ਸਾਰਾ ਸ਼ਗੁਫਤਾ ਦਾ ਨਾਂ ਸਾਹਮਣੇ ਆਉਂਦਿਆਂ ਹੀ ਅੱਖਾਂ ਸਾਹਵੇਂ ਉਦਾਸੀ ਜਿਹੀ ਵਿਛ ਜਾਂਦੀ ਹੈ। ਤੀਹ ਸਾਲ ਪਹਿਲਾਂ, 1984 ਵਿਚ ਪਾਕਿਸਤਾਨ ਦੀ ਇਹ ਜਾਈ ਕਵਿਤਾ ਲਿਖਦੀ, ਇਤਿਹਾਸ ਦੀ ਗੋਦ ਵਿਚ ਸਮਾ ਗਈ ਸੀæææ ਉਹਨੇ ਖੁਦਕੁਸ਼ੀ ਕਰ ਲਈ ਸੀ। ਉਸ ਵੇਲੇ ਉਹਦੀ ਉਮਰ ਤੀਹ ਸਾਲ ਸੀ, ਪਰ ਉਸ ਨੇ ਸਦੀਆਂ ਦਾ ਦਰਦ ਹੰਢਾਅ ਲਿਆ ਸੀ।
ਇਸ ਉਮਰ ਦੌਰਾਨ ਉਸ ਨੇ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਲਿਖੀਆਂ- ਬਲਦੇ ਅੱਖਰ, ਨੀਂਦ ਕੇ ਰੰਗ, ਆਂਖੇਂ ਅਤੇ ਲੁੱਕਣ-ਮੀਟੀ। ਸਾਲ 1954 ਵਿਚ ਜੰਮੀ ਸਾਰਾ ਸ਼ਗੁਫਤਾ ਅੱਜ ਭਾਵੇਂ ਇਸ ਦੁਨੀਆਂ ਵਿਚ ਨਹੀਂ ਹੈ, ਪਰ ਆਪਣੇ ਅੱਖਰਾਂ ਦੇ ਆਸਰੇ ਉਹ ਧੀਆਂ ਦੇ ਹਿੱਸੇ ਦਾ ਦਰਦ ਗਾਹੇ-ਬਗਾਹੇ ਅੱਜ ਵੀ ਬਿਆਨ ਕਰ ਦਿੰਦੀ ਹੈ।
ਨਵੀਂ ਦਿੱਲੀ ਵਿਚ ਵਿੰਗਜ਼ ਕਲਚਰਲ ਸੁਸਾਇਟੀ ਨੇ ਸਾਰਾ ਸ਼ਗੁਫਤਾ ਦੀ ਜ਼ਿੰਦਗੀ ਦੀ ਬਾਤ ਪਾਉਂਦਾ ਨਾਟਕ Ḕਸਾਰਾ ਕਾ ਸਾਰਾ ਆਸਮਾਨḔ ਖੇਡਿਆ। ਹਿੰਦੀ ਵਿਚ ਇਹ ਨਾਟਕ ਦਾਨਿਸ਼ ਇਕਬਾਲ ਨੇ ਲਿਖਿਆ ਹੈ ਅਤੇ ਇਸ ਨਾਟਕ ਦਾ ਨਿਰਦੇਸ਼ਨ ਰੰਗਕਰਮੀ ਮਹੇਸ਼ ਦੱਤਾਨੀ ਨੇ ਦਿੱਤਾ ਹੈ। ਕੁਝ ਸਮਾਂ ਪਹਿਲਾਂ ਸਾਰਾ ਬਾਰੇ ਇਕ ਹੋਰ ਨਾਟਕ ਸ਼ਾਹਿਦ ਅਨਵਰ ਨੇ ਵੀ ਲਿਖਿਆ ਸੀ।
Ḕਸਾਰਾ ਕਾ ਸਾਰਾ ਆਸਮਾਨḔ ਨਾਟਕ ਦਾ ਆਧਾਰ ਦਾਨਿਸ਼ ਇਕਬਾਲ ਨੇ ਸਾਰਾ ਸ਼ਗੁਫਤਾ ਦੀਆਂ ਕਵਿਤਾਵਾਂ ਅਤੇ ਪ੍ਰਸਿੱਧ ਪੰਜਾਬੀ ਲੇਖਕਾ ਅੰਮ੍ਰਿਤਾ ਪ੍ਰੀਤਮ ਵਲੋਂ ਸਾਰਾ ਸ਼ਗੁਫਤਾ ਬਾਰੇ ਲਿਖੀ ਕਿਤਾਬ ਨੂੰ ਬਣਾਇਆ ਹੈ। ਇਸ ਨਾਟਕ ਵਿਚ ਔਰਤ ਦੀ ਉਹ ਤਸਵੀਰ ਪੇਸ਼ ਹੋਈ ਹੈ ਜਿਸ ਲਈ ਹੌਲੀ-ਹੌਲੀ ਕਰ ਕੇ ਸਾਰੇ ਰਾਸਤੇ ਬੰਦ ਹੁੰਦੇ ਚਲੇ ਜਾਂਦੇ ਹਨ। ਸਾਰਾ ਸ਼ਗੁਫਤਾ ਦੀ ਕਵਿਤਾ ਵਿਚ ਉਤਰੇ ਦਰਦ ਨੂੰ ਨਾਟਕਕਾਰ ਨੇ ਆਪਣੇ ਸੰਵਾਦਾਂ ਰਾਹੀ ਉਜਾਗਰ ਕਰਨ ਦਾ ਯਤਨ ਕੀਤਾ ਹੈ। ਸਾਰਾ ਉਹ ਕੁੜੀ ਸੀ ਜਿਹੜੀ ਸਾਰੀ ਉਮਰ ਮਰਦ-ਪ੍ਰਧਾਨ ਸਮਾਜ ਦੀਆਂ ਜ਼ਿਆਦਤੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਰਹੀ। ਇਹ ਆਵਾਜ਼ ਬੁਲੰਦ ਕਰਨ ਲਈ ਉਸ ਨੂੰ ਆਪਣੀ ਜਾਨ ਦੇਣ ਪਈ।
ਦੋ ਸਾਲ ਪਹਿਲਾਂ ਵੀ ਇਹ ਨਾਟਕ ਭਾਰਤ ਵਿਚ ਖੇਡਿਆ ਗਿਆ ਸੀ। ਉਦੋਂ ਮੁੰਬਈ ਵਾਲੇ ਸ਼ੋਅ ਦਾ ਸ਼ਿਵ ਸੈਨਾ ਨੇ ਤਿੱਖਾ ਵਿਰੋਧ ਕੀਤਾ ਸੀ। ਅਸਲ ਵਿਚ ਸ਼ਿਵ ਸੈਨਾ ਦੇ ਵਿਰੋਧ ਦਾ ਆਧਾਰ ਸਿਰਫ ਇੰਨਾ ਸੀ ਕਿ ਨਾਟਕ ਪਾਕਿਸਤਾਨੀ ਲੇਖਕਾ ਦੀ ਜ਼ਿੰਦਗੀ ਉਤੇ ਆਧਾਰਤ ਸੀ, ਪਰ ਸ਼ਿਵ ਸੈਨਾ ਦੇ ਲੀਡਰਾਂ ਨੇ ਨਾਟਕ ਡੱਕਣ ਲਈ ਬਹਾਨਾ ਇਹ ਬਣਾਇਆ ਕਿ ਨਾਟਕ ਵਿਚ ਮੰਦੀ ਭਾਸ਼ਾ ਵਰਤੀ ਗਈ ਹੈ।
ਖੈਰ! ਨਾਟਕ ਦੀ ਕਹਾਣੀ ਬੜੀ ਦਰਦਨਾਕ ਹੈ ਅਤੇ ਦੱਸਦੀ ਹੈ ਕਿ ਸਮਾਜ ਵਿਚ ਵਿਚਰ ਰਹੀ ਔਰਤ ਨੂੰ ਕਿਹੜੇ-ਕਿਹੜੇ ਹਾਲਾਤ ਵਿਚੋਂ ਨਿਕਲਣਾ ਪੈਂਦਾ ਹੈ। ਨਾਇਕਾ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਜਾਂਦਾ ਹੈ। ਉਹ ਦੇਖਦੀ ਹੈ ਕਿ ਉਸ ਦਾ ਪਤੀ ਤਾਂ ਕਿਸੇ ਕੁੜੀ ਨਾਲ ਬਲਤਾਕਾਰ ਕਰ ਰਿਹਾ ਹੈæææਉਹ ਸਵਾਲ ਕਰਦੀ ਹੈ ਤਾਂ ਪਤੀ ਤਲਾਕ ਦੇ ਦਿੰਦਾ ਹੈ। ਉਹ ਆਪਣਾ ਬੱਚਾ ਹਾਸਲ ਕਰਨ ਲਈ ਆਪਣੇ ਉਤੇ ਬਦਕਾਰ ਹੋਣ ਦਾ ਇਲਜ਼ਾਮ ਵੀ ਲੈ ਲੈਂਦੀ ਹੈ। ਦੂਜੇ ਪਾਸੇ ਪਿਤਾ ਬੱਚੇ ਦੇ ਮਨ ਵਿਚ ਉਸ ਲਈ ਨਫਰਤ ਭਰ ਦਿੰਦਾ ਹੈ। ਫਿਰ ਉਸ ਦਾ ਵਿਆਹ ਇਕ ਸ਼ਾਇਰ ਨਾਲ ਹੁੰਦਾ ਹੈ ਜੋ ਕਦੀ ਉਸ ਦਾ ਸਾਥ ਨਹੀਂ ਦਿੰਦਾ। ਜਦੋਂ ਉਸ ਨੂੰ ਇਕੱਲੀ ਨੂੰ ਹੀ ਜਣੇਪੇ ਲਈ ਹਸਪਤਾਲ ਜਾਣਾ ਪੈਂਦਾ ਹੈ, ਤਾਂ ਉਹ ਵਾਪਸ ਆ ਕੇ ਤਹੱਈਆ ਕਰਦੀ ਹੈ ਕਿ ਉਹ ਖੁਦ ਕਵਿਤਾ ਲਿਖੇਗੀ ਅਤੇ ਨਕਲੀ ਸ਼ਾਇਰ ਦੇ ਸਿਰਜੇ ਸੰਸਾਰ ਨੂੰ ਵੰਗਾਰੇਗੀ। ਇਉਂ ਉਸ ਅੰਦਰ ਸ਼ਾਇਰਾ ਜਨਮ ਲੈਂਦੀ ਹੈ। ਉਂਜ ਉਸ ਦੀਆਂ ਔਕੜਾਂ ਇਥੇ ਹੀ ਨਹੀਂ ਮੁੱਕਦੀਆਂ। ਉਸ ਦਾ ਤੀਜਾ ਪਤੀ ਅਮੀਰ, ਪਰ ਬਹੁਤ ਰੂੜੀਵਾਦੀ ਹੈ। ਫਿਰ ਉਸ ਨੂੰ ਸਈਦ ਦੇ ਰੂਪ ਵਿਚ ਇਕ ਖਰਾ ਦੋਸਤ ਮਿਲਦਾ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਹਨ ਕਿ ਉਹ ਖੁਦਕੁਸ਼ੀ ਕਰ ਲੈਂਦੀ ਹੈ।
-ਗੁਰਬਖਸ਼ ਸਿੰਘ ਸੋਢੀ