ਅਰੁਣ ਫਰੇਰਾ ਦਾ ਜੇਲ੍ਹਨਾਮਾ: ਗਾਥਾ ਆਧੁਨਿਕ ਕਾਲੇ ਪਾਣੀਆਂ ਦੀ

ਬੂਟਾ ਸਿੰਘ
ਫੋਨ: 91-94634-74342
ਜਸਟਿਸ ਐਸ਼ਐਨæ ਅਗਰਵਾਲ ਦੀ ਖੋਜ ਭਰਪੂਰ ਕਿਤਾਬ Ḕਸੈਲੂਲਰ ਜੇਲ੍ਹḔ ਬਸਤੀਵਾਦੀ ਜੇਲ੍ਹ ਪ੍ਰਬੰਧ ‘ਤੇ ਝਾਤ ਪੁਆਉਂਦੀ ਹੈ ਅਤੇ ਮੇਰੀ ਟੇਲਰ ਦੀ ਹੱਡਬੀਤੀ Ḕਭਾਰਤੀ ਜੇਲ੍ਹਾਂ ਵਿਚ ਪੰਜ ਵਰ੍ਹੇḔ Ḕਆਜ਼ਾਦḔ ਹਿੰਦੁਸਤਾਨ ਦੇ ਜੇਲ੍ਹ ਪ੍ਰਬੰਧ ਦੀ ਝਲਕ ਹੈ। ਦੋਵਾਂ ਜੇਲ੍ਹ ਪ੍ਰਬੰਧਾਂ ਦਾ ਮੂਲ ਮਨੋਰਥ ਇੱਕੋ ਹੀ ਹੈ- ਆਜ਼ਾਦੀ ਤੇ ਚੰਗੀ ਜ਼ਿੰਦਗੀ ਲਈ ਸਥਾਪਤੀ ਤੋਂ ਇਨਸਾਨ ਦੀ ਨਾਬਰੀ ਨੂੰ ਕੁਚਲਣਾ। ਲਿਹਾਜ਼ਾ ਇਹ ਹੈਰਾਨੀਜਨਕ ਨਹੀਂ, ਅਜੋਕਾ ਜੇਲ੍ਹ ਪ੍ਰਬੰਧ ਬਸਤੀਵਾਦੀ ਜੇਲ੍ਹ ਪ੍ਰਬੰਧ ਦੀ ਹੀ ਨਿਰੰਤਰਤਾ ਹੈ।

1947 ਦੀ ਸੱਤਾ-ਬਦਲੀ ਨਾਲ ਹੁਕਮਰਾਨਾਂ ਦੀ ਚਮੜੀ ਦਾ ਰੰਗ ਜ਼ਰੂਰ ਬਦਲਿਆ ਪਰ ਰਾਜ-ਢਾਂਚੇ ਦੀ ਜਾਬਰ ਤਾਸੀਰ ਅਤੇ ਸੱਤਾ ਦਾ ਦਸਤੂਰ ਨਹੀਂ ਬਦਲਿਆ। ਜਬਰ ਦਾ ਸਿੱਧਾ ਸਬੰਧ ਮਨੁੱਖ ਦੀ ਆਜ਼ਾਦੀ ਦੀ ਤਾਂਘ ਤੇ ਰੀਝ ਨਾਲ ਹੈ ਅਤੇ ਮਨੁੱਖ ਦੀ ਜਿਉਣ ਦੇ ਕਾਬਲ ਜ਼ਿੰਦਗੀ ਦੀ ਤਾਂਘ ਆਜ਼ਾਦੀ ਦੀ ਜਦੋਜਹਿਦ ਦਾ ਹੀ ਰੂਪ ਹੈ। ਇਸ ਸੱਤਾ-ਬਦਲੀ ਤੋਂ ਸੰਤੁਸ਼ਟ ਨਾ ਹੋ ਕੇ ਜਦੋਂ ਗਦਰ ਤਹਿਰੀਕ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਸਮੇਤ ਸਮੂਹ ਗਦਰੀ ਬਾਬਿਆਂ ਨੇ Ḕਆਜ਼ਾਦḔ ਰਾਜ ਦੇ ਵਜੂਦ-ਸਮੋਈ ਨਾਬਰਾਬਰੀ, ਦਾਬੇ, ਧਾੜਵੀ ਲੁੱਟ-ਖਸੁੱਟ ਅਤੇ ਹਰ ਤਰ੍ਹਾਂ ਦੇ ਵਿਤਕਰੇ ਦੇ ਖਿਲਾਫ ਸੱਚੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਤਾਂ ਉਦੋਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਣ ਵਾਲੇ ਹੁਕਮਰਾਨ ਬੇਗਾਨੇ ਨਹੀਂ, ਸਗੋਂ ਆਪਣੇ ਹੀ ਸਨ। ਸਿਦਕ ਦੀ ਸਾਖਿਅਤ ਮੂਰਤ ਗਦਰੀ ਬਾਬਿਆਂ ਨੂੰ ਜੇਲ੍ਹਾਂ ਵਿਚ ਬੰਦ ਦੇਖ ਕੇ ਉਹ ਜੇਲ੍ਹ ਅਧਿਕਾਰੀ ਵੀ ਦੰਗ ਰਹਿ ਗਏ ਜੋ ਪਹਿਲਾਂ ਅੰਗਰੇਜ਼ ਰਾਜ ਦੇ ਕਾਰਿੰਦੇ ਰਹੇ ਸਨ। ਉਹ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਸਨ ਕਿ Ḕਦੇਸ਼ ਭਗਤੋ ਤੁਸੀਂ ਅਜੇ ਵੀ ਇਥੇ ਹੀ ਹੋ!Ḕ ਕਵੀ ਮਹਿੰਦਰਪਾਲ ਭੱਠਲ ਨੇ ਆਪਣੀ ਮਸ਼ਹੂਰ ਨਜ਼ਮ ਵਿਚ ਦਿੱਲੀ ਦੇ ਇਸੇ ḔਰੰਗḔ ਦੀ ਸ਼ਨਾਖਤ ਕੀਤੀ ਹੈ।
ਜਦੋਂ ਦੋ ਦਹਾਕਿਆਂ ਬਾਅਦ ਵੀ ਇਸ ਆਜ਼ਾਦੀ ਨੇ ਆਵਾਮ ਦੇ ਜ਼ਿੰਦਗੀ ਦੇ ਜਹੱਨਮੀ ਹਾਲਾਤ ਨਾ ਬਦਲੇ ਤਾਂ ਕਾਣੀ ਵੰਡ ਅਤੇ ਸਮਾਜੀ ਬੇਇਨਸਾਫੀ ਤੋਂ ਨਾਬਰ ਇਨਕਲਾਬੀ ਜਵਾਨੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਨ੍ਹਾਂ ਇਸ ਆਦਮਖ਼ੋਰ ਰਾਜ ਨੂੰ ਉਲਟਾਉਣ ਲਈ ਆਪਣੇ ਇਨਕਲਾਬੀ ਪੁਰਖਿਆਂ ਦੇ ਨਕਸ਼ੇ-ਕਦਮਾਂ ‘ਤੇ ਚਲਦਿਆਂ ਹਥਿਆਰ ਚੁੱਕ ਲਏ। ਪੱਛਮੀ ਬੰਗਾਲ ਤੋਂ ਨਕਸਲਬਾੜੀ ਲਹਿਰ ਦਾ ਯੁੱਧ-ਨਾਦ ਵੱਜਿਆ ਤਾਂ ਦਿੱਲੀ ਆਪਣਾ ਲੋਕਤੰਤਰੀ ਮਖੌਟਾ ਲਾਹ ਕੇ ਇਕ ਵਾਰ ਫਿਰ ਆਪਣੇ ਅਸਲ ਰੰਗ ਵਿਚ ਸਾਹਮਣੇ ਆ ਗਈ। ਹੁਣ ਇਸ ਨੂੰ ਇਨਕਲਾਬ ਦਾ ਬੀਜਨਾਸ਼ ਕਰਨ ਲਈ ਅਖੌਤੀ ਮੁਕੱਦਮਿਆਂ ਰਾਹੀਂ ਜ਼ਾਲਮ ਤੋਂ ਜ਼ਾਲਮ ਸਜ਼ਾਵਾਂ ਦੇਣਾ ਕਾਫੀ ਨਾ ਲੱਗਿਆ, ਸਗੋਂ ਮੁੱਖ ਜ਼ੋਰ ਨੌਜਵਾਨਾਂ ਨੂੰ ਫੜ-ਫੜ ਕੇ ਫਰਜ਼ੀ ਮੁਕਾਬਲਿਆਂ ‘ਚ ਕਤਲ ਕਰਨ ਉਪਰ ਦਿੱਤਾ ਗਿਆ। ਹਿਰਾਸਤ ਅਤੇ ਕਤਲਗਾਹਾਂ ਵਿਚ ਕੋਈ ਫਰਕ ਨਾ ਰਿਹਾ। ਜੇਲ੍ਹਾਂ ਵਿਚ ਡੱਕੇ ਇਨਕਲਾਬੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਲਈ ਜੇਲ੍ਹਾਂ ਬੰਦੀਖਾਨੇ ਨਾ ਹੋ ਕੇ ਨਿਰੇ ਤਸੀਹਾ ਕੇਂਦਰ ਸਨ ਜਿੱਥੇ ਤਸੀਹਿਆਂ ਦਾ ਤਾੜਾ ਉਨ੍ਹਾਂ ਨੂੰ ਲਗਾਤਾਰ ਪਿੰਜਦਾ ਰਹਿੰਦਾ। ਜਦੋਂ ਇਸ ਮੁਲਕ ਦੀ Ḕਆਜ਼ਾਦੀḔ ਢਾਈ ਦਹਾਕੇ ਦੀ ਆਉਧ ਹੰਢਾ ਚੁੱਕੀ ਸੀ, ਉਦੋਂ ਇਥੋਂ ਦੇ ḔਨਿਆਂḔ ਪ੍ਰਬੰਧ ਅਤੇ ਜੇਲ੍ਹਾਂ ਦੇ ਅਣਮਨੁੱਖੀ ਹਾਲਾਤ ਨੂੰ ਗੋਰੀ ਵੀਰਾਂਗਣਾ ਮੇਰੀ ਟੇਲਰ ਨੇ ਆਪਣੀ ਮਸ਼ਹੂਰ ਕਿਤਾਬ Ḕਭਾਰਤੀ ਜੇਲ੍ਹਾਂ ਵਿਚ ਪੰਜ ਵਰ੍ਹੇḔ ਵਿਚ ਕਲਮਬੰਦ ਕੀਤਾ। ਉਸ ਨੂੰ ਨਕਸਲੀ ਲਹਿਰ ਦੌਰਾਨ ਬਿਹਾਰ ਦੇ ਇਕ ਪਿੰਡ ਤੋਂ ਗ੍ਰਿਫਤਾਰ ਕਰ ਕੇ ਮਨਘੜਤ ਮੁਕੱਦਮੇ ਬਣਾ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਸਟੇਟ ਦੀਆਂ ਨਜ਼ਰਾਂ ਵਿਚ ਉਹ Ḕਭੰਨਤੋੜ ਦੀਆਂ ਕਾਰਵਾਈਆਂ ‘ਚ ਜੁੱਟੀ ਬਹੁਤ ਖ਼ਤਰਨਾਕ ਨਕਸਲੀḔ ਸੀ। Ḕਅੰਡਰ ਟਰਾਇਲḔ ਵਜੋਂ ਪੰਜ ਵਰ੍ਹੇ ਬੰਦੀਖ਼ਾਨੇ ਦਾ ਨਰਕ ਭੋਗ ਕੇ ਉਸ ਨੇ ਅੱਖੀਂ ਡਿੱਠਾ ਕਿ ਇਸ ਮੁਲਕ ਦੀਆਂ ਅਦਾਲਤਾਂ ਵਿਚ ਬੰਦੇ ਬਿਰਖ਼ ਕਿਵੇਂ ਬਣਦੇ ਹਨ। ਬਸਤੀਵਾਦੀਆਂ ਦਾ ਬਣਾਇਆ ਅਤੇ ਆਪਣੇ ਹੀ ਮੁਲਕ ਦੇ ਬਾਸ਼ਿੰਦੇ ਹੁਕਮਰਾਨਾਂ ਦਾ ਵਿਕਸਤ ਕੀਤਾ ਕਾਇਦਾ-ਏ-ਕਾਨੂੰਨ Ḕਆਜ਼ਾਦḔ ਮੁਲਕ ਵਿਚ ਵੀ ਰਾਜ ਤੋਂ ਇਨਸਾਨ ਦੀ ਨਾਬਰੀ ਦਾ ਮੁੱਲ ਕਿਵੇਂ ਵਸੂਲਦਾ ਹੈ, ਮੇਰੀ ਇਸੇ ਦੀ ਬਾਤ ਪਾਉਂਦੀ ਹੈ।
1977 ਵਿਚ ਮੇਰੀ ਟੇਲਰ ਦੇ ਜੇਲ੍ਹ ਅਨੁਭਵਾਂ ਦੀ ਕਲਮਬੰਦੀ ਤੋਂ ਲੈ ਕੇ ਹੁਣ ਤਾਈਂ ਲਗਭਗ 37 ਵਰ੍ਹੇ ਗੁਜ਼ਰ ਚੁੱਕੇ ਹਨ। ਨਾ ਇਸ ਰਾਜ ਦੀ ਤਾਸੀਰ ਤੇ ਦਸਤੂਰ ਬਦਲੇ ਹਨ ਅਤੇ ਨਾ ਚੰਗੀ ਜ਼ਿੰਦਗੀ ਦੀ ਤਾਂਘ ਤੇ ਇਸ ਖਾਤਰ ਹੱਕ-ਬਜਾਨਬ ਜਦੋਜਹਿਦ ਦੇ ਮਨੁੱਖੀ ਸਿਦਕ ਨੇ ਹਾਰ ਮੰਨੀ ਹੈ। ਸਥਾਪਤੀ ਤੋਂ ਨਾਬਰ ਆਵਾਮੀ ਵਿਦਰੋਹਾਂ ਤੇ ਤਹਿਰੀਕਾਂ ਨੂੰ ਜਾਬਰ ਰਾਜ-ਮਸ਼ੀਨਰੀ ਦੀ ਤਾਕਤ ਨਾਲ ਕੁਚਲਣ ਦੇ ਲੰਮੇ ਤਜਰਬੇ ਦੇ ਨਿਚੋੜ ਨੂੰ ਗੈਰਕਾਨੂੰਨੀ ਕਾਰਵਾਈਆਂ ਰੋਕੂ ਐਕਟ ਵਰਗੇ ਬੇਮਿਸਾਲ ਜ਼ਾਲਮ ਕਾਨੂੰਨਾਂ ਵਿਚ ਢਾਲ ਕੇ ਇਹ ਰਾਜ ਹੁਣ ਹੋਰ ਵੀ ਵਸੀਹ ਜਾਬਰ ਮਸ਼ੀਨਰੀ ਨਾਲ ਲੈਸ ਹੈ। Ḕਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤḔ ਦੇ ਇਸੇ ਰੰਗ-ਢੰਗ ਨੂੰ ਹਾਲ ਹੀ ਵਿਚ ਕਾਰਕੁਨ ਅਰੁਣ ਫਰੈਰਾ ਨੇ ਆਪਣੇ ਜੇਲ੍ਹਨਾਮੇ Ḕਕਲਰਜ਼ ਆਫ ਦਿ ਕੇਜḔ ਵਿਚ ਬਿਆਨ ਕੀਤਾ ਹੈ। Ḕਅੰਡਰ ਟਰਾਇਲḔ ਅਰੁਣ ਨੂੰ ਵੀ ਲਗਭਗ ਮੇਰੀ ਟੇਲਰ ਜਿੰਨਾ ਵਕਤ ਜੇਲ੍ਹਾਂ ਵਿਚ ਗੁਜ਼ਾਰਨਾ ਪਿਆ ਹੈ।
ਅਰੁਣ ਨੂੰ ਮਹਾਂਰਾਸ਼ਟਰ ਦੇ ਐਂਟੀ-ਨਕਸਲ ਸਕੁਐਡ ਵਲੋਂ ਮਈ 2007 ਵਿਚ ਨਾਗਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਕੇ Ḕਖ਼ੌਫਨਾਕ ਮਾਓਵਾਦੀḔ ਬਣਾ ਕੇ ਪੇਸ਼ ਕੀਤਾ ਗਿਆ ਸੀ। ਉਸ ਉਪਰ ਗਿਆਰਾਂ ਫਰਜ਼ੀ ਮੁਕੱਦਮੇ ਦਰਜ ਕੀਤੇ ਗਏ। ਜਨਵਰੀ 2012 ਵਿਚ ਉਸ ਨੂੰ ਪੌਣੇ ਪੰਜ ਸਾਲ ਪਿਛੋਂ ਜ਼ਮਾਨਤ ਮਿਲੀ ਅਤੇ 29 ਜਨਵਰੀ 2014 ਨੂੰ ਉਹ ਸਾਰੇ ਮੁਕੱਦਮਿਆਂ ਵਿਚੋਂ ਬਰੀ ਹੋ ਗਿਆ। ਉਸ ਉਪਰ ਇਕ ਮੁਕੱਦਮਾ ਐਸੀ ਵਾਰਦਾਤ ਦਾ ਸੀ ਜੋ ਉਸ ਦੇ ਜੇਲ੍ਹ ਵਿਚ ਬੰਦ ਹੋਣ ਦੌਰਾਨ ਹੋਈ ਸੀ। ਫਿਰ ਵੀ ਉਸ ਉਪਰ ਮੁਕੱਦਮਾ ਚਲਦਾ ਰਿਹਾ।
ਪੁਲਿਸ ਦੇ ਵਿਸ਼ੇਸ਼ ਵਿੰਗ ਬੇਗੁਨਾਹ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਫਰਜ਼ੀ ਮੁਕੱਦਮਿਆਂ ਦੇ ਸਿਲਸਿਲੇ ਵਿਚ ਕਿਵੇਂ ਉਲਝਾਉਂਦੇ ਹਨ, ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਾਰ ਦਿੱਤੀਆਂ ਜਥੇਬੰਦੀਆਂ ਨਾਲ ਸਬੰਧਤ ਦਰਸਾ ਕੇ ਸਾਲਾਂਬੱਧੀ ਜੇਲ੍ਹ ਵਿਚ ਸਾੜਨ ਲਈ ਇਕ ਮੁਕੱਦਮਾ ਖਾਰਜ ਹੋਣ ‘ਤੇ ਨਵੇਂ-ਨਵੇਂ ਮੁਕੱਦਮੇ ਕਿਵੇਂ ਬਣਾਏ ਜਾਂਦੇ ਹਨ, ਆਪਣੀ ਪਸੰਦ ਦੇ Ḕਇਕਬਾਲੀਆ ਬਿਆਨḔ ਲੈਣ ਲਈ ਪੁਲਿਸ ਹਿਰਾਸਤ ਵਿਚ ਕਿਵੇਂ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਹਨ, ਜੇਲ੍ਹਾਂ ਵਿਚ ਸਿਆਸੀ ਕੈਦੀਆਂ ਦੇ ਹਾਲਾਤ ਕੀ ਹਨ, ਖਾਸ ਕਰ ਕੇ ਅੰਡਰ-ਟਰਾਇਲ ਕਿਵੇਂ ਬਿਨਾਂ ਗੁਨਾਹਗਾਰ ਸਾਬਤ ਹੋਏ ਹੀ ਕਈ-ਕਈ ਸਾਲ ਜੇਲ੍ਹਾਂ ਵਿਚ ਸੜਦੇ ਰਹਿੰਦੇ ਹਨ, ਕਿਵੇਂ ਅੱਜ ਵੀ ਸਿਆਸੀ ਕੈਦੀਆਂ ਨੂੰ ਜੇਲ੍ਹ ਮੈਨੂਅਲ ਅਤੇ ਇਸ ਵਿਚ ਦਰਜ ਮੁੱਢਲੀਆਂ ਸਹੂਲਤਾਂ ਲੈਣ ਖਾਤਰ ਜੇਲ੍ਹਾਂ ਅੰਦਰ ਜਾਨ-ਹੂਲਵੀਂਆਂ ਜਦੋਜਹਿਦਾਂ ਲੜਨੀਆਂ ਪੈ ਰਹੀਆਂ ਹਨ, ਇਸ ਦਾ ਵੇਰਵਾ ਅਰੁਣ ਆਪਣੀ 164 ਸਫਿਆਂ ਦੀ ਕਿਤਾਬ ਵਿਚ ਬਾਖ਼ੂਬੀ ਪੇਸ਼ ਕਰਦਾ ਹੈ। ਸੱਚ ਉਗਲਾਉਣ ਦੇ ਨਾਂ ਹੇਠ ਕੈਦੀਆਂ ਉਪਰ ਨਾਰਕੋ ਟੈਸਟ ਦੇ ਤਸ਼ੱਦਦ ਨੂੰ ਉਹ ਬੰਗਲੂਰੂ ਸੈਂਟਰ ਦੀ ਇੰਚਾਰਜ ਐਸ਼ ਮਾਲਿਨੀ ਦੇ ਜ਼ਾਲਮਾਨਾ ਵਤੀਰੇ ਦੀ ਮਿਸਾਲ ਦੇ ਕੇ ਬਿਆਨ ਕਰਦਾ ਹੈ। ਪੁਲਿਸ ਦੀ ਇਹ ਚਹੇਤੀ, ਪੁਲਿਸ ਅਫਸਰਾਂ ਦੀ ਇੱਛਾ ਅਨੁਸਾਰ ਨਾਰਕੋ ਟੈਸਟ ਦੀ ਰਿਪੋਰਟ ਬਣਾਉਣ ਲਈ ਮਸ਼ਹੂਰ ਸੀ। ਉਸ ਨੇ ਮਾਲੇਂਗਾਓਂ, ਮੱਕਾ ਮਸਜਿਦ ਅਤੇ ਸਮਝੌਤਾ ਐਕਸਪ੍ਰੈਸ ਬੰਬ ਕਾਂਡਾਂ ਵਿਚ ਬੇਕਸੂਰ ਮੁਸਲਮਾਨਾਂ ਨੂੰ ਕਸੂਰਵਾਰ ਦੱਸਿਆ। ਬਾਅਦ ਵਿਚ ਸਾਹਮਣੇ ਆਇਆ ਕਿ ਇਹ ਹਿੰਦੂਤਵੀ ਦਹਿਸ਼ਤਗਰਦ ਗਰੋਹ ਦਾ ਕਾਰਾ ਸਨ। 2009 ਵਿਚ ਇਸ Ḕਮਾਹਰ’ ਦਾ ਭੇਤ ਖੁੱਲ੍ਹਣ ‘ਤੇ ਇਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ, ਕਿਉਂਕਿ ਉਸ ਨੇ ਨੌਕਰੀ ਜਾਅਲੀ ਦਸਤਾਵੇਜ਼ ਬਣਾ ਕੇ ਹਾਸਲ ਕੀਤੀ ਹੋਈ ਸੀ।
ਜੇਲ੍ਹ ਵਿਚ ਹਰ ਤਰ੍ਹਾਂ ਦੀ ਸਾਹਿਤਕ-ਸਭਿਆਚਾਰਕ ਤੇ ਵਿਦਿਅਕ ਸਰਗਰਮੀ ਦੇ ਇੰਚਾਰਜ Ḕਗੁਰੂ ਜੀḔ ਤੋਂ ਪੜ੍ਹਨ ਲਈ ਕਿਤਾਬਾਂ ਹਾਸਲ ਕਰਨ ਦੀ ਉਸ ਦੀ ਜਦੋਜਹਿਦ ਤੋਂ ਪਤਾ ਚਲਦਾ ਹੈ ਕਿ ਜੇਲ੍ਹ ਅੰਦਰ ਅਗਾਂਹਵਧੂ ਸਾਹਿਤ ਪੜ੍ਹਨ ਉਪਰ ਐਨੀਆਂ ਪਾਬੰਦੀਆਂ ਤੇ ਬੰਦਸ਼ਾਂ ਤਾਂ ਗੋਰਿਆਂ ਦੇ ਰਾਜ ਵਿਚ ਵੀ ਨਹੀਂ ਸਨ ਜਿੰਨੀਆਂ ਅਜੋਕੇ ਜੇਲ੍ਹ ਪ੍ਰਬੰਧ ਨੇ ਸਿਆਸੀ ਕੈਦੀਆਂ ਉਪਰ ਥੋਪੀਆਂ ਹੋਈਆਂ ਹਨ। ਉਹ ਲਿਖਦਾ ਹੈ ਕਿ ਸੰਵਿਧਾਨ ਦੀ ਵਿਆਖਿਆ ਸਹਿਤ ਕਾਪੀ ਉਸ ਨੂੰ ਉਦੋਂ ਹੀ ਮਿਲੀ ਜਦੋਂ ਉਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ। ਮਨੁੱਖੀ ਹੱਕਾਂ ਬਾਰੇ ਪੋਸਟ-ਗਰੈਜੂਏਸ਼ਨ ਦਾ ਡਿਪਲੋਮਾ ਕਰਨ ਦੀ ਇਜਾਜ਼ਤ ਲੈਣ ਲਈ ਵੀ ਉਸ ਨੂੰ ਜਦੋਜਹਿਦ ਕਰਨੀ ਪਈ। ਹਿਰਾਸਤ ਵਿਚ ਤਸ਼ੱਦਦ ਨਾਲ ਮੌਤਾਂ ਉਪਰ ਜੇਲ੍ਹ ਅਧਿਕਾਰੀਆਂ ਵਲੋਂ ਪਰਦਾਪੋਸ਼ੀ ਦੇ ਘਿਨਾਉਣੇ ਢੰਗ ਬਿਆਨ ਕਰਦਿਆਂ ਉਹ ਦੱਸਦਾ ਹੈ ਕਿ ਤਸ਼ੱਦਦ ਦੌਰਾਨ ਮਾਰੇ ਗਏ ਬੰਦੇ ਨੂੰ ਜਿਉਂਦਾ ਦਿਖਾਉਣ ਲਈ ਉਸ ਦੀ ਲਾਸ਼ ਨੂੰ ਡਰਿੱਪ ਲਗਾ ਕੇ ਹਸਪਤਾਲ ਲਿਜਾਇਆ ਜਾਂਦਾ ਹੈ।
ਕਿਤਾਬ ਦਾ ਇਕ ਪੂਰਾ ਕਾਂਡ ਨਾਗਪੁਰ ਜੇਲ੍ਹ ਅੰਦਰਲੀ ਗੋਲਾਕਾਰ, ਖ਼ਾਸ ਬੈਰਕ ਵਿਚਲੀ ਪੂਰੀ ਤਰ੍ਹਾਂ ਤਨਹਾ ਜ਼ਿੰਦਗੀ ਦੀ ਤਫ਼ਸੀਲ ਹੈ। ਜਿਥੇ Ḕਸਭ ਤੋਂ ਖ਼ਤਰਨਾਕḔ ਕੈਦੀਆਂ ਨੂੰ ਬੰਦ ਕੀਤਾ ਜਾਂਦਾ ਹੈ। (ਇਸੇ ਆਂਡਾ ਸੈਲ ਵਿਚ ਹੁਣ ਪੂਰੀ ਤਰ੍ਹਾਂ ਅਪਾਹਜ ਪ੍ਰੋਫੈਸਰ ਜੀæਐਨæ ਸਾਈਬਾਬਾ ਬੰਦ ਹੈ)। ਇਸ ਦੀ ਤਸਵੀਰ ਪੇਸ਼ ਕਰਦਿਆਂ ਉਹ ਲਿਖਦਾ ਹੈ, “ਆਂਡਾ ਬੈਰਕਾਂ ਉਚੀ ਗੋਲਾਈਦਾਰ ਕੰਧ ਨਾਲ ਬਣਾਈਆਂ ਬੰਦ ਕੋਠੜੀਆਂ ਹਨ ਜੋ ਨਾਗਪੁਰ ਕੇਂਦਰੀ ਜੇਲ੍ਹ ਦੀ ਅਤਿ ਸੁਰੱਖਿਆ ਵਾਲੀ ਵਲਗਣ ਅੰਦਰਲੀ ਸਭ ਤੋਂ ਬੰਦ ਜਗ੍ਹਾ ਹੈ। ਆਂਡੇ ਨੂੰ ਤੋੜਨਾ ਅਸੰਭਵ ਹੈ। ਉਲਟਾ ਇਹ ਇਥੇ ਡੱਕੇ ਜਾਣ ਵਾਲੇ ਬੰਦੀਆਂ ਦੇ ਹੌਸਲੇ ਤੋੜਦੀ ਹੈ। ਜ਼ਿਆਦਾਤਰ ਕੈਦੀ ਆਂਡਾ ਜਾਂ ਇਸ ਦੇ ਸਕੇ ਫਾਂਸੀ ਅਹਾਤੇ ਵਿਚ ਕੁਝ ਹਫ਼ਤੇ ਹੀ ਰੱਖੇ ਜਾਂਦੇ ਹਨ ਪਰ ਮੈਨੂੰ ਜੇਲ੍ਹਬੰਦੀ ਦੇ ਚਾਰ ਸਾਲ ਤੇ ਅੱਠ ਮਹੀਨੇ ਇਥੇ ਹੀ ਰਹਿਣਾ ਪਵੇਗਾ।” ਲਿਹਾਜ਼ਾ ਸੀæਆਈæਏæ ਦੀਆਂ ਗੁਆਂਟਾਨਾਮੋ ਤੇ ਅਬੂ-ਗਰੇਬ ਜੇਲ੍ਹਾਂ ‘ਚ ਬੰਦ ਕੈਦੀਆਂ ਦੇ ਜਿਸਮਾਨੀ ਤੇ ਮਾਨਸਿਕ ਸੰਤਾਪ ਦੀ ਗੱਲ ਕਰਨ ਵਾਲੇ ਸ਼ਾਇਦ ਕਦੇ ਨਹੀਂ ਸੋਚਦੇ ਕਿ ਸਾਡੇ ਇਥੇ ਕਿੰਨੀਆਂ ਗੁਆਂਟਾਨਾਮੋ ਸਿਆਸੀ ਕੈਦੀਆਂ ਦਾ ਸਿਦਕ ਅਜ਼ਮਾਉਣ ਅਤੇ ਉਨ੍ਹਾਂ ਦਾ ਮਨੋਬਲ ਤੋੜਨ ਲਈ ਲਗਾਤਾਰ ਹਰਕਤਸ਼ੀਲ ਹਨ।
ਅਰੁਣ ਦੇ ਇਹ ਕਥਨ ਜੇਲ੍ਹ ਜ਼ਿੰਦਗੀ ਦਾ ਨਿਚੋੜ ਹਨ, “ਬਾਕੀ ਜੇਲ੍ਹ ਜ਼ਿੰਦਗੀ ਦੀ ਤਰ੍ਹਾਂ ਆਪਣੇ ਕਿਸੇ ਪਿਆਰੇ ਨਾਲ ਮੁਲਾਕਾਤ ਦੀ ਮੁੱਢਲੀ ਖੁਸ਼ੀ ਵੀ ਅਪਮਾਨਿਤ ਕਰਨ ਵਾਲੀ ਅਤੇ ਅਣਮਨੁੱਖੀ ਹੁੰਦੀ ਹੈ।æææਇਸ ਨੂੰ ਸਭ ਤੋਂ ਵੱਧ ਸ਼ਾਇਦ ਬੱਚਿਆਂ ਨੂੰ ਝੱਲਣਾ ਪੈਂਦਾ ਹੈ ਜੋ ਇਥੇ ਆਪਣੇ ਮਾਂ-ਬਾਪ ਨੂੰ ਐਸੇ ਹਾਲਾਤ ‘ਚ ਬੰਦ ਕੀਤੇ ਹੋਣ ਦੀ ਝਾਕੀ ਨਾਲ ਸਮਝੌਤਾ ਕਰਨਾ ਸਿੱਖਦੇ ਹਨ ਜਿਵੇਂ ਚਿੜੀਆਘਰ ਦੇ ਪਿੰਜਰੇ ‘ਚ ਵਣ-ਮਾਣਸ ਬੰਦ ਹੁੰਦਾ ਹੈ।”
ਪੂਰੀ ਤਰ੍ਹਾਂ ਸ਼ਾਂਤਮਈ ਜਾਗਰੂਕਤਾ ਸਰਗਰਮੀਆਂ ਨੂੰ ਵੀ ਕਿਵੇਂ ਗੈਰ-ਕਾਨੂੰਨੀ ਜਥੇਬੰਦੀਆਂ ਨਾਲ ਸਬੰਧਤ ਗਰਦਾਨ ਕੇ ਕੁਚਲਿਆ ਜਾਂਦਾ ਹੈ, ਅਰੁਣ ਚੰਦਰਪੁਰ ਜ਼ਿਲ੍ਹੇ ਦੀ ਦੇਸ਼ ਭਗਤੀ ਯੁਵਾ ਮੰਚ ਨਾਂ ਦੀ ਵਿਦਿਆਰਥੀ ਜਥੇਬੰਦੀ ਦੇ ਨੌਂ ਮੈਂਬਰਾਂ ਦੀ ਮਿਸਾਲ ਦਿੰਦਾ ਹੈ, ਜਿਨ੍ਹਾਂ ਨੂੰ ਮਹਿਜ਼ ਇਸ ਕਾਰਨ ਦੇਸ਼ ਧ੍ਰੋਹ, ਯੂæਏæਪੀæਏæ ਅਤੇ ਅਸਲਾ ਐਕਟ ਤਹਿਤ ਗ੍ਰਿਫਤਾਰ ਕਰ ਲਿਆ, ਕਿਉਂਕਿ ਰਾਜ (ਸਟੇਟ) ਨੂੰ ḔਖਤਰਾḔ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਸਭਿਆਚਾਰਕ ਸਰਗਰਮੀਆਂ ਦੇ ਪ੍ਰਭਾਵ ਹੇਠ ਨੌਜਵਾਨ ਕ੍ਰਿਕਟ ਅਤੇ ਬਾਲੀਵੁੱਡ ਦੀ ਬਜਾਏ ਸਮਾਜੀ ਤੇ ਸਿਆਸੀ ਮੁੱਦਿਆਂ ਬਾਰੇ ਚਰਚਾ ਵੱਲ ਰੁਚਿਤ ਹੋਣੇ ਕਿਉਂ ਸ਼ੁਰੂ ਹੋ ਗਏ। ਸਟੇਟ ਦੀ ਘਿਨਾਉਣੀ ਭੂਮਿਕਾ ਦੀ ਸੱਚੀ ਤਸਵੀਰ ਪੇਸ਼ ਕਰਦਾ ਇਹ ਜੇਲ੍ਹਨਾਮਾ ਜਾਗਰੂਕ ਇਨਸਾਨ ਦੀ ਇਨਸਾਫ ਲਈ ਜਦੋਜਹਿਦ ਅਤੇ ਮਨੁੱਖੀ ਇਰਾਦੇ ਦੀ ਦ੍ਰਿੜਤਾ ਦਾ ਫਤਹਿਨਾਮਾ ਵੀ ਹੈ। ਬਕੌਲ ਅਰੁੰਧਤੀ ਰਾਏ, “ਅਰੁਣ ਫਰੇਰਾ ਹਿਰਾਸਤ ਵਿਚ ਤਸ਼ੱਦਦ, ਫਰਜ਼ੀ ਮਾਮਲਿਆਂ ਦੇ ਆਧਾਰ ‘ਤੇ ਸਾਲਾਂਬੱਧੀ ਕੈਦ ਅਤੇ ਜਿਸ ਨੂੰ ਕਾਨੂੰਨ ਦਾ ਰਾਜ ਕਹਿੰਦੇ ਹਨ, ਉਸ ਦੀ ਘੋਰ ਉਲੰਘਣਾ ਦਾ ਸਪਸ਼ਟ, ਗੈਰ-ਜਜ਼ਬਾਤੀ ਵੇਰਵਾ ਦਿੰਦਾ ਹੈ। ਉਸ ਦਾ ਅਨੁਭਵ ਸਾਡੇ ਦਹਿ-ਹਜ਼ਾਰਾਂ ਹਮ-ਵਤਨੀ ਮਰਦਾਂ ਤੇ ਔਰਤਾਂ ਨਾਲ ਸਾਂਝਾ ਹੈ ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਵਕੀਲਾਂ ਜਾਂ ਕਾਨੂੰਨੀ ਸਹਾਇਤਾ ਤਕ ਪਹੁੰਚ ਹੀ ਨਹੀਂ। ਇਸ ਮੁਲਕ (ਭਾਰਤ) ਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਕਿਤਾਬਾਂ ਦੀ ਲੋੜ ਹੈ।”