ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਸ਼ਿਆਂ ਬਾਰੇ ਰੇਡੀਓ ਪ੍ਰੋਗਰਾਮ ਨੇ ਹੁਣ ਸਾਰੀ ਸਥਿਤੀ ਐਨ ਸਪਸ਼ਟ ਕਰ ਦਿੱਤੀ ਹੈ। ਪੰਜਾਬ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਏਜੰਡੇ ਵਿਚ ਸ਼ਾਮਲ ਹੈ। ਕੁਝ ਮਹੀਨੇ ਪਹਿਲਾਂ ਜਦੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਵਿਚ ਨਸ਼ਿਆਂ ਦੀ ਮਾਰ ਦਾ ਜ਼ਿਕਰ ਕੀਤਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਉਸ ਦਾ ਅਤੇ ਉਸ ਦੀ ਪਾਰਟੀ ਦਾ ਮਜ਼ਾਕ ਉਡਾਇਆ ਸੀ, ਤੇ ਨਾਲ ਹੀ ਕਿਹਾ ਸੀ ਕਿ ਇਹ ਪਾਰਟੀ ਤੇ ਆਗੂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹਨ।
ਹੁਣ ਜਦੋਂ ਮੀਡੀਆ ਰਾਹੀਂ ਵੀ ਨਸ਼ਿਆਂ ਵਾਲੇ ਕੇਸਾਂ ਦਾ ਭਾਂਡਾ ਹੌਲੀ-ਹੌਲੀ ਫੁੱਟ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਵੀ ਇਸ ਬਾਰੇ ਆਖਣਾ ਅਰੰਭ ਕਰ ਦਿੱਤਾ ਹੈ, ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਕੇਂਦਰ ਨੂੰ ਚਿੱਠੀਆਂ ਲਿਖਣ ਦਾ ਚੇਤਾ ਆ ਗਿਆ ਹੈ। ਉਂਜ, ਦੋਵੇਂ ਪਿਉ-ਪੁੱਤਰ ਇਕ ਵਾਰ ਪਹਿਲਾਂ ਇਸ ਮਸਲੇ ਤੋਂ ਇਹ ਕਹਿ ਕੇ ਪੱਲਾ ਝਾੜਨ ਦਾ ਯਤਨ ਕਰ ਚੁੱਕੇ ਹਨ ਕਿ ਇਸ ਮਾਮਲਾ ਕੇਂਦਰ ਦਾ ਹੈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਨਸ਼ਿਆਂ ਦੀ ਸਾਰੀ ਸਮਗਲਿੰਗ ਸਰਹੱਦ ਰਾਹੀਂ ਹੁੰਦੀ ਹੈ। ਜਿਸ ਵੇਲੇ ਬਾਦਲਾਂ ਨੇ ਇਹ ਗੱਲ ਆਖੀ ਸੀ, ਉਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ। ਹੁਣ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ‘ਆਪਣੀ’ ਸਰਕਾਰ ਹੈ, ਤਾਂ ਇਨ੍ਹਾਂ ਆਗੂਆਂ ਦੇ ਬਿਆਨਾਂ ਵਿਚ ਰਤਾ ਕੁ ਫੇਰ ਪੈ ਗਿਆ ਹੈ। ਹੁਣ ਇਨ੍ਹਾਂ ਦੋਹਾਂ ਆਗੂਆਂ ਨੇ ਆਖਿਆ ਹੈ ਕਿ ਪੰਜਾਬ ਨਸ਼ਿਆਂ ਦੇ ਸਪਲਾਈ ਰੂਟ ਦਾ ਲਾਂਘਾ ਹੋਣ ਕਾਰਨ ਨਸ਼ਿਆਂ ਦੀ ਮਾਰ ਸਹਿਣ ਲਈ ਮਜਬੂਰ ਹੈ। ਦੋਵੇਂ ਆਗੂ ਹੁਣ ਜੋ ਮਰਜ਼ੀ ਬਿਆਨ ਜਾਂ ਸਫਾਈ ਦੇਈ ਜਾਣ, ਇਕ ਗੱਲ ਸਪਸ਼ਟ ਦਿਸ ਰਹੀ ਹੈ; ਹੁਣ ਇਨ੍ਹਾਂ ਨੂੰ ਖਬਰ ਹੋ ਗਈ ਹੈ ਕਿ ਇਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੌਲੀ-ਹੌਲੀ ਖਿਸਕ ਰਹੀ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਤ ਸਿਆਸਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਸਲ ਵਿਚ ਬਾਦਲਾਂ ਦੇ ਬੁਰੇ ਦਿਨਾਂ ਦਾ ਸਿਲਸਿਲਾ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਇਆ ਜਿਥੇ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਡਟ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਪਿਉ-ਪੁੱਤਰ ਹਰਿਆਣਾ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕਰਦੇ ਰਹੇ। ਸੂਬੇ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਭਾਜਪਾ ਆਹਮੋ-ਸਾਹਮਣੇ ਸਨ। ਬੱਸ, ਇੰਡੀਅਨ ਨੈਸ਼ਨਲ ਲੋਕ ਦਲ ਦੀ ਹਾਰ ਅਤੇ ਭਾਜਪਾ ਦੀ ਜਿੱਤ ਨੇ ਬਾਦਲਾਂ ਦੀਆਂ ਸਭ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾ ਦਿੱਤੀਆਂ। ਭਾਜਪਾ ਦੀ ਸਮੁੱਚੀ ਲੀਡਰਸ਼ਿਪ ਬਾਦਲਾਂ ਨਾਲ ਨਾਰਾਜ਼ ਹੋ ਗਈ ਅਤੇ ਇਸ ਨੂੰ ਪੰਜਾਬ ਵਿਚ ਆਪਣੇ ਬਲਬੂਤੇ ਵਧਣ-ਫੁੱਲਣ ਲਈ ਰਾਹ ਖੋਲ੍ਹਣ ਦਾ ਚੰਗਾ ਬਹਾਨਾ ਮਿਲ ਗਿਆ। ਭਾਜਪਾ ਦੀ ਸੂਬਾ ਅਤੇ ਕੇਂਦਰੀ ਲੀਡਰਸ਼ਿਪ ਅੱਜ ਕੱਲ੍ਹ ਪੂਰੀ ਚੜ੍ਹਤ ਵਿਚ ਹੈ ਅਤੇ ਬਾਦਲ ਇਕ ਤਰ੍ਹਾਂ ਨਾਲ ਆਪਣੀ ਹੀ ਭਾਈਵਾਲ ਅੱਗੇ ਗੋਡਿਆਂ ਭਾਰ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਉਦੋਂ ਹੋਈ ਹੈ ਜਦੋਂ ਇਸ ਨੇ ਹਾਲ ਹੀ ਆਪਣੀ ਸਥਾਪਨਾ ਦਾ 95ਵਾਂ ਦਿਵਸ ਮਨਾਇਆ ਹੈ। ਅਕਾਲੀ ਦਲ ਦਾ ਆਪਣਾ, ਨਿਆਰਾ ਅਤੇ ਪਿਆਰਾ ਇਤਿਹਾਸ ਹੈ। 1920 ਵਿਚ ਸਥਾਪਨਾ ਤੋਂ ਲੈ ਕੇ ਹਰ ਮੁਕਾਮ ਦੌਰਾਨ ਇਸ ਦੇ ਆਗੂਆਂ ਨੇ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਈ ਹੈ, ਪਰ ਜਦੋਂ ਤੋਂ ਦਲ ਦੀ ਕਮਾਨ ਬਾਦਲ ਪਰਿਵਾਰ ਤੱਕ ਸਿਮਟ ਗਈ ਹੈ, ਇਸ ਦੀ ਤਾਕਤ ਘਟਦੀ-ਘਟਦੀ ਹੁਣ ਵਾਲੀ ਹਾਲਤ ਵਿਚ ਪੁੱਜ ਗਈ ਹੈ। ਪਿਛਲੇ ਸਮੇਂ ਦੌਰਾਨ ਬਾਦਲਾਂ ਨੇ ਜਿਸ ਢੰਗ ਨਾਲ ਪਾਰਟੀ ਅਤੇ ਪਾਰਟੀਆਂ ਸੰਸਥਾਵਾਂ ਉਤੇ ਕਬਜ਼ਾ ਕੀਤਾ ਹੈ, ਉਸ ਨੇ ਪਾਰਟੀ ਅੰਦਰਲੀ ਜਮਹੂਰੀਅਤ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਹਰ ਮਾਮਲੇ ‘ਤੇ ਇਸ ਪਰਿਵਾਰ ਨੇ ਆਪਣੀ ਮਰਜ਼ੀ ਚਲਾਈ ਹੈ ਅਤੇ ਜਿਹੜਾ ਵੀ ਲੀਡਰ ਇਨ੍ਹਾਂ ਦੇ ਇਸ ਆਪ-ਹੁਦਰੇਪਣ ਉਤੇ ਰੱਤੀ ਭਰ ਵੀ ਉਭਾਸਰਿਆ, ਉਸ ਨੂੰ ਸਿਆਸੀ ਪੱਧਰ ਉਤੇ ਸਿਫਰ ਕਰ ਦਿੱਤਾ ਗਿਆ। ਅਕਾਲੀ ਦਲ ਦੇ ਇਤਿਹਾਸ ਵਿਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਗਿਣਾਈਆਂ ਜਾ ਸਕਦੀ ਹਨ। ਅਸਲ ਵਿਚ ਅਜਿਹਾ ਪਾਰਟੀ ਦੀ ਰੂਹ ਵਿਚੋਂ ਕੁਰਬਾਨੀ ਵਾਲੇ ਮਾਦੇ ਨੂੰ ਖੋਰਾ ਲੱਗਣ ਕਰ ਕੇ ਹੋਇਆ। ਇਸੇ ਕਰ ਕੇ ਅਕਾਲੀਆਂ ਦਾ ਕੋਈ ਹੋਰ ਧੜਾ ਵੀ ਇਸ ਪਰਿਵਾਰ ਦੀ ਇਜਾਰੇਦਾਰੀ ਨੂੰ ਘੱਟ ਨਹੀਂ ਕਰ ਸਕਿਆ। ਅਕਾਲੀ ਹੋਣ ਦਾ ਸ਼ਾਇਦ ਇਹੀ ਦਰਦ ਹੈ ਕਿ ਹਰ ਲੀਡਰ ਆਪਣੇ ਨਿੱਕੇ ਜਾਂ ਵੱਡੇ, ਗਰਮ ਜਾਂ ਨਰਮ ਧੜੇ ਮੁਤਾਬਕ ਸਿਆਸਤ ਕਰਨ ਵਿਚ ਲੱਗਿਆ ਰਿਹਾ। ਸਿੱਖੀ, ਪੰਥ ਅਤੇ ਪੰਜਾਬ ਕਿਸੇ ਦੇ ਏਜੰਡੇ ਉਤੇ ਨਹੀਂ ਰਿਹਾ। ਹੁਣ ਜਦੋਂ ਪੰਜਾਬ ਭਾਰਤੀ ਜਨਤਾ ਪਾਰਟੀ ਵਰਗੀ ਪਾਰਟੀ ਦੇ ਏਜੰਡੇ ਉਤੇ ਆ ਗਿਆ ਹੈ ਤਾਂ ਸਭ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਭਾਰਤੀ ਜਨਤਾ ਪਾਰਟੀ ਦਾ ਦੇਸ਼ ਭਰ ਵਿਚ ਏਜੰਡਾ ਲਗਾਤਾਰ ਬਦਲਦਾ ਰਿਹਾ ਹੈ। ਇਸ ਪਾਰਟੀ ਨੇ ਨਿਰੋਲ ਫਿਰਕੂ ਰੱਥ ਯਾਤਰਾ ਤੋਂ ਲੈ ਕੇ ਵਿਕਾਸ ਰੱਥ ਦਾ ਪ੍ਰਚਾਰ ਕਰ ਕੇ ਸਾਰੇ ਦੇਸ਼ ਵਿਚ ਫੈਲ ਜਾਣ ਦੀ ਸਮਰੱਥਾ ਦਿਖਾਈ ਹੈ। ਇਸ ਦੇ ਦੂਜੀ ਕਤਾਰ ਦੇ ਆਗੂ ਭਾਵੇਂ ਆਰæਐਸ਼ਐਸ਼ ਲੀਡਰਸ਼ਿਪ ਨੂੰ ਖੁਸ਼ ਕਰਨ ਖਾਤਰ ਪੁੱਠੇ-ਸਿੱਧੇ ਬਿਆਨ ਦੇ ਕੇ ਵਿਵਾਦਾਂ ਵਿਚ ਘਿਰ ਰਹੇ ਹਨ, ਪਰ ਭਾਜਪਾ ਲੀਡਰਸ਼ਿਪ, ਖਾਸ ਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦਾਈਆ ਕਾਰਪੋਰੇਟ ਲਾਬੀ ਦੇ ਸਿਰ ਉਤੇ ਲੋਕਾਂ ਨੂੰ ਵਿਕਾਸ ਦੀ ਕਥਿਤ ਨ੍ਹੇਰੀ ਵਿਚ ਰੋੜ੍ਹ ਕੇ ਲੈ ਜਾਣ ਦਾ ਹੀ ਹੈ। ਆਪਣੇ ਇਸ ਪ੍ਰਾਜੈਕਟ ਵਿਚ ਇਹ ਪਾਰਟੀ ਬਹੁਤ ਹੱਦ ਤੱਕ ਕਾਮਯਾਬ ਵੀ ਰਹੀ ਹੈ। ਇਸੇ ਕਰ ਕੇ ਮਹਾਂਰਾਸ਼ਟਰ ਤੇ ਹਰਿਆਣਾ ਤੋਂ ਬਾਅਦ ਇਸ ਦੀ ਅੱਖ ਹੁਣ ਜੰਮੂ-ਕਸ਼ਮੀਰ ਉਤੇ ਹੈ। ਇਸ ਤੋਂ ਬਾਅਦ 2016 ਵਿਚ ਪੱਛਮੀ ਬੰਗਾਲ ਵਿਚ ਵੋਟਾਂ ਪੈਣੀਆਂ ਹਨ ਅਤੇ ਉਸ ਤੋਂ ਅਗਲੇ ਹੀ ਸਾਲ, ਭਾਵ 2017 ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹੁਣ ਦੇਖਣ/ਸੋਚਣ ਵਾਲਾ ਨੁਕਤਾ ਇਹ ਹੈ ਕਿ ਭਾਜਪਾ ਦੇ ਇਸ ਜੇਤੂ ਰੱਥ ਨੂੰ ਕੌਣ ਤੇ ਕਿੱਥੇ ਠੱਲ੍ਹਦਾ ਹੈ।