ਚੰਡੀਗੜ੍ਹ(ਪੰਜਾਬ ਟਾਈਮਜ਼ ਬਿਊਰੋ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਰੇਡੀਓ ਉਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦਾ ਵਿਸ਼ੇਸ਼ ਜ਼ਿਕਰ ਕਰਨ ਪਿੱਛੋਂ ਸੂਬਾ ਦੀਆਂ ਸਿਆਸੀ ਧਿਰਾਂ ਵਿਚ ਹਿੱਲਜੁਲ ਸ਼ੁਰੂ ਹੋ ਗਈ ਹੈ। ਭਾਜਪਾ ਦੀ ਪੰਜਾਬ ਇਕਾਈ ਨੇ ਜਿਥੇ ਸੂਬੇ ਵਿਚ ਨਸ਼ਿਆਂ ਖਿਲਾਫ ਮੁਹਿੰਮ ਵਿੱਢਣ ਦੀ ਗੱਲ ਆਖੀ ਹੈ, ਉਥੇ ਉਸ ਦੇ ਭਾਈਵਾਲ ਅਕਾਲੀ ਦਲ ਨੇ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰਾਂ ਰਾਹੀਂ ਜਿਥੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ ਹੈ ਉਥੇ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿਚ ਪੋਸਤ ਦੀ ਖੇਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਤੇ ਇਸ ਨੂੰ ਹਰਿਆਣਾ ਤੇ ਰਾਜਸਥਾਨ ਸਰਹੱਦਾਂ ਰਾਹੀਂ ਪੰਜਾਬ ਵਿਚ ਭੇਜਿਆ ਜਾਂਦਾ ਹੈ। ਚਰਸ ਮੁੱਖ ਤੌਰ ‘ਤੇ ਹਿਮਾਚਲ ਪ੍ਰਦੇਸ਼ ਵਿਚੋਂ ਆਉਂਦੀ ਹੈ। ਕੌਮਾਂਤਰੀ ਸਰਹੱਦ ਪਾਰ ਤੋਂ ਹੈਰੋਇਨ ਤੇ ਅਫ਼ੀਮ, ਜਦੋਂਕਿ ਦੂਜੇ ਸੂਬਿਆਂ ਤੋਂ ਭੁੱਕੀ, ਚਰਸ ਤੇ ਗਾਂਜਾ ਆ ਰਿਹਾ ਹੈ। ਬਾਦਲਾਂ ਨੇ ਸੂਬੇ ਵਿਚ ਨਸ਼ਾ ਤਸਕਰੀ ਰੋਕਣ ਲਈ ਕੇਂਦਰੀ ਏਜੰਸੀਆਂ ਨੂੰ ਚੌਕਸ ਕਰਨ ਤੇ ਕੌਮਾਂਤਰੀ ਸਰਹੱਦ ‘ਤੇ ਸੀਮਾ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਹਦਾਇਤਾਂ ਦੇਣ ਦੀ ਮੰਗ ਵੀ ਕੀਤੀ ਹੈ। ਯਾਦ ਰਹੇ ਕਿ ਪੰਜਾਬ ਵਿਚ ਨਸ਼ਾ ਤਸਕਰੀ ਦਾ ਮੁੱਦਾ ਕਾਫੀ ਗੰਭੀਰ ਹੈ ਤੇ ਇਕ ਅਨੁਮਾਨ ਅਨੁਸਾਰ ਸੂਬੇ ਦੇ 60 ਫ਼ੀਸਦੀ ਤੋਂ ਵੱਧ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।
ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿਚ ਵੀ ਨਸ਼ਿਆਂ ਦੇ ਮੁੱਦੇ ‘ਤੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਕੇਂਦਰ ਵਿਚ ਸੱਤਾ ਹਾਸਲ ਕਰਨ ਪਿੱਛੋਂ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਤੇਵਰ ਕਾਫੀ ਬਦਲੇ ਹਨ ਤੇ ਦੋਵਾਂ ਧਿਰਾਂ ਵੱਲੋਂ ਸੂਬੇ ਦੇ ਮੁੱਖ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਦੀ ਹੋੜ ਲੱਗੀ ਹੋਈ ਹੈ। ਭਾਜਪਾ ਸੂਬੇ ਵਿਚ ਪੰਥਕ ਮਸਲਿਆਂ ਦੀ ਵੀ ਖੁੱਲ੍ਹ ਕੇ ਹਮਾਇਤ ਕਰ ਚੁੱਕੀ ਹੈ ਤੇ ਹੁਣ ਪ੍ਰਧਾਨ ਮੰਤਰੀ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦਾ ਵਿਸ਼ੇਸ਼ ਜ਼ਿਕਰ ਅਕਾਲੀਆਂ ਨੂੰ ਕਾਫੀ ਰੜਕ ਰਿਹਾ ਹੈ।
ਪ੍ਰਧਾਨ ਮੰਤਰੀ ਦੇ ਬਿਆਨ ਤੋਂ ਤੁਰਤ ਪਿੱਛੋਂ ਅਕਾਲੀਆਂ ਨੇ ਕੇਂਦਰ ਕੋਲ ਪਹੁੰਚ ਕੀਤੀ ਹੈ। ਹਾਲਾਂਕਿ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਪਹਿਲਾਂ ਹੀ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢਣ ਦੀ ਗੱਲ ਆਖ ਚੁੱਕੇ ਹਨ। ਦਰਅਸਲ ਅਕਾਲੀ ਦਲ ਨੂੰ ਸੂਬੇ ਵਿਚ ਨਸ਼ਿਆਂ ਖਿਲਾਫ ਮੁਹਿੰਮ ਲਈ ਕੇਂਦਰ ਤੋਂ ਵੀ ਮਦਦ ਆਉਣ ਦੀ ਉਮੀਦ ਹੈ ਤੇ ਉਨ੍ਹਾਂ ਨੂੰ ਇਸ ਦਾ ਸਿਹਰਾ ਸਿਰਫ ਭਾਜਪਾ ਸਿਰ ਬੱਝਣ ਦਾ ਫਿਕਰ ਹੈ। ਅਕਾਲੀ ਦਲ ਵੱਲੋਂ ਸੂਬੇ ਵਿਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਆਰਥਿਕ ਤੰਗੀ ਨੇ ਘੇਰ ਲਿਆ ਹੈ ਤੇ ਸੂਬਾ ਸਰਕਾਰ ਕੇਂਦਰ ਕੋਲੋਂ ਮਦਦ ਦੀ ਉਡੀਕ ਵਿਚ ਹੈ। ਦੋਵੇਂ ਧਿਰਾਂ ਨਸ਼ਿਆਂ ਨੂੰ ਸੂਬੇ ਵਿਚ ਵੱਡਾ ਮੁੱਦਾ ਮੰਨਦੀਆਂ ਹਨ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਦੀ ਤਾਕ ਵਿਚ ਹਨ ਪਰ ਪ੍ਰਧਾਨ ਮੰਤਰੀ ਦੇ ਭਾਸ਼ਣ ਪਿੱਛੋਂ ਦੋਵੇਂ ਚੌਕੰਨੀਆਂ ਹੋ ਗਈਆਂ ਹਨ।