ਖਾਲੜਾ ਮਿਸ਼ਨ ਕਮੇਟੀ ਤੇ ਦਲਬੀਰ ਸਿੰਘ ਪੱਤਰਕਾਰ ਦਾ ਰੋਲ

ਪੰਜਾਬ ਟਾਈਮਜ ਦੇ 29 ਨਵੰਬਰ ਦੇ ਅੰਕ ਵਿਚ Ḕਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰḔ ਸਿਰਲੇਖ ਹੇਠ ਹਰਭਜਨ ਸਿੰਘ ਬਰਾੜ ਨਾਲ ਮੁਲਾਕਾਤ ਪੜ੍ਹੀ। ਅਸੀਂ ਸ਼ ਬਰਾੜ ਵਲੋਂ ਕਹੀਆਂ ਸਾਰੀਆਂ ਗੱਲਾਂ ਨਾਲ ਤਾਂ ਸਹਿਮਤ ਨਹੀਂ ਪਰ ਕੁਝ ਗੱਲਾਂ ਉਸ ਨੇ ਸੋਲਾਂ ਆਨੇ ਸੱਚੀਆਂ ਕੀਤੀਆਂ ਹਨ, ਖਾਸ ਕਰਕੇ ਕਾਮਰੇਡ ਦਲਬੀਰ ਸਿੰਘ ਪੱਤਰਕਾਰ ਦੇ ਰੋਲ ਬਾਰੇ।

ਮਾਝੇ ਦੇ ਪਿੰਡਾਂ ਵਿਚ ਇਹ ਗੱਲ ਮਸ਼ਹੂਰ ਹੈ ਕਿ ਵਿਗੜਿਆ ਕਾਮਰੇਡ ਬੜਾ ਖਤਰਨਾਕ ਹੁੰਦੈ। ਇਹ ਗੱਲ ਹੋਰ ਕਿਸੇ ‘ਤੇ ਢੁਕੇ ਜਾਂ ਨਾ ਪਰ ਦਲਬੀਰ ਸਿੰਘ ‘ਤੇ ਪੂਰੀ ਤਰ੍ਹਾਂ ਢੁਕਦੀ ਹੈ। ਸਾਕਾ ਨੀਲਾ ਤਾਰਾ ਤੋਂ ਪਿਛੋਂ ਬਰਨਾਲਾ ਸਰਕਾਰ ਨੇ ਇਸ ‘ਤੇ ਪਾਏ ਕੇਸ ਵਾਪਸ ਲੈ ਲਏ ਪਰ ਇਸ ਨੇ ਵੱਸਣ ਸਿੰਘ ਜ਼ਫ਼ਰਵਾਲ ਅਤੇ ਧੰਨਾ ਸਿੰਘ ਨੂੰ ਅੱਗੇ ਲਾ ਕੇ ਪੰਥਕ ਕਮੇਟੀ ਬਣਵਾ ਦਿਤੀ ਅਤੇ ਬਰਨਾਲੇ ਕਿਆਂ ਦੀਆਂ ਜੜ੍ਹਾਂ ਵਿਚ ਤੇਲ ਦੇ ਦਿਤਾ।
ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਭਾਈ ਜਸਵੰਤ ਸਿੰਘ ਖਲਾੜਾ ਨੂੰ 6 ਸਤੰਬਰ 1995 ਨੂੰ ਤਰਨ ਤਾਰਨ ਪੁਲਿਸ ਨੇ ਕਬੀਰ ਪਾਰਕ, ਅੰਮ੍ਰਿਤਸਰ ਤੋਂ ਅਗਵਾ ਕਰ ਲਿਆ ਅਤੇ ਤਕਰੀਬਨ ਇਕ ਮਹੀਨਾ 2 ਦਿਨ ਬਾਅਦ ਬੇਤਹਾਸ਼ਾ ਤਸ਼ੱਦਦ ਕਰਕੇ 25 ਅਕਤੂਬਰ 1995 ਨੂੰ ਸ਼ਹੀਦ ਕਰ ਦਿੱਤਾ। ਭਾਈ ਖਾਲੜਾ ਅਤੇ ਪੁਲਿਸ ਵਲੋਂ ਹਜਾਰਾਂ ਸਿੱਖ ਨੌਜਵਾਨਾਂ ਨੂੰ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕਰਨ ਦਾ ਕੇਸ ਲੜਨ ਲਈ ਜਨਵਰੀ 1996 ਵਿਚ ‘ਖਾਲੜਾ ਮਿਸ਼ਨ ਕਮੇਟੀ’ ਹੋਂਦ ਵਿਚ ਆਈ, ਜਿਸ ਵਿਚ ਸੁਰਿੰਦਰ ਸਿੰਘ ਘਰਿਆਲਾ (ਚੇਅਰਮੈਨ) ਬਲਵਿੰਦਰ ਸਿੰਘ ਝਬਾਲ (ਜਨਰਲ ਸਕੱਤਰ), ਸਤਨਾਮ ਸਿੰਘ ਅਮੀਸ਼ਾਹ (ਮੁੱਖ ਬੁਲਾਰਾ) ਅਤੇ ਗੁਰਭੇਜ ਸਿੰਘ ਪਲਾਸੌਰ, ਸਤਵਿੰਦਰ ਪਾਲ ਸਿੰਘ ਪਲਾਸੌਰ, ਰਜੀਵ ਸਿੰਘ ਸੀਨੀਅਰ ਮੈਂਬਰ ਸਨ। ਜਦੋਂ ਖਾਲੜਾ ਮਿਸ਼ਨ ਕਮੇਟੀ ਹੋਂਦ ਵਿਚ ਆਈ ਤਾਂ ਦਲਬੀਰ ਸਿੰਘ ਪੱਤਰਕਾਰ ਵੀ ਖਾਲੜਾ ਮਿਸ਼ਨ ਕਮੇਟੀ ਦਾ ਮੈਂਬਰ ਬਣ ਗਿਆ।
1996 ਵਿਚ 31 ਮਾਰਚ ਨੂੰ ਜਦੋਂ ਖਾਲੜਾ ਮਿਸ਼ਨ ਕਮੇਟੀ ਨੇ ਪਿੰਡ ਖਾਲੜਾ ਤੋਂ ਇਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਤਾਂ ਦਲਬੀਰ ਸਿੰਘ ਪੱਤਰਕਾਰ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਜਾਵੇ। ਖਾਲੜਾ ਮਿਸ਼ਨ ਕਮੇਟੀ ਦੇ ਸਾਰੇ ਮੈਂਬਰ ਇਸ ਗੱਲ ਨਾਲ ਸਹਿਮਤ ਨਹੀਂ ਸਨ। ਕਮੇਟੀ ਨਹੀਂ ਸੀ ਚਾਹੁੰਦੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦਾ ਮੁੱਲ ਵੱਟਿਆ ਜਾਵੇ ਕਿਉਂਕਿ ਉਸ ਨੂੰ ਪੁਲਿਸ ਵਲੋਂ ਚੁੱਕ ਕੇ ਲਾਪਤਾ ਕਰ ਦਿੱਤੇ ਜਾਣ ਨੂੰ ਅਜੇ 6 ਮਹੀਨੇ ਵੀ ਨਹੀਂ ਹੋਏ ਸਨ। ਜਦੋਂ 31 ਮਾਰਚ ਨੂੰ ਰੋਸ ਜਲੂਸ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਇਆ ਤਾਂ ਦਲਬੀਰ ਸਿੰਘ ਨੇ ਬਹੁਤ ਜ਼ਿਦ ਕੀਤੀ ਕਿ ਸਾਨੂੰ ਚੋਣ ਦਾ ਐਲਾਨ ਕਰਨਾ ਚਾਹੀਦਾ ਹੈ, ਪਰ ਅਸੀਂ ਉਸ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤਾਂ ਉਹ ਨਾਰਾਜ਼ ਹੋ ਕੇ ਚਲਾ ਗਿਆ। ਸਾਨੂੰ ਪਤਾ ਸੀ ਕਿ ਲੋਕਾਂ ਦੀ ਖਾਲੜਾ ਪਰਿਵਾਰ ਨਾਲ ਹਮਦਰਦੀ ਹੈ ਪਰ ਵੋਟਾਂ ਵੇਲੇ ਲੋਕ ਵੋਟ ਨਹੀਂ ਪਾਉਂਦੇ, ਕਿਉਂਕਿ ਉਹ ਸਿਆਸੀ ਪਾਰਟੀਆਂ ਨਾਲ ਜੁੜੇ ਹੁੰਦੇ ਹਨ।
1999 ਵਿਚ ਜਦੋਂ ਲੋਕ ਸਭਾ ਦੀ ਚੋਣ ਆਈ ਤਾਂ ਦਲਬੀਰ ਸਿੰਘ ਨੇ ਫਿਰ ਜ਼ਿਦ ਕੀਤੀ ਕਿ ਸਾਨੂੰ ਚੋਣ ਲੜਨੀ ਚਾਹੀਦੀ ਹੈ, ਪਰ ਖਾਲੜਾ ਮਿਸ਼ਨ ਕਮੇਟੀ ਦਾ ਕੋਈ ਵੀ ਮੈਂਬਰ ਦਿਲੋਂ ਤਿਆਰ ਨਹੀਂ ਸੀ। ਅਸੀਂ ਦਲਬੀਰ ਸਿੰਘ ਨੂੰ ਬਥੇਰਾ ਕਿਹਾ ਕਿ ਪਹਿਲਾਂ ਤੂੰ ਸੰਤ ਜਰਨੈਲ ਸਿੰਘ ਨੂੰ ਮਾੜੀਆਂ ਸਲਾਹਾਂ ਦੇ ਦੇ ਸ਼ਹੀਦ ਕਰਵਾ ਦਿੱਤਾ, ਕਿਉਂਕਿ ਉਹ ਖੁਦ ਦੱਸਦਾ ਹੁੰਦਾ ਸੀ ਕਿ ਸੰਤਾਂ ਨੂੰ ਮੈਂ ਇਹੋ ਸਲਾਹ ਦਿੱਤੀ ਸੀ ਕਿ ਤੁਸੀਂ ਦਰਬਾਰ ਸਾਹਿਬ ਛੱਡ ਕੇ ਨਹੀਂ ਜਾਣਾ ਤੇ ਜੇ ਚਲੇ ਗਏ ਤਾਂ ਤੁਹਾਨੂੰ ਕਿਸੇ ਨੇ ‘ਸੰਤ ਜਰਨੈਲ ਸਿੰਘ’ ਨਹੀਂ ਕਹਿਣਾ। ਉਸ ਨੇ ਬੀਬੀ ਖਾਲੜਾ ਨੂੰ ਸਰਬ ਹਿੰਦ ਅਕਾਲੀ ਦਲ ਵਲੋਂ ਲੋਕ ਸਭਾ ਚੋਣ ਲੜਾਉਣ ਲਈ ਰਾਜ਼ੀ ਕਰਕੇ ਚੋਣ ਲੜਾ ਦਿੱਤੀ। ਉਸ ਸਮੇਂ ਪ੍ਰੇਮ ਸਿੰਘ ਲਾਲਪੁਰੇ ਨੇ ਵੀ ਬੜਾ ਜ਼ੋਰ ਲਾਇਆ ਕਿ ਪਾਰਲੀਮੈਂਟ ਦੀ ਚੋਣ ਲੜਨੀ ਬੜੀ ਮੁਸ਼ਕਿਲ ਹੈ, ਤੁਸੀਂ ਇਹ ਚੋਣ ਨਾ ਲੜੋ ਪਰ ਦਲਬੀਰ ਸਿੰਘ ਨਾ ਟਲਿਆ, ਜਿਸ ਵਿਚ ਸਾਡੀ ਬਹੁਤ ਬੁਰੀ ਹਾਰ ਹੋਈ। ਫਿਰ ਵੀ ਗਾਹੇ-ਬਗਾਹੇ ਉਹ ਖਾਲੜਾ ਮਿਸ਼ਨ ਕਮੇਟੀ ਦੇ ਕੰਮ ਵਿਚ ਦਖਲਅੰਦਾਜ਼ੀ ਕਰਦਾ ਰਿਹਾ। ਜਦੋਂ ਜਸਵੰਤ ਸਿੰਘ ਖਲਾੜਾ ਦਾ ਕੇਸ ਗਵਾਹੀਆਂ ‘ਤੇ ਆਇਆ ਤਾਂ ਦਲਬੀਰ ਸਿੰਘ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਵਿਚ ਸਾਨੂੰ ਕਿਹਾ ਕਿ ਕੇਸ ਦੇ ਮੁਖ ਗਵਾਹ ਕੁਲਦੀਪ ਸਿੰਘ ਬਚੜਾ ਨੂੰ ਕਹੋ ਕਿ ਉਹ ਉਸ ਦੀਆਂ ਨਸੀਹਤਾਂ ਅਨੁਸਾਰ ਹੀ ਗਵਾਹੀ ਦੇਵੇ। ਪਰ ਗੱਲ ਨਾ ਮੰਨੇ ਜਾਣ ‘ਤੇ ਉਸ ਨੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਕਮੇਟੀ ਦੇ ਕੁਝ ਮੈਂਬਰਾਂ ਨੂੰ ਚੁੱਕ-ਚਕਾ ਕੇ ਇਸ ਦੇ ਦੋ ਟੋਟੇ ਕਰਵਾ ਦਿੱਤੇ। ਸੁਰਿੰਦਰ ਸਿੰਘ ਘਰਿਆਲਾ ਅਤੇ ਰਜੀਵ ਸਿੰਘ, ਜਿਨ੍ਹਾਂ ਨੇ ਖਾਲੜਾ ਕੇਸ ਨੂੰ ਸਿਰੇ ਲਾਉਣ ਲਈ 10 ਸਾਲ ਤਨੋ, ਮਨੋ, ਧਨੋ ਜ਼ੋਰ ਲਾਇਆ ਸੀ ਅਤੇ ਜਿਨ੍ਹਾਂ ‘ਤੇ ਖਾਲੜਾ ਕੇਸ ਦਰਮਿਆਨ ਕਈ ਕੇਸ ਦਰਜ ਹੋਏ, ਉਨ੍ਹਾਂ ਨੂੰ ਬੀਬੀ ਖਾਲੜਾ ਕੋਲੋਂ ਗੱਦਾਰ ਦਾ ਰੁਤਬਾ ਦਵਾ ਦਿੱਤਾ। ਖਾਲੜਾ ਮਿਸ਼ਨ ਕਮੇਟੀ ਕਾਇਮ ਹੈ, ਇਸ ਦੇ ਪੁਰਾਣੇ ਅਹੁਦੇਦਾਰ ਸਾਰੇ ਇਕੱਠੇ ਹਨ ਪਰ ਦਲਬੀਰ ਸਿੰਘ ਪੱਤਰਕਾਰ ਕਮੇਟੀ ਛੱਡ ਗਿਆ।
ਖਾਲੜਾ ਮਿਸ਼ਨ ਕਮੇਟੀ ਨੇ 1995 ਤੋਂ ਲੈ ਕੇ 2005 ਤੱਕ, ਜਿੰਨਾ ਚਿਰ ਖਾਲੜਾ ਕੇਸ ਚਲਦਾ ਰਿਹਾ, ਬੜਾ ਭਿਆਨਕ ਸਮਾਂ ਦੇਖਿਆ। ਇਸ ਦੇ ਕਈ ਮੈਂਬਰਾਂ ‘ਤੇ ਕਈ ਝੂਠੇ ਕੇਸ ਬਣਾਏ ਗਏ, ਜਿਸ ਦਾ ਕਮੇਟੀ ਨੇ ਡੱਟ ਕੇ ਵਿਰੋਧ ਕੀਤਾ ਤੇ ਕਾਨੂੰਨੀ ਲੜਾਈ ਲੜ ਕੇ ਪੁਲਿਸ ਦੀਆਂ ਗੋਡਣੀਆਂ ਲਵਾਈਆਂ। ਖਾਲੜਾ ਮਿਸ਼ਨ ਕਮੇਟੀ ਅਗੋਂ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਰਹੇਗੀ।
-ਬਲਵਿੰਦਰ ਸਿੰਘ ਝਬਾਲ
ਫੋਨ: 91-85284-13271
-ਸੁਰਿੰਦਰ ਸਿੰਘ ਘਰਿਆਲਾ
ਫੋਨ: 91-94644-34484