-ਜਤਿੰਦਰ ਪਨੂੰ
ਅੰਮ੍ਰਿਤਸਰ ਸ਼ਹਿਰ ਵਿਚ ਇੱਕ ਬੰਦੇ ਦਾ ਕਤਲ ਹੋ ਗਿਆ, ਬੰਦਾ ਵੀ ਸਧਾਰਨ ਨਹੀਂ, ਪੁਲਿਸ ਦਾ ਥਾਣੇਦਾਰ ਸੀ ਤੇ ਸੀ ਵੀ ਵਰਦੀ ਵਿਚ ਜਦੋਂ ਉਸ ਨੂੰ ਕਤਲ ਕੀਤਾ ਗਿਆ ਸੀ। ਥੋੜ੍ਹੀ ਦੂਰ ਥਾਣਾ ਸੀ, ਪਰ ਆਪਣੇ ਪੁਲਿਸ ਵਾਲੇ ਭਾਈਬੰਦ ਦਾ ਸਾਥ ਦੇਣ ਲਈ ਪੁਲਿਸ ਵਾਲੇ ਥਾਣੇ ਤੋਂ ਬਾਹਰ ਹੀ ਨਾ ਨਿਕਲੇ। ਕਾਰਨ ਇਹ ਸੀ ਕਿ ਉਨ੍ਹਾਂ ਨੂੰ ਕਾਤਲਾਂ ਦੀ ਪੰਜਾਬ ਦੀ ਰਾਜਧਾਨੀ ਤੱਕ ਸਿੱਧੀ ਪਹੁੰਚ ਬਾਰੇ ਪਤਾ ਸੀ। ਕਾਤਲਾਂ ਨੇ ਥਾਣੇਦਾਰ ਨੂੰ ਗੋਲੀਆਂ ਮਾਰੀਆਂ, ਜ਼ਖਮੀ ਕੀਤਾ ਤੇ ਚਲੇ ਗਏ। ਜ਼ਖਮੀ ਹੋਏ ਥਾਣੇਦਾਰ ਦੀ ਧੀ ਲੋਕਾਂ ਦੇ ਤਰਲੇ ਕਰਦੀ ਰਹੀ ਕਿ ਉਸ ਦੇ ਪਿਤਾ ਨੂੰ ਹਸਪਤਾਲ ਪੁਚਾਉਣ ਲਈ ਮਦਦ ਕੀਤੀ ਜਾਵੇ, ਪਰ ਕੋਈ ਨਾਲ ਨਹੀਂ ਸੀ ਤੁਰ ਰਿਹਾ। ਏਨੀ ਦੇਰ ਨੂੰ ਕਾਤਲ ਫਿਰ ਆ ਗਏ। ਉਨ੍ਹਾਂ ਨੇ ਡਿੱਗੇ ਪਏ ਜ਼ਖਮੀ ਹੋਏ ਥਾਣੇਦਾਰ ਨੂੰ ਹੋਰ ਗੋਲੀਆਂ ਮਾਰ ਕੇ ਇਹ ਯਕੀਨੀ ਬਣਾਇਆ ਕਿ ਮਰ ਗਿਆ ਹੈ, ਕਿਧਰੇ ਜ਼ਿੰਦਾ ਨਾ ਰਹਿ ਜਾਵੇ। ਪੰਜਾਬ ਦੀ ਸਰਕਾਰ ਅਜੇ ਵੀ ਕਹਿੰਦੀ ਹੈ ਕਿ ਰਾਜ ਦੀ ਅਮਨ-ਕਾਨੂੰਨ ਦੀ ਸਥਿਤੀ ਉਸ ਦੇ ਕੰਟਰੋਲ ਵਿਚ ਹੈ। ਜੇ ਸਥਿਤੀ ਉਸ ਦੇ ਕੰਟਰੋਲ ਵਿਚ ਹੈ ਤਾਂ ਚਿੱਟੇ ਦਿਨ ਭਰੇ ਬਾਜ਼ਾਰ ਵਿਚ ਕਤਲ ਕਰਨ ਦਾ ਇਹ ਕਹਿਰ ਕੀ ਉਸ ਦੀ ਆਗਿਆ ਨਾਲ ਵਰਤਿਆ ਹੈ, ਜਿਸ ਨੂੰ ਸਥਿਤੀ ਉਤੇ ਕੰਟਰੋਲ ਦੇ ਦਾਅਵੇ ਕਰ ਰਹੀ ਸਰਕਾਰ ਨੇ ਰੋਕਿਆ ਨਹੀਂ? ਜਾਂ ਤਾਂ ਸਥਿਤੀ ਉਤੇ ਉਸ ਦਾ ਕੰਟਰੋਲ ਨਹੀਂ ਜਾਂ ਕਾਤਲ ਏਨੀ ਉਚੀ ਪਹੁੰਚ ਵਾਲੇ ਸਨ ਕਿ ਉਹ ਆਪਣੇ ਆਪ ਨੂੰ ਉਨ੍ਹਾਂ ਜਾਬਰਾਂ ਵਿਚੋਂ ਸਮਝਦੇ ਸਨ, ਜਿਨ੍ਹਾਂ ਬਾਰੇ ਮੁਹਾਵਰਾ ਪ੍ਰਚਲਿਤ ਹੈ ਕਿ ਉਨ੍ਹਾਂ ਨੂੰ ‘ਸੱਤ ਖੂਨ ਮਾਫ’ ਹੁੰਦੇ ਹਨ।
ਕਤਲ ਕਿਉਂ ਕੀਤਾ ਗਿਆ? ਇਸ ਲਈ ਕਿ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਦੀ ਰਾਖੀ ਲਈ ਇੱਕ ਬਾਪ ਦਾ ਫਰਜ਼ ਨਿਭਾਉਣ ਦਾ ਹੌਸਲਾ ਉਦੋਂ ਕਰ ਬੈਠਾ ਸੀ, ਜਦੋਂ ਅਜਿਹਾ ਕਰਨਾ ਪੰਜਾਬ ਵਿਚ ਗੁਨਾਹ ਹੁੰਦਾ ਜਾ ਰਿਹਾ ਹੈ। ਉਸ ਦੀ ਧੀ ਅੰਮ੍ਰਿਤਸਰ ਦੇ ਉਸ ਛੇਹਰਟਾ ਖੇਤਰ ਵਿਚ ਇੱਕ ਬੈਂਕ ਦੀ ਨੌਕਰੀ ਕਰਦੀ ਸੀ, ਜਿੱਥੇ ਕਦੇ ਲਾਲ ਝੰਡਾ ਝੂਲਦਾ ਹੁੰਦਾ ਸੀ ਤੇ ਗੁੰਡੇ-ਬਦਮਾਸ਼ ਸਿਰ ਨਹੀਂ ਸੀ ਚੁੱਕ ਸਕਦੇ। ਹੁਣ ਉਥੇ ਗੁੰਡੇ ਹਰਲ-ਹਰਲ ਕਰਦੇ ਫਿਰਦੇ ਹਨ। ਰਾਜ-ਦਰਬਾਰ ਨਾਲ ਗੁੰਡਿਆਂ ਦਾ ਫੋਨ ਸੰਪਰਕ ਕਿਸੇ ਸਰਕਾਰੀ ਮਹਿਕਮੇ ਦੀ ਹਾਟ-ਲਾਈਨ ਵਾਂਗ ਹੁੰਦਾ ਹੈ। ਥਾਣੇਦਾਰ ਦੀ ਧੀ ਨੂੰ ਰੋਜ਼ ਰਾਹ ਜਾਂਦੀ ਨੂੰ ਛੇੜਿਆ ਜਾਂਦਾ ਸੀ। ਉਸ ਨੇ ਇੱਕ ਵਾਰੀ ਥਾਣੇ ਵਿਚ ਸ਼ਿਕਾਇਤ ਵੀ ਕੀਤੀ। ਦੱਸਦੇ ਹਨ ਕਿ ਪੁਲਿਸ ਵਾਲਿਆਂ ਨੇ ਆਪਣੇ ਪੁਲਿਸ ਵਾਲੇ ਭਾਈਬੰਦ ਦੀ ਧੀ ਵੱਲੋਂ ਕੀਤੀ ਸ਼ਿਕਾਇਤ ਉਤੇ ਕਾਰਵਾਈ ਇਸ ਲਈ ਨਾ ਕੀਤੀ ਕਿ ਉਹ ਜ਼ੋਰਾਵਰਾਂ ਦੇ ਕਹਿਰ ਤੋਂ ਆਪ ਕੰਬਦੇ ਦਿਨ-ਕੱਟੀ ਕਰ ਰਹੇ ਸਨ। ਇੱਕ ਦਿਨ ਥਾਣੇਦਾਰ ਖੁਦ ਆਪਣੀ ਧੀ ਨੂੰ ਤੰਗ ਕਰਨ ਵਾਲਿਆਂ ਨਾਲ ਗੱਲ ਕਰਨ ਆ ਗਿਆ ਤਾਂ ਉਹ ਉਸ ਨੂੰ ਕਤਲ ਕਰ ਕੇ ਦੌੜ ਗਏ। ਕਾਤਲਾਂ ਦੀ ਧਾੜ ਦੇ ਅੱਗੇ ਲੱਗਾ ਆਪਣੇ ਆਪ ਨੂੰ ਜਿਊਣਾ ਮੌੜ ਸਮਝਦਾ ਅਕਾਲੀ ਦਲ ਦਾ ਅਹੁਦੇਦਾਰ ਏਦਾਂ ਦੇ ਦਬਦਬੇ ਵਾਲਾ ਸੀ, ਜਿਸ ਬਾਰੇ ਸੁਰਜੀਤ ਬਿੰਦਰਖੀਏ ਦਾ ਗੀਤ ਆਖਦਾ ਹੈ, “ਕਹਿੰਦੇ ਡੀ ਸੀ ਵੀ ਸਲੂਟ ਉਹਨੂੰ ਮਾਰਦਾ, ਪੈਰਾਂ ‘ਚ ਥਾਣੇਦਾਰ ਰੋਲ’ਤਾ।” ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ‘ਕੱਟਾ ਕਿੱਲੇ ਦੇ ਜ਼ੋਰ ਉਤੇ ਤੀਂਘੜਦਾ’ ਸੀ।
ਅੱਗੇ ਕਹਿੰਦੇ ਹੁੰਦੇ ਸਨ ਕਿ ਏਦਾਂ ਦੀ ਘਟਨਾ ਵਾਪਰੀ ਹੈ, ਜਿਸ ਨੇ ਸਾਰਿਆਂ ਨੂੰ ਸੁੰਨ ਕਰ ਦਿੱਤਾ ਹੈ। ਹੁਣ ਇਹ ਕਹਿਣ ਦੀ ਲੋੜ ਨਹੀਂ ਰਹੀ। ਏਦਾਂ ਦੀ ਗੱਲ ਉਦੋਂ ਕਹੀਦੀ ਹੈ, ਜਦੋਂ ਕਦੇ-ਕਦਾਈਂ ਏਦਾਂ ਦੀ ਘਟਨਾ ਵਾਪਰਦੀ ਹੈ। ਜੇ ਹਾਲਾਤ ਏਨੇ ਵਿਗੜ ਜਾਣ ਕਿ ਇਹ ਨਿੱਤ ਦੀ ਕਹਾਣੀ ਹੋ ਜਾਵੇ, ਫਿਰ ਏਦਾਂ ਨਹੀਂ ਕਹੀਦਾ। ਪੰਜਾਬ ਵਿਚ ਤਾਂ ਇਹ ਹੁਣ ਰੋਜ਼ ਦੀ ਗੱਲ ਹੋ ਚੁੱਕੀ ਹੈ। ਹੁਣ ਇਹ ਘਟਨਾ ਨਹੀਂ ਹੁੰਦੀ, ਘਟਨਾਕ੍ਰਮ ਦਾ ਇੱਕ ਹੋਰ ਕਾਂਡ ਹੁੰਦੀ ਹੈ।
ਹਾਲੇ ਬਹੁਤੇ ਦਿਨ ਨਹੀਂ ਹੋਏ, ਜਦੋਂ ਫਰੀਦਕੋਟ ਦੇ ਸ਼ਹਿਰ ਵਿਚੋਂ ਇੱਕ ਨਿਤਾਣੇ ਪਰਿਵਾਰ ਦੀ ਧੀ ਚਿੱਟੇ ਦਿਨ ਇੱਕ ਜ਼ੋਰਾਵਰ ਨੇ ਬੰਦੂਕਾਂ ਦੀ ਗੂੰਜ ਵਿਚ ਅਗਵਾ ਕੀਤੀ ਸੀ। ਪੁਲਿਸ ਵਾਲੇ ਮੌਕੇ ਉਤੇ ਮੌਜੂਦ ਹੁੰਦਿਆਂ ਵੀ ਇਸ ਕਰ ਕੇ ਕੁਸਕੇ ਨਹੀਂ ਸਨ ਕਿ ਦੋਸ਼ੀ ਦੀ ਪਿੱਠ ਉਤੇ ਇੱਕ ਵੱਡੇ ਅਕਾਲੀ ਆਗੂ ਦਾ ਹੱਥ ਸੀ। ਅਗਵਾ ਕਰਦੇ ਵਕਤ ਅਗਵਾਕਾਰਾਂ ਦੀ ਕਾਰ ਨਾਲੀ ਵਿਚ ਫਸ ਗਈ। ਉਹ ਜਦੋਂ ਧੱਕਾ ਲਾ ਕੇ ਕੱਢ ਰਹੇ ਸਨ, ਪੁਲਿਸ ਵਾਲੇ ਆਸ-ਪਾਸ ਖੜੇ ਵੇਖਦੇ ਰਹੇ, ਕਿਸੇ ਨੇ ਉਦੋਂ ਵੀ ਦਖਲ ਦੇਣ ਦੀ ਹਿੰਮਤ ਨਹੀਂ ਸੀ ਕੀਤੀ। ਸਾਰਾ ਸ਼ਹਿਰ ਬੰਦ ਹੋ ਗਿਆ। ਇਸ ਨਾਲ ਪੰਜਾਬ ਦੀ ਸਰਕਾਰੀ ਮਸ਼ੀਨਰੀ ਹਿੱਲ ਗਈ, ਸਰਕਾਰ ਚਲਾਉਣ ਵਾਲੇ ਨਹੀਂ ਸੀ ਹਿੱਲੇ ਤੇ ਉਦੋਂ ਹੀ ਹਰਕਤ ਵਿਚ ਆਏ ਸਨ, ਜਦੋਂ ਸਥਿਤੀ ਸੰਭਾਲਣੀ ਔਖੀ ਹੋ ਗਈ ਸੀ। ਅਗਵਾਕਾਰ ਕਿਤੇ ਲੁਕਿਆ ਨਹੀਂ ਸੀ ਹੋਇਆ, ਕੁਝ ਪੁਲਿਸ ਵਾਲਿਆਂ ਦੇ ਸੰਪਰਕ ਵਿਚ ਸੀ ਤੇ ਉਸ ਅਕਾਲੀ ਆਗੂ ਦੇ ਵੀ, ਜਿਸ ਦਾ ਉਸ ਨੂੰ ਥਾਪੜਾ ਸੀ। ਜਦੋਂ ਮਜਬੂਰੀ ਬਣ ਗਈ ਤਾਂ ਉਸ ਨੂੰ ਪੁਲਿਸ ਨੇ ਚੁੱਕ ਲਿਆਂਦਾ। ਇਸ ਦੇ ਬਾਅਦ ਵੀ ਉਸ ਨਾਲ ਲਿਹਾਜਦਾਰੀ ਚੱਲਦੀ ਰਹੀ। ਪੁਲਿਸ ਦੇ ਕੁਝ ਅਫਸਰ ਤੇ ਸਰਕਾਰ ਦੇ ਕੁਝ ਬਾਹਲੇ ਨੇੜੂ ਇਹ ਯਤਨ ਕਰਦੇ ਰਹੇ ਕਿ ਨਾਬਾਲਗ ਬੱਚੀ ਨੂੰ ਇੱਕੀ ਮੁਕੱਦਮਿਆਂ ਦੇ ਦਾਗੀ ਅਗਵਾਕਾਰ ਦੀ ਪ੍ਰੇਮ-ਵਿਆਹ ਕਰ ਚੁੱਕੀ ਬੀਵੀ ਬਣਾ ਦਿੱਤਾ ਜਾਵੇ। ਬੇਗਾਨੇ ਘਰ ਲੱਗੀ ਅੱਗ ਜਿਨ੍ਹਾਂ ਨੂੰ ਬਸੰਤਰ ਜਾਪਦੀ ਰਹੀ, ਜੇ ਇਹੋ ਭਾਣਾ ਉਨ੍ਹਾਂ ਵਿਚੋਂ ਕਿਸੇ ਦੇ ਆਪਣੇ ਨਾਲ ਵਾਪਰਿਆ ਹੁੰਦਾ, ਕੀ ਫਿਰ ਵੀ ਇਹੋ ਕੁਝ ਕਿਹਾ ਜਾਣਾ ਸੀ ਜਾਂ ਬੀਬੀ ਜਗੀਰ ਕੌਰ ਦੀ ਧੀ ਵਾਂਗ ਕੁੜੀ ਨੂੰ ਅੱਧ-ਸੜੀ ਨੂੰ ਦਰਿਆ ਵਿਚ ਰੋੜ੍ਹ ਕੇ ਮੁੰਡੇ ਦੇ ਪਿੱਛੇ ਪੁਲਿਸ ਲਾ ਦੇਣੀ ਸੀ? ਰਾਜ ਦੀ ਨਵੀਂ ਰੀਤ ਸਾਡੇ ਲੋਕਾਂ ਦੇ ਸਮਝ ਵਿਚ ਆਉਣ ਵਾਲੀ ਕਿਉਂ ਨਹੀਂ ਰਹਿ ਗਈ?
ਇਹ ਕਹਾਣੀ ਨਿਸ਼ਾਨ ਸਿੰਘ ਵੱਲੋਂ ਫਰੀਦਕੋਟ ਦੀ ਇੱਕ ਕੁੜੀ ਨੂੰ ਅਗਵਾ ਕਰਨ ਤੱਕ ਸੀਮਤ ਨਹੀਂ ਰਹੀ, ਉਸ ਦੇ ਪਿੱਛੋਂ ਰਵੀਸ਼ੇਰ ਜੋਸ਼ ਤੱਕ ਚਲੀ ਗਈ ਹੈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਅਕਾਲੀ ਦਲ ਦੀ ਵਿਧਾਇਕ ਤੇ ਪੰਜਾਬ ਦੀ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਦਾ ਭਤੀਜਾ ਹੈ। ਇੱਕ ਦਿਨ ਉਸ ਨੇ ਗੱਡੀ ਹੇਠ ਤਿੰਨ ਕੁੜੀਆਂ ਦਰੜ ਦਿੱਤੀਆਂ। ਦੋ ਕੁੜੀਆਂ ਦੀ ਮੌਤ ਹੋ ਗਈ। ਸਰਕਾਰ ਤੱਕ ਜਰਵਾਣੇ ਦੀ ਸਿੱਧੀ ਪਹੁੰਚ ਦਾ ਸਿੱਟਾ ਸੀ ਕਿ ਪੁਲਿਸ ਨੇ ਪਹਿਲਾਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਰਵੀਸ਼ੇਰ ਗੱਡੀ ਨਹੀਂ ਸੀ ਚਲਾ ਰਿਹਾ, ਫਿਰ ਸਧਾਰਨ ਹਾਦਸਾ ਬਣਾ ਦੇਣ ਦੀ ਵਾਹ ਲਾਈ ਅਤੇ ਅੰਤ ਨੂੰ ਲੋਕਾਂ ਦਾ ਰੋਹ ਵੇਖ ਕੇ ਮੰਨ ਲਿਆ ਕਿ ਕੇਸ ਬੁਰਛਾਗਰਦੀ ਦਾ ਸੀ। ਮੁੰਡਾ ਰੋਜ਼ ਕੁੜੀਆਂ ਦੇ ਮਗਰ ਗੱਡੀ ਲਾ ਕੇ ਉਨ੍ਹਾਂ ਕੋਲ ਜਾ ਕੇ ਹਾਰਨ ਮਾਰ ਕੇ ਉਨ੍ਹਾਂ ਨੂੰ ਛੇੜਦਾ ਸੀ ਤੇ ਉਹ ਉਸ ਤੋਂ ਡਰ ਕੇ ਭੱਜ ਕੇ ਬਚਦੀਆਂ ਸਨ। ਉਸ ਦਿਨ ਉਹ ਬਚ ਨਹੀਂ ਸਕੀਆਂ। ਅੰਮ੍ਰਿਤਸਰ ਦੀ ਘਟਨਾ ਵਾਂਗ ਇਸ ਮਾਮਲੇ ਵਿਚ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਮੌਕੇ ਦੇ ਮਾਲਕਾਂ ਦਾ ਰੌਂਅ ਵੇਖ ਕੇ ਟਾਲ ਦਿੱਤਾ ਸੀ। ਕੀ ਰਾਜਸੀ ਪਹੁੰਚ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਹੱਕ ਦੇ ਦਿੱਤਾ ਗਿਆ ਹੈ?
ਕਤਲ ਪਿਛਲੇ ਸਾਲ ਵੀ ਇੱਕ ਹੋਇਆ ਸੀ। ਪੰਜਾਬ ਦੇ ਯੂਥ ਅਕਾਲੀ ਦਲ ਦੇ ਇੱਕ ਆਗੂ ਨੂੰ ਚੰਡੀਗੜ੍ਹ ਵਿਚ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਵਾਲਾ ਵੀ ਯੂਥ ਅਕਾਲੀ ਦਲ ਦਾ ਆਗੂ ਸੀ। ਕਾਰਨ ਇਹ ਸੀ ਕਿ ਕਤਲ ਹੋਣ ਵਾਲੇ ਨੇ ਕਤਲ ਕਰਨ ਵਾਲੇ ਦੀ ਭੈਣ ਦੀ ਬਲਿਊ ਸੀ ਡੀ ਬਣਾ ਕੇ ਅੱਗੇ ਵੰਡੀ ਸੀ, ਪਰ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਬਾਪ-ਬੇਟੇ ਦੇ ਆਪਣੇ ਜ਼ਿਲੇ ਦੇ ਸ਼ਹਿਰ ਦਾ ਮਾਮਲਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਹੀਂ ਸੀ ਕੀਤੀ ਗਈ। ਜਿਸ ਦੀ ਭੈਣ ਸੀ, ਉਸ ਦੀ ਪਹੁੰਚ ਘੱਟ ਸੀ ਤੇ ਜਿਸ ਨੇ ਬਦਤਮੀਜ਼ੀ ਕੀਤੀ, ਉਹ ਵੱਧ ਪਹੁੰਚ ਵਾਲਾ ਸੀ, ਇਸ ਲਈ ਵੱਡੀ ਪਹੁੰਚ ਵਾਲੇ ਦੀ ਗੁੰਡਾਗਰਦੀ ਨੂੰ ਪੁਲਿਸ ਅੱਖੋਂ ਪਰੋਖਾ ਕਰਦੀ ਗਈ ਤੇ ਫਿਰ ਘੱਟ ਪਹੁੰਚ ਵਾਲੇ ਨੇ ਸਾਂਝੀ ਰਾਜਧਾਨੀ ਵਿਚ ਜਾ ਕੇ ਆਪਣੇ ਹੱਥੀਂ ਇਨਸਾਫ ਕਰਨ ਦਾ ਉਹ ਯਤਨ ਕੀਤਾ, ਜਿਸ ਦੇ ਨਤੀਜੇ ਵਜੋਂ ਹੁਣ ਉਹ ਖੁਦ ਵੀ ਜੇਲ੍ਹ ਵਿਚ ਹੈ। ਇਸ ਘਟਨਾ ਤੋਂ ਬਾਅਦ ਵੀ ਅਕਾਲੀ ਦਲ ਨੇ ਕੋਈ ਸਬਕ ਕਿਉਂ ਨਾ ਸਿੱਖਿਆ?
ਸਬਕ ਸਿੱਖਣ ਦੀ ਗੱਲ ਉਨ੍ਹਾਂ ਦੇ ਮਨ ਵਿਚ ਆਈ ਹੋਵੇਗੀ, ਪਰ ਸ਼ਾਇਦ ਇਸ ਲਈ ਛੱਡ ਦਿੱਤੀ ਹੋਵੇ ਕਿ ਚੋਣਾਂ ਵਿਚ ਮਾਰ-ਖੋਰੇ ਬੰਦੇ ਵੀ ਚਾਹੀਦੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਖਰੜ ਦੀ ਸਟੇਜ ਉਤੇ ਜੋ ਕੁਝ ਵਾਪਰਿਆ ਸੀ, ਉਸ ਦੇ ਬਾਅਦ ਮਾਰ-ਖੋਰੇ ਬੰਦੇ ਅਕਾਲੀ ਦਲ ਵਿਚ ਬਹੁਤੇ ਨਹੀਂ ਸੀ ਹੋਣੇ। ਉਥੇ ਕੁਝ ਸਾਲ ਪਹਿਲਾਂ ਸ਼ ਪ੍ਰਕਾਸ਼ ਸਿੰਘ ਬਾਦਲ ਆਉਣ ਵਾਲੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸਟੇਜ ਉਤੇ ਕਬਜ਼ੇ ਲਈ ਦੋ ਧਿਰਾਂ ਦਾ ਸਿੱਧਾ ਭੇੜ ਹੋ ਗਿਆ। ਸਟੇਜ ਉਤੇ ਗੋਲੀਆਂ ਚੱਲੀਆਂ ਤੇ ਕੁਝ ਬੰਦੇ ਮਾਰੇ ਗਏ। ਇਹ ਗੱਲ ਬਾਦਲ ਸਾਹਿਬ ਦੇ ਆਉਣ ਤੋਂ ਬਾਅਦ ਵੀ ਵਾਪਰ ਸਕਦੀ ਸੀ, ਸ਼ੁਕਰ ਹੈ ਕਿ ਥੋੜ੍ਹਾ ਪਹਿਲਾਂ ਵਾਪਰ ਗਈ। ਅਕਾਲੀ ਲੀਡਰਸ਼ਿਪ ਨੇ ਉਥੇ ਵੀ ਮੁਕਤਸਰ ਵਾਂਗ ਜਿਹੜੀ ਧਿਰ ਵੱਧ ਮਾਰ-ਖੋਰੀ ਸੀ, ਉਸ ਨੂੰ ਆਪਣੇ ਨਾਲ ਜੋੜੀ ਰੱਖਿਆ ਤੇ ਜਿਹੜਾ ਥੋੜ੍ਹਾ ਘੱਟ ਮਾਰ-ਖੋਰਾ ਟੋਲਾ ਸੀ, ਉਹ ਅੱਕ ਕੇ ਅਕਾਲੀਆਂ ਦਾ ਪੱਲਾ ਛੱਡ ਕੇ ਕਾਂਗਰਸ ਵਾਲਿਆਂ ਦੀ ਸ਼ਰਣ ਵਿਚ ਚਲਾ ਗਿਆ।
ਲੁਧਿਆਣੇ ਵਿਚ ਜੋ ਕੁਝ ਵਾਪਰਿਆ ਸੀ, ਉਹ ਵੀ ਆਪਣੀ ਮਿਸਾਲ ਆਪ ਸੀ। ਅਕਾਲੀ ਦਲ ਦਾ ਇੱਕ ਕੌਂਸਲਰ ਇੱਕ ਦਿਨ ਆਪਣੀ ਧਾੜ ਲੈ ਕੇ ਮਿੰਨੀ ਸੈਕਟਰੀਏਟ ਗਿਆ ਤੇ ਅਦਾਲਤ ਲਾਈ ਬੈਠੇ ਰਜਿਸਟਰਾਰ ਨੂੰ ਧੂਹ ਕੇ ਬਾਹਰ ਕੱਢ ਕੇ ਸੈਕਟਰੀਏਟ ਦੀ ਪਾਰਕਿੰਗ ਵਿਚ ਕੁੱਟਣ ਲੱਗ ਪਿਆ। ਮੈਜਿਸਟਰੇਟ ਦੇ ਸਾਰੇ ਕੱਪੜੇ ਪਾੜ ਦਿੱਤੇ ਗਏ। ਸਿਰਫ ਕੱਛਾ ਰਹਿ ਗਿਆ ਤੇ ਉਹ ਵੀ ਇਸ ਲਈ ਕਿ ਕੁਝ ਬਜ਼ੁਰਗਾਂ ਨੇ ਕਿਹਾ ਸੀ ਕਿ ਇਹ ਲੋਹੜਾ ਨਾ ਕਰੋ। ਜ਼ਿਲ੍ਹੇ ਦਾ ਪੁਲਿਸ ਮੁਖੀ ਤੇ ਡਿਪਟੀ ਕਮਿਸ਼ਨਰ ਕੋਲ ਖੜੇ ਉਸ ਮੈਜਿਸਟਰੇਟ ਨੂੰ ਕੁੱਟ ਪੈਂਦੀ ਵੇਖਦੇ ਰਹੇ ਸਨ, ਪਰ ਜਦੋਂ ਉਸ ਕੌਂਸਲਰ ਨੂੰ ਗ੍ਰਿਫਤਾਰ ਕਰਨਾ ਪਿਆ ਤਾਂ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਲੁਧਿਆਣੇ ਦੀ ਜੇਲ੍ਹ ਵਿਚ ਉਸ ਦੀ ਸੁਖ-ਸਹੂਲਤ ਦਾ ਪੱਕਾ ਪ੍ਰਬੰਧ ਕਰਨ ਲਈ ਅਗਲੇ ਦਿਨ ਆਪ ਉਚੇਚਾ ਗੇੜਾ ਮਾਰਨ ਗਿਆ। ਉਹ ਕੌਂਸਲਰ ਇਸ ਵਾਰ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਨੂੰ ਵੀ ਅੰਗੂਠਾ ਦਿਖਾ ਕੇ ਸਿੱਧਾ ਹੋ ਗਿਆ ਤੇ ਵਿਧਾਨ ਸਭਾ ਚੋਣ ਜਿੱਤ ਗਿਆ। ਬਾਅਦ ਵਿਚ ਉਹ ਅਕਾਲੀ ਦਲ ਵਿਚ ਵਾਪਸ ਨਹੀਂ ਆਇਆ, ਮਾਰ-ਖੋਰਾ ਬੰਦਾ ਨਾਲ ਰੱਖਣ ਦੀ ਨੀਤੀ ਹੇਠ ਅਕਾਲੀ ਦਲ ਦੇ ਇਤਿਹਾਸ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਉਸ ਦੀ ਵਾਪਸੀ ਕਰਵਾਉਣ ਖੁਦ ਗਿਆ ਸੀ। ਇਹ ਕਈ ਹੋਰ ਲੋਕਾਂ ਨੂੰ ਸੰਕੇਤ ਹੋ ਸਕਦਾ ਹੈ ਕਿ ਜੇ ਤੁਸੀਂ ਰਾਜ ਦਰਬਾਰ ਦੇ ਨੇੜੇ ਰਹਿਣਾ ਮੰਗਦੇ ਹੋ ਤਾਂ ਏਦਾਂ ਜੁਰਅੱਤ ਦਾ ਕੰਮ ਕਰ ਕੇ ਵਿਖਾਉਣਾ ਪਵੇਗਾ ਕਿ ਤੁਹਾਡੀ ਲੋੜ ਮਹਿਸੂਸ ਹੋਵੇ, ਤੁਸੀਂ ਕੰਮ ਦੇ ਬੰਦੇ ਜਾਪਣ ਲੱਗ ਪਵੋ।
ਅਸੀਂ ਮਿਸਾਲਾਂ ਦੀ ਲੰਮੀ ਲੜੀ ਬੰਨ੍ਹ ਸਕਦੇ ਹਾਂ। ਇਹ ਮੁੱਕਣ ਦੀ ਥਾਂ ਪੰਜ ਗਰਾਈਂ ਦੇ ਸਾਬਕਾ ਅਕਾਲੀ ਮੰਤਰੀ ਦੇ ਮੰਤਰੀ ਹੁੰਦਿਆਂ ਉਸ ਦੇ ਪੁੱਤਰ ਵੱਲੋਂ ਕੀਤੇ ਕਾਰਿਆਂ ਤੱਕ ਵੀ ਜਾ ਸਕਦੀ ਹੈ। ਫਿਰ ਇਹ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਲੋਂ ਮੋਟੇ ਪ੍ਰਧਾਨ ਦੇ ਪੁੱਤਰਾਂ ਵੱਲੋਂ ਮੋਗੇ ਦੀ ਨਗਰ ਕੌਂਸਲ ਚੋਣ ਮੌਕੇ ਪੋਲਿੰਗ ਬੂਥ ਦਾ ਦਰਵਾਜ਼ਾ ਬੰਦ ਕਰ ਕੇ ਮਚਾਏ ਧਮੱਚੜ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਵੱਲੋਂ ਦਰਵਾਜ਼ੇ ਦੇ ਬਾਹਰ ਖੜੇ ਰਹਿਣ ਦੀ ਕਹਾਣੀ ਤੱਕ ਜਾ ਸਕਦੀ ਹੈ। ਲਿਖਦੇ ਜਾਈਏ ਤਾਂ ਲੜੀ ਲੰਮੀ ਹੋ ਜਾਵੇਗੀ। ਇਸ ਦੀ ਥਾਂ ਅਸੀਂ ਇਹ ਕਹਿਣ ਦੀ ਲੋੜ ਸਮਝਦੇ ਹਾਂ ਕਿ ਪੰਜਵੀਂ ਵਾਰੀ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਨੂੰ ਐਮਰਜੈਂਸੀ ਵਾਲਾ ਸਮਾਂ ਤੇ ਸੰਜੇ ਗਾਂਧੀ ਦੀ ਭੂਮਿਕਾ ਪਿੱਛੋਂ ਕਾਂਗਰਸ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ। ਉਸ ਵੇਲੇ ਕਾਂਗਰਸ ਪਾਰਟੀ ਦੇ ਅੰਦਰ ਆਣ ਵੜੀ ਇਸ ਧਾੜ ਨੇ ਪਾਰਟੀ ਨੂੰ ਪਹਿਲੀ ਵਾਰੀ ਰਾਜ-ਮਹਿਲਾਂ ਤੋਂ ਪਰ੍ਹੇ ਕੀਤਾ ਸੀ। ਜੇ ਕਾਂਗਰਸ ਵਾਲੇ ਇਤਿਹਾਸ ਨੂੰ ਬਾਦਲ ਸਾਹਿਬ ਵਾਚਣ ਦੇ ਯੋਗ ਨਹੀਂ ਸਮਝਦੇ ਤਾਂ ਲਾਹੌਰ ਦਰਬਾਰ ਬਾਰੇ ਸ਼ਾਹ ਮੁਹੰਮਦ ਦਾ ਕਿੱਸਾ ਪੜ੍ਹ ਲੈਣ। ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਿਸ ਬਾਰੇ ਉਸ ਵਿਚ ਦਰਜ ਹੈ: ‘ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ।’ ਸਾਡੇ ਸਮੇਂ ਵਿਚ ਵੀ ਰਾਜ ਦਰਬਾਰ ਦੇ ਨੇੜੇ-ਤੇੜੇ ਸਾਊ ਬੰਦਾ ਜੇ ਕੋਈ ਬਚਿਆ ਰਹਿ ਗਿਆ ਹੈ ਤਾਂ ਲਾਹੌਰ ਦੇ ਉਦੋਂ ਦੇ ਸਰਦਾਰਾਂ ਵਾਂਗ ਉਹ ਸਿਰੀ ਦਬਾਈ ਦਿਨ ਕੱਟ ਰਿਹਾ ਹੈ, ਕਿਉਂਕਿ ਅਕਾਲੀ ਦਲ ਵਿਚ ਹੁਣ ਉਹ ਭੂਤ ਮੰਡਲੀ ਤਿਆਰ ਹੋ ਗਈ ਹੈ, ਜਿਹੜੀ ਰਾਣਿਆਂ, ਰਵੀਸ਼ੇਰਾਂ ਤੇ ਨਿਸ਼ਾਨਾਂ ਵਾਂਗ ਨਾ ਸ਼ਕਲੋਂ ਅਕਾਲੀ ਹੈ ਤੇ ਨਾ ਅਕਲੋਂ ਹੀ। ਇਹ ਭੂਤ ਮੰਡਲੀ ਜਦੋਂ ਤੇ ਜਿੱਥੇ ਤਿਆਰ ਹੋ ਜਾਵੇ, ਉਥੇ ਸੁੱਖ ਨਹੀਂ ਰਹਿੰਦੀ ਹੁੰਦੀ, ਗਲੀਆਂ ਦੀ ਜੰਗ ਰਾਜ ਦਰਬਾਰ ਦੇ ਕੁਨਬੇ ਤੱਕ ਪਹੁੰਚ ਜਾਇਆ ਕਰਦੀ ਹੈ। ਹੁਣ ਵੀ ਲੋਕ ਏਦਾਂ ਦੀਆਂ ਗੱਲਾਂ ਦੱਬੀ ਜ਼ਬਾਨ ਵਿਚ ਕਰਦੇ ਸੁਣੇ ਜਾਂਦੇ ਹਨ। ਕੀ ਮੁੱਖ ਮੰਤਰੀ ਬਾਦਲ ਸਾਹਿਬ ਇਸ ਭੂਤ-ਮੰਡਲੀ ਨੂੰ ਲੋਕਾਂ ਦੀ ਪੱਤ ਲਾਹੁੰਦੀ ਅਤੇ ਖੂਨ ਵਗਾਉਂਦੀ ਉਦੋਂ ਤੱਕ ਵੇਖਦੇ ਰਹਿਣਗੇ, ਜਦ ਤੱਕ ਇਹ ਰਾਜ-ਦਰਬਾਰ ਤੱਕ ਨਹੀਂ ਪਹੁੰਚ ਜਾਂਦੀ? ਕੀ ਉਹ ਅਵਧ ਦੇ ਨਵਾਬਾਂ ਦਾ ਹਸ਼ਰ ਯਾਦ ਨਹੀਂ ਕਰਨਗੇ, ਜਿਨ੍ਹਾਂ ਨੇ ਉਦੋਂ ਹੀ ਸੋਝੀ ਕੀਤੀ ਸੀ, ਜਦੋਂ ਕੁਝ ਕਰਨ ਨੂੰ ਬਾਕੀ ਨਹੀਂ ਸੀ ਰਹਿ ਗਿਆ?
Leave a Reply