ਕੋਲਾ ਘੁਟਾਲਾ ਕੇਸ ਵਿਚ ਮਨਮੋਹਨ ਸਿੰਘ ਤੋਂ ਹੋਵੇਗੀ ਪੁੱਛ-ਪੜਤਾਲ

ਨਵੀਂ ਦਿੱਲੀ: ਸੀæਬੀæਆਈæ ਨੂੰ ਹਿੰਦਾਲਕੋ ਕੰਪਨੀ ਨੂੰ ਤਲਬੀਰਾ-2 ਕੋਇਲਾ ਬਲਾਕ ਦੀ ਅਲਾਟਮੈਂਟ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਪੁੱਛ-ਪੜਤਾਲ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਹ ਅਲਾਟਮੈਂਟ 2005 ਵਿਚ ਹੋਈ ਸੀ ਜਦੋਂ ਕੋਇਲਾ ਮੰਤਰਾਲਾ ਉਨ੍ਹਾਂ (ਮਨਮੋਹਨ ਸਿੰਘ) ਕੋਲ ਸੀ।

ਸੀæਬੀæਆਈæ ਜਿਸ ਨੇ ਇਸ ਕੇਸ ਵਿਚ ਕਲੋਜ਼ਰ ਰਿਪੋਰਟ ਦਾਖਲ ਕਰਾਈ ਸੀ, ਕੋਲ ਇਹ ਮਾਮਲਾ ਅਗਲੇਰੀ ਜਾਂਚ ਲਈ ਵਾਪਸ ਭੇਜਦਿਆਂ, ਵਿਸ਼ੇਸ਼ ਅਦਾਲਤ ਦੇ ਜੱਜ ਭਾਰਤ ਪ੍ਰਾਸ਼ਰ ਨੇ ਆਖਿਆ ਕਿ ਉਸ ਵੇਲੇ ਦੇ ਕੋਇਲਾ ਮੰਤਰੀ ਤੋਂ ਮਾਮਲੇ ਦੇ ਵੱਖ-ਵੱਖ ਪੱਖਾਂ ਬਾਰੇ ਪੁੱਛ-ਪੜਤਾਲ ਵਾਜਬ ਹੈ। ਜੱਜ ਨੇ ਆਖਿਆ, “ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਜਾਂਚ ਕੀਤੀ ਜਾਵੇ ਕਿ ਕੀ ਗੜਬੜ ਹੋਈ ਸੀ ਅਤੇ ਕਿਸ ਨੇ ਕੀਤੀ ਸੀ, ਮਾਮਲੇ ਦੇ ਵੱਖ-ਵੱਖ ਪੱਖਾਂ ਬਾਰੇ ਉਸ ਵੇਲੇ ਦੇ ਕੋਇਲਾ ਮੰਤਰੀ ਤੋਂ ਪੁੱਛ-ਪੜਤਾਲ ਕੀਤੀ ਜਾਣੀ ਚਾਹੀਦੀ ਹੈ।” ਅਦਾਲਤ ਨੇ ਕਿਹਾ ਕਿ ਮਨਮੋਹਨ ਸਿੰਘ ਤੋਂ ਇਲਾਵਾ ਉਸ ਵੇਲੇ ਪੀæਐਮæਓæ ਵਿਚ ਕੰਮ ਕਰਨ ਵਾਲੇ ਵੱਖ-ਵੱਖ ਅਫਸਰਾਂ ਤੋਂ ਵੀ ਸੁਚੱਜੀ ਤਰ੍ਹਾਂ ਪੁੱਛ-ਪੜਤਾਲ ਕੀਤੀ ਜਾਵੇ ਜੋ ਹਿੰਦਾਲਕੋ ਨੂੰ ਕੋਇਲਾ ਬਲਾਕ ਦੇਣ ਦੇ ਮਾਮਲੇ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਤੋਂ ਪਹਿਲਾਂ ਕੋਈ ਪੁੱਛ-ਪੜਤਾਲ ਨਹੀਂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਬੀæਵੀæਆਰæ ਸੁਬਰਾਮਨੀਅਮ ਤੋਂ ਪੁੱਛ-ਪੜਤਾਲ ਨਹੀਂ ਕੀਤੀ ਗਈ ਅਤੇ ਪੀæਐਮæਓæ ਵਿਚ ਪ੍ਰਮੁੱਖ ਸਕੱਤਰ ਵਜੋਂ ਕੰਮ ਕਰਨ ਵਾਲੇ ਟੀæਕੇæਏæ ਨਾਇਰ ਨੂੰ ਪ੍ਰਸ਼ਨ ਪੱਤਰ ਭੇਜਿਆ ਗਿਆ ਸੀ, ਪਰ ਆਖਰ ਤੱਕ ਉਹ ਕੁਝ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਰਹੇ ਸਨ। ਸੀæਬੀæਆਈæ ਨੇ ਪਹਿਲਾਂ ਹਿੰਦਾਲਕੋ ਦੇ ਕੁਮਾਰ ਮੰਗਲਮ ਬਿਰਲਾ, ਸਾਬਕਾ ਕੋਇਲਾ ਸਕੱਤਰ ਪੀæਸੀæ ਪਾਰਖ, ਮੈਸਰਜ਼ ਹਿੰਦਾਲਕੋ ਇੰਡਸਟ੍ਰੀਜ਼ ਲਿਮਟਿਡ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਆਈæਪੀæਸੀæ ਦੀ ਧਾਰਾ 120 ਬੀæ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਲੰਘੀ 27 ਅਗਸਤ ਨੂੰ ਸੀæਬੀæਆਈæ ਨੇ ਕਲੋਜ਼ਰ ਰਿਪੋਰਟ ਪੇਸ਼ ਕਰਦਿਆਂ ਆਖਿਆ ਸੀ ਕਿ ਤਲਬੀਰਾ-2 ਕੋਇਲਾ ਬਲਾਕ ਦੀ ਅਲਾਟਮੈਂਟ ਵਿਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਸਾਹਮਣੇ ਨਹੀਂ ਆਈ।