ਪ੍ਰਸੰਗ ਬਾਲ ਠਾਕਰੇ ਅਤੇ ਚੱਢਾ ਭਰਾ
ਦਲਜੀਤ ਅਮੀ
ਫੋਨ: 91-97811-21873
ਇਤਿਹਾਸ ਨੂੰ ਸਮਝਣ ਲਈ ਸਮੇਂ ਤੇ ਸਥਾਨ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਪਰ ਕਈ ਵਾਰ ਸਬੱਬ ਗੁੰਝਲਦਾਰ ਰੁਝਾਨ ਨੂੰ ਸੁਖਾਲਾ ਕਰ ਕੇ ਸਮਝਾਉਂਦਾ ਹੈ। ਇੱਕੋ ਦਿਨ ਬਾਲ ਠਾਕਰੇ ਅਤੇ ਪੌਂਟੀ ਚੱਢਾ ਤੇ ਉਸ ਦੇ ਭਰਾ ਦੀ ਮੌਤ ਹੋਈ ਜੋ ਭਾਰਤੀ ਰਾਜਤੰਤਰ ਦੇ ਖ਼ਾਸੇ ਦੇ ਪੇਚੀਦਾ ਪੱਖ ਦੀ ਕੁੰਜੀ ਬਣ ਗਈ ਜਾਪਦੀ ਹੈ। ਇਨ੍ਹਾਂ ਮੌਤਾਂ ਦੇ ਕਾਰਨ ਵੱਖ-ਵੱਖ ਸਨ। ਥਾਂਵਾਂ ਵਿਚ ਚੋਖਾ ਫ਼ਰਕ ਸੀ। ਇਹ ਵੀ ਹੋ ਸਕਦਾ ਹੈ ਕਿ ਜਿਉਂਦੇ ਜੀਅ ਚੱਢਾ ਭਰਾ ਤੇ ਬਾਲ ਠਾਕਰੇ ਇੱਕ-ਦੂਜੇ ਦੇ ਸੰਪਰਕ ਵਿਚ ਨਾ ਆਏ ਹੋਣ। ਸਾਂਝ ਇਹ ਹੋ ਸਕਦੀ ਹੈ ਕਿ ਤਿੰਨਾਂ ਨੂੰ ਫ਼ਿਲਮ ਸਨਅਤ ਪੁੱਜ ਕੇ ਸਲਾਮ ਕਰਦੀ ਹੈ। ਕਾਨੂੰਨ ਨੂੰ ਮਰੋੜੀ ਦੇ ਕੇ ਇਨ੍ਹਾਂ ਨੂੰ ਆਪਣੀ ਮਨ-ਮਰਜ਼ੀ ਕਰਨੀ ਆਉਂਦੀ ਸੀ। ਇੱਕ ਨੇ ਆਪਣੇ ਘਰੋਂ ਬੈਠ ਕੇ ਸਰਕਾਰ ਚਲਾਉਣ ਦਾ ਤਜਰਬਾ ਕੀਤਾ ਤਾਂ ਦੂਜਿਆਂ ਨੇ ਪੈਸੇ ਦੇ ਜ਼ੋਰ ਨਾਲ ਕਾਨੂੰਨੀ ਅੜਿੱਕੇ ਲਾਂਭੇ ਕੀਤੇ। ਜੇ ਇਨ੍ਹਾਂ ਦੀ ਮੌਤ ਵੱਖ-ਵੱਖ ਦਿਨ ਹੁੰਦੀ ਤਾਂ ਫ਼ਿਲਮ ਸਨਅਤ ਤੇ ਪੱਤਰਕਾਰ ਤਬਕੇ ਨੇ ਚੱਢਾ ਭਰਾਵਾਂ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਵਧੇਰੇ ਕਰਨਾ ਸੀ। ਬਾਲ ਠਾਕਰੇ ਘਟਨਾਕ੍ਰਮ ਦੇ ਕੇਂਦਰ ਵਿਚ ਆ ਗਿਆ ਤਾਂ ਚੱਢਾ ਭਰਾ ਚਿੱਤਰਪਟ ਉੱਤੇ ਥੋੜਾ ਪਿੱਛੇ ਹੋ ਗਏ। ਬਾਲ ਠਾਕਰੇ ਅਤੇ ਚੱਢਾ ਭਰਾਵਾਂ ਵਿਚ ਸਾਂਝ ਇਹ ਵੀ ਹੈ ਕਿ ਉਨ੍ਹਾਂ ਨੇ ਭਾਰਤੀ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਮੋੜ ਦੇਣ ਵਾਲੀਆਂ ਤਾਕਤਾਂ ਦੀ ਉਹ ਨੁਮਾਇੰਦਗੀ ਕਰਦੇ ਸਨ। ਦੋਵਾਂ ਨੇ ਇੱਕ-ਦੂਜੇ ਵੱਲ ਪਿੱਠ ਕਰ ਕੇ ਖੜੀਆਂ ਧਿਰਾਂ ਨੂੰ ਇੱਕੋ ਵੇਲੇ ਕਲਾਵੇ ਵਿਚ ਲਿਆ। ਦੂਜੀਆਂ ਧਿਰਾਂ ਆਪਣੇ-ਆਪਣੇ ਪੈਂਤੜੇ ਉੱਤੇ ਕਾਇਮ ਰਹਿੰਦੀਆਂ ਹੋਈਆਂ ਇਸ ਕਲਾਵੇ ਦਾ ਨਿੱਘ ਮਾਣਦੀਆਂ ਰਹੀਆਂ। ਉਨ੍ਹਾਂ ਨੇ ਸਿਆਸਤ ਤੇ ਵਪਾਰ ਵਿਚ ਦੋਸਤੀ, ਦੁਸ਼ਮਣੀ, ਵਫ਼ਾਦਾਰੀ ਤੇ ਅਹਿਸਾਨ ਦੀ ਵਿਆਖਿਆ ਬਦਲ ਦਿੱਤੀ। ਉਨ੍ਹਾਂ ਨੇ ਖ਼ੁਦਗਰਜ਼ੀ, ਮੌਕਾਪ੍ਰਸਤੀ, ਤਿਕੜਮ, ਬੇਕਿਰਕੀ ਤੇ ਪਲਟੀਮਾਰ ਵਤੀਰੇ ਨੂੰ ਪਸ਼ੇਮਾਨੀ ਦੇ ਘੇਰੇ ਵਿਚੋਂ ਮੁਕਤ ਕਰ ਦਿੱਤਾ।
ਕੌਮੀ ਮੁਕਤੀ ਲਹਿਰ ਤੋਂ ਬਾਅਦ ਆਪਣੀ ਬਿਹਤਰ ਸਮਝ ਪੇਸ਼ ਕਰ ਕੇ ਸਰਕਾਰ ਬਣਾਉਣ ਲਈ ਬਹੁਮਤ ਜੋੜਨ ਦਾ ਉਪਰਾਲਾ ਹੁੰਦਾ ਸੀ, ਜਾਂ ਘੱਟੋ-ਘੱਟ ਅਜਿਹਾ ਕਰਨ ਦੀ ਤਵੱਕੋ ਕੀਤੀ ਜਾਂਦੀ ਸੀ। ਹੁਣ ਦੂਜੇ ਨੂੰ ਆਪਣੇ ਤੋਂ ਮਾੜਾ ਕਰਾਰ ਦਿੰਦੇ ਹੋਏ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾਂਦੀ ਹੈ। ਇਹ ਤਬਦੀਲੀ ਰਾਤੋ-ਰਾਤ ਨਹੀਂ ਆਈ, ਸਗੋਂ ਇਸ ਪਿੱਛੇ 65 ਸਾਲਾਂ ਦਾ ਰੁਝਾਨ ਹੈ। ਬਾਲ ਠਾਕਰੇ ਤੇ ਪੌਂਟੀ ਚੱਢਾ ਇਸੇ ਰੁਝਾਨ ਦੇ ਮਗਰਲੇ ਸਿਰੇ ਦੀ ਪ੍ਰਵਾਨਗੀ ਦੇ ਨੁਮਾਇੰਦੇ ਹਨ। ਬਾਲ ਠਾਕਰੇ ਨੇ ਮੁੰਬਈ ਵਿਚ ਉਸ ਵੇਲੇ ਸ਼ਿਵ ਸੈਨਾ ਬਣਾਈ ਜਦੋਂ ਕਾਂਗਰਸ ਆਪਣੀ ਕੌਮੀ ਮੁਕਤੀ ਵਾਲੇ ਖ਼ਾਸੇ ਤੋਂ ਕੰਨੀ ਕਸਕਾਉਣਾ ਸ਼ੁਰੂ ਕਰ ਰਹੀ ਸੀ। ਕੌਮੀ ਮੁਕਤੀ ਦਾ ਟੁੱਟਿਆ ਸੁਫ਼ਨਾ ਸਨਅਤੀ ਕਾਮਿਆਂ ਦੇ ਏਕੇ ਵਜੋਂ ਕਮਿਉਨਿਸਟ ਪਾਰਟੀ ਤੋਂ ਸੇਧ ਭਾਲ ਰਿਹਾ ਸੀ। ਮੁੰਬਈ ਵਿਚ ਸਨਅਤੀ ਕਾਮਿਆਂ ਦੇ ਆਗੂ ਇੱਕੋ ਵੇਲੇ ਕਾਂਗਰਸ ਤੇ ਮਿੱਲ ਮਾਲਕਾਂ ਨੂੰ ਚੁੱਭਦੇ ਸਨ। ਸ਼ਿਵ ਸੈਨਾ ਇੱਕੋ ਕੰਮ ਨਾਲ ਦੋਵਾਂ ਦੀ ਸਰਪ੍ਰਸਤੀ ਹਾਸਲ ਕਰ ਰਹੀ ਸੀ। ਸਿਆਸਤ ਅਤੇ ਸਰਮਾਏ ਦਾ ਗਠਜੋੜ ਸ਼ਿਵ ਸੈਨਾ ਦੇ ਰੂਪ ਵਿਚ ਮਰਾਠੀ ਪਛਾਣ ਦੀ ਗੱਲ ਕਰ ਰਿਹਾ ਸੀ। ਪਾਠਕ ਇਹ ਨਾ ਸਮਝਣ ਕਿ ਇਹ ਹਿਟਲਰ ਦੇ ਤਜਰਬੇ ਦਾ ਭਾਰਤੀ ਚਰਬਾ ਹੈ। ਜਦੋਂ ਇੱਕ ਪਾਸੇ ਕਮਿAਨਿਸਟ ਪਾਰਟੀ ਦੇ ਦੋਫਾੜ ਹੋਣ ਤੋਂ ਬਾਅਦ ਤੀਜੀ ਧਿਰ ਦੀਆਂ ਫਾਕਾਂ ਨਕਸਲਬਾੜੀ ਲਹਿਰ ਦੇ ਰੂਪ ਵਿਚ ਸਰਗਰਮ ਸਨ ਤਾਂ ਬਾਲ ਠਾਕਰੇ ਨੇ ਸ਼ਿਵ ਸੈਨਾ ਦੇ ‘ਸਾਮਨਾ’ ਤੋਂ ਪਹਿਲੇ ਪਰਚੇ ‘ਮਾਰਮਿਕ’ ਵਿਚ ‘ਕਮਿਉਨਿਸਟਾਂ ਦਾ ਲੱਕ ਤੋੜਨ’ ਦਾ ਐਲਾਨ ਕੀਤਾ ਸੀ। ਇਸ ਤੋਂ ਤਿੰਨ ਮਹੀਨੇ ਬਾਅਦ ਸ਼ਿਵ ਸੈਨਾ ਨੇ ਭਾਰਤੀ ਕਮਿਉਨਿਸਟ ਪਾਰਟੀ ਦੇ ਪਰੇਲ ਦਫ਼ਤਰ ਉੱਤੇ ਹਮਲਾ ਕਰ ਕੇ ਭੰਨ-ਤੋੜ ਕੀਤੀ। ਪੰਜ ਜੂਨ 1970 ਨੂੰ ਸ਼ਿਵ ਸੈਨਾ ਨੇ ਭਾਰਤੀ ਕਮਿਉਨਿਸਟ ਪਾਰਟੀ ਦੇ ਵਿਧਾਇਕ ਕ੍ਰਿਸ਼ਨ ਦੇਸਾਈ ਦਾ ਕਤਲ ਕੀਤਾ। ਕ੍ਰਿਸ਼ਨ ਦੇਸਾਈ ਦੇ ਅੰਤਿਮ ਸਸਕਾਰ ਉੱਤੇ ਸਨਅਤੀ ਕਾਮਿਆਂ ਦਾ 25000 ਦਾ ਇੱਕਠ ਉਸੇ ਸ਼ਿਵਾਜੀ ਪਾਰਕ ਵਿਚ ਹੋਇਆ ਸੀ ਜਿੱਥੇ ਬਾਲ ਠਾਕਰੇ ਨੂੰ ਦਾਗ਼ ਦਿੱਤਾ ਗਿਆ। ਸ਼ਿਵ ਸੈਨਾ ਖ਼ਿਲਾਫ਼ ਨਾਅਰੇ ਲਗਾ ਰਿਹਾ ਇਕੱਠ ਖਾੜਕੂ ਜਵਾਬ ਦੇਣਾ ਚਾਹੁੰਦਾ ਸੀ ਪਰ ਪਾਰਟੀ ਨੇ ਕਾਨੂੰਨੀ ਘੇਰੇ ਵਿਚ ਰਹਿ ਕੇ ਮੂਲਵਾਦ ਨੂੰ ਬੇਪਰਦ ਕਰਨ ਨੂੰ ਤਰਜੀਹ ਦਿੱਤੀ। ਸਿਆਸੀ ਟਿੱਪਣੀਕਾਰ ਸਰੋਜ ਗਿਰੀ ਲਿਖਦਾ ਹੈ ਕਿ ਇਹੋ ਮੋੜ ਨਿਰਾਸ਼ ਕਾਮਿਆਂ ਤੇ ਬੇਮੁਹਾਰ ਸ਼ਿਵ ਸੈਨਾ ਲਈ ਫ਼ੈਸਲਾਕੁਨ ਸਾਬਤ ਹੋਇਆ। ਇੱਕ ਧਿਰ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਤਕਰੀਬਨ ਅਣਹੋਈ ਵਾਲੀ ਹਾਲਤ ਵਿਚ ਪਹੁੰਚ ਗਈ ਤੇ ਦੂਜੀ ਕਾਨੂੰਨ ਨੂੰ ਹੱਥ ਵਿਚ ਲੈ ਕੇ ਕਾਨੂੰਨ ਬਣਾਉਣ ਦੀ ਸੰਵਿਧਾਨਕ ਪਦਵੀ ਤੱਕ ਪੁੱਜ ਗਈ। ਠਾਕਰੇ ਕਤਲ ਤੋਂ ਬਾਅਦ ਹੋਰ ਅਜਿਹੀਆਂ ਕਾਰਵਾਈਆਂ ਕਰਨ ਦੇ ਦਾਅਵੇ ਕਰ ਰਿਹਾ ਸੀ ਤੇ ਭਾਰਤੀ ਕਮਿਉਨਿਸਟ ਪਾਰਟੀ ਕਾਨੂੰਨ ਤੇ ਅਦਾਲਤਾਂ ਤੋਂ ਰਾਹਤ ਭਾਲ ਰਹੀ ਸੀ।æææਤੇ ਫਿਰ ਚੋਣਾਂ ਵਿਚ ਕ੍ਰਿਸ਼ਨ ਦੇਸਾਈ ਦੀ ਵਿਧਵਾ ਸਰੋਜਨੀ ਦੇਸਾਈ ਸ਼ਿਵ ਸੈਨਾ ਦੇ ਉਮੀਦਵਾਰ ਤੋਂ ਕਮਿਉਨਿਸਟਾਂ ਦੇ ਗੜ੍ਹ ਵਿਚ ਹੀ ਹਾਰ ਗਈ।
ਅਜਿਹੇ ਮੌਕੇ ਜੇਤੂ ਨਾਲ ਖੁੱਲ੍ਹੇ ਜਾਂ ਗੁਪਤ ਤੌਰ ਦੇ ਜੁੜਨ ਦਾ ਰੁਝਾਨ ਤੁਰ ਪੈਂਦਾ ਹੈ। ਕੁਝ ਪੁਰਾਣੀਆਂ ਵਫ਼ਾਦਾਰੀਆਂ ਜਾਂ ਪਛਾਣ ਦੀ ਦੇਹਲੀ ਪਾਰ ਕਰ ਕੇ ਕੁਝ ਸਮੇਂ ਲਈ ਪਸ਼ੇਮਾਨ ਹੁੰਦੇ ਹੋਏ ਵੀ ਨਵੀਆਂ ਵਫ਼ਾਦਾਰੀਆਂ ਦਾ ਸੁੱਖ ਮਾਣਦੇ ਹਨ। ਅਜਿਹੀ ਮਿਸਾਲ ਪ੍ਰਤਿਸ਼ ਨੰਦੀ ਦਾ ਬਾਲ ਠਾਕਰੇ ਦੀ ਮੌਤ ਤੋਂ ਬਾਅਦ ਲਿਖਿਆ ਸ਼ਰਧਾਜਲੀ ਲੇਖ ਹੈ। ਨੰਦੀ ਨੂੰ 1998 ਵਿਚ ਸ਼ਿਵ ਸੈਨਾ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ। ਨੰਦੀ ਦੇ ਮੂਲਵਾਦ ਨਾਲ ਇਤਫ਼ਾਕ ਨਾ ਰੱਖਣ ਵਾਲੇ ਦੋਸਤ ਉਸ ਨੂੰ ਪਸ਼ੇਮਾਨ ਕਰਦੇ ਸਨ। ਉਸ ਨੇ ਲੇਖ ਵਿਚ ਲਿਖਿਆ ਹੈ, “ਠਾਕਰੇ ਮੇਰੀ ਪਸ਼ੇਮਾਨੀ ਦਾ ਸਵਾਦ ਲੈਂਦਾ ਸੀ।” ਪਸ਼ੇਮਾਨੀ ਕਬੂਲ ਕਰਦਾ ਹੋਇਆ ਨੰਦੀ ਰਾਜ ਸਭਾ ਦਾ ਨਿੱਘ ਮਾਣਦਾ ਰਿਹਾ ਹੈ ਤੇ ਠਾਕਰੇ ਦੀ ਮੌਤ ਤੋਂ ਬਾਅਦ ਉਹ ਆਪਣੀ ਵਫ਼ਾਦਾਰੀ ਦਾ ਐਲਾਨ ਕਰਦਾ ਹੋਇਆ ਇਸ ਪਸ਼ੇਮਾਨੀ ਤੋਂ ਮੁਕਤ ਹੋ ਗਿਆ ਹੈ। ਸੋਗ ਵਿਚ ‘ਜੇ ਰੋਣ ਨਾ ਆਵੇ ਤਾਂ ਰੋਣ ਵਰਗਾ ਮੂੰਹ ਕਰ’ ਲੈਣ ਦੀ ਰੀਤ ਪ੍ਰਤਿਸ਼ ਨੰਦੀ ਦੇ ਨਾਲ-ਨਾਲ ਬਹੁਤ ਸਾਰੇ ਪੱਤਰਕਾਰਾਂ ਦੇ ਕੰਮ ਆਈ ਹੈ।
ਠਾਕਰੇ ਦੀ ਮੌਤ ਤੋਂ ਬਾਅਦ ਸ਼ਰਧਾਜਲੀਆਂ ਭੇਟ ਕਰਨ ਵਾਲਿਆਂ ਉੱਤੇ ਭਗਤੀ ਰਸ ਭਾਰੂ ਰਿਹਾ। ਉਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਏ ਜੋ ਆਮ ਤੌਰ ਉੱਤੇ ਧਾਰਮਿਕ ਸ਼ਖ਼ਸੀਅਤਾਂ ਜਾਂ ਕਲਾਕਾਰਾਂ ਲਈ ਰਾਖਵੇਂ ਹੁੰਦੇ ਹਨ। ਜੇ ਅਜੇ ਦੇਵਗਨ ਨੂੰ ਠਾਕਰੇ ‘ਦੂਰਗਾਮੀ ਸੱਜਣ’ ਜਾਪਦਾ ਹੈ ਤਾਂ ਰਾਮ ਗੋਪਾਲ ਵਰਮਾ ਉਸ ਨੂੰ ‘ਤਾਕਤ ਦਾ ਮੁਜੱਸਮਾ’ ਕਰਾਰ ਦਿੰਦਾ ਹੈ। ਅਮਿਤਾਭ ਬਚਨ ਉਸ ਦੀ ‘ਦ੍ਰਿੜਤਾ ਨੂੰ ਸਲਾਹੁੰਦਾ’ ਹੈ ਅਤੇ ਲਤਾ ਮੰਗੇਸ਼ਕਰ ਨੂੰ ਉਸ ਦਾ ਵਿਛੋੜਾ ‘ਅਨਾਥ ਹੋਣ ਦਾ ਅਹਿਸਾਸ’ ਕਰਵਾਉਂਦਾ ਹੈ। ਹਰ ਧਾਰਾ ਦੇ ਸਿਆਸਤਦਾਨ ਇਸੇ ਸੁਰ ਵਿਚ ਸੁਰ ਮਿਲਾਉਂਦੇ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਨੂੰ ‘ਨਾ ਪੂਰਿਆ ਜਾ ਸਕਣ ਵਾਲੇ ਘਾਟਾ’ ਦੱਸਦਾ ਹੈ। ਟੈਲੀਵਿਜ਼ਨ ਪੇਸ਼ਕਾਰ ਰਾਜਦੀਪ ਸਰਦੇਸਾਈ ਉਸ ਨੂੰ ‘ਮੁੰਬਈ ਨਾਇਕ’ ਕਰਾਰ ਦਿੰਦਾ ਹੋਇਆ ਪੇਸ਼ੀਨਗੋਈ ਕਰਦਾ ਹੈ ਕਿ ਮੁੰਬਈ ਉਸ ਦੇ ਸਤਿਕਾਰ/ਡਰ ਵਜੋਂ ਬੰਦ ਰਹੇਗਾ। ਅਰਨਵ ਗੋਸੁਆਮੀ ਠਾਕਰੇ ਦੀ ਮੌਤ ਨੂੰ ‘ਇਤਿਹਾਸਕ ਘਟਨਾ’ ਕਰਾਰ ਦਿੰਦਾ ਹੈ। ਵੀਰ ਸੰਗਵੀ ਉਸ ਨੂੰ ‘ਮੁੰਬਈ ਦਾ ਬੇਤਾਜ਼ ਬਾਦਸ਼ਾਹ’ ਕਰਾਰ ਦਿੰਦਾ ਹੈ। ਇਸੇ ਮਾਹੌਲ ਵਿਚ ਟੈਲੀਵਿਜ਼ਨ ਚੈਨਲ ਇੱਕ-ਦੂਜੇ ਨਾਲ ਮੁਕਾਬਲਾ ਕਰਦੇ ਹਨ ਕਿ ਕਿਸ ਨੇ ਕਿੰਨੇ ਪੱਖਾਂ ਤੋਂ ਅੰਤਿਮ ਸਸਕਾਰ ਦਿਖਾਉਣ ਦਾ ਇੰਤਜ਼ਾਮ ਕੀਤਾ ਹੈ। ਕਿਸ ਨੇ ਕਿੰਨੇ ਪੱਤਰਕਾਰ ਤੇ ਕੈਮਰਾਂ ਟੀਮਾਂ ਤਾਇਨਾਤ ਕੀਤੀਆਂ ਹਨ।
ਉਸੇ ਦਿਨ ਦਿੱਲੀ ਲਾਗੇ ਇੱਕ ਫਾਰਮਹਾਊਸ ਉੱਤੇ ਚੱਲੀ ਗੋਲੀ ਵਿਚ ਚੱਢਾ ਭਰਾ ਮਾਰੇ ਗਏ ਤਾਂ ਉਨ੍ਹਾਂ ਦੀ ਤਰੱਕੀ ਦੀਆਂ ਤਫ਼ਸੀਲਾਂ ਸਭ ਦੇ ਸਾਹਮਣੇ ਆਈਆਂ। ਪੰਜਾਬੀਆਂ ਨੂੰ ਤਾਂ ਇਹ ਨਹੀਂ ਭੁੱਲਿਆ ਹੋਣਾ ਕਿ ਪੰਜਾਬ ਵਿਚ ਹੁਣ ਤੱਕ ਦੀ ਸਭ ਤੋਂ ਗੰਧਲੀ ਚੋਣ ਲੜਨ ਤੋਂ ਬਾਅਦ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ, ਦੋਵੇਂ ਪੌਂਟੀ ਚੱਢਾ ਦੀ ਕੁੜੀ ਦੇ ਵਿਆਹ ਉੱਤੇ ਸਜ-ਧਜ ਕੇ ਪਹੁੰਚੇ ਸਨ। ਪੌਂਟੀ ਦਾ ਘਰ ਉਨ੍ਹਾਂ ਥਾਂਵਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਮੌਜੂਦਾ ਸਿਆਸਤਦਾਨਾਂ ਲਈ ਸਿਆਸੀ ਪਾਲਾਬੰਦੀ ਤੋਂ ਉਪਰ ਉੱਠ ਕੇ ਅਹਿਮ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਵਿਚ ਮੌਜੂਦਾ ਦੌਰ ਦੀ ਸਭ ਤੋਂ ਜ਼ਹਿਰੀ ਦੁਸ਼ਮਣੀ ਪਾਲਣ ਵਾਲੀਆਂ ਜਥੇਬੰਦੀਆਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ, ਚੱਢਿਆਂ ਨੂੰ ਦੁਸ਼ਮਣੀ ਤੋਂ ਵੱਖ ਰੱਖਦੀਆਂ ਹਨ। ਨਤੀਜੇ ਵਜੋਂ ਚੱਢਿਆਂ ਦਾ ਕਾਰੋਬਾਰ ਰਾਕਟੀ ਚਾਲ ਵਧਦਾ ਹੈ। ਟ੍ਰਿਬਿਊਨ ਦਾ ਪੱਤਰਕਾਰ ਪ੍ਰਭਜੋਤ ਸਿੰਘ ਉਨ੍ਹਾਂ ਦੇ ਹੁਨਰ ਵਿਚੋਂ ਖੁਖਰੈਨ ਬਰਾਦਰੀ ਦੇ ਗੁਣਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਉਨ੍ਹਾਂ ਦੇ ਕਾਰੋਬਾਰ ਦੀ ਚਿੰਤਾ ਕਰਦਾ ਹੈ। ਜਦੋਂ ਪ੍ਰਭਜੋਤ ਸਿੰਘ ਦਾ ਇਹ ਲੇਖ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਪੰਨੇ ਉੱਤੇ ਛਪਦਾ ਹੈ ਤਾਂ ਉਦੋਂ ਹੀ ਇਹ ਤਫ਼ਸੀਲ ਚਰਚਾ ਵਿਚ ਆਈ ਹੋਈ ਹੈ ਕਿ ਚੱਢਿਆਂ ਦੀ ਆਪਣੀ ਗੁੰਡਾ-ਢਾਣੀ ਸਰਕਾਰ ਦੇ ਮਾਲ ਮਹਿਕਮੇ ਦੇ ਬਰਾਬਰ ਕੰਮ ਕਰਦੀ ਸੀ। ਇਸ ਦੇ ਅਹੁਦੇ ਵੀ ਫ਼ੌਜੀ ਤਰਜ਼ ਉੱਤੇ ਸਨ ਤੇ ਇਨ੍ਹਾਂ ਦੀ ਤਨਖ਼ਾਹ ਦਾ ਬੰਦੋਬਸਤ ਤੈਅ ਮੁੱਲ ਤੋਂ ਮਹਿੰਗੀ ਸ਼ਰਾਬ ਵੇਚ ਕੇ ਹੁੰਦਾ ਸੀ। ਇਸ ਤਰ੍ਹਾਂ ਪ੍ਰਭਜੋਤ ਸਿੰਘ ਦਾ ਸ਼ਰਧਾਜਲੀ ਲੇਖ ਤੇ ਪ੍ਰਤਿਸ਼ ਨੰਦੀ ਦਾ ਸ਼ਰਧਾਜਲੀ ਲੇਖ ਇੱਕੋ ਲੜੀ ਦੀਆਂ ਦੋ ਕੜੀਆਂ ਹੋ ਨਿਬੜਦੀਆਂ ਹਨ। ਦੋਵਾਂ ਨੂੰ ਮੌਤ ਪਸ਼ੇਮਾਨੀ ਦੇ ਘੇਰ ਵਿਚੋਂ ਬਾਹਰ ਲੈ ਆਈ ਹੈ।
ਚੱਢਿਆਂ ਦੀ ਮੌਤ ਦਾ ਘਟਨਾਕ੍ਰਮ ਹੋਰ ਕੜੀਆਂ ਜੋੜਦਾ ਹੈ। ਆਖ਼ਰਕਾਰ, ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸੁਖਦੇਵ ਸਿੰਘ ਨਾਮਧਾਰੀ ਮੁਲਜ਼ਮ ਬਣਾਇਆ ਜਾਂਦਾ ਹੈ ਤਾਂ ਉਸ ਦੀ ਤਰੱਕੀ ਦੀ ਤਫ਼ਸੀਲ ਵੀ ਸਾਹਮਣੇ ਆਉਂਦੀ ਹੈ। ਉਹ ਟਰੱਕ ਡਰਾਈਵਰ ਤੋਂ ਅਰਬਾਂਪਤੀ ਤੇ ਭਾਜਪਾ ਦੀ ਉਤਰਾਖੰਡ ਸਰਕਾਰ ਦਾ ਘੱਟਗਿਣਤੀ ਕਮਿਸ਼ਨ ਦਾ ਨਾਮਜ਼ਦ ਚੇਅਰਮੈਨ ਕਿਵੇਂ ਬਣਿਆ? ਮਹਿਲਾਂ ਨੂੰ ਮਾਤ ਪਾਉਂਦੇ ਘਰ ਅਤੇ 99 ਫ਼ੀਸਦੀ ਆਬਾਦੀ ਨੂੰ ਜ਼ਲੀਲ ਕਰਨ ਦੀ ਹੱਦ ਤੱਕ ਵੱਡੀਆਂ ਰਕਮਾਂ ਦੀ ਤਫ਼ਸੀਲ ਦੱਸਦੀ ਹੈ ਕਿ ਚੱਢਿਆਂ ਦੀ ਨਾਮਧਾਰੀ ਨਾਲ ਕੀ ਸਾਂਝ ਸੀ। ਇਹ ਸੁਖਦੇਵ ਸਿੰਘ ਨਾਮਧਾਰੀ ਭਾਜਪਾ ਦੇ ਸਿੱਖ ਵਿਰੋਧੀ ਵਿਧਾਇਕ ਦੇ ਕਤਲ ਤੋਂ ਬਾਅਦ ਕਦੇ ਡੇਰਾ ਭੈਣੀ ਸਾਹਿਬ ਦੀ ਸ਼ਰਨ ਵਿਚ ਰਿਹਾ ਹੈ। ਭੈਣੀ ਸਾਹਿਬ ਦੇ ਡੇਰੇ ਬਾਬਤ ਅੰਦਰਲੀਆਂ ਗੱਲਾਂ ਪਿਛਲੇ ਸਾਲਾਂ ਦੌਰਾਨ ਲੇਖਕ ਸੁਖਜੀਤ ਨੇ ‘ਫਿਲਹਾਲ’ ਪਰਚੇ ਵਿਚ ਲਿਖੀਆਂ ਹਨ। ਸੁਖਜੀਤ ਦੀਆਂ ਲਿਖਤਾਂ ਭੇਤੀ ਤਜਰਬੇ ਵਿਚੋਂ ਉਪਜੀਆਂ ਹਨ। ਇਹ ਸਵੈ-ਜੀਵਨੀਨੁਮਾ ਲੇਖ ਪੜ੍ਹ ਕੇ ਬੰਦੇ ਆਪਣੇ ਕਿਸੇ ਵੀ ਗੌਂਅ ਦਾ ਤਾਂ ਭਗਤ ਹੋ ਸਕਦਾ ਹੈ ਪਰ ਉਸ ਦਾ ਬੰਦਿਆਈ ਵਿਚ ਯਕੀਨ ਕਾਇਮ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਸੁਖਦੇਵ ਸਿੰਘ ਨਾਮਧਾਰੀ ਨੇ ਆਪਣਾ ਹੁਨਰ ਇਸੇ ਸਿਖਲਾਈ ਕੇਂਦਰ ਤੋਂ ਹਾਸਲ ਕੀਤਾ ਹੈ। ਰੇਤ ਮਾਫ਼ੀਆ ਰਾਹੀਂ ਸੁਖਦੇਵ ਸਿੰਘ ਨਾਮਧਾਰੀ ਮੁੜ ਕੇ ਉਤਰਾਖੰਡ ਵਿਚ ਅਮੀਰਾਂ ਦੀ ਅਮੀਰੀ ਵਿਚ ਵਾਧੇ ਦਾ ਕਾਰੋਬਾਰ ਕਰਦਾ ਹੈ ਜੋ ਕਿਸੇ ਧਰਮ ਜਾਂ ਕਾਨੂੰਨ ਦੇ ਘੇਰੇ ਵਿਚ ਨਹੀਂ ਆਉਂਦਾ। ਇਸੇ ਦੌਰਾਨ ਉਸ ਦੇ ਹੁਨਰ ਦੀ ਸ਼ਨਾਖ਼ਤ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਕਰਦੀ ਹੈ। ਇਸੇ ਹੁਨਰ ਦੀ ਕਦਰਦਾਨੀ ਵਜੋਂ ਉਸ ਨੂੰ ਰਾਸ਼ਟਰੀ ਸਿੱਖ ਸੰਗਤ ਦਾ ਅਹੁਦੇਦਾਰ ਬਣਾਇਆ ਜਾਂਦਾ ਹੈ। ਇਸੇ ਖ਼ਾਤੇ ਵਿਚੋਂ ਸੁਖਦੇਵ ਸਿੰਘ ਘੱਟ-ਗਿਣਤੀ ਕਮਿਸ਼ਨ ਦਾ ਚੇਅਰਮੈਨ ਨਾਮਜ਼ਦ ਹੁੰਦਾ ਹੈ।
ਸੁਖਦੇਵ ਸਿੰਘ ਦੀ ਤਰੱਕੀ ਦਾ ਰਾਹ ਚੱਢਿਆਂ ਨਾਲ ਵੀ ਮਿਲਦਾ ਹੈ ਤੇ ਠਾਕਰੇ ਨਾਲ ਵੀ। ਉਹ ਇਸੇ ਰੁਝਾਨ ਦੀ ਜਿਉਂਦੀ ਤੇ ਤਬਦੀਲੀ ਦੇ ਦੌਰ ਵਿਚੋਂ ਲੰਘ ਰਹੀ ਕੜੀ ਹੈ। ਜਿਵੇਂ ਠਾਕਰੇ ਦੇ ਹੁਨਰ ਦੀ ਕਦਰ ਪਹਿਲਾਂ ਕਾਂਗਰਸ ਤੇ ਬਾਅਦ ਵਿਚ ਭਾਜਪਾ ਨੇ ਪਾਈ, ਉਸੇ ਤਰ੍ਹਾਂ ਸੁਖਦੇਵ ਸਿੰਘ ਦੇ ਹੁਨਰ ਦੀ ਕੀਮਤ ਪਹਿਲਾਂ ਡੇਰੇ, ਫਿਰ ਸ਼ਰਾਬ ਦੇ ਠੇਕੇਦਾਰਾਂ ਅਤੇ ਬਾਅਦ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਨੇ ਪਾਈ। ਸਮੇਂ ਦੇ ਨਾਲ-ਨਾਲ ਠਾਕਰੇ ਅਤੇ ਪੌਂਟੀ ਰਾਜਸੱਤਾ ਨੂੰ ਰਾਸ ਆ ਗਏ ਤੇ ਸੁਖਦੇਵ ਸਿੰਘ ਹਾਲੇ ਤਬਦੀਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ।
ਮੀਡੀਆ ਵੱਲੋਂ ਬਾਲ ਠਾਕਰੇ ਦਾ ਸਸਕਾਰ ਸ਼ਰਧਾ ਭਾਵਨਾ ਨਾਲ ਪੇਸ਼ ਕਰਨਾ ਕਈ ਤਰ੍ਹਾਂ ਦੇ ਸਵਾਲਾਂ ਦਾ ਸਬੱਬ ਬਣਦਾ ਹੈ। ਇਹ ਸਹਿਮਤੀ ਦੀ ਘਾੜਤ ਨਹੀਂ ਤਾਂ ਹੋਰ ਕੀ ਹੈ? ਪੌਂਟੀ ਚੱਢਾ ਤੇ ਬਾਲ ਠਾਕਰੇ ਦੀ ਇੱਕੋ ਦਿਨ ਮੌਤ ਇਤਿਹਾਸਕ ਸਬੱਬ ਹੈ ਜਿਸ ਨਾਲ ਸਾਡੇ ਮੁਲਕ ਦਾ ਰਾਜਤੰਤਰੀ ਖ਼ਾਸਾ ਉਘੜਵੇਂ ਰੂਪ ਵਿਚ ਪੇਸ਼ ਹੁੰਦਾ ਹੈ। ਅੰਨ੍ਹੇ ਮੁਨਾਫ਼ੇ ਤੇ ਮੂਲਵਾਦ ਦਾ ਜਮਾਂਜੋੜ ਮੀਡੀਆ ਦੇ ਮੰਚ ਉੱਤੋਂ ਆਪਣੀ ਮੂੰਹਜ਼ੋਰੀ ਦਾ ਸਬੂਤ ਦੇ ਰਿਹਾ ਹੈ। ਬਾਲ ਠਾਕਰੇ ਨੇ ਭਾਰਤੀ ਸਿਆਸਤ ਵਿਚ ਨਾਜ਼ੀ ਬਿਰਤੀ ਨੂੰ ਹਵਾ ਦਿੱਤੀ ਜੋ ਪੌਂਟੀ ਚੱਢੇ ਦੇ ਕੰਮ ਆਈ ਅਤੇ ਸੁਖਦੇਵ ਸਿੰਘ ਨਾਮਧਾਰੀ ਦੀ ਤਰੱਕੀ ਦਾ ਸਬੱਬ ਬਣੀ। ਪੱਤਰਕਾਰ ਪਰਵੀਨ ਸੁਆਮੀ ਨੇ ਹਿੰਦੂ ਵਿਚ ਲਿਖੇ ਲੇਖ ਵਿਚ ਯਾਦ ਕਰਵਾਇਆ ਹੈ ਕਿ ਬਾਲ ਠਾਕਰੇ ਨੇ 1967 ਵਿਚ ‘ਨਵਾਂ ਕੱਲ੍ਹ’ ਅਖ਼ਬਾਰ ਨੂੰ ਕਿਹਾ ਸੀ, “ਭਾਰਤ ਵਿਚ ਹਿਟਲਰ ਦੀ ਜ਼ਰੂਰਤ ਹੈ।” ਹਿਟਲਰਸ਼ਾਹੀ ਦਾ ਦੂਜਾ ਪਾਸਾ ਇਹੋ ਹੈ ਕਿ ਉਸ ਦੇ ਬੰਦਿਆਂ ਦੀ ਮਰਜ਼ੀ ਚੱਲੇਗੀ ਤੇ ਕਾਇਦਾ-ਕਾਨੂੰਨ ਵੀ ਉਨ੍ਹਾਂ ਦੇ ਲਿਹਾਜ਼ ਨਾਲ ਚੱਲੇਗਾ। ਮੁਨਾਫ਼ਾ ਤੇ ਮੂਲਵਾਦ ਉਸ ਦੌਰ ਵਿਚ ਵਧ ਰਹੇ ਹਨ ਜਦੋਂ ਗ਼ਰੀਬ-ਅਮੀਰ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਠਾਕਰੇ ਮਰਾਠੀ ਮਾਨਸ ਦਾ ਨਾਅਰਾ ਦਿੰਦਾ ਹੈ ਪਰ ਮੁੰਬਈ ਵਿਚ ਤਕਰੀਬਨ ਅੱਧੀ ਅਬਾਦੀ ਝੁੱਗੀ-ਝੌਪੜੀ ਵਿਚ ਰਹਿੰਦੀ ਹੈ ਜਿਨ੍ਹਾਂ ਹੇਠ ਤਕਰੀਬਨ ਛੇ ਫ਼ੀਸਦੀ ਜ਼ਮੀਨ ਹੈ। ਤਿੰਨ ਚੌਥਾਈ ਕੁੜੀਆਂ ਅਤੇ ਦੋ ਤਿਹਾਈ ਮੁੰਡੇ ਕੁਪੋਸ਼ਣ ਦਾ ਸ਼ਿਕਾਰ ਹਨ। ਸ਼ਹਿਰ ਦੇ ਤਿੰਨ ਚੌਥਾਈ ਲੋਕ 15 ਗਜ਼ ਦੇ ਇੱਕ ਕਮਰੇ ਵਾਲੇ ਮਕਾਨਾਂ ਵਿਚ ਰਹਿੰਦੇ ਹਨ। ਇਨ੍ਹਾਂ ਘਰਾਂ ਵਿਚ ਔਸਤਨ ਛੇ ਜੀਅ ਰਹਿੰਦੇ ਹਨ। ਠਾਕਰੇ ਨੇ ਫ਼ਿਲਮਸਾਜ਼ ਮਣੀ ਰਤਨਮ ਦੀ ਫ਼ਿਲਮ ‘ਰੋਜ਼ਾ’ ਉੱਤੇ ਇਤਰਾਜ਼ ਕੀਤਾ ਸੀ ਕਿ ਬਾਲ ਠਾਕਰੇ ਨਾਲ ਮੇਲ ਖਾਂਦਾ ਕਿਰਦਾਰ ਦੰਗਿਆਂ ਉੱਤੇ ਅਫ਼ਸੋਸ ਜ਼ਾਹਿਰ ਕਰਦਾ ਹੈ। ਠਾਕਰੇ ਪਹਿਲਾਂ ਕਮਿਉਨਿਸਟਾਂ, ਫਿਰ ਦੱਖਣੀ ਭਾਰਤੀਆਂ ਤੇ ਆਖ਼ਰ ਮੁਸਲਮਾਨਾਂ ਨੂੰ ਦੁਸ਼ਮਣ ਕਰਾਰ ਦਿੰਦਾ ਹੈ। ਇਨ੍ਹਾਂ ਦੇ ਕਤਲ ਜਾਂ ਕਤਲੇਆਮ ਵਿਚ ਸ਼ਾਮਿਲ ਹੋਣ ਦਾ ਉਸ ਨੂੰ ਅਫ਼ਸੋਸ ਨਹੀਂ ਹੋ ਸਕਦਾ। ਇਹੋ ਬੇਕਿਰਕੀ ਤਾਂ ਸੁਖਦੇਵ ਸਿੰਘ ਨਾਮਧਾਰੀ ਅਤੇ ਚੱਢਿਆਂ ਦੇ ਕਾਰੋਬਾਰ ਵਿਚ ਸਾਫ ਝਲਕਦੀ ਹੈ। ਇਨ੍ਹਾਂ ਸਭ ਦਾ ਸਕੂਲ, ਹਸਪਤਾਲ ਜਾਂ ਲੋਕ-ਕਲਿਆਣ ਦੀ ਕਿਸੇ ਸ਼ੈਅ ਨਾਲ ਨਾਮ ਨਹੀਂ ਜੁੜਦਾ। ਇਹ ਕਦੇ ਵੀ ਸ਼ਿਵ ਸੈਨਾ ਦੀ ਸਿਆਸਤ ਦਾ ਹਿੱਸਾ ਨਹੀਂ ਰਹੀਆਂ। ਸੁਖਦੇਵ ਸਿੰਘ ਨਾਮਧਾਰੀ ਦੇ ਧਰਮ ਅਤੇ ਚੱਢਿਆਂ ਦੇ ਕਾਰੋਬਾਰ ਵਿਚ ਇਨ੍ਹਾਂ ਦੀ ਕੋਈ ਥਾਂ ਨਹੀਂ। ਇਸ ਤਿਕੜੀ ਨੇ ਆਪਣੀ ਧੌਂਸ ਨਾਲ ਸਾਬਤ ਕੀਤਾ ਕਿ ਕਾਨੂੰਨ ਅਤੇ ਕਾਨੂੰਨ ਬਣਾAਣ ਵਾਲੇ ਇਨ੍ਹਾਂ ਦੀ ਕਿੰਨੀ ‘ਕਦਰ’ ਕਰਦੇ ਹਨ। ਮੌਤ ਨੇ ਪੜ੍ਹੇ-ਲਿਖੇ ਸ਼ਹਿਰੀ ਮੱਧ ਵਰਗ ਨੂੰ ਪਸ਼ੇਮਾਨੀ ਤੋਂ ਬਾਹਰ ਕੱਢ ਕੇ ਦੱਸ ਦਿੱਤਾ ਹੈ ਕਿ ਇਹ ਤਿਕੜੀ ਸਿਆਸਤ ਤੇ ਅਰਥਚਾਰੇ ਉੱਤੇ ਹੀ ਭਾਰੂ ਨਹੀਂ ਹੈ ਸਗੋਂ ਪਸ਼ੇਮਾਨੀ ਵਿਚੋਂ ਬਾਹਰ ਨਿਕਲੇ ਤਬਕੇ ਦੀ ਗੁੱਝੀ ਪਸੰਦ ਵੀ ਹੈ। ਆਖ਼ਰ ਪੱਤਰਕਾਰਾਂ, ਵਿਦਵਾਨਾਂ, ਫ਼ਿਲਮਸਾਜ਼ਾਂ, ਕਲਾਕਾਰਾਂ, ਸਨਅਤਕਾਰਾਂ ਤੇ ਸਿਆਸਤਦਾਨਾਂ ਵਿਚਕਾਰ ਬਿਨਾਂ ਕਿਸੇ ਕਾਰਨ ਤੋਂ ਤਾਂ ਦੌੜ ਨਹੀਂ ਲੱਗੀ ਹੋਈ ਕਿ ਬਾਲ ਠਾਕਰੇ ਨਾਲ ਕਿਸੇ ਨੇ ਕਿਸ ਤਰ੍ਹਾਂ ਦੀ ਕਿਸ ਵੇਲੇ ਸ਼ਰਾਬ ਪੀਤੀ?
Leave a Reply