ਹਿੰਦੂਤਵੀ ਹੇੜ੍ਹਾਂ ਨੇ ਮੋਰਚੇ ਖੋਲ੍ਹੇ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਨਰੇਂਦਰ ਮੋਦੀ ਸਰਕਾਰ ਨੇ ਸਿਰਫ ਛੇ ਮਹੀਨਿਆਂ ਦੇ ਰਾਜ-ਭਾਗ ਵਿਚ ਹੀ ਆਪਣਾ ਫਿਰਕੂ ਰੰਗ ਵਿਖਾ ਦਿੱਤਾ ਹੈ। ਮੋਦੀ ਦੇ ਵਜ਼ੀਰਾਂ ਵੱਲੋਂ ਘੱਟ-ਗਿਣਤੀਆਂ ਬਾਰੇ ਕੀਤੀਆਂ ਜਾ ਰਹੀਆਂ ਬੇਬਾਕ ਟਿੱਪਣੀਆਂ ਨੇ ਸਾਫ ਕੀਤਾ ਹੈ ਕਿ ਸਰਕਾਰ ਦਾ ਅਸਲ ਰਿਮੋਟ ਕੰਟਰੋਲ ਆਰæਐਸ਼ਐਸ਼ ਹੱਥ ਹੈ ਜਿਸ ਵੱਲੋਂ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਭਾਜਪਾ ਦੇ ਸੰਸਦ ਮੈਂਬਰਾਂ ਸਾਕਸ਼ੀ ਮਹਾਰਾਜ ਵੱਲੋਂ ਨਾਥੂਰਾਮ ਗੋਡਸੇ ਤੇ ਸਾਧਵੀ ਨਿਰੰਜਨ ਜਯੋਤੀ ਵੱਲੋਂ ਦਿੱਤੇ ਨਫਰਤੀ ਬਿਆਨ ਅਜੇ ਚਰਚਾ ਵਿਚ ਹੀ ਸਨ ਕਿ ਆਗਰੇ ਵਿਚ ਬਜਰੰਗ ਦਲ ਵੱਲੋਂ ਕੁਝ ਮੁਸਲਿਮ ਪਰਿਵਾਰਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਰਾਹੀਂ ਹਿੰਦੂ ਬਣਾਉਣ ਦੇ ਮਾਮਲੇ ਨੇ ਮੋਦੀ ਸਰਕਾਰ ਦੇ ਇਰਾਦੇ ਸਾਫ ਕਰ ਦਿੱਤੇ। ਅਸਲ ਵਿਚ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਅਗਲੇ ਹੀ ਦਿਨ ਪੀæਐਮæਓæ ਵਿਚ ਕੰਮ ਕਰਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਧਾਰਾ 370 ਖ਼ਤਮ ਬਾਰੇ ਬਿਆਨ ਦਿੱਤਾ ਜਿਸ ਦਾ ਜੰਮੂ-ਕਸ਼ਮੀਰ ਦੇ ਲੀਡਰਾਂ ਸਮੇਤ ਸਭਨਾਂ ਪਾਰਟੀਆਂ ਨੇ ਵਿਰੋਧ ਕੀਤਾ। ਕਟਕ ਵਿਚ ਇਕ ਸਮਾਗਮ ਦੌਰਾਨ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਜਿਵੇਂ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਅਮਰੀਕਨ ਹਨ, ਜਰਮਨ ਵਾਲੇ ਜਰਮਨੀ ਤੇ ਜਪਾਨ ਵਾਲੇ ਜਪਾਨੀ ਹਨ, ਹਿੰਦੁਸਤਾਨ ਵਿਚ ਰਹਿਣ ਵਾਲੇ ਸਾਰੇ ਵਾਸੀ ਹਿੰਦੂ ਹਨ। ਹੁਣ ਸ੍ਰੀ ਭਾਗਵਤ ਦੇਸ਼ ਦੇ ਸਾਰੇ ਹਿੰਦੂਆਂ ਨੂੰ ਇਕਜੁਟ ਹੋਣ ਲਈ ਆਖ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਭਾਗਵਤ ਗੀਤਾ ਨੂੰ ਕੌਮੀ ਗ੍ਰੰਥ ਐਲਾਨਣ ਦੀ ਤਜਵੀਜ਼ ਰੱਖ ਚੁੱਕੇ ਹਨ।
ਉਧਰ, ਸੰਘ ਪਰਿਵਾਰ ਦੇ ਇਕ ਅੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਦਿੱਲੀ ਵਿਚ ਪ੍ਰਿਥਵੀ ਰਾਜ ਚੌਹਾਨ ਪਿਛੋਂ 800 ਸਾਲ ਬਾਅਦ ਹਿੰਦੂ ਸਵੈਭਿਮਾਨ ਦੇ ਹੱਥ ਸਰਕਾਰ ਆਉਣ ਦਾ ਦਾਅਵਾ ਕੀਤਾ ਸੀ। ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਮੁਲਕ ਦੇ ਬੁੱਧੀਜੀਵੀਆਂ ਵੱਲੋਂ ਇਹ ਖ਼ਦਸ਼ੇ ਪ੍ਰਗਟ ਕਰਨੇ ਸ਼ੁਰੂ ਹੋ ਗਏ ਸਨ ਕਿ ਸੱਤਾ ਦੇ ਗ਼ਰੂਰ ਵਿਚ ਕੁਝ ਹਿੰਦੂ-ਪੱਖੀ ਜਥੇਬੰਦੀਆਂ ਫ਼ਿਰਕੂ ਤਣਾਅ ਪੈਦਾ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਦੀਆਂ ਹਨ। ‘ਮੋਦੀ ਜਾਦੂ’ ਨਾਲ ਭਾਜਪਾ ਵੱਲੋਂ ਕੇਂਦਰ ਵਿਚ ਬਣਾਈ ਸਮਰੱਥ ਸਰਕਾਰ ਦਾ ਖੁਮਾਰ ਸੰਘ ਦੇ ਸੰਸਥਾਪਕ ਵੱਲੋਂ ਸ਼ੁਰੂ ਵਿਚ ਹੀ ਸਮੂਹ ਧਰਮਾਂ ਨੂੰ ਹਿੰਦੂਤਵ ਵਿਚ ਜਜ਼ਬ ਕਰ ਲੈਣ ਵਾਲੇ ਬਿਆਨਾਂ ਨਾਲ ਜ਼ਾਹਿਰ ਕੀਤਾ ਸੀ, ਉਥੇ ਇਸ ਦੇ ਫਿਰਕੂ ਵੇਗ ਦਾ ਅਸਰ ਜਾਰੀ ਰਹਿਣ ਦੀ ਤਸਦੀਕ ਕਰਦਿਆਂ ਹੁਣ ਮੋਦੀ ਵਜ਼ਾਰਤ ਵਿਚ ਸਾਧਵੀ ਵਜ਼ੀਰ ਨਿਰੰਜਨ ਜਯੋਤੀ ਨੇ ਨਾ ਸਿਰਫ ਵਿਵਾਦਤ ਭਾਸ਼ਣ ਵਿਚ ਭਾਜਪਾ ਦੇ ਵਿਰੋਧੀ ਧੜਿਆਂ ਲਈ ਗਾਲ੍ਹ ਜਿਹੇ ਸ਼ਬਦ ਵਰਤੇ, ਬਲਕਿ ਬਾਅਦ ਵਿਚ ਵੀ ਇਸ ਨੂੰ ਜਾਇਜ਼ ਦੱਸਦਿਆਂ ਹਿੰਦੂਤਵ ਤੋਂ ਵੱਖਰੇ ਭਾਰਤੀਆਂ ਲਈ ਇਥੇ ਕੋਈ ਜਗ੍ਹਾ ਨਾ ਹੋਣ ਦੀ ਚਿਤਾਵਨੀ ਦੇ ਦਿੱਤੀ।
ਵਿਰੋਧੀ ਧਿਰਾਂ ਵੱਲੋਂ ਸੰਸਦ ਵਿਚ ਰੌਲੇ-ਰੱਪੇ ਮਗਰੋਂ ਸਰਕਾਰ ਦੇ ਪ੍ਰਭਾਵ ਅਧੀਨ ਸਾਧਵੀ ਨਿਰੰਜਨ ਜਯੋਤੀ ਨੇ ਸ਼ਾਇਦ ਆਪਣੀ ਕੁਰਸੀ ਬਚਾਉਣ ਖਾਤਰ ਮੁਆਫ਼ੀ ਤਾਂ ਮੰਗ ਲਈ ਹੈ, ਪਰ ਇਸ ਗੈਰ-ਜ਼ਿੰਮੇਵਾਰ ਪ੍ਰਗਟਾਵੇ ਤੇ ਮੁੜ ਇਸ ਦੀ ਪ੍ਰੋੜਤਾ ਨੇ ਹਿੰਦੋਸਤਾਨ ਵਿਚ ਲੋਕਤੰਤਰੀ ਧਰਮ ਨਿਰਪੱਖਤਾ ਵਾਲੀ ਸੰਵਿਧਾਨਿਕ ਮੱਦ ਲਈ ਭਵਿੱਖਤ ਖਤਰੇ ਦਾ ਅਹਿਸਾਸ ਜ਼ਰੂਰ ਕਰਵਾਇਆ ਹੈ। ਅਖ਼ਬਾਰੀ ਖ਼ਬਰਾਂ ਵਿਚ ਕੁਝ ਹਿੰਦੂ ਸੰਗਠਨਾਂ ਵੱਲੋਂ 25 ਦਸੰਬਰ ਨੂੰ ਕ੍ਰਿਸਮਿਸ ਮੌਕੇ 15 ਹਜ਼ਾਰ ਹੋਰ ਮੁਸਲਿਮ-ਈਸਾਈ ਪਰਿਵਾਰਾਂ ਦੇ ਧਰਮ ਪਰਿਵਰਤਨ ਦਾ ਦਾਅਵਾ ਕੀਤਾ ਗਿਆ ਸੀ। ਸੰਘ ਵੱਲੋਂ ਧਰਮ ਪਰਿਵਰਤਨ ਦੇ ਮਾਮਲੇ ਨੂੰ ਘਰ ਵਾਪਸੀ ਗਰਦਾਨਦਿਆਂ ਅਜਿਹਾ ਹੋਣ ਦੀ ਹਾਮੀ ਭਰੀ ਹੈ। ਸਿਆਸੀ ਪਾਰਟੀਆਂ ਤੇ ਸਮਾਜਕ ਜਥੇਬੰਦੀਆਂ ਦੇ ਵਿਰੋਧ ਪਿੱਛੋਂ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਕਾਰਵਾਈ ਦਾ ਜ਼ਿੰਮਾ ਸੂਬਾ ਸਰਕਾਰ ‘ਤੇ ਸੁੱਟ ਕੇ ਆਪਣਾ ਪੱਲਾ ਝਾੜ ਚੁੱਕੇ ਹਨ।
__________________________________________
ਮੋਦੀ ਵੱਲੋਂ ‘ਫਿਰਕੂ ਵਜ਼ੀਰਾਂ’ ਨੂੰ ਹਲਕੀ ਜਿਹੀ ਝਾੜ
ਨਵੀਂ ਦਿੱਲੀ: ਘੱਟ-ਗਿਣਤੀਆਂ ਬਾਰੇ ਲਗਾਤਾਰ ਕੀਤੀਆਂ ਜਾ ਰਹੀਆਂ ਵਿਵਾਦਗ੍ਰਸਤ ਟਿੱਪਣੀਆਂ ਪਿੱਛੋਂ ਪ੍ਰਧਾਨ ਮੰਤਰੀ ਨੇ ਆਪਣੇ ਵਜ਼ੀਰਾਂ ਨੂੰ ਹੱਦ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਅਸਲ ਵਿਚ ਭਾਜਪਾ ਸਰਕਾਰ ਦੀ ਘੱਟ-ਗਿਣਤੀਆਂ ਬਾਰੇ ਸੋਚ ਦੀ ਕਾਫੀ ਨੁਕਤਾਚੀਨੀ ਹੋ ਰਹੀ ਹੈ ਅਤੇ ਕੁਝ ਸੀਨੀਅਰ ਆਗੂ ਵੀ ਆਰæਐਸ਼ਐਸ਼ ਤੋਂ ਵਾਹ-ਵਾਹ ਖੱਟਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਦੁਖੀ ਹੈ। ਖਾਸ ਕਰ ਧਰਮ ਪਰਿਵਰਤਨ ਦੇ ਮੁੱਦੇ ‘ਤੇ ਭਾਜਪਾ ਦੇ ਅਕਸ ਨੂੰ ਕਾਫੀ ਧੱਕਾ ਲੱਗਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਆਪਣੇ ਵਿਕਾਸ ਦੇ ਏਜੰਡੇ ਨੂੰ ਲੀਹੋਂ ਨਹੀਂ ਉਤਾਰੇਗੀ ਤੇ ਸਾਰੇ ਮੈਂਬਰ ਟਿੱਪਣੀਆਂ ਕਰਦੇ ਸਮੇਂ ਆਪਣੀ ਸੀਮਾ, ਮਰਿਆਦਾ ਵਿਚ ਰਹਿਣ ਤੇ ‘ਲਛਮਣ ਰੇਖਾ’ ਤੋਂ ਬਾਹਰ ਨਾ ਜਾਣ।