ਨਹੀਂ ਹੈ।

ਅਦਾਕਾਰਾਂ ਦੀਆਂ ਸੁਰਾਂ ਤੇ ਤਾਲ

ਸਾਲ 2014 ਵਿਚ ਕਈ ਅਦਾਕਾਰਾਂ ਨੇ ਵੱਖ-ਵੱਖ ਫਿਲਮਾਂ ਵਿਚ ਅਦਾਕਾਰੀ ਦੇ ਨਾਲ-ਨਾਲ ਗੀਤ ਵੀ ਰਿਕਾਰਡ ਕਰਵਾਏ। ਇਨ੍ਹਾਂ ਕਲਾਕਾਰਾਂ ਵਿਚ ਆਲੀਆ ਭੱਟ, ਸ਼ਰਧਾ ਕਪੂਰ, ਮਾਧੁਰੀ ਦੀਕਸ਼ਿਤ ਅਤੇ ਸਲਮਾਨ ਖਾਨ ਵਰਗੇ ਅਦਾਕਾਰ ਸ਼ਾਮਲ ਹਨ। ਆਲੀਆ ਭੱਟ ਨੇ ਆਪਣੀ ਹਿੱਟ ਹੋਈ ਫਿਲਮ ḔਹਾਈਵੇḔ ਤੋਂ ਬਾਅਦ ਫਿਲਮ Ḕਹੰਪਟੀ ਸ਼ਰਮਾ ਕੀ ਦੁਲਹਨੀਆḔ ਵਿਚ ਪੰਜਾਬੀ ਗੀਤ Ḕਮੈਂ ਤੈਨੂੰ ਸਮਝਾਵਾਂ ਕੀḔ ਗੀਤ ਗਾ ਕੇ ਮੇਲਾ ਲੁੱਟ ਲਿਆ। ਆਲੀਆ ਭੱਟ ਤੋਂ ਇਲਾਵਾ ਸ਼ਰਧਾ ਕਪੂਰ ਨੇ Ḕਏਕ ਵਿਲੇਨḔ ਫਿਲਮ ਵਿਚ ḔਗਲੀਆਂḔ ਨਾਂ ਦਾ ਗੀਤ ਗਾਇਆ। ਇਹ ਉਸ ਦਾ ਪਹਿਲਾਂ ਗੀਤ ਹੀ ਸੀ। ਇਸ ਗੀਤ ਨੂੰ ਸੰਗੀਤ ਮਿਥੁਨ ਨੇ ਦਿੱਤਾ ਅਤੇ ਅਰਿਜਿਤ ਸਿੰਘ ਦੀ ਕਮਾਲ ਦੀ ਆਵਾਜ਼ ਕਰ ਕੇ ਇਹ ਗੀਤ ਕਈ ਹਫ਼ਤੇ ਟੌਪ ਉਤੇ ਰਿਹਾ। ਸ਼ਰਧਾ ਨੇ ਫਿਲਮ ḔਹੈਦਰḔ ਵਿਚ ਕਸ਼ਮੀਰੀ ਲੋਕ ਗੀਤ ਨੂੰ ਆਵਾਜ਼ ਦਿੱਤੀ।
ਮਾਧੁਰੀ ਦੀਕਸ਼ਿਤ ਨੇ ਆਪਣੀ ਫਿਲਮ Ḕਗੁਲਾਬੀ ਗੈਂਗḔ ਦਾ ਚਰਚਿਤ ਗੀਤ Ḕਰੰਗੀ ਸਾੜ੍ਹੀ ਗੁਲਾਬੀḔ ਗੀਤ ਨਾਲ ਆਪਣੀ ਹਾਜ਼ਰੀ ਲੁਆਈ। ਇਸ ਤੋਂ ਪਹਿਲਾਂ ਉਹ ḔਦੇਵਦਾਸḔ ਵਿਚ Ḕਕਾਹੇ ਛੇੜੇ ਮੋਹੇḔ ਗੀਤ ਨਾਲ ਸਰੋਤਿਆਂ ਦੇ ਦਿਲਾਂ ਨਾਲ ਸਾਂਝ ਬਣਾ ਚੁੱਕੀ ਸੀ। ਗੀਤ ਗਾਉਣ ਦੇ ਮਾਮਲੇ ਵਿਚ ਸਲਮਾਨ ਖਾਨ ਵੀ ਪਿਛੇ ਨਹੀਂ ਰਿਹਾ। ਉਸ ਨੇ Ḕਹੈਲੋ ਬ੍ਰਦਰਜ਼Ḕ ਵਿਚ Ḕਚਾਂਦੀ ਕੀ ਡਾਲ ਪਰ, ਸੋਨੇ ਕਾ ਮੋਰḔ ਅਤੇ ਫਿਰ Ḕਚੱਲ ਮੇਰੇ ਭਾਈḔ ਦਾ ਟਾਈਟਲ ਗੀਤ ਗਾਇਆ। ਇਸ ਦੇ ਨਾਲ ਹੀ ਫਿਲਮ ਜਗਤ ਦੇ ਗਾਇਨ ਖੇਤਰ ਵਿਚ ਕਈ ਨਵੇਂ ਚਿਹਰੇ ਵੀ ਸਾਹਮਣੇ ਆਏ। ਇਨ੍ਹਾਂ ਵਿਚ ਕਨਿਕਾ ਕਪੂਰ, ਆਕ੍ਰਿਤੀ ਕੱਕੜ, ਜੈਸਮੀਨ ਸੰਦਲਾਸ, ਨੇਹਾ ਕੱਕੜ ਤੇ ਚੰਨਮਈ ਸ੍ਰੀਪਦਾ ਸ਼ਾਮਲ ਹਨ। ਕਨਿਕਾ ਇੰਗਲੈਂਡ ਵਿਚ ਰਹਿੰਦੀ ਪੰਜਾਬੀ ਗਾਇਕਾ ਹੈ ਅਤੇ ਉਸ ਨੇ Ḕਬੇਬੀ ਡੌਲḔ ਰਾਹੀਂ ਹਿੰਦੀ ਫਿਲਮ ਜਗਤ ਵਿਚ ਵਾਹ-ਵਾਹ ਖੱਟੀ।