ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਵੀ ਸਹਾਰਿਆਂ ਦੀ ਤਲਾਸ਼

ਇਸ ਲੇਖ ਦੇ ਲੇਖਕ ਸ਼ ਜਗਤਾਰ ਸਿੰਘ ਤਕਰੀਬਨ ਸਾਢੇ ਤਿੰਨ ਦਹਾਕਿਆਂ ਤੋਂ ਬਤੌਰ ਪੱਤਰਕਾਰ ਪੰਜਾਬ ਦੀਆਂ ਅਹਿਮ ਘਟਨਾਵਾਂ ਦੇ ਗਵਾਹ ਹਨ। ਤੱਤੇ ਦਿਨਾਂ ਦੌਰਾਨ ਉਨ੍ਹਾਂ ਅੰਮ੍ਰਿਤਸਰ ਤੋਂ ਇਕ ਅੰਗਰੇਜ਼ੀ ਅਖਬਾਰ ਲਈ ਡਟ ਕੇ ਰਿਪੋਰਟਿੰਗ ਕੀਤੀ ਸੀ ਅਤੇ ਫਿਰ ਇਸੇ ਤਜਰਬੇ ਦੇ ਆਧਾਰ ਉਤੇ ਹੀ ਅਹਿਮ ਪੁਸਤਕ ‘ਖਾਲਿਸਤਾਨ ਸਟਰਗਲ’ ਲਿਖੀ। ਇਸ ਪੁਸਤਕ ਵਿਚ ਉਨ੍ਹਾਂ ਉਸ ਦੌਰ ਅਤੇ ਉਸ ਦੌਰ ਦੌਰਾਨ ਵਿਚਰੇ ਸਿਆਸੀ ਆਗੂਆਂ ਦੇ ਵਿਚਾਰਾਂ ਨੂੰ ਬਾਖੂਬੀ ਫੜਿਆ ਹੈ।

ਅੱਜ ਕੱਲ੍ਹ ਉਹ ਆਨਲਾਈਨ ਪਰਚੇ www.punjabupdate.com ਦੇ ਸੰਪਾਦਕ ਹਨ। ਇਸ ਲੇਖ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ 95ਵੇਂ ਸਥਾਪਨਾ ਸਿਵਸ ਮੌਕੇ ਇਸ ਦੇ ਇਤਿਹਾਸ ਤੇ ਵਰਤਮਾਨ ਬਾਰੇ ਟਿੱਪਣੀਆਂ ਕੀਤੀਆਂ ਹਨ। -ਸੰਪਾਦਕ

ਜਗਤਾਰ ਸਿੰਘ
ਫੋਨ: 91-97797-11201
14 ਦਸੰਬਰ 1920 ਨੂੰ ਬ੍ਰਿਟਿਸ਼ ਭਾਰਤ ਅੰਦਰ ਧਾਰਮਿਕ-ਰਾਜਸੀ ਖੇਤਰ ਨੂੰ ਆਪਣਾ ਕਾਰਜ ਖੇਤਰ ਮਿੱਥ ਕੇ ਹੋਂਦ ਵਿਚ ਆਉਣ ਵਾਲੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਖਾਸਾ ਸਥਾਪਤੀ ਅਤੇ ਸਾਮਰਾਜ ਵਿਰੋਧੀ ਸੀ। ਉਹ ਜ਼ਮਾਨਾ 14 ਦਸੰਬਰ 2014 ਵਾਲੇ ਦਿਨ ਤੋਂ ਬਿਲਕੁਲ ਵੱਖਰਾ ਸੀ। ਹੁਣ ਤਾਂ ਪਾਰਟੀ ਦੇ ਨਿਸ਼ਾਨੇ ਅਤੇ ਤਰਜੀਹਾਂ ਬਦਲਣ ਦੇ ਨਾਲ-ਨਾਲ ਇਸ ਦਾ ਜਮਹੂਰੀ ਖਾਸਾ ਵੀ ਸਿਰਫ ਇਕ ਪਰਿਵਾਰ ਦੀ ਇਜਾਰੇਦਾਰੀ ਵਿਚ ਬਦਲ ਗਿਆ ਹੈ।
ਕੌਮੀ ਪੱਧਰ ਉਤੇ ਜਿਹੜਾ ਨੁਕਤਾ ਅਣਗੌਲਿਆ ਕੀਤਾ ਜਾ ਰਿਹਾ ਹੈ, ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲੀ ਖੇਤਰੀ ਪਾਰਟੀ ਹੈ ਅਤੇ ਇਹ ਕਾਂਗਰਸ ਨੂੰ ਛੱਡ ਕੇ ਸਭ ਤੋਂ ਪੁਰਾਣੀ ਪਾਰਟੀ ਵੀ ਹੈ, ਪਰ ਇਸ ਪਾਰਟੀ ਦਾ ਖਾਸਾ ਕਾਂਗਰਸ ਨਾਲੋਂ ਬਹੁਤ ਵੱਖਰਾ ਹੈ। ਕਾਂਗਰਸ ਪਾਰਟੀ ਕਿਸੇ ਭਾਰਤੀ ਵਲੋਂ ਨਹੀਂ, ਸਗੋਂ ਬ੍ਰਿਟਿਸ਼ ਉਚ ਅਧਿਕਾਰੀ ਏæਓæ ਹਿਊਮ ਵਲੋਂ ਮੱਧ ਤੇ ਉਚ ਵਰਗ ਦੇ ਕੁਝ ਲੋਕਾਂ ਦੇ ਅਜਿਹੇ ਗਰੁਪ ਵਜੋਂ ਬਣਾਈ ਗਈ ਸੀ ਜਿਸ ਦਾ ਮੁੱਢਲਾ ਮਕਸਦ ਉਸ ਵੇਲੇ ਦੇ ਹੁਕਮਰਾਨਾਂ ਅਤੇ ਪਰਜਾ ਵਿਚ ਤਾਲਮੇਲ ਰੱਖਣਾ ਸੀ, ਤੇ ਇਸ ਪਾਰਟੀ ਨੇ ਆਪਣੇ ਜਨ-ਆਧਾਰ ਵਾਲਾ ਰੂਪ ਬਹੁਤ ਬਾਅਦ ਵਿਚ ਜਾ ਕੇ ਅਖਤਿਆਰ ਕੀਤਾ; ਪਰ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜਿਸ ਦਾ ਜਨਮ ਹੀ ਲੋਕਾਂ ਦੇ ਉਸ ਸੰਘਰਸ਼ ਵਿਚੋਂ ਹੋਇਆ ਸੀ ਜਿਹੜਾ ਅੰਗਰੇਜ਼ਾਂ ਦੇ ਪਿੱਠੂ ਬਣੇ ਹੋਏ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਲੜਿਆ ਜਾ ਰਿਹਾ ਸੀ। ਕਈ ਅਕਾਲੀ ਜਥੇ ਪਹਿਲਾਂ ਹੀ ਸਰਗਰਮ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ 14 ਦਸੰਬਰ ਨੂੰ ਹੋਈ ਤਾਂ ਕਿ ਇਨ੍ਹਾਂ ਅਕਾਲੀ ਜਥਿਆਂ ਨੂੰ ਇੱਕ ਪਲੇਟਫਾਰਮ ਉਤੇ ਲਿਆ ਕੇ ਸਾਂਝੀ ਅਗਵਾਈ ਦਿੱਤੀ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ਉਤੇ ਕੀਤੀ ਗਈ ਜਿਹੜੀ ਇਸ ਤੋਂ ਪਹਿਲਾਂ ਉਸੇ ਸਾਲ 15 ਨਵੰਬਰ ਨੂੰ ਹੋਂਦ ਵਿਚ ਆ ਚੁੱਕੀ ਸੀ ਅਤੇ ਇਸ ਦੇ 175 ਮੈਂਬਰੀ ਹਾਊਸ ਨੇ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਿਚ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਚੋਣ ਵੀ ਬੜੀ ਦਿਲਚਸਪ ਸੀ। ਉਹ ਇਸ ਕਰ ਕੇ ਪ੍ਰਧਾਨ ਚੁਣੇ ਗਏ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਕੌਮ ਵਿਰੋਧੀ ਸਰਗਰਮੀਆਂ ਦਾ ਇਕਬਾਲ ਕਰਦਿਆਂ ਖਿਮਾ ਯਾਚਨਾ ਕੀਤੀ ਸੀ। ਨਵੇਂ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸਰਮੁੱਖ ਸਿੰਘ ਝਬਾਲ ਨੂੰ ਸੌਂਪੀ ਗਈ ਸੀ।
ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਇਹ ਲਹਿਰ ਉਸ ਜ਼ਮਾਨੇ ਵਿਚ ਵੀ ਸਭ ਤੋਂ ਵੱਧ ਸ਼ਾਂਤਮਈ ਰਹੀ ਸੀ ਜਦੋਂ ਅੰਗਰੇਜ਼ ਹਕੂਮਤ ਨੇ ਇਸ ਨੂੰ ਕੁਚਲਣ ਲਈ ਬਹੁਤ ਹੀ ਘਿਨਾਉਣਾ ਤਸ਼ੱਦਦ ਕੀਤਾ ਸੀ ਅਤੇ ਇਹ ਤੱਥ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਸਵੀਕਾਰ ਕੀਤਾ ਸੀ। ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚੇ- ਦੋਵੇਂ ਲਹਿਰਾਂ ਹੀ ਸ਼ਾਂਤਮਈ ਸੰਘਰਸ਼ ਦਾ ਸਿਖਰ ਸਨ ਜਦੋਂ ਮੋਰਚਿਆਂ ਵਿਚ ਸ਼ਾਮਲ ਹੋਣ ਵਾਲੇ ਅਕਾਲੀ ਯੋਧਿਆਂ ਨੇ ਵਰ੍ਹਦੀਆਂ ਲਾਠੀਆਂ ਤੇ ਗੋਲੀਆਂ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਦਾ ਹੁਣ ਸਿਰਫ 1978 ਵਿਚ ਛਪਿਆ ਉਹ ਸੰਵਿਧਾਨ ਹੀ ਮਿਲਦਾ ਹੈ ਜਿਹੜਾ 1973 ਵਿਚ ਪਾਰਟੀ ਵਲੋਂ ਪਾਸ ਕੀਤੇ ਗਏ ਵਿਵਾਦਤ ਅਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ ਛਾਪਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਮੁਲਕ ਦੀ ਪਹਿਲੀ ਰਾਜਸੀ ਪਾਰਟੀ ਹੈ ਜਿਸ ਨੇ ਸੂਬਿਆਂ ਲਈ ਮੁਕੰਮਲ ਖੁਦਮੁਖਤਿਆਰੀ ਦੀ ਮੰਗ ਕੀਤੀ ਸੀ। ਸਭ ਤੋਂ ਪਹਿਲਾਂ ਪਾਰਟੀ ਨੇ ਇਹ ਮੰਗ 1968 ਵਿਚ ਹੋਈ ਬਟਾਲਾ ਕਾਨਫਰੰਸ ਵਿਚ ਉਠਾਈ ਸੀ ਅਤੇ ਫਿਰ 1973 ਵਿਚ ਪਾਸ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿਚ ਹੋਰ ਉਭਾਰਿਆ ਗਿਆ, ਪਰ 1978 ਵਿਚ ਸੋਧਿਆ ਹੋਇਆ ਅਨੰਦਪੁਰ ਸਾਹਿਬ ਦਾ ਮਤਾ ਜਾਰੀ ਕਰ ਕੇ ਇਸ ਨੂੰ ਫਿਰ ਪੇਤਲਾ ਕਰ ਦਿੱਤਾ ਗਿਆ ਸੀ। ਇਹ ਮਤਾ ਪਾਰਟੀ ਵਲੋਂ 4 ਅਗਸਤ 1982 ਵਿਚ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਮੁੱਖ ਮੰਗ ਸੀ।
ਪਾਰਟੀ ਦੇ 1974 ਵਿਚ ਛਪੇ ਸੰਵਿਧਾਨ ਅਨੁਸਾਰ ਪਾਰਟੀ ਦੇ ਦੋ ਮੁੱਖ ਨਿਸ਼ਾਨੇ ਹਨ: (1) ਗੁਰਮਤਿ ਦਾ ਪ੍ਰਚਾਰ ਤੇ ਮਨਮਤਿ ਦਾ ਪ੍ਰਹਾਰ ਕਰਨਾ ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਿਚ ਸੁਧਾਰ ਕਰਨਾ। (2) ਸਿੱਖਾਂ ਦੀ ਅੱਡਰੀ ਹੋਂਦ-ਹਸਤੀ ਤੇ ਵਿਲੱਖਣ ਪਛਾਣ ਨੂੰ ਹੋਰ ਗੂੜ੍ਹੀ ਕਰਨਾ ਅਤੇ ਅਜਿਹਾ ਭੂਗੋਲਿਕ-ਰਾਜਸੀ ਮਾਹੌਲ ਪੈਦਾ ਕਰਨਾ ਜਿੱਥੇ ਸਿੱਖਾਂ ਦੇ ਕੌਮੀ ਜਜ਼ਬਾਤ ਅਤੇ ਉਮੰਗਾਂ ਦੀ ਪੂਰਤੀ ਹੋ ਸਕੇ।
ਪਾਰਟੀ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਦੀ ਵਿਚਾਰਧਾਰਾ ਵਿਚ ਵੱਡਾ ਬਦਲਾਓ ਆਇਆ। ਇਸ ਨੇ ਮੋਗਾ ਵਿਚ ਫਰਵਰੀ 1996 ਵਿਚ ਕਾਨਫਰੰਸ ਦੌਰਾਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਏਜੰਡਾ ਅਪਨਾਉਣ ਦਾ ਐਲਾਨ ਕੀਤਾ। ਇਸ ਏਜੰਡੇ ਵਿਚ ਭਾਵੇਂ ਕੁਝ ਵੀ ਨਵਾਂ ਨਹੀਂ ਸੀ, ਪਰ ਇਹ ਐਲਾਨ ਇਸ ਕਰ ਕੇ ਮਹੱਤਵਪੂਰਨ ਸੀ ਕਿਉਂਕਿ ਪੰਜਾਬ ਤਕਰੀਬਨ ਡੇਢ ਦਹਾਕਾ ਉਸ ਗਰਮ ਵਿਚਾਰਧਾਰਾ ਵਾਲੀ ਸਿੱਖ ਲਹਿਰ ਨੂੰ ਝੱਲਦਾ ਰਿਹਾ ਸੀ ਜਿਸ ਲਈ ਲੋੜੀਂਦੀ ਹਮਾਇਤ ਤੇ ਸਪੇਸ ਖੁਦ ਅਕਾਲੀ ਦਲ ਨੇ ਹੀ ਮੁਹੱਈਆ ਕੀਤੀ ਸੀ, ਤੇ ਇਸ ਹਾਲਾਤ ਦਾ ਕਾਂਗਰਸ ਨੇ ਫਾਇਦਾ ਉਠਾਇਆ ਸੀ। ਪੰਜਾਬ ਦੀ ਸਿਆਸਤ ਹੀ ਉਸ ਸਮੇਂ ਕਥਿਤ ਕੌਮੀ ਸਿਆਸਤ ਦਾ ਏਜੰਡਾ ਤੈਅ ਕਰਦੀ ਸੀ। ਕਾਂਗਰਸ ਨੇ 1984 ਦੀ ਲੋਕ ਸਭਾ ਚੋਣ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਹਿ ਕੇ ਲੜੀ ਸੀ। ਅਨੰਦਪੁਰ ਦੇ ਮਤੇ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਹੋਣ ਅਤੇ ਅਕਾਲੀ ਦਲ ਵਲੋਂ ਸਿੱਖਾਂ ਦੇ ਮਸਲੇ ਉਠਾਉਂਦੇ ਰਹਿੰਦੇ ਕਾਰਨ ਕਾਂਗਰਸ ਵਲੋਂ ਇਸ ਮਤੇ ਵਿਰੁਧ ਕੀਤੇ ਗਏ ਕੂੜ ਤੇ ਨਫਰਤ ਫੈਲਾਉਣ ਵਾਲੇ ਪ੍ਰਚਾਰ ਨਾਲ ਸਿੱਖ ਭਾਈਚਾਰਾ ਇੱਕ ਵਾਰੀ ਪੂਰੇ ਮੁਲਕ ਵਿਚ ਅਲੱਗ-ਥਲੱਗ ਪੈ ਗਿਆ ਸੀ।
ਇਹ ਵੀ ਕਿੱਡੀ ਵੱਡੀ ਵਿਡੰਬਨਾ ਹੈ ਕਿ ਅੱਜ ਪਾਰਟੀ ਦਾ ਸਥਾਪਨਾ ਦਿਵਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਮਨਾਇਆ ਗਿਆ ਜਿਸ ਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਈਮਾਨਦਾਰੀ ਤੇ ਸਿੱਖ ਹਿੱਤਾਂ ਨੂੰ ਪ੍ਰਣਾਏ ਰਹੇ ਅਕਾਲੀ ਦਲ ਦੇ ਇਸ ਮਰਹੂਮ ਆਗੂ ਤੋਂ ਗੁੜ੍ਹਤੀ ਲੈ ਕੇ ਕੀਤੀ ਸੀ। ਇਸ ਸੁਸਾਇਟੀ ਨੇ ਫਤਹਿਗੜ੍ਹ ਸਾਹਿਬ ਵਿਚ ਕੀਤੇ ਸਮਾਗਮ ਦੌਰਾਨ ਮੁਲਕ ਦੀ ਇਸ ਪਹਿਲੀ ਸੱਤਾ-ਵਿਰੋਧੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਦਿਆਂ ਆਪਣੇ ਉਨ੍ਹਾਂ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਸਨਮਾਨਤ ਕੀਤਾ ਜਿਨ੍ਹਾਂ ਨੇ ਪਾਰਟੀ ਲਈ ਅਥਾਹ ਕੁਰਬਾਨੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਸਮਾਗਮ ਵਿਚ ਸਿੱਖ ਇੱਕ ਵੱਖਰੀ ਕੌਮ ਅਤੇ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਲਾਏ ਜਾ ਰਹੇ ਖੋਰੇ ਦੇ ਮੁੱਦੇ ਭਾਰੂ ਰਹੇ। ਇਹ ਮੁੱਦੇ ਸਨ ਜਿਹੜੇ 1996 ਦੀ ਮੋਗਾ ਕਾਨਫਰੰਸ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੇ ਸਰਗਰਮੀਆਂ ਦੇ ਕੇਂਦਰ ਬਿੰਦੂ ਰਹੇ ਹਨ।
ਅਨੰਦਪੁਰ ਸਾਹਿਬ ਦਾ ਮਤਾ ਇੱਕ ਵਾਰੀ ਫਿਰ ਕੇਂਦਰ ਵਿਚ ਆ ਗਿਆ ਹੈ ਕਿਉਂਕਿ ਪਾਰਟੀ ਆਗੂ ਮਹਿਸੂਸ ਕਰਦੇ ਹਨ ਕਿ ਇਸ ਮੁੱਦੇ ਉਤੇ ਜ਼ੋਰ ਦੇਣਾ ਚਾਹੀਦਾ ਹੈ, ਕਿਉਂਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਮੁੱਦਾ ਹੁਣ ਕੌਮੀ ਰਾਜਨੀਤੀ ਦਾ ਹਿੱਸਾ ਬਣ ਗਿਆ ਹੈ ਅਤੇ ਇਸ ਮਾਮਲੇ ਨੂੰ ਹੁਣ ਕੋਈ ਵੀ ਸਿਆਸੀ ਧਿਰ ਵੱਖਵਾਦੀ ਕਹਿ ਕੇ ਨਹੀਂ ਭੰਡ ਰਹੀ। ਇਹ ਵੀ ਵਰਣਨਯੋਗ ਹੈ ਕਿ ਇਸ ਮਤੇ ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ 1985 ਵਿਚ ਹੋਏ ਪੰਜਾਬ ਸਮਝੌਤੇ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਸਮਾਗਮ ਨੇ ਸੰਘ ਪਰਿਵਾਰ ਦੇ ਅਜੋਕੇ ਏਜੰਡੇ ਜਬਰੀ ਧਰਮ ਤਬਦੀਲੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਧਰਮ ਤਬਦੀਲੀ ਦੀ ਇਹ ਮੁਹਿੰਮ ਦਰਅਸਲ ਘੱਟ-ਗਿਣਤੀਆਂ ਉਤੇ ਹਮਲਾ ਹੈ।
ਸਮਾਗਮ ਵਿਚ ਪਾਸ ਕੀਤੇ ਗਏ ਮਤੇ ਵਿਚ ਪਾਰਟੀ ਦੇ ਮੁੱਢਲੇ ਸਿਧਾਂਤਾਂ, ਨਿਸ਼ਾਨਿਆਂ ਤੇ ਰਵਾਇਤਾਂ ਦੇ ਨਾਲ-ਨਾਲ ਅਜੋਕੀ ਲੀਡਰਸ਼ਿਪ ਵਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ। ਮਤੇ ਵਿਚ ਪਾਰਟੀ ਲੀਡਰਸ਼ਿਪ ਨੂੰ ਕਿਹਾ ਗਿਆ ਕਿ ਹਮਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਮਾਗਮ ਨੇ ਪਾਰਟੀ ਦੇ ਉਨ੍ਹਾਂ ਹਜ਼ਾਰਾਂ ਵਰਕਰਾਂ ਤੇ ਆਗੂਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਪਾਰਟੀ ਲਈ ਅਥਾਹ ਕੁਰਬਾਨੀਆਂ ਕੀਤੀਆਂ। ਮਤੇ ਵਿਚ ਖਾਲਸਾ ਪੰਥ ਨੂੰ ਕਿਹਾ ਗਿਆ ਕਿ ਸਿੱਖਾਂ ਦੀ ਅੱਡਰੀ ਹੋਂਦ-ਹਸਤੀ ਤੇ ਵਿਲੱਖਣ ਪਛਾਣ ਨੂੰ ਮਲੀਆਮੇਟ ਕਰਨ ਵਾਲੀਆਂ ਸ਼ਕਤੀਆਂ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਜਾਵੇ।
ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਪਾਰਟੀ ਦੀ ਲੀਡਰਸ਼ਿਪ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲੀ ਗਈ ਹੈ; ਇਸ ਪਾਰਟੀ ਦੇ ਰਹਿ ਚੁਕੇ ਚੋਟੀ ਦੇ ਨੇਤਾਵਾਂ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਮੋਹਨ ਸਿੰਘ ਤੁੜ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (ਉਨ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਮਰਜੀਵੜੇ ਵਜੋਂ ਸੁਹੰ ਚੁੱਕੀ ਸੀ ਤੇ ਧਰਮਯੁੱਧ ਮੋਰਚੇ ਵਿਚ ਸ਼ਿਰਕਤ ਕੀਤੀ ਸੀ) ਅਤੇ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਰਹੇ ਹਨ। ਇਹ ਸਾਰੇ ਆਗੂ ਪਾਰਟੀ ਸੰਘਰਸ਼ਾਂ ਵਿਚੋਂ ਉਭਰੇ ਸਨ। ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲੇ ਪਾਰਟੀ ਪ੍ਰਧਾਨ ਹਨ ਜਿਹੜੇ ਸੰਘਰਸ਼ ਤੋਂ ਬਾਅਦ ਦੇ ਦੌਰ ਵਿਚ ਸਾਹਮਣੇ ਆਏ ਤੇ ਪਰਿਵਾਰਕ ਸਿਆਸਤ ਦੀ ਪੈਦਾਇਸ਼ ਹਨ।