ਜਲੰਧਰ: ਆਰਥਿਕ ਮੰਦੀ ਨਾਲ ਦੋ ਹੱਥ ਕਰ ਰਹੀ ਪੰਜਾਬ ਸਰਕਾਰ ਲਈ ਜ਼ਮੀਨਾਂ ਵੇਚ ਕੇ ਦਿਨ ਕੱਟਣ ਵਾਲਾ ਫਾਰਮੂਲਾ ਵੀ ਫੇਲ੍ਹ ਹੋ ਗਿਆ ਹੈ। ਜਾਇਦਾਦ ਕਾਰੋਬਾਰ ਵਿਚ ਮੰਦੇ ਦੀ ਲਹਿਰ ਹੋਣ ਕਰਕੇ ਸਰਕਾਰੀ ਵਿਭਾਗਾਂ ਨੂੰ ਜ਼ਮੀਨਾਂ ਦੇ ਖਰੀਦਦਾਰ ਲੱਭਣੇ ਔਖੇ ਹੋ ਗਏ ਹਨ। ਸਰਕਾਰ ਨੇ ਕੁਝ ਸਾਲ ਪਹਿਲਾਂ ਪਾਲਸੀ ਤਿਆਰ ਕੀਤੀ ਸੀ ਕਿ ਸ਼ਹਿਰਾਂ ਵਿਚ ਸਰਕਾਰੀ ਵਿਭਾਗਾਂ ਦੀਆਂ ਵੱਡੀਆਂ ਜ਼ਮੀਨਾਂ ਨੂੰ ਪੁੱਡਾ ਡਿਵੈਲਪ ਕਰਕੇ ਵੇਚੇਗਾ ਤੇ ਉਨ੍ਹਾਂ ਦੇ ਬਦਲੇ ਸਰਕਾਰੀ ਦਫ਼ਤਰਾਂ ਨੂੰ ਹੋਰ ਕਿਧਰੇ ਇਮਾਰਤਾਂ ਤਿਆਰ ਕਰਕੇ ਦੇਵੇਗਾ।
ਇਸ ਨਾਲ ਪੰਜਾਬ ਸਰਕਾਰ ਨੂੰ ਵੱਡੀਆਂ ਜਾਇਦਾਦਾਂ ਤੋਂ ਹੀ 2000 ਕਰੋੜ ਰੁਪਏ ਪ੍ਰਾਪਤ ਹੋ ਜਾਣਾ ਸੀ।
ਹੋਰਾਂ ਵਿਭਾਗਾਂ ਦੀ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੀਆਂ ਨਿਗਮਾਂ ਤੇ ਕਮੇਟੀਆਂ ਦੇ ਪੁਰਾਣੇ ਦਫ਼ਤਰਾਂ ਨੂੰ ਵੀ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਇਸ ਦੇ ਤਹਿਤ ਜਲੰਧਰ ਦੇ ਪੁਰਾਣੇ ਮੇਅਰ ਹਾਊਸ ਦੀ ਵਿਕਰੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਕਾਂਗਰਸੀ ਕੌਂਸਲਰਾਂ ਵੱਲੋਂ ਇਸ ਮਾਮਲੇ ਨੂੰ ਹਾਈਕੋਰਟ ਵਿਚ ਲੈ ਜਾਣ ਤੋਂ ਬਾਅਦ ਵੇਚਣ ਦੀ ਪ੍ਰਕਿਰਿਆ ‘ਤੇ ਰੋਕ ਲੱਗ ਗਈ ਸੀ ਜਿਸ ਕਰਕੇ ਨਿਗਮਾਂ ਕਮੇਟੀਆਂ ਦੀਆਂ ਜ਼ਮੀਨਾਂ ਦੀ ਵਿਕਰੀ ‘ਤੇ ਰੋਕ ਲੱਗ ਗਈ ਸੀ। ਪੁੱਡਾ ਚਾਹੇ ਸਰਕਾਰੀ ਜ਼ਮੀਨਾਂ ਦੀ ਵਿਕਰੀ ਕਰਕੇ ਉਨ੍ਹਾਂ ਨੂੰ ਡਿਵੈਲਪ ਕਰਕੇ ਵੇਚੇਗਾ ਪਰ ਕਈ ਜ਼ਮੀਨਾਂ ਲਈ ਤਾਂ ਗਾਹਕ ਨਾ ਮਿਲਣ ਕਰਕੇ ਸਰਕਾਰੀ ਵਿਭਾਗਾਂ ਵੱਲੋਂ ਲਏ ਕਰਜ਼ੇ ਉੱਤਰਨ ਵਿਚ ਤਾਂ ਪ੍ਰੇਸ਼ਾਨੀ ਆ ਹੀ ਰਹੀ ਹੈ ਸਗੋਂ ਉਨ੍ਹਾਂ ਦੀਆਂ ਕਿਸ਼ਤਾਂ ਲਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ ਪੀæਆਰæਟੀæਸੀæ ਨੇ ਵੀ ਆਪਣੀਆਂ 250 ਕਰੋੜ ਦੀਆਂ ਦੇਣਦਾਰੀਆਂ ਦੇਣ ਲਈ ਫਗਵਾੜਾ ਤੇ ਬਠਿੰਡਾ, ਪਟਿਆਲਾ ਦੀ ਵਰਕਸ਼ਾਪ ਦੀਆਂ ਜ਼ਮੀਨਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਪਟਿਆਲਾ ਤੇ ਫਗਵਾੜਾ ਦੀਆਂ ਜ਼ਮੀਨਾਂ ਦੀ ਵਿਕਰੀ ਪਹਿਲੀ ਈ-ਬੋਲੀ ਵਿਚ ਸਿਰੇ ਨਾ ਚੜ੍ਹਨ ਕਰਕੇ ਹੁਣ ਦੁਬਾਰਾ ਬੋਲੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਨੇ ਜਲੰਧਰ ਦੀ ਸਭ ਤੋਂ ਪੁਰਾਣੀ ਜੇਲ੍ਹ ਕਪੂਰਥਲਾ ਲਾਗੇ 128 ਕਰੋੜ ਰੁਪਏ ਦੀ ਲਾਗਤ ਫਲੈਟ ਤਿਆਰ ਕੀਤੇ ਹਨ ਪਰ ਜਾਇਦਾਦ ਕਾਰੋਬਾਰ ਵਿਚ ਮੰਦੀ ਹੋਣ ਕਰਕੇ 440 ਫਲੈਟਾਂ ਲਈ ਸਿਰਫ਼ 100 ਅਰਜ਼ੀਆਂ ਆਈਆਂ ਹਨ। ਪੁੱਡਾ ਨੇ ਇਸ ਥਾਂ ‘ਤੇ ਫਲੈਟ ਵੇਚ ਕੇ 440 ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਜਲੰਧਰ ਦੀ ਗਾਂਧੀ ਵਨੀਤਾ ਆਸ਼ਰਮ ਦੀ ਨਵੀਂ ਇਮਾਰਤ ਉਸ ਦੇ ਪਿਛਲੇ ਪਾਸੇ ਬਣਾਈ ਜਾ ਰਹੀ ਹੈ ਜਿਸ ਦੇ ਉੱਪਰ 100 ਕਰੋੜ ਰੁਪਏ ਖ਼ਰਚ ਕੀਤਾ ਜਾਣਾ ਹੈ ਜਦਕਿ ਪੁਰਾਣੀ ਜ਼ਮੀਨ ਤਕਰੀਬਨ 250 ਕਰੋੜ ਰੁਪਏ ਦੱਸੀ ਜਾਂਦੀ ਹੈ।
ਉਂਜ ਇਸ ਦੇ ਸਾਹਮਣੇ ਹੀ ਡਰੇਨੇਜ ਵਿਭਾਗ ਦੀ ਜ਼ਮੀਨ ਵੀ ਪੁੱਡਾ ਨੇ ਵਿਕਰੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਦੇ ਦਫ਼ਤਰ ਨਵੀਆਂ ਇਮਾਰਤਾਂ ਵਿਚ ਚਲੇ ਗਏ ਹਨ। ਜਲੰਧਰ ਦੀ ਮਾਰਕਫੈੱਡ ਦੀ ਸਭ ਤੋਂ ਪੁਰਾਣੀ ਤੇ 1975-76 ਦੇ ਸਮੇਂ ਵਿਚ ਤਿਆਰ ਹੋਈ ਮਾਰਕਫੈੱਡ ਕੈਨਰੀਜ ਵੀ ਜਿਸ ਦੀ ਜ਼ਮੀਨ ਦਾ ਮੌਜੂਦਾ ਮੁੱਲ 200 ਕਰੋੜ ਦੇ ਕਰੀਬ ਦੱਸਿਆ ਜਾਂਦਾ ਹੈ ਤੇ ਇਸ ਕੈਨਰੀਜ ਤੋਂ ਵਿਦੇਸ਼ਾਂ ਵਿਚ ਪੰਜਾਬ ਦਾ ਸਾਗ ਸਮੇਤ ਹੋਰ ਵੀ ਸਬਜ਼ੀਆਂ ਨੂੰ ਭੇਜਿਆ ਜਾਂਦਾ ਹੈ ਜਿਥੇ ਕਿ ਇਸ ਦੀ ਕਾਫ਼ੀ ਮੰਗ ਹੈ। ਹੁਣ ਨਵੀਂ ਕੈਨਰੀਜ ਚੂਹੜ ਵਾਲੀ ਆਦਮਪੁਰ ਕੋਲ ਤਿਆਰ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਨਵੀਂ ਕੈਨਰੀਜ ਤਿਆਰ ਹੁੰਦੇ ਹੀ ਉਕਤ ਸਟਾਫ਼ ਉਥੇ ਸ਼ਿਫ਼ਟ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਪੁੱਡਾ ਇਸ ਜ਼ਮੀਨ ਨੂੰ ਤਿਆਰ ਕਰਕੇ ਵੇਚਣ ‘ਤੇ ਲਾਏਗੀ।