ਬਠਿੰਡਾ: ਪੰਜਾਬ ਮੰਡੀ ਬੋਰਡ ਨੂੰ ਕਰਜ਼ਿਆਂ ਨੇ ਨੱਪ ਲਿਆ ਹੈ। ਪਤਲੀ ਆਰਥਿਕ ਹਾਲਤ ਕਾਰਨ ਬੋਰਡ ਨੇ ਪੁਰਾਣੇ ਕਿਸਾਨ ਅਰਾਮਘਰ ਤੇ ਪੁਰਾਣੇ ਦਫ਼ਤਰ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਮੰਡੀ ਬੋਰਡ ਨੇ ਹੁਣ 44 ਸੰਪਤੀਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਨੂੰ ਨਿਲਾਮ ਕੀਤੇ ਜਾਣਾ ਹੈ। ਮੰਡੀ ਬੋਰਡ ਖੁਦ ਹੁਣ ਮਾਲੀ ਸੰਕਟ ਵਿਚ ਹੈ ਤੇ ਕਰਜ਼ੇ ਦਾ ਬੋਝ ਵੀ ਕੋਈ ਘੱਟ ਨਹੀਂ ਹੈ। ਮਾਰਕੀਟ ਕਮੇਟੀਆਂ ਲਿੰਕ ਸੜਕਾਂ ਦਾ ਨਿਰਮਾਣ ਤੇ ਮੁਰੰਮਤ ਕਰਜ਼ਾ ਲੈ ਕੇ ਕਰਨ ਵਾਸਤੇ ਮਜਬੂਰ ਹਨ।
ਮਿਲੇ ਵੇਰਵਿਆਂ ਮੁਤਾਬਕ ਬੋਰਡ ਨੇ ਇਕ ਅਪਰੈਲ 2007 ਤੋਂ ਦਸੰਬਰ 2013 ਤੱਕ 3466 ਪਲਾਟ ਤੇ ਸੱਤ ਸਾਈਟਾਂ Ḕਚੰਕ ਬੇਸਿਸ’ ਉੱਤੇ ਵੇਚੀਆਂ ਹਨ ਤੇ ਇਨ੍ਹਾਂ ਤੋਂ ਬੋਰਡ ਨੂੰ 509æ26 ਕਰੋੜ ਰੁਪਏ ਦੀ ਕਮਾਈ ਹੋਈ। ਪੰਜਾਬ ਮੰਡੀ ਬੋਰਡ ਨੂੰ ਲਿੰਕ ਸੜਕਾਂ ਵਾਸਤੇ ਹਰ ਵਰ੍ਹੇ ਕਰਜ਼ਾ ਚੁੱਕਣਾ ਪੈਂਦਾ ਹੈ ਤੇ ਇਸ ਵੇਲੇ ਤਕਰੀਬਨ 250 ਕਰੋੜ ਰੁਪਏ ਦਾ ਕਰਜ਼ਾ ਬੋਰਡ ਸਿਰ ਹੈ। ਓਰੀਐਂਟਲ ਬੈਂਕ ਆਫ਼ ਕਾਮਰਸ ਨੇ 21 ਜੁਲਾਈ 2011 ਨੂੰ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਵਾਸਤੇ 263æ52 ਕਰੋੜ ਰੁਪਏ ਦਾ ਕਰਜ਼ਾ ਪ੍ਰਵਾਨ ਕੀਤਾ ਸੀ। ਇਹ ਕਰਜ਼ਾ ਮਾਰਕੀਟ ਕਮੇਟੀਆਂ ਦੇ ਸਿਰ ਖੜ੍ਹਾ ਹੈ।
17 ਸਤੰਬਰ 2014 ਨੂੰ ਬੋਰਡ ਦੀ ਮੀਟਿੰਗ ਵਿਚ 44 ਪੁਰਾਣੀਆਂ ਸੰਪਤੀਆਂ ਨੂੰ Ḕਚੰਕ ਬੇਸਿਸ’ ਉੱਤੇ ਵੇਚਣ ਦਾ ਫੈਸਲਾ ਲਿਆ ਗਿਆ ਸੀ। ਇਨ੍ਹਾਂ ਸੰਪਤੀਆਂ ਨੂੰ ਵੇਚਣ ਵਾਸਤੇ ਹੁਣ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਰਾਮਪੁਰਾ ਫੂਲ ਮਾਰਕੀਟ ਕਮੇਟੀ ਦੇ ਪੁਰਾਣੇ ਦਫ਼ਤਰ ਤੇ ਕਿਸਾਨ ਅਰਾਮਘਰ ਦੀ ਚਾਰ ਹਜ਼ਾਰ ਵਰਗ ਗਜ਼ ਤੋਂ ਇਲਾਵਾ ਪੁਰਾਣੇ ਗੱਡਾਖਾਨਾ ਤੇ ਬਜਟ ਹੋਟਲ ਵਾਲੀ ਜਗ੍ਹਾ ਵੀ ਵੇਚੀ ਜਾਣੀ ਹੈ। ਬਰਨਾਲਾ ਦੇ ਗੱਡਾਖਾਨਾ ਦੀ ਸੱਤ ਕਨਾਲ ਤੇ ਪੁਰਾਣੇ ਦਫ਼ਤਰ ਦੀ 533 ਵਰਗ ਗਜ਼ ਜਗ੍ਹਾ ਵੀ ਨਿਲਾਮੀ ਵਾਸਤੇ ਸ਼ਨਾਖ਼ਤ ਕੀਤੀ ਗਈ ਹੈ। ਤਪਾ ਮੰਡੀ ਵਿਚਲੀ ਪੁਰਾਣੇ ਦਫ਼ਤਰ ਵਾਲੀ 4000 ਵਰਗ ਗਜ਼ ਜਗ੍ਹਾ ਤੇ ਮੁੱਖ ਯਾਰਡ ਗੋਨਿਆਣਾ ਦੀ ਪੁਰਾਣੀ ਦਫ਼ਤਰੀ ਇਮਾਰਤ (2 ਕਨਾਲ) ਵੇਚੀ ਜਾਣੀ ਹੈ।
ਖੰਨਾ ਦੇ ਅਨਾਜ ਮੰਡੀ ਰੈਸਟ ਹਾਊਸ ਦੀ 3400 ਗਜ਼ ਤੇ ਇਥੇ ਹੀ ਪੁਰਾਣੇ ਦਫ਼ਤਰ ਵਾਲੀ 331 ਗਜ਼ ਜ਼ਮੀਨ ਤੋਂ ਇਲਾਵਾ ਪੰਜ ਦੁਕਾਨਾਂ ਵੀ ਨਿਸ਼ਾਨੇ ‘ਤੇ ਹਨ। ਸੰਗਰੂਰ ਦੇ ਪੁਰਾਣੇ ਰੈਸਟ ਹਾਊਸ ਦੀ ਇਮਾਰਤ ਦੀ 1111 ਗਜ਼ ਤੇ ਨਾਭਾ ਦੀ ਪੁਰਾਣੀ ਦਫ਼ਤਰੀ ਇਮਾਰਤ ਦੀ 2500 ਗਜ਼ ਜਗ੍ਹਾ ਦੀ ਸ਼ਨਾਖ਼ਤ ਕੀਤੀ ਗਈ ਹੈ। ਸੁਨਾਮ ਦੇ ਕਿਸਾਨ ਅਰਾਮਘਰ ਦੀ 158 ਗਜ਼, ਮਾਲੇਰਕੋਟਲਾ ਤੇ ਲਹਿਰਾਗਾਗਾ ਦੀਆਂ ਕੁਝ ਦੁਕਾਨਾਂ ਤੇ ਪਲਾਟਾਂ ਤੋਂ ਇਲਾਵਾ ਸਰਹਿੰਦ ਦੀ ਪੁਰਾਣੀ ਦਫ਼ਤਰੀ ਇਮਾਰਤ ਨੂੰ ਵੀ ਨਿਲਾਮ ਕੀਤਾ ਜਾਣਾ ਹੈ। ਇਨ੍ਹਾਂ ਨੂੰ ਵੇਚਣ ਵਾਸਤੇ ਕੁਝ ਤਕਨੀਕੀ ਅੜਿੱਚਣਾ ਨੂੰ ਦੂਰ ਕਰਨ ਲਈ ਬੋਰਡ ਨੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਕੋਟਕਪੂਰਾ ਦੇ ਪੁਰਾਣੇ ਦਫ਼ਤਰ ਦੀ 10 ਕਨਾਲ, ਪੁਰਾਣੀ ਦਾਣਾ ਮੰਡੀ ਵਿਚਲੀ 10 ਕਨਾਲ, ਨਵੀਂ ਦਾਣਾ ਮੰਡੀ ਵਿਚਲੀ 02 ਏਕੜ ਜਗ੍ਹਾ ਵੀ ਸ਼ਨਾਖ਼ਤ ਕਰ ਲਈ ਗਈ ਹੈ। ਬਾਘਾ ਪੁਰਾਣਾ ਵਿਚਲੇ ਪੁਰਾਣੇ ਦਫ਼ਤਰ ਦੀ 750 ਗਜ ਤੇ ਮਾਰਕੀਟ ਕਮੇਟੀ ਜੈਤੋਂ ਦੀ ਪੁਰਾਣੀ ਦਫ਼ਤਰੀ ਇਮਾਰਤ ਦੀ 1166 ਗਜ਼ ਜਗ੍ਹਾ ਵੀ ਵਿਕਰੀ ਲਈ ਤਿਆਰ ਕੀਤੀ ਜਾ ਰਹੀ ਹੈ। ਮਲੋਟ ਦੀ ਦਫ਼ਤਰੀ ਇਮਾਰਤ ਦੀ 581 ਗਜ਼, ਗਿੱਦੜਬਾਹਾ ਦੀ ਪੁਰਾਣੀ ਮੰਡੀ ਦੀਆਂ ਪੰਜ ਦੁਕਾਨਾਂ ਤੇ ਮੁਕਤਸਰ ਵਿਖੇ ਅਬੋਹਰ ਰੋਡ ‘ਤੇ ਪਈ 5æ29 ਏਕੜ ਜਗ੍ਹਾ ਨੂੰ ਵੀ ਬੋਰਡ ਵੇਚਣਾ ਚਾਹੁੰਦਾ ਹੈ।
ਇਸੇ ਤਰ੍ਹਾਂ ਜਲਾਲਾਬਾਦ, ਜ਼ੀਰਾ, ਮੋਗਾ, ਅਜਨਾਲਾ ‘ਤੇ ਪੱਟੀ ਦੇ ਪੁਰਾਣੇ ਦਫ਼ਤਰਾਂ ਵਾਲੀ ਜਗ੍ਹਾ ਵੀ ਸ਼ਨਾਖ਼ਤ ਕਰ ਲਈ ਗਈ ਹੈ। ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਦਫ਼ਤਰ ਦੋ ਮਹੀਨੇ ਵਿਚ ਸ਼ਿਫਟ ਕਰਕੇ ਇਸ ਜਗ੍ਹਾ ਨੂੰ ਵੀ Ḕਚੰਕ ਬੇਸਿਸ’ ਉੱਤੇ ਨਿਲਾਮ ਕੀਤਾ ਜਾਣਾ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਦੀਪਇੰਦਰ ਸਿੰਘ ਦਾ ਕਹਿਣਾ ਸੀ ਕਿ ਬੋਰਡ ਦੀ ਪੁਰਾਣੀ ਸੰਪਤੀ ਜੋ ਵਰਤੋਂ ਵਿਚ ਨਹੀਂ ਆ ਰਹੀ ਤੇ ਬੇਕਾਰ ਪਈ ਹੈ, ਉਸ ਨੂੰ ਹੀ ਵੇਚਿਆ ਜਾਣਾ ਹੈ। ਇਸ ਸੰਪਤੀ ‘ਤੇ ਨਾਜਾਇਜ਼ ਕਬਜ਼ੇ ਹੋਣ ਦਾ ਵੀ ਡਰ ਬਣਿਆ ਹੋਇਆ ਸੀ। ਇਸ ਸੰਪਤੀ ਤੋਂ ਤਕਰੀਬਨ 150 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਸੰਪਤੀ ਦੀ ਵੇਚ ਵੱਟਤ ਵਾਲਾ ਸਾਰਾ ਪੈਸਾ ਬੋਰਡ ਕੋਲ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਵਾਸਤੇ ਕਰਜ਼ਾ ਲਿਆ ਵੀ ਜਾਂਦਾ ਹੈ ਤੇ ਨਿਯਮਤ ਤੌਰ ‘ਤੇ ਮੋੜਿਆ ਵੀ ਜਾ ਰਿਹਾ ਹੈ।
__________________________________________________________
ਬੋਰਡ ਦੀ ਕਮਾਈ ‘ਤੇ ਸਰਕਾਰ ਨੇ ਫੇਰਿਆ ਹੱਥ
ਮੰਡੀ ਬੋਰਡ ਦਾ ਅਨਾਜ ਮੰਡੀਆਂ ਵਿਚਲੀਆਂ ਦੁਕਾਨਾਂ ਦੀ ਵੇਚ ਵੱਟਤ ਤਾਂ ਰੁਟੀਨ ਵਿਚ ਚੱਲਦੀ ਹੀ ਰਹਿੰਦੀ ਹੈ ਪਰ Ḕਚੰਕ ਬੇਸਿਸ’ ਉੱਤੇ ਜਾਇਦਾਦਾਂ ਹੁਣ ਵੇਚਣੀਆਂ ਸ਼ੁਰੂ ਕੀਤੀਆਂ ਹਨ। ਪੰਜਾਬ ਮੰਡੀ ਬੋਰਡ ਦੀ ਆਮਦਨ ਦਾ ਸਰੋਤ ਦੋ ਫੀਸਦੀ ਦਿਹਾਤੀ ਵਿਕਾਸ ਫੰਡ ਤੇ ਦੋ ਫੀਸਦੀ ਮਾਰਕੀਟ ਫੀਸ ਹੈ।
ਮੰਡੀ ਬੋਰਡ ਤੋਂ ਦਿਹਾਤੀ ਵਿਕਾਸ ਫੰਡ ਤਾਂ ਸਿੱਧਾ ਸਰਕਾਰ ਲੈ ਲੈਂਦੀ ਹੈ ਜੋ ਕਿ ਸਾਲਾਨਾ 550 ਤੋਂ 600 ਕਰੋੜ ਦੇ ਕਰੀਬ ਹੁੰਦਾ ਹੈ। ਮਾਰਕੀਟ ਫੀਸ ਵਿਚੋਂ ਕੁਝ ਹਿੱਸਾ ਬੋਰਡ ਦੇ ਖਾਤੇ ਜਮ੍ਹਾਂ ਹੁੰਦਾ ਹੈ ਤੇ ਬਾਕੀ ਮਾਰਕੀਟ ਕਮੇਟੀ ਕੋਲ ਰਹਿ ਜਾਂਦਾ ਹੈ। ਸੂਤਰ ਆਖਦੇ ਹਨ ਕਿ ਪਹਿਲਾਂ ਮੰਡੀ ਬੋਰਡ ਤੇ ਮਾਰਕੀਟ ਕਮੇਟੀਆਂ ਦੀ ਮਾਲੀ ਹਾਲਤ ਕਾਫ਼ੀ ਚੰਗੀ ਹੁੰਦੀ ਸੀ ਪਰ ਹੁਣ ਬੋਰਡ ਦੇ ਫੰਡ ਸਰਕਾਰ ਵਰਤਣ ਲੱਗੀ ਹੈ ਤੇ ਬੋਰਡ ਕਰਜ਼ਿਆਂ ‘ਤੇ ਨਿਰਭਰ ਹੋਣ ਲੱਗਾ ਹੈ।