-ਜਤਿੰਦਰ ਪਨੂੰ
ਧਰਮ ਖਤਰੇ ਵਿਚ ਹੈ, ਇਸ ਲਈ ਖਤਰੇ ਵਿਚ ਨਹੀਂ ਕਿ ਧਰਮ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ, ਬਲਕਿ ਇਸ ਲਈ ਖਤਰੇ ਵਿਚ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਇਸ ਦੇ ਠੇਕੇਦਾਰ ਬਣਾ ਕੇ ਧਰਮ ਦਾ ਝੰਡਾ ਚੁੱਕ ਕੇ ਹੋਰ ਲੋਕਾਂ ਨੂੰ ਧਰਮ ਦੇ ਨਾਂ ਉਤੇ ਧਮਕਾਉਣ ਤੁਰ ਪਏ ਹਨ। ਕੁਝ ਲੋਕ ਧਰਮ ਨੂੰ ਇੱਕ ਜੀਵਨ-ਜਾਚ ਮੰਨਦੇ ਹਨ। ਉਹ ਵੀ ਠੀਕ ਹੋ ਸਕਦੇ ਹਨ, ਪਰ ਬਹੁਤੇ ਇਸ ਨੂੰ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਰਾਹ ਸਮਝਦੇ ਹਨ ਤੇ ਨਾਲ ਇਹ ਵੀ ਮੰਨੀ ਫਿਰਦੇ ਹਨ ਕਿ ਸਿਰਫ ਸਾਡਾ ਰਾਹ ਠੀਕ ਹੈ, ਬਾਕੀ ਸਭ ਗਲਤ ਹਨ।
ਇਹ ਵਰਤਾਰਾ ਧਰਮ ਪਰਿਵਰਤਨ ਦੀ ਉਸ ਮੁਹਿੰਮ ਤੱਕ ਪਹੁੰਚ ਜਾਂਦਾ ਹੈ, ਜਿਸ ਦੇ ਰੌਲੇ ਨੇ ਇਸ ਹਫਤੇ ਭਾਰਤ ਦੀ ਪਾਰਲੀਮੈਂਟ ਦਾ ਚੋਖਾ ਵਕਤ ਖਾ ਲਿਆ ਤੇ ਸਿੱਟਾ ਫਿਰ ਕੋਈ ਨਹੀਂ ਨਿਕਲਿਆ। ਧੱਕੇਸ਼ਾਹੀ ਕਰਨ ਵਾਲਿਆਂ ਨੇ ਆਪਣੀ ਗੱਲ ਕਹੀ ਤੇ ਇਸ ਦਾ ਵਿਰੋਧ ਕਰਨ ਵਾਲੇ ਆਪਣੀ ਗੱਲ ਕਹਿ ਗਏ, ਪਰ ਜਿਸ ਮੁੱਦੇ ਲਈ ਚਾਂਦਮਾਰੀ ਕੀਤੀ ਗਈ, ਉਹ ਉਥੇ ਦਾ ਉਥੇ ਰਿਹਾ। ਭਾਰਤ ਦਾ ਸਭ ਤੋਂ ਵੱਡਾ ਪਾਗਲਖਾਨਾ ਜਿਸ ਆਗਰੇ ਸ਼ਹਿਰ ਵਿਚ ਦੱਸਿਆ ਜਾਂਦਾ ਹੈ, ਉਥੇ ਇੱਕ ਜਥੇਬੰਦੀ ਨੇ ਦੂਸਰੇ ਧਰਮ ਦੇ ਕੁਝ ਲੋਕਾਂ ਨੂੰ ਮਦਦ ਕਰਨ ਦੇ ਲਾਰੇ ਨਾਲ ਆਪਣੇ ਕੋਲ ਸੱਦ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰ ਦਿੱਤਾ। ਸ਼ਾਮ ਪੈਂਦੀ ਤੱਕ ਇਹ ਬਿਆਨ ਦੇ ਦਿੱਤਾ ਕਿ ਅਜੇ ਤਾਂ ਮਸਾਂ ਦੋ ਸੌ ਜਣਿਆਂ ਦਾ ਧਰਮ ਪਰਿਵਰਤਨ ਕਰਾਇਆ ਹੈ, ਪੰਜ ਹਜ਼ਾਰ ਹੋਰ ਅਗਲੇ ਦਿਨਾਂ ਵਿਚ ਸ਼ੁੱਧੀ ਕਰ ਕੇ ਉਨ੍ਹਾਂ ਦੇ ਪੁਰਾਣੇ ਧਰਮ ਵਿਚ ਮੋੜ ਲਿਆਂਦੇ ਜਾਣਗੇ। ਦੇਸ਼ ਵਿਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦਾ ਇੱਕ ਪਾਰਲੀਮੈਂਟ ਮੈਂਬਰ ਇਸ ਮੰਤਵ ਦੀ ਉਚੇਚੀ ਮੁਹਿੰਮ ਚਲਾਉਣ ਲਈ ਖੁੱਲ੍ਹ ਕੇ ਮੈਦਾਨ ਵਿਚ ਆ ਗਿਆ ਤੇ ਦੇਸ਼ ਦੀ ਵਿਰੋਧੀ ਧਿਰ ਇਸ ਦੇ ਵਿਰੋਧ ਵਿਚ ਭੜਕ ਪਈ।
ਹਿੰਦੂਤੱਵ ਦੇ ਝੰਡਾਬਰਦਾਰ ਕਹਿੰਦੇ ਹਨ ਕਿ ਜਿਹੜੇ ਲੋਕਾਂ ਨੇ ਪਿਛਲੇ ਸਮਿਆਂ ਵਿਚ ਆਪ ਜਾਂ ਉਨ੍ਹਾਂ ਦੇ ਮਾਂ-ਬਾਪ ਨੇ ਕਦੀ ਇਹ ਧਰਮ ਛੱਡਿਆ ਤੇ ਦੂਸਰੇ ਧਰਮ ਵਿਚ ਚਲੇ ਗਏ ਸਨ, ਉਨ੍ਹਾਂ ਦੀ ਸ਼ੁੱਧੀ ਕਰ ਕੇ ਹੁਣ ਹਿੰਦੂ ਧਰਮ ਵਿਚ ਵਾਪਸ ਲਿਆਉਣੇ ਹਨ। ਸਿੱਖਾਂ ਦੀ ਆਬਾਦੀ ਢਾਈ ਕਰੋੜ ਤੋਂ ਵੱਧ ਹੈ ਤੇ ਉਨ੍ਹਾਂ ਵਿਚੋਂ ਨੱਬੇ ਫੀਸਦੀ ਤੋਂ ਵੱਧ ਦੇ ਵੱਡੇ-ਵਡੇਰੇ ਪਹਿਲਾਂ ਹਿੰਦੂ ਹੁੰਦੇ ਸਨ। ਕੀ ਕੋਈ ਏਨੇ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਸਕਦਾ ਹੈ? ਉਹ ਕਹਿਣਗੇ ਕਿ ਇਹ ਲੋਕ ਪਿਛਲੀਆਂ ਸਦੀਆਂ ਵਿਚ ਹਿੰਦੂ ਤੋਂ ਸਿੱਖ ਧਰਮ ਵਿਚ ਗਏ ਸਨ, ਪਰ ਉਹ ਇਸ ਸੱਚ ਬਾਰੇ ਕਿਹੜੀ ਦਲੀਲ ਪੇਸ਼ ਕਰਨਗੇ ਕਿ ਆਜ਼ਾਦੀ ਲਹਿਰ ਵੇਲੇ ਵੀ ਨਾਨਕ ਚੰਦ ਆਪਣਾ ਧਰਮ ਛੱਡ ਕੇ ਹਿੰਦੂ ਤੋਂ ਸਿੱਖ ਬਣਿਆ ਸੀ ਤੇ ਸਿੱਖਾਂ ਨੇ ਮਾਸਟਰ ਤਾਰਾ ਸਿੰਘ ਨਾਂ ਦੇ ਉਸ ਬੰਦੇ ਨੂੰ ਆਪਣਾ ਆਗੂ ਮੰਨ ਲਿਆ ਸੀ। ਉਸ ਦੀ ਰਾਜਨੀਤੀ ਨਾਲ ਮੱਤਭੇਦ ਹੋ ਸਕਦੇ ਹਨ, ਪਰ ਸਿੱਖਾਂ ਵਿਚ ਉਸ ਦਾ ਨਾਂ ਅੱਜ ਵੀ ਸਤਿਕਾਰ ਨਾਲ ਹੀ ਲਿਆ ਜਾਂਦਾ ਹੈ।
ਮੇਰਾ ਧਰਮ ਮੇਰਾ ਹੈ, ਮੇਰੀ ਮਰਜ਼ੀ ਹੈ ਕਿ ਮੈਂ ਕਿਸ ਧਰਮ ਵਿਚ ਰਹਿਣਾ ਹੈ ਤੇ ਇਹ ਵੀ ਮੇਰੀ ਮਰਜ਼ੀ ਹੈ ਕਿ ਮੈਂ ਕਿਸੇ ਧਰਮ ਵਿਚ ਰਹਿਣਾ ਹੈ ਕਿ ਇੱਕ ਖੋਜੀ ਨਾਸਤਿਕ ਬਣ ਕੇ ਜ਼ਿੰਦਗੀ ਕੱਟਣੀ ਹੈ? ਕਈ ਧਾਰਮਿਕ ਸੋਚ ਵਾਲੇ ਬੰਦੇ ਅਸੀਂ ਕੁਝ ਸਮੇਂ ਪਿੱਛੋਂ ਨਾਸਤਿਕ ਹੁੰਦੇ ਵੇਖੇ ਹੋਏ ਹਨ ਤੇ ਕਈ ਨਾਸਤਿਕਾਂ ਨੂੰ ਧਰਮ ਦੀ ਓੜਕ ਵੀ ਉਲੰਘਦੇ ਤੇ ਅੰਧ-ਵਿਸ਼ਵਾਸੀ ਬਣਦੇ ਵੇਖਿਆ ਹੈ। ਇਹ ਉਨ੍ਹਾਂ ਦੀ ਨਿੱਜੀ ਆਜ਼ਾਦੀ ਦਾ ਮਾਮਲਾ ਹੈ। ਜਿੰਨੇ ਵੀ ਧਰਮ ਦੇ ਠੇਕੇਦਾਰ ਹਨ, ਉਹ ਸਿਆਸੀ ਰੰਗ ਦੇ ਵੀ ਹੋ ਸਕਦੇ ਹਨ ਤੇ ਬਿਨਾਂ ਰਾਜਨੀਤੀ ਤੋਂ ਉਂਜ ਵੀ ਫਿਰਕੂਪੁਣੇ ਦਾ ਝੰਡਾ ਚੁੱਕ ਸਕਦੇ ਹਨ, ਪਰ ਉਨ੍ਹਾਂ ਸਭ ਦਾ ਨਿਸ਼ਾਨਾ ਗਰੀਬ ਲੋਕ ਹੁੰਦੇ ਹਨ। ਜਦੋਂ ਕਿਸੇ ਵੱਡੇ ਆਦਮੀ ਦੀ ਗੱਲ ਹੋਵੇ, ਇਹ ਲੋਕ ਇਹੋ ਜਿਹੀ ਮੁਹਿੰਮ ਕਦੀ ਨਹੀਂ ਚਲਾਉਂਦੇ। ਮੁੰਬਈ ਵਿਚ ਫਿਲਮ ਨਗਰੀ ਵਿਚ ਚਲੇ ਜਾਓ, ਉਥੇ ਕਈ ਮੁੰਡੇ ਅਤੇ ਕੁੜੀਆਂ ਨੇ ਆਪਣੇ ਧਰਮ ਛੱਡ ਕੇ ਦੂਸਰੇ ਧਰਮ ਅਪਨਾਏ ਤੇ ਮਰਜ਼ੀ ਦੇ ਸਾਥੀ ਨਾਲ ਜ਼ਿੰਦਗੀ ਕੱਟਣ ਦਾ ਫੈਸਲਾ ਲੈ ਲਿਆ, ਧਰਮ ਦੇ ਠੇਕੇਦਾਰਾਂ ਦੀ ਰੋਕਣ ਦੀ ਹਿੰੰਮਤ ਨਹੀਂ ਪਈ। ਗਰੀਬ ਪਰਿਵਾਰ ਦੇ ਪੁੱਤਰ ਜਾਂ ਧੀ ਨੇ ਇਹੋ ਜਿਹਾ ਫੈਸਲਾ ਲੈ ਲਿਆ ਤਾਂ ਸਾਰਿਆਂ ਨੂੰ ਰੜਕਣ ਲੱਗ ਜਾਂਦਾ ਹੈ। ਉਨ੍ਹਾਂ ਗਰੀਬਾਂ ਦੀ ਗਰੀਬੀ ਤਾਂ ਕਦੇ ਨਹੀਂ ਰੜਕੀ।
ਅੱਜ ਸੁਨੀਤਾ ਵਿਲੀਅਮਜ਼ ਪੁਲਾੜ ਵਿਚ ਉਡਾਰੀਆਂ ਲਾਉਂਦੀ ਹੈ, ਉਸ ਦਾ ਪਰਿਵਾਰਕ ਪਿਛੋਕੜ ਵੀ ਹਿੰਦੂ ਹੈ। ਜਿਸ ਅਮਰੀਕਾ ਦੇਸ਼ ਦੀ ਸੁਨੀਤਾ ਹੈ, ਉਸੇ ਦੇਸ਼ ਦੇ ਇੱਕ ਰਾਜ ਦੀ ਗਵਰਨਰ ਨਿੱਕੀ ਹੇਲੇ ਨਾਂ ਵਾਲੀ ਪੰਜਾਬਣ ਹੈ। ਨਿੱਕੀ ਦਾ ਅਸਲ ਨਾਂ ਨਿਮਰਤਾ ਰੰਧਾਵਾ ਹੈ ਤੇ ਉਹ ਸੁਲਝੇ ਹੋਏ ਸਿੱਖ ਪਰਿਵਾਰ ਦੀ ਧੀ ਹੈ। ਉਸ ਦੇ ਮਾਪੇ ਕੱਟੜਤਾ ਤੋਂ ਦੂਰ ਹਨ। ਜਦੋਂ ਨਿੱਕੀ ਭਾਰਤ ਆਈ ਤਾਂ ਅੰਮ੍ਰਿਤਸਰ ਵੀ ਗਈ ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵੇਲੇ ਉਸ ਦੇ ਨਾਲ ਉਸ ਦਾ ਪਤੀ ਵੀ ਸੀ। ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਪੂਰਾ ਸਤਿਕਾਰ ਦਿੱਤਾ, ਪਰ ਇੱਕ ਗੱਲ ਉਥੇ ਹੋਰ ਹੋ ਗਈ। ਇੱਕ ਗ੍ਰੰਥੀ ਸਿੰਘ ਨੇ ਆਪਣੀ ਧਾਰਮਿਕ ਮਰਿਆਦਾ ਵਾਲੀ ਕਿਰਪਾਨ ਹੀ ਉਸ ਦੇ ਪਤੀ ਨੂੰ ਭੇਟ ਕਰ ਦਿੱਤੀ। ਕੁਝ ਲੋਕਾਂ ਨੇ ਇਸ ਨੂੰ ਧਾਰਮਿਕ ਅਵੱਗਿਆ ਕਿਹਾ, ਬਾਕੀਆਂ ਨੇ ਚੁੱਪ ਨਹੀਂ ਸੀ ਤੋੜੀ। ਚੁੱਪ ਰਹਿਣ ਦਾ ਕਾਰਨ ਇਹ ਸੀ ਕਿ ਮਾਮਲਾ ਇੱਕ ਵੀæਆਈæਪੀæ ਬੀਬੀ ਨਾਲ ਸਬੰਧਿਤ ਸੀ।
ਨਿੱਕੀ ਤਾਂ ਅਮਰੀਕਾ ਤੋਂ ਆਈ ਸੀ, ਉਸ ਦਾ ਸਤਿਕਾਰ ਕੀਤਾ ਗਿਆ ਤਾਂ ਚੰਗੀ ਗੱਲ ਹੈ, ਅਸੀਂ ਕਿਰਪਾਨ ਦੇ ਵਿਵਾਦ ਵਿਚ ਨਹੀਂ ਪੈਂਦੇ, ਪਰ ਪੰਜਾਬ ਦੇ ਆਪਣੇ ਵੀæਆਈæਪੀਜ਼ ਦੇ ਬਾਰੇ ਵੀ ਏਦਾਂ ਹੀ ਹੁੰਦਾ ਹੈ। ਹਾਲੇ ਕੁਝ ਦਿਨ ਹੋਏ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਅਕਾਲੀ ਆਗੂ ਨੇ ਬਿਆਨ ਦੇ ਦਿੱਤਾ ਕਿ ਸਿੱਧੂ ਆਪਣੇ ਘਰ ਵਿਚ ਹਵਨ ਕਰਾਉਂਦਾ ਤੇ ਸਨਾਤਨੀ ਪੂਜਾ ਕਰਦਾ ਹੈ, ਇਸ ਲਈ ਸਿੱਖ ਨਹੀਂ। ਤਿੰਨ ਦਿਨ ਬਾਅਦ ਅਕਾਲੀ ਦਲ ਦਾ ਪ੍ਰਧਾਨ ਸ਼ਨੀ ਮੰਦਰ ਵਿਚ ਜਾ ਕੇ ਪੂਜਾ ਕਰਦਾ ਵੇਖਿਆ ਗਿਆ, ਉਦੋਂ ਕਿਸੇ ਸਿੱਖ ਆਗੂ ਜਾਂ ਕਿਸੇ ਤਖਤ ਦੇ ਜਥੇਦਾਰ ਸਾਹਿਬ ਨੇ ਕੋਈ ਗੱਲ ਨਹੀਂ ਕਹੀ। ਜਿਵੇਂ ਹਿੰਦੂ ਧਰਮ ਦੇ ਕੁਝ ਸਿਆਸੀ ਝੰਡਾਬਰਦਾਰ ਮਰਜ਼ੀ ਦੇ ਮਾਮਲੇ ਚੁੱਕਦੇ ਅਤੇ ਗਰੀਬਾਂ ਦੇ ਗਲ ਅੰਗੂਠਾ ਦੇਣ ਤੁਰ ਪੈਂਦੇ ਹਨ, ਉਸੇ ਤਰ੍ਹਾਂ ਸਿੱਖਾਂ ਵਿਚ ਕੋਈ ਉਲੰਘਣਾ ਹੋਈ ਜਾਂ ਨਹੀਂ, ਇਸ ਨੂੰ ਉਸ ਬੰਦੇ ਦੀ ਰਾਜ ਕਰਦੀ ਧਿਰ ਦੀ ਲੀਡਰਸ਼ਿਪ ਨਾਲ ਵਫਾਦਾਰੀ ਜਾਂ ਵਿਰੋਧ ਤੋਂ ਮਿਣਿਆ ਜਾ ਰਿਹਾ ਹੈ।
ਇਸ ਹਫਤੇ ਜਦੋਂ ਪਾਰਲੀਮੈਂਟ ਵਿਚ ਆਗਰੇ ਵਾਲੇ ਧਰਮ ਪਰਿਵਰਤਨ ਬਾਰੇ ਬਹਿਸ ਹੋ ਰਹੀ ਸੀ, ਇੱਕ ਭਗਵੇਂ ਚੋਲੇ ਵਾਲੇ ਪਾਰਲੀਮੈਂਟ ਮੈਂਬਰ ਨੇ ਸਦਨ ਤੋਂ ਬਾਹਰ ਕਹਿ ਦਿੱਤਾ ਕਿ ਇਹ ਗਾਂਧੀ ਦਾ ਦੇਸ਼ ਹੈ, ਜਿਹੜੇ ਲੋਕਾਂ ਨੂੰ ਰਾਮ ਦਾ ਨਾਂ ਲੈਣ ਤੋਂ ਇਤਰਾਜ਼ ਹੈ, ਉਹ ਗਾਂਧੀ ਦੀ ਸਮਾਧੀ ਉਤੇ ਲਿਖਿਆ Ḕਹੇ ਰਾਮḔ ਮਿਟਾ ਕੇ ਆਉਣ। ਕਹਿਣ ਵਾਲੀ ਸੁਰ ਇਸ ਤਰ੍ਹਾਂ ਦੀ ਸੀ, ਜਿਵੇਂ ਉਹ ਮਹਾਤਮਾ ਗਾਂਧੀ ਦਾ ਬੜਾ ਵੱਡਾ ਪੈਰੋਕਾਰ ਹੋਵੇ, ਪਰ ਦੋ ਦਿਨਾਂ ਪਿੱਛੋਂ ਉਹੋ ਸਾਧੂ ਪਾਰਲੀਮੈਂਟ ਮੈਂਬਰ ਮਹਾਤਮਾ ਗਾਂਧੀ ਨੂੰ ਕਤਲ ਕਰਨ ਦੇ ਦੋਸ਼ ਵਿਚ ਫਾਂਸੀ ਲੱਗੇ ਨੱਥੂ ਰਾਮ ਗੌਡਸੇ ਦੇ ਸੋਹਲੇ ਗਾਉਣ ਪਿਛੋਂ ਪਾਰਲੀਮੈਂਟ ਵਿਚ ਨਵੇਂ ਹੰਗਾਮੇ ਪੈਦਾ ਹੋਣ ਦਾ ਕਾਰਨ ਬਣਿਆ ਤੇ ਮੁਆਫੀਆਂ ਮੰਗ ਕੇ ਛੁੱਟਿਆ ਸੀ।
ਮਹਾਤਮਾ ਗਾਂਧੀ ਦੀ ਗੱਲ ਚੱਲੀ ਹੈ ਤਾਂ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਗਾਂਧੀ ਨੇ ਆਪਣੇ ਆਪ ਨੂੰ ਕਦੀ ਹਿੰਦੂ ਰੰਗਣ ਵਿਚ ਇਸ ਤਰ੍ਹਾਂ ਨਹੀਂ ਸੀ ਰੰਗਿਆ, ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਉਸ ਦਾ ਪੁੱਤਰ ਹਿੰਦੂ ਧਰਮ ਨੂੰ ਛੱਡ ਕੇ ਮੁਸਲਮਾਨ ਹੋ ਗਿਆ ਤਾਂ ਗਾਂਧੀ ਨੇ ਇਸ ਉਤੇ ਕੋਈ ਚੀਕ-ਚਿਹਾੜਾ ਨਹੀਂ ਸੀ ਪਾਇਆ। ਸਾਰਿਆਂ ਨੂੰ ਇਹ ਗੱਲ ਪਤਾ ਹੈ ਕਿ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ, ਉਦੋਂ ਦੇਸ਼ ਦੀ ਵੰਡ ਕਾਰਨ ਕਈ ਥਾਂਈਂ ਦੰਗੇ ਹੋਣ ਲੱਗ ਪਏ ਸਨ। ਅਗਲੀ ਇਹ ਗੱਲ ਬਹੁਤੇ ਲੋਕ ਨਹੀਂ ਜਾਣਦੇ ਕਿ ਪੰਦਰਾਂ ਅਗਸਤ ਨੂੰ ਜਦੋਂ ਰਾਤ ਬਾਰਾਂ ਵਜੇ ਬਰਤਾਨੀਆ ਦੀ ਹਕੂਮਤ ਦਾ ਝੰਡਾ ਉਤਾਰ ਕੇ ਭਾਰਤ ਦਾ ਤਿਰੰਗਾ ਝੁਲਾਉਣ ਅਤੇ ਨਵੇਂ ਹਾਕਮਾਂ ਨੂੰ ਸਹੁੰ ਚੁਕਾਉਣ ਦੀ ਰਸਮ ਹੋ ਰਹੀ ਸੀ, ਉਦੋਂ ਮਹਾਤਮਾ ਗਾਂਧੀ ਦਿੱਲੀ ਵਿਚ ਨਹੀਂ ਸੀ। ਮਹਾਤਮਾ ਗਾਂਧੀ ਨੂੰ ਨਾ ਆਜ਼ਾਦੀ ਆਈ ਮਾੜੀ ਲੱਗਦੀ ਸੀ ਤੇ ਨਾ ਝੰਡਾ ਝੁਲਾਉਣ ਦਾ ਮੱਤਭੇਦ ਸੀ, ਪਰ ਦਿੱਲੀ ਵਿਚ ਇਸ ਲਈ ਨਹੀਂ ਸੀ ਕਿ ਉਹ ਉਥੇ ਚਲਾ ਗਿਆ ਸੀ, ਜਿੱਥੇ ਦੰਗਿਆਂ ਦੌਰਾਨ ਮੁਸਲਮਾਨਾਂ ਉਤੇ ਹਮਲੇ ਹੋ ਰਹੇ ਸਨ। ਜਿਹੜਾ ਗਾਂਧੀ ਦੰਗਿਆਂ ਵੇਲੇ ਇਸ ਤਰ੍ਹਾਂ ਦਾ ਪੈਂਤੜਾ ਮੱਲਣ ਤੱਕ ਚਲਾ ਗਿਆ, ਉਸ ਦੀ ਸਮਾਧੀ ਉਤੇ ਲਿਖਿਆ Ḕਹੇ ਰਾਮḔ ਉਸ ਦੀ ਨਿੱਜੀ ਜ਼ਿੰਦਗੀ ਦੀ ਸ਼ਰਧਾ ਤਾਂ ਪ੍ਰਗਟ ਕਰਦਾ ਹੈ, ਪਰ ਇਸ Ḕਹੇ ਰਾਮḔ ਤੋਂ ਉਹ ਭਾਵਨਾ ਨਹੀਂ ਕੱਢੀ ਜਾ ਸਕਦੀ, ਜਿਹੜੀ ਨੱਥੂ ਰਾਮ ਗੌਡਸੇ ਦੀਆਂ ਸਿਫਤਾਂ ਕਰਨ ਮਗਰੋਂ ਮੁਆਫੀ ਮੰਗਣ ਵਾਲੇ ਕਿਸੇ ਸਿਆਸੀ ਸਾਧੂ ਨੇ ਕੱਢਣ ਦਾ ਯਤਨ ਕੀਤਾ ਹੈ।
ਸਥਿਤੀ ਦਾ ਇੱਕ ਹੋਰ ਪਹਿਲੂ ਵੀ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਰਤ ਦੀ ਆਜ਼ਾਦੀ ਦੇ ਮੌਕੇ ਇਸ ਦਾ ਇੱਕ ਹਿੱਸਾ ਵੱਖਰਾ ਕਰ ਕੇ ਮੁਸਲਮਾਨਾਂ ਲਈ ਪਾਕਿਸਤਾਨ ਬਣਵਾਉਣ ਵਾਲੇ ਮੁਹੰਮਦ ਅਲੀ ਜਿਨਾਹ ਦੀ ਪਤਨੀ ਜਵਾਨੀ ਵੇਲੇ ਮਰ ਗਈ ਅਤੇ ਇੱਕ ਛੋਟੀ ਜਿਹੀ ਬੱਚੀ ਛੱਡ ਗਈ ਸੀ। ਜਿਨਾਹ ਨੇ ਬੜੇ ਚਾਵਾਂ ਨਾਲ ਉਸ ਬੱਚੀ ਨੂੰ ਪਾਲਿਆ ਤੇ ਜਦੋਂ ਉਹ ਮੁਟਿਆਰ ਹੋਈ ਤਾਂ ਉਸ ਕੁੜੀ ਨੇ ਕਰੋੜਾਂ ਮੁਸਲਮਾਨ ਮੁੰਡੇ ਛੱਡ ਕੇ ਇੱਕ ਪਾਰਸੀ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਪਿਓ-ਧੀ ਦੀ ਬਹਿਸ ਵੀ ਹੋਈ। ਧੀ ਨੇ ਇਹ ਕਹਿ ਕੇ ਬਾਪ ਦੀ ਜ਼ੁਬਾਨ ਬੰਦ ਕਰਵਾ ਦਿੱਤੀ ਸੀ ਕਿ ਕਰੋੜਾਂ ਮੁਸਲਮਾਨ ਕੁੜੀਆਂ ਛੱਡ ਕੇ ਤੁਸੀਂ ਵੀ ਇੱਕ ਗੈਰ-ਮੁਸਲਿਮ ਕੁੜੀ ਨਾਲ ਵਿਆਹ ਕੀਤਾ ਸੀ, ਕਿਉਂਕਿ ਉਸ ਉਮਰ ਵਿਚ ਤੁਸੀਂ ਸੈਕੂਲਰ ਹੁੰਦੇ ਸੀ, ਅੱਜ ਮੈਂ ਉਸ ਉਮਰ ਵਿਚ ਹਾਂ। ਇਸ ਦੇ ਪਿੱਛੋਂ ਜਿਨਾਹ ਨੇ ਆਪਣੇ ਮਨੋਰਥ ਦੀ ਪ੍ਰਾਪਤੀ ਕਰ ਲਈ, ਇੱਕ ਦੇਸ਼ ਇਸਲਾਮ ਦੇ ਨਾਂ ਉਤੇ ਬਣਾ ਲਿਆ, ਪਰ ਉਸ ਦੀ ਇਕਲੌਤੀ ਔਲਾਦ, ਦੀਨਾ ਨਾਂ ਦੀ ਉਹ ਧੀ, ਉਸ ਨਾਲ ਪਾਕਿਸਤਾਨ ਨਹੀਂ ਗਈ, ਸੈਕੂਲਰ ਭਾਰਤ ਵਿਚ ਹੀ ਰਹੀ ਸੀ। ਭਾਰਤ ਦਾ ਜਾਣਿਆ-ਪਛਾਣਿਆ ਉਦਯੋਗਪਤੀ ਬੰਬੇ ਡਾਈਂਗ ਕੰਪਨੀ ਦਾ ਮਾਲਕ ਨੁਸਲੀ ਵਾਡੀਆ ਉਸੇ ਦੀਨਾ ਦਾ ਪੁੱਤਰ ਤੇ ਮੁਹੰਮਦ ਅਲੀ ਜਿਨਾਹ ਦਾ ਦੋਹਤਾ ਹੈ। ਭਾਰਤ ਵਿਚ ਘਟੋ-ਘਟ ਤਿੰਨ ਰਾਜਸੀ ਟੱਬਰ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ ਆਪਣੇ ਰਾਜ ਦਾ ਮੁੱਖ ਮੰਤਰੀ ਬਣ ਚੁੱਕਾ ਹੈ, ਪਰ ਉਨ੍ਹਾਂ ਨੇ ਆਪਣੇ ਧਰਮ ਤੋਂ ਬਾਹਰ ਰਿਸ਼ਤੇ ਕੀਤੇ ਹਨ। ਕਿਸੇ ਦੀ ਧੀ ਨੇ ਦੂਸਰੇ ਧਰਮ ਵਿਚ ਵਿਆਹ ਕਰਵਾਇਆ ਤੇ ਕਿਸੇ ਦੀ ਭੈਣ ਨੇ ਕਰਵਾ ਲਿਆ, ਪਰ ਕਦੀ ਕਿਸੇ ਲੀਡਰ ਨੇ ਉਨ੍ਹਾਂ ਬਾਰੇ ਕੋਈ ਇਤਰਾਜ਼ ਨਹੀਂ ਕੀਤਾ, ਕਿਉਂਕਿ ਉਹ ਹੈਸੀਅਤ ਵਾਲੇ ਵੱਡੇ ਲੋਕ ਹਨ।
ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ, ਪਰ ਪੰਜਾਬੀ ਮੁਹਾਵਰਾ ਹੈ ਕਿ ਅੰਨ੍ਹੇ ਅੱਗੇ ਰੋਣਾ ਅੱਖਾਂ ਦਾ ਖੌਅ ਹੁੰਦਾ ਹੈ। ਜਿਹੜੇ ਲੋਕ ਅੱਜ ਧਰਮ ਦਾ ਝੰਡਾ ਚੁੱਕ ਕੇ ਭਾਰਤ ਦੀ ਏਕਤਾ ਤੇ ਭਾਈਚਾਰਕ ਮਾਹੌਲ ਨੂੰ ਪਲੀਤਾ ਲਾਉਣ ਤੁਰੇ ਹੋਏ ਹਨ, ਉਨ੍ਹਾਂ ਉਤੇ ਇਸ ਦਾ ਅਸਰ ਨਹੀਂ ਹੋਣਾ। ਇਸ ਦੇ ਬਾਵਜੂਦ ਜੇ ਅਸੀਂ ਇਸ ਮੁੱਦੇ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਲਈ ਨਹੀਂ ਕਰ ਰਹੇ। ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਧਰਮ ਦੇ ਖੇਤਰ ਵਿਚ ਰਾਜਨੀਤੀ ਦੀਆਂ ਚਾਲਾਂ ਤੋਂ ਸੁਚੇਤ ਰਹਿਣ। ਜਦੋਂ ਵੀ ਭਾਰਤ ਦੀ ਤਕਦੀਰ ਕੁਰਾਹੇ ਪਈ, ਹਰ ਵਾਰ ਉਨ੍ਹਾਂ ਲੋਕਾਂ ਨੇ ਪਾਈ ਹੈ, ਜਿਹੜੇ ਧਰਮ ਨੂੰ ਰਾਜਨੀਤੀ ਲਈ ਵਰਤਦੇ ਹਨ। ਉਰਦੂ ਦਾ ਇੱਕ ਸ਼ੇਅਰ ਹੈ ਕਿ Ḕਵੋ ਵਕਤ ਭੀ ਦੇਖਾ ਤਾਰੀਖ ਕੀ ਘੜੀਓਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।Ḕ ਭਾਰਤ ਦੀ ਰਵਾਨੀ ਨੂੰ ਇੱਕ ਵਾਰ ਫਿਰ ਠੇਡਾ ਲੱਗਣ ਤੋਂ ਬਚਾਉਣ ਲਈ ਇਸ ਦੇ ਲੋਕਾਂ ਨੂੰ ਸਾਵਧਾਨ ਹੋਣਾ ਪਵੇਗਾ।