ਚੰਡੀਗੜ੍ਹ: ਪੰਜਾਬ ਵਿਚ ਖ਼ਤਰਨਾਕ ਹੱਦ ਤੱਕ ਫੈਲੀ ਬੇਰੁਜ਼ਗਾਰੀ ਬਾਦਲ ਸਰਕਾਰ ਲਈ ਸਿਰਦਰਦੀ ਬਣ ਸਕਦੀ ਹੈ। ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜ ਸਾਲਾਂ ਦੌਰਾਨ ਪੰਜ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਸੂਚਨਾ ਤਕਨਾਲੋਜੀ ਵਿਚ ਇਕ ਲੱਖ ਨੌਕਰੀਆਂ ਪੈਦਾ ਕਰਨ ਦਾ ਸੁਪਨਾ ਦਿਖਾਇਆ ਸੀ। ਇਸ ਤੋਂ ਇਲਾਵਾ 10 ਲੱਖ ਨੌਕਰੀਆਂ ਪੈਦਾ ਕਰਨ ਲਈ ‘ਹੁਨਰ ਵਿਕਾਸ ਕੇਂਦਰ’ ਖੋਲ੍ਹਣ ਦਾ ਵਾਅਦਾ ਵੀ ਕੀਤਾ ਸੀ ਪਰ ਸਰਕਾਰ ਆਪਣੇ ਵਾਅਦੇ ਦੇ ਨੇੜੇ-ਤੇੜੇ ਵੀ ਨਹੀਂ ਅੱਪੜ ਸਕੀ ਜਿਸ ਕਾਰਨ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਬਣ ਗਈ ਹੈ।
ਇਕ ਅੰਮ੍ਰਿਤਧਾਰੀ ਕੁੜੀ ਵੱਲੋਂ ਬੇਰੁਜ਼ਗਾਰੀ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਅੱਗੇ ਆਤਮਦਾਹ ਦਾ ਯਤਨ ਕਰਨ ਪਿੱਛੋਂ ਸਰਕਾਰ ਪੱਲੇ ਕਾਫੀ ਨਮੋਸ਼ੀ ਪਈ ਹੈ। ਸੂਬੇ ਵਿਚ ਬੇਰੁਜ਼ਗਾਰਾਂ ਦੀ ਫ਼ੌਜ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੀ ਹੈ ਤੇ ਉੱਚ ਯੋਗਤਾ ਪ੍ਰਾਪਤ ਵਰਗ ਵੀ ਸਰਕਾਰ ਦੀ ਠੇਕਾ ਆਧਾਰਤ ਪ੍ਰਣਾਲੀ ਕਾਰਨ ਨਿਗੂਣੀਆਂ ਤਨਖਾਹਾਂ ਉਪਰ ਨੌਕਰੀਆਂ ਕਰਕੇ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ।
ਇਸ ਵੇਲੇ ਪੰਜਾਬ ਵਿਚ ਤਕਰੀਬਨ ਸਾਢੇ ਤਿੰਨ ਲੱਖ ਬੀæਐਡæ ਤੇ ਈæਟੀæਟੀæ ਦਾ ਕੋਰਸ ਪਾਸ ਕਰਨ ਵਾਲੇ ਮੁੰਡੇ ਤੇ ਕੁੜੀਆਂ ਬੇਰੁਜ਼ਗਾਰੀ ਦੀ ਅੱਗ ਵਿਚ ਭੁੱਜ ਰਹੇ ਹਨ। ਭਾਰਤ ਸਰਕਾਰ ਵੱਲੋਂ ਸਿੱਖਿਆ ਦੇ ਅਧਿਕਾਰ (ਆਰæਟੀæਈæ) ਤਹਿਤ ਅਧਿਆਪਕ ਭਰਤੀ ਕਰਨ ਤੋਂ ਪਹਿਲਾਂ ਅਧਿਆਪਕ ਯੋਗਤਾ ਟੈਸਟ (ਟੀæਈæਟੀæ) ਪਾਸ ਕਰਨ ਦੀ ਸ਼ਰਤ ਲਗਾ ਦੇਣ ਕਾਰਨ ਅਧਿਆਪਕਾਂ ਦੇ ਰੁਜ਼ਗਾਰ ਅੱਗੇ ਇਹ ਟੈਸਟ ਕੰਧ ਬਣ ਗਿਆ ਹੈ। ਪੰਜਾਬ ਦੇ ਤਕਰੀਬਨ 21 ਹਜ਼ਾਰ ਯੋਗਤਾ ਪ੍ਰਾਪਤ ਅਧਿਆਪਕ ਟੀæਈæਟੀæ ਪਾਸ ਕਰ ਚੁੱਕੇ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਵਿਚੋਂ ਵੀ ਸਿਰਫ 3900 ਉਮੀਦਵਾਰਾਂ ਨੂੰ ਹੀ ਨੌਕਰੀਆਂ ਦੇ ਸਕੀ ਹੈ। ਹੁਣ ਭਰਤੀ ਕੀਤੇ 1872 ਪੇਂਡੂ ਸਹਿਯੋਗੀ ਅਧਿਆਪਕਾਂ ਨੂੰ ਠੇਕੇ ਦੇ ਆਧਾਰ ‘ਤੇ ਮਹਿਜ਼ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਉਪਰ ਰੱਖਿਆ ਗਿਆ ਹੈ। ਟੀæਈæਟੀæ ਅਧਿਆਪਕਾਂ ਨੇ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੇ ਮੱਥੇ ਉਪਰੋਂ ਬੇਰੁਜ਼ਗਾਰੀ ਦਾ ਕਲੰਕ ਧੋਣ ਲਈ ਇਕ ਸਾਲ ਮੁਫ਼ਤ ਨੌਕਰੀ ਕਰਨ ਲਈ ਵੀ ਤਿਆਰ ਹਨ।
ਈæਟੀæਟੀæ ਪਾਸ ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਰਘਬੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸ਼ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਦਰ ਹਮੇਸ਼ਾ ਹਰੇਕ ਲਈ ਖੁੱਲ੍ਹੇ ਰਹਿੰਦੇ ਹਨ ਜਦੋਂ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਰੈਲੀਆਂ ਕਰਨ ਤੇ ਪੁਲਿਸ ਦੀਆਂ ਡਾਂਗਾਂ ਖਾਣ ਬਾਅਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਨਸੀਬ ਹੁੰਦੀ ਹੈ। ਜੇਕਰ ਸਰਕਾਰ ਉਨ੍ਹਾਂ ਨੂੰ ਟੀæਈæਟੀæ ਪਾਸ ਕਰਨ ‘ਤੇ ਵੀ ਨੌਕਰੀਆਂ ਦੇਣ ਤੋਂ ਅਸਮਰਥ ਹੈ ਤਾਂ ਹੁਣ ਉਨ੍ਹਾਂ ਕੋਲ ਵੀ ਗੁਰਪ੍ਰੀਤ ਕੌਰ ਵਾਲਾ ਰਸਤਾ ਹੀ ਰਹਿ ਗਿਆ ਹੈ ਕਿਉਂਕਿ ਉਨ੍ਹਾਂ ਵਿਚੋਂ ਵੀ ਤਕਰੀਬਨ 600 ਬੇਰੁਜ਼ਗਾਰ ਗੁਰਪ੍ਰੀਤ ਵਾਂਗ ਓਵਰ-ਏਜ਼ ਹੋ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਤਕਰੀਬਨ 90 ਹਜ਼ਾਰ ਵਿਸ਼ੇਸ਼ ਬੱਚਿਆਂ (ਅਪਾਹਜ) ਨੂੰ ਪੜ੍ਹਾਉਣ ਵਾਲੇ 1358 ਇਨਕਲੂਸਿਵ ਐਜੂਕੇਸ਼ਨ ਵਲੰਟੀਅਰਾਂ (ਆਈਈਵੀ) ਨੂੰ ਪਿਛਲੇ ਅੱਠ ਮਹੀਨਿਆਂ ਤੋਂ ਮਾਣ ਭੱਤਾ ਨਸੀਬ ਨਹੀਂ ਹੋਇਆ ਹੈ। ਇਨ੍ਹਾਂ ਵਿਚੋਂ 800 ਤੋਂ ਵੱਧ ਮਹਿਲਾ ਵਲੰਟੀਅਰ ਹਨ। ਕੇਂਦਰ ਸਰਕਾਰ ਨੇ ਇਸ ਸਕੀਮ ਦਾ ਭੋਗ ਪਾ ਦਿੱਤਾ ਹੈ। ਪੰਜਾਬ ਸਰਕਾਰ ਵੀ ਇਨ੍ਹਾਂ ਵਲੰਟੀਅਰਾਂ ਦਾ ਭਵਿੱਖ ਬਚਾਉਣ ਲਈ ਕੋਈ ਰਾਹ ਨਹੀਂ ਲੱਭ ਸਕੀ। ਯੂਨੀਅਨ ਦੀ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਕਿ ਉਹ ਮਾਣ ਭੱਤਾ ਵਧਾ ਕੇ 12000 ਰੁਪਏ ਕਰਨ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਇਸ ਦੇ ਉਲਟ 4500 ਰੁਪਏ ਮਾਣ ਭੱਤਾ ਵੀ ਪਿਛਲੇ ਅੱਠ ਮਹੀਨਿਆਂ ਤੋਂ ਨਹੀਂ ਦਿੱਤਾ ਹੈ।
___________________________________________________
ਨੌਕਰੀ ਉਡੀਕਦੇ ਛੇ ਹਜ਼ਾਰ ਬੇਰੁਜ਼ਗਾਰ ਅਧਿਆਪਕ ਹੋਏ ਓਵਰਏਜ਼
ਬਠਿੰਡਾ: ਪੰਜਾਬ ਵਿਚ ਤਕਰੀਬਨ ਛੇ ਹਜ਼ਾਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਓਵਰਏਜ ਹੋ ਚੁੱਕੇ ਹਨ। ਪੰਜਾਬ ਵਿਚ ਇਸ ਵੇਲੇ 24572 ਟੈੱਟ ਪਾਸ ਬੇਰੁਜ਼ਗਾਰ ਹਨ, ਜਿਨ੍ਹਾਂ ਵਿਚੋਂ ਸਰਕਾਰ ਨੇ ਸਿਰਫ਼ 3672 ਨੂੰ ਹੀ ਨੌਕਰੀ ਦਿੱਤੀ ਹੈ। ਨੌਕਰੀ ਵੀ ਸਿਰਫ਼ ਛੇ ਹਜ਼ਾਰ ਪ੍ਰਤੀ ਮਹੀਨਾ ਤਨਖਾਹ ਵਾਲੀ। ਮੰਡੀ ਖੁਰਦ ਦੇ ਹਰਜੀਤ ਸਿੰਘ ਦਾ ਜਦੋਂ ਟੈੱਟ ਦਾ ਨਤੀਜਾ ਆਇਆ ਤਾਂ ਉਦੋਂ ਉਹ ਓਵਰਏਜ ਹੋ ਗਿਆ। ਟੈੱਟ ਪਾਸ ਹੋਣ ਦਾ ਚਾਅ ਉਮਰ ਨੇ ਫਿੱਕਾ ਪਾ ਦਿੱਤਾ। ਜੰਡਾਂਵਾਲਾ ਦਾ ਸਰਦੂਲ ਸਿੰਘ ਤਾਂ ਨੌਕਰੀ ਦੀ ਆਸ ਵਿਚ ਵਿਆਹ ਵਾਲੀ ਉਮਰ ਵੀ ਟਪਾ ਬੈਠਾ ਹੈ। ਏਦਾ ਦੇ ਹਜ਼ਾਰਾਂ ਨੌਜਵਾਨ ਹਨ ਜਿਨ੍ਹਾਂ ਦੇ ਬੋਝੇ ਵਿਚ ਡਿਗਰੀਆਂ ਤਾਂ ਹਨ ਪਰ ਹੱਥ ਖਾਲੀ ਹਨ। ਇਨ੍ਹਾਂ ਨੂੰ ਸਰਕਾਰ ਵੱਲੋਂ ਐਲਾਨਿਆਂ ਬੇਰੁਜ਼ਗਾਰੀ ਭੱਤਾ ਵੀ ਕਦੇ ਨਹੀਂ ਮਿਲਿਆ ਹੈ।