ਏਹੁ ਹਮਾਰਾ ਜੀਵਣਾ…

‘ਏਹੁ ਹਮਾਰਾ ਜੀਵਣਾ’ ਵਿਚ ਪ੍ਰੋæ ਹਰਪਾਲ ਸਿੰਘ ਨੇ ਔਰਤ ਦੀ ਕਹਾਣੀ ਮੁੱਢ-ਕਦੀਮ ਤੋਂ ਸ਼ੁਰੂ ਕਰ ਕੇ ਸੁਣਾਈ ਹੈ ਅਤੇ ਦੱਸਿਆ ਹੈ ਕਿ ਭਾਰਤ ਵਿਚ ਆਰੀਅਨਾਂ ਦੇ ਆਗਮਨ ਤੋਂ ਪਹਿਲਾਂ ਔਰਤ ਦਾ ਸਮਾਜ ਵਿਚ ਰੁਤਬਾ ਕਿਸ ਤਰ੍ਹਾਂ ਦਾ ਸੀ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਅਸੀਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ ਜਿਸ ਵਿਚ ਸਦੀਆਂ ਪਹਿਲਾਂ ਔਰਤ ਦੀ ਸਮਾਜਕ ਹੈਸੀਅਤ ਦਾ ਖੁਲਾਸਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਹ ਵੀ ਪਤਾ ਲਗਦਾ ਹੈ ਕਿ ਅੱਜ ਦੇ ਯੁੱਗ ਤੱਕ ਪੁੱਜਦਿਆਂ-ਪੁੱਜਦਿਆਂ ਔਰਤ ਦੀ ਹੁਣ ਵਾਲੀ ਹੌਲਨਾਕ ਹਾਲਤ ਕਿਸ ਤਰ੍ਹਾਂ ਬਣਾ ਦਿੱਤੀ ਗਈ। -ਸੰਪਾਦਕ

ਪ੍ਰੋæ ਹਰਪਾਲ ਸਿੰਘ
ਫੋਨ: 916-478-1640
ਮੁੱਢ-ਕਦੀਮ ਤੋਂ ਮਰਦ-ਪ੍ਰਧਾਨ ਸਮਾਜ ਦੇ ਜ਼ੁਲਮੋ-ਤਸ਼ੱਦਦ ਤੇ ਕਸ਼ਟ ਸਹਿੰਦੀ ਬੇਸਹਾਰਾ, ਬੇਵਸ ਅਤੇ ਲਾਚਾਰ ਔਰਤ ਦੀ ਕਹਾਣੀ ਹੈ ਇਹ। ਇਹ ਕਹਾਣੀ ਹੈ ਸਾਡੀ ਮਾਂ, ਭੈਣ ਤੇ ਧੀ ਦੀ; ਔਰਤ ਦੀ ਪੀੜਾ ਅਤੇ ਸੰਤਾਪ ਦੀ। ਹਰ ਯੁੱਗ, ਧਰਮ ਤੇ ਹਰ ਸਮਾਜ ਵਿਚ ਔਰਤ ਨੂੰ ਸਮਾਜ ਦੀ ਮੈਲ ਕਿਹਾ ਗਿਆ ਹੈ। ‘ਨੀਚਾਂ ਵਿਚੋਂ ਨੀਚ’।
ਕੀਥ ਲਿਖਦਾ ਹੈ, “ਹਿੰਦ ਵਿਚ ਸਭ ਧਰਮਾਂ ਨੇ ਇਸਤਰੀ ਜਾਤੀ ਨਾਲ ਧੱਕਾ ਕੀਤਾ, ਪਰ ਜਿਤਨੀ ਬ੍ਰਾਹਮਣ ਗ੍ਰੰਥਾਂ ਦੇ ਸਮੇਂ ਦੇ ਬ੍ਰਾਹਮਣਾਂ ਨੇ ਇਸਤਰੀ ਨਾਲ ਘਿਰਣਾ ਕੀਤੀ, ਹੋਰ ਕਿਸੇ ਨੇ ਨਹੀਂ ਕੀਤੀ।” (ਠਹe ੍ਰeਲਗਿਨ ਅਨਦ ਫਹਲੋਸੋਪਹੇ ਾ ੜeਦਅਸ ਅਨਦ ੁਪਅਨਸਿਹਅਦਅਸ, ੜੋਲ 32, ਫਅਗe 475)
ਮੈਤਰਿਆਈ ਸਮਹਤਾ, ਇਸਤਰੀ ਨੂੰ ਪਾਪ ਕਰਾਰ ਦਿੰਦਾ ਹੈ। ਸਤਪਤ ਬ੍ਰਾਹਮਣ ਗ੍ਰੰਥ (ਣਵਿ, 1।39) ਇਸਤਰੀ, ਸ਼ੂਦਰ, ਕੁੱਤੇ ਅਤੇ ਕਾਂ ਨੂੰ ਝੂਠ ਦਾ ਨਮੂਨਾ ਮੰਨਦਾ ਹੈ। ਮਨੂੰ ਨੇ ਇਸਤਰੀਆਂ ਨੂੰ ਤਕਰੀਬਨ ਆਦਮੀ ਦੀ ਦਾਸੀ ਬਣਾ ਦਿੱਤਾ। ਉਹਨੇ ਨੀਯਤ ਕੀਤਾ ਕਿ ਪਤੀ ਦਾ ਆਪਣੀ ਪਤਨੀ ਉਪਰ ਪੂਰਾ ਅਧਿਕਾਰ ਹੈ। ਉਹ ਉਸ ਨੂੰ ਮਾਰ-ਕੁੱਟ ਸਕਦਾ ਹੈ। ਜੇ ਪਤਨੀ ਜ਼ਰਾ ਵੀ ਗੁਸੈਲੀ ਗੱਲ ਕਰੇ, ਤਾਂ ਉਸ ਨੂੰ ਇਕਦਮ ਤਿਆਗ ਸਕਦਾ ਹੈ ਅਤੇ ਪਤਨੀ ਲਈ ਉਚਿਤ ਹੈ ਕਿ ਉਹ ਦੇਵਤਾ ਸਮਝ ਕੇ ਆਪਣੇ ਪਤੀ ਦੀ ਪੂਜਾ ਕਰੇ, ਭਾਵੇਂ ਉਸ ਵਿਚ ਕੋਈ ਗੁਣ ਨਾ ਵੀ ਹੋਵੇ, ਤੇ ਭਾਵੇਂ ਉਹ ਬੇਗਾਨੀਆਂ ਇਸਤਰੀਆਂ ਨਾਲ ਐਸ਼ ਮਾਣਦਾ ਹੋਵੇ। ਇਸ ਤਰ੍ਹਾਂ ਇਸਤਰੀ ਦੇ ਦਰਜੇ ਨੂੰ ਸ਼ੂਦਰ ਦੇ ਦਰਜੇ ਤੀਕਰ ਪਹੁੰਚਾ ਦਿੱਤਾ ਗਿਆ। ਮਰਦ-ਪ੍ਰਧਾਨ ਸਮਾਜ ਨੇ ਔਰਤ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਗੁਲਾਮੀ ਅਤੇ ਅਧੀਨਤਾ ਦੀ ਦਲ-ਦਲ ਵਿਚ ਧੱਕਣ, ਉਨ੍ਹਾਂ ਦਾ ਸਨਮਾਨ ਘਟਾਉਣ ਅਤੇ ਉਨ੍ਹਾਂ ਦੁਆਰਾ ਜ਼ਿੰਦਗੀ ਵਿਚ ਕੁਝ ਕਰ ਗੁਜ਼ਰਨ ਦੀਆਂ ਤਾਂਘਾਂ ਨੂੰ ਕਾਬੂ ਕਰਨ ਲਈ ਸਖ਼ਤ ਪ੍ਰਬੰਧ ਕੀਤੇ, ਸਖ਼ਤ ਨਿਯਮ ਬਣਾਏ।
ਸਥਾਪਤ ਸਭਿਅਤਾਵਾਂ ਤੋਂ ਪਹਿਲਾਂ ਇਤਿਹਾਸ ਦੇ ਮੁੱਢਲੇ ਦੌਰ ਵਿਚ ਮਨੁੱਖ ਸ਼ਿਕਾਰੀ ਸੀ। ਉਸ ਦੀ ਪੂਰੀ ਜ਼ਿੰਦਗੀ ਸ਼ਿਕਾਰ ‘ਤੇ ਨਿਰਭਰ ਸੀ। ਸ਼ਿਕਾਰ ਕਰਦਾ-ਕਰਦਾ ਉਹ ਦੂਰ-ਦੁਰੇਡੀਆਂ ਥਾਂਵਾਂ ਵੱਲ ਨਿਕਲ ਜਾਂਦਾ ਤੇ ਕਈ ਵਾਰ ਦਿਨ, ਹਫਤਾ ਜਾਂ ਮਹੀਨਾ ਆਪਣੇ ਪਰਿਵਾਰ ਵਿਚ ਵਾਪਸ ਨਾ ਆਉਂਦਾ। ਉਸ ਦੀ ਗੈਰ-ਹਾਜ਼ਾਰੀ ਵਿਚ ਪਰਿਵਾਰ ਨੂੰ ਸੰਭਾਲਣ ਅਤੇ ਹਰ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਘਰ ਦੀ ਔਰਤ ਦੀ ਹੁੰਦੀ। ਪਹਿਲੇ ਸਮਾਜ ਦੀ ਬਣਤਰ ਔਰਤ-ਪ੍ਰਧਾਨ ਸੀ।
“ਜਦੋਂ ਖਾਨਾ-ਬਦੋਸ਼ਾਂ ਵਾਲੀ ਜ਼ਿੰਦਗੀ ਜਿਉਂਦੇ ਆਦਮੀ ਦੀ ਜ਼ਿੰਦਗੀ ਸ਼ਿਕਾਰ ‘ਤੇ ਹੀ ਨਿਰਭਰ ਸੀ, ਤਾਂ ਉਸ ਦੀ ਹਮੇਸ਼ਾ ਕਦੀ ਆਪਣੇ ਤੋਂ ਕਮਜ਼ੋਰ ਅਤੇ ਕਦੇ ਆਪਣੇ ਤੋਂ ਤਾਕਤਵਰ ਕਬੀਲੇ ਨਾਲ ਟੱਕਰ ਹੁੰਦੀ ਰਹਿੰਦੀ ਸੀ। ਉਸ ਦੇ ਪਰਿਵਾਰ ਜਾਂ ਕਬੀਲੇ ਲਈ ਟੱਕਰ ਤੋਂ ਬਾਅਦ ਲੁੱਟ ਦੇ ਮਾਲ ਦਾ ਅੱਗ ਬਾਲ ਕੇ ਅਨੰਦ ਲੈਣਾ ਉਸ ਦੀ ਜ਼ਿੰਦਗੀ ਦਾ ਕੁਦਰਤੀ ਤੌਰ ‘ਤੇ ਉਘੜਵਾਂ ਅਤੇ ਮੁੱਖ ਭਾਗ ਸੀ। ਜਦੋਂ ਅੱਗ ਉਪਰ ਸ਼ਿਕਾਰ ਪੱਕ ਰਿਹਾ ਹੁੰਦਾ ਤਾਂ ਅੱਗ ਦੇ ਦੁਆਲੇ ਇਕੱਠੇ ਹੋ ਕੇ ਉਹ ਗਾਣੇ ਗਾਉਂਦੇ, ਕਈ ਵਾਰ ਉਹ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਜਿਹੜੇ ਕਦੋਂ ਦੇ ਗੁਜ਼ਰ ਚੁੱਕੇ ਹੁੰਦੇ ਅਤੇ ਜਿਨ੍ਹਾਂ ਨੂੰ ਰੱਬ ਨੇ ਸ਼ਕਤੀ ਤੇ ਸਫਲਤਾ ਨਾਲ ਨਿਵਾਜਿਆ ਹੁੰਦਾ ਸੀ। ਭੋਜਨ ਦਾ ਅਨੰਦ ਲੈਣ ਤੋਂ ਪਹਿਲਾਂ ਇਹ ਉਨ੍ਹਾਂ ਦਾ ਪਵਿੱਤਰ ਫਰਜ਼ ਹੁੰਦਾ ਕਿ ਉਹ ਖਾਣੇ ਦਾ ਇਕ ਹਿੱਸਾ ਆਪਣੇ ਗੁਜ਼ਰ ਚੁੱਕੇ ਪੁਰਖਿਆਂ ਤੇ ਅਣਦੇਖੀਆਂ ਤਾਕਤਾਂ (ਰੂਹਾਂ) ਦੇ ਨਾਂ ਅਗਨੀ ਨੂੰ ਅਰਪਿਤ ਕਰਦੇ, ਅੱਗ ਵਿਚ ਸੁੱਟਦੇ।” (ਹਿੰਦੂ ਸਾਮਰਾਜਵਾਦ ਦਾ ਇਤਿਹਾਸ, ਲੇਖਕ ਸਵਾਮੀ ਧਰਮ ਤੀਰਥ, ਅਨੁਵਾਦਕ ਸੋਢੀ ਸੁਲਤਾਨ ਸਿੰਘ, ਪੰਨਾ 70)
ਬਾਅਦ ਦੇ ਹਿੰਦੂ ਧਰਮ ਵਿਚ ਅਗਨੀ ਨੂੰ ਦੇਵਤਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਹੋ ਗਈ। ਅਗਨੀ ਦੇਵਤਾ ਟੱਚ ਵੁੱਡ ਦਾ ਅਰਥ ਇਹੀ ਹੈ ਕਿ ਮੈਂ ਲੱਕੜ ਵਿਚ ਛੁਪੇ ਹੋਏ ਅਗਨੀ ਦੇਵਤਾ ਦੀ ਸੁੰਹ ਚੁੱਕਦਾ ਹਾਂ।
ਮਨੁੱਖ ਜਾਤੀ ਦੇ ਜੀਵਨ ਦਾ ਦੂਜਾ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਚਰਵਾਹਾ ਬਣਿਆ। ਕੁਦਰਤ ਦੀ ਗੋਦ ਵਿਚ ਬੈਠੀਆਂ ਲਹਿ-ਲਹਾਉਂਦੀਆਂ ਲੰਮੀਆਂ ਚਰਾਂਦਾਂ ਵਿਚ ਉਹ ਆਪਣੇ ਪਰਿਵਾਰ ਨਾਲ ਲੰਮੀਆਂ ਯਾਤਰਾਵਾਂ ‘ਤੇ ਨਿਕਲਿਆ। ਪਰਿਵਾਰ ਦੀ ਦੇਖ-ਰੇਖ ਅਤੇ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਔਰਤ ਅਤੇ ਮਰਦ- ਦੋਹਾਂ ਦੀ ਸਾਂਝੀ ਸੀ। ਔਰਤ ਅਤੇ ਮਰਦ ਇਕ-ਦੂਜੇ ਦੇ ਸਹਾਇਕ ਅਤੇ ਸਹਿਯੋਗੀ ਸਨ। ਜੇ ਮਰਦ ਪਸ਼ੂਆਂ ਦੀ ਦੇਖ-ਰੇਖ ਕਰਦਾ, ਤਾਂ ਔਰਤ ਸਮੁੱਚੇ ਪਰਿਵਾਰ ਦੀ।
ਮਨੁੱਖੀ ਸਭਿਅਤਾ ਦੇ ਵਿਕਾਸ ਦਾ ਤੀਜਾ ਪੜਾਅ ਉਦੋਂ ਸ਼ੁਰੂ ਹੋਇਆ ਜਦੋਂ ਮਨੁੱਖ ਨੇ ਧਰਤੀ ਦੇ ਇਕ ਖਾਸ ਟੁਕੜੇ ‘ਤੇ ਕਬਜ਼ਾ ਕਰ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਇਹ ਯੁੱਗ ਖੇਤੀ ਪ੍ਰਧਾਨ ਸੀ। ਕਬੀਲੇ ਦੇ ਲੋਕ ਮੁੱਖ ਤੌਰ ‘ਤੇ ਖੇਤੀਬਾੜੀ ਕਰਨ ਵਾਲੇ ਲੋਕ ਸਨ ਜੋ ਜੰਗਲਾਂ ਵਿਚ ਰਹਿੰਦੇ ਸਨ। ਇਨ੍ਹਾਂ ਦੇ ਸਿਰ ਉਪਰ ਲੰਮੇ-ਲੰਮੇ ਅਤੇ ਖੁਰਦਰੇ ਵਾਲ ਸਨ। ਸਰੀਰ ਉਪਰ ਵੀ ਵਾਲਾਂ ਦੀ ਲੰਮੀ ਜੱਤ ਹੁੰਦੀ ਸੀ। ਇਹ ਲੋਕ ਜੰਗਲਾਂ, ਖੇਤੀਬਾੜੀ ਤੇ ਦਰਿਆਵਾਂ ਦੇ ਮਾਲਕ ਸਨ ਅਤੇ ਜੰਗਲੀ ਪਸ਼ੂਆਂ ਨੂੰ ਸਿਧਾਅ ਕੇ ਵਰਤੋਂ ਵਿਚ ਲਿਆਉਂਦੇ ਸਨ। ਇਨ੍ਹਾਂ ਵਿਚ ਗਾਂਵਾਂ, ਮੱਝਾਂ ਅਤੇ ਭੇਡ-ਬੱਕਰੀਆਂ ਸ਼ਾਮਲ ਸਨ। ਮਨੁੱਖ ਵਿਚ ਮੁੱਢ ਕਦੀਮ ਤੋਂ ਹੀ ਕਬਜ਼ੇ ਦੀ ਭਾਵਨਾ ਰਹੀ ਹੈ। ਖੇਤੀਬਾੜੀ ਤੋਂ ਪੈਦਾ ਹੋਈ ਆਮਦਨ ਦਾ ਮਨੁੱਖ ਇਕੱਲਾ ਮਾਲਕ ਬਣ ਬੈਠਾ। ਔਰਤ ਘਰ ਦੀ ਚਾਰ-ਦੀਵਾਰੀ ਵਿਚ ਕੈਦ ਹੋ ਗਈ। ਸਮਾਜਕ ਰਸਮ-ਰਿਵਾਜ਼ਾਂ, ਧਾਰਮਿਕ ਕਰਮ-ਕਾਂਡਾਂ ਨੇ ਹੌਲੀ-ਹੌਲੀ ਔਰਤ ਦੇ ਸਮਾਜੀ ਰੁਤਬੇ ਨੂੰ ਸੰਨ੍ਹ ਲਾ ਦਿੱਤੀ ਅਤੇ ਔਰਤ ਕੇਵਲ ਮਰਦ ਦੀ ਵਸਤੂ ਬਣ ਕੇ ਰਹਿ ਗਈ। ਉਹ ਉਸ ਨੂੰ ਜਦੋਂ ਚਾਹੇ, ਜਿਵੇਂ ਚਾਹੇ ਰੱਖ ਸਕਦਾ ਸੀ, ਵਰਤ ਸਕਦਾ ਸੀ, ਵੇਚ ਸਕਦਾ ਸੀ, ਖਰੀਦ ਸਕਦਾ ਸੀ। ਆਰਥਿਕ ਪੱਖੋਂ ਸੰਪੂਰਨ ਮਰਦ-ਪ੍ਰਧਾਨ ਸਮਾਜ ਤੋਂ ਔਰਤ ਦੀ ਬਦਕਿਸਮਤੀ ਦੀ ਕਹਾਣੀ ਦਾ ਇਥੋਂ ਹੀ ਅਰੰਭ ਹੁੰਦਾ ਹੈ।
ਪ੍ਰਾਚੀਨ ਅੰਧਕਾਰ ਯੁੱਗ ਤੋਂ ਲੈ ਕੇ ਸਿੱਖ ਰਾਜ ਦੀ ਸਥਾਪਨਾ ਤੱਕ ਭਾਰਤ ਵਿਚ ਔਰਤ ਨੂੰ ਕਠਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦਰਾਵੜ ਜਿਸ ਨੂੰ ਸੰਸਕ੍ਰਿਤ ਵਿਚ ‘ਦਰਾਵਿੜਾ’ ਕਹਿੰਦੇ ਹਨ, ਭਾਰਤ ਦੀਆਂ ਪ੍ਰਾਚੀਨਤਮ ਸਭਿਆ ਜਾਤੀਆਂ ਵਿਚੋਂ ਇਕ ਹੈ। ਬਹੁਤ ਸਾਰੇ ਵਿਦਵਾਨਾਂ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਉਹ ਭਾਰਤ ਦੇ ਪ੍ਰਾਚੀਨ ਮਨੁੱਖਾਂ ਦੀ ਹੀ ਸੰਤਾਨ ਹਨ ਜਿਹੜੇ ਹੌਲੀ-ਹੌਲੀ ਸਭਿਆਤਾ ਦੇ ਮਾਰਗ ਵੱਲ ਪੁੱਜੇ। ਅਨੇਕ ਪੱਛਮੀ ਵਿਦਵਾਨਾਂ ਦਾ ਮੱਤ ਹੈ ਕਿ ਦਰਾਵੜ ਮੈਡੀਟੇਰੀਅਨ ਜਾਤੀ ਨਾਲ ਸਬੰਧ ਰੱਖਦੇ ਸਨ। ਮਿੰਟਗੁਮਰੀ ਜ਼ਿਲ੍ਹੇ ਦੇ ਹੜੱਪਾ ਅਤੇ ਸਿੰਧ ਦੇ ਲਰਕਾਨਾ ਜ਼ਿਲ੍ਹੇ ਦੇ ਮੋਹਿੰਜੋ ਦਾੜੋ, ਪੰਜਾਬ ਦੀਆਂ ਕਈ ਥਾਂਵਾਂ ਤੋਂ ਉਪਰੰਤ ਅਤੇ ਬਲੋਚਿਸਤਾਨ ਦੀ ਕਲਾਤ ਰਿਆਸਤ ਦੇ ਨਲ ਆਦਿ ਥਾਂਵਾਂ ਤੋਂ ਮਹੱਤਵਪੂਰਨ ਪੁਰਾਤੱਤਵ ਖੋਜਾਂ ਰਾਹੀਂ ਸਿੱਧ ਹੁੰਦਾ ਹੈ ਕਿ ਰਿਗਵੇਦ ਯੁੱਗ ਤੋਂ ਕਈ ਸ਼ਤਾਬਦੀਆਂ ਪਹਿਲਾਂ ਸਿੰਧ ਨਦੀ ਦੇ ਕਿਨਾਰੇ ਮਾਨਵ ਜੀਵਨ ਦੇ ਕਈ ਸਭਿਆ ਕੇਂਦਰ ਸਨ। ਇਨ੍ਹਾਂ ਦੀ ਸੰਸਕ੍ਰਿਤੀ ਉਚੇ ਦਰਜੇ ਦੀ ਸੀ ਅਤੇ ਕਈ ਹਾਲਾਤ ਵਿਚ ਆਪਣੇ ਸਮਕਾਲੀਨ ਮੈਸੋਪਟਾਮੀਆ, ਏਲਮ ਅਤੇ ਮਿਸਰ ਦੀਆਂ ਸਭਿਆਤਾਵਾਂ ਨਾਲੋਂ ਉਤਮ ਸੀ। ਇਸ ਯੁੱਗ ਨੂੰ ਪੱਥਰ-ਧਾਤੂ ਯੁੱਗ ਕਿਹਾ ਜਾਂਦਾ ਹੈ। ਸ਼ਹਿਰੀ ਸਿੰਧ ਸੰਸਕ੍ਰਿਤੀ ਦਾ ਸਮਾਂ ਅਸੀਂ 3000 ਈਸਵੀ ਪੂਰਵ ਤੋਂ 2000 ਈਸਵੀ ਪੂਰਵ ਮੰਨ ਸਕਦੇ ਹਾਂ। ਵੱਧ ਤੋਂ ਵੱਧ 1750 ਈਸਵੀ ਪੂਰਵ ਦੇ ਕੁਝ ਸਮੇਂ ਪਿਛੋਂ ਹੀ ਇਸ ਸ਼ਹਿਰੀ ਸਭਿਅਤਾ ਦਾ ਅੰਤ ਹੋਇਆ।
ਸਿੰਧ ਘਾਟੀ ਦੇ ਮੂਲ ਨਿਵਾਸੀਆਂ ਨੂੰ ਰਿਗ ਵੇਦ ਵਿਚ ਦਸਯੂ ਕਿਹਾ ਗਿਆ ਹੈ। ਇਹ ਕਾਲੇ ਰੰਗ ਦੇ ਮਧਰੇ ਕੱਦ ਦੇ ਮੋਟੇ ਨੱਕ, ਮੋਟੇ ਬੁੱਲ੍ਹ ਅਤੇ ਮੋਟੀ ਆਵਾਜ਼ ਵਾਲੇ ਮਰਦ-ਔਰਤਾਂ ਸਨ। ਇਹ ਵਿਕਸਤ ਸ਼ਹਿਰੀ ਜੀਵਨ ਦੇ ਮੂਲ ਨਿਵਾਸੀ ਸਨ। ਆਰਥਿਕ ਤੌਰ ‘ਤੇ ਅਮੀਰ ਲੋਕ ਸਨ। ਇਹ ਲਿੰਗ ਦੀ ਪੂਜਾ ਕਰਦੇ ਸਨ। ਸ਼ਾਇਦ ਬਾਅਦ ਵਿਚ ਆਉਣ ਵਾਲੇ ਆਰੀਆ ਨੇ ਲਿੰਗ ਪੂਜਾ ਦੀ ਰਸਮ ਦਰਾਵੜਾਂ ਤੋਂ ਲਈ ਹੋਵੇ। ਅੱਜ ਤੀਕਰ ਹਿੰਦੂ ਮੰਦਰਾਂ ਵਿਚ ਸ਼ਿਵ ਲਿੰਗ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਸ਼ਿਵ ਅਸਲ ਵਿਚ ਸਿੰਧੂ ਘਾਟੀ ਦੇ ਲੋਕਾਂ ਦਾ ਦੇਵਤਾ ਸੀ ਜਿਸ ਨੂੰ ਆਰੀਅਨਾਂ ਨੇ ਆਪਣੀ ਮੁੱਢਲੀ ਸਭਿਅਤਾ ਵਿਚ ਅਪਨਾਇਆ। ਇਕ ਮੋਹਰ ਉਤੇ ਪਸ਼ੂਆਂ ਨਾਲ ਘਿਰੇ ਹੋਏ ਤਿੰਨ ਮੂੰਹ ਵਾਲੇ ਇਕ ਦੇਵਤੇ ‘ਮਗਰੌ’ ਦੇ ਪਸ਼ੂਪਤੀ ਸ਼ਿਵ ਦੇ ਆਦਿ ਰੂਪ ਦੀ ਮੂਰਤੀ ਉਕਰੀ ਹੋਈ ਹੈ।
ਸਿੰਧ ਘਾਟੀ ਵਿਚ ਮਾਤਾ-ਸ਼ਕਤੀ (ੰੋਟਹeਰ ਾ ਘੋਦਦeਸਸ) ਸਭ ਤੋਂ ਵੱਧ ਪ੍ਰਤਿਸ਼ਠਾ ਵਾਲੀ ਦੇਵੀ ਸੀ ਜਿਸ ਦੀ ਪੂਜਾ ਪ੍ਰਾਚੀਨ ਕਾਲ ਵਿਚ ਈਰਾਨ ਤੋਂ ਲੈ ਕੇ ਇਜੀਅਨ ਸਮੁੰਦਰੀ ਤਟ ਤੱਕ ਹੁੰਦੀ ਸੀ। ਇਸ ਮਾਤਾ-ਪੂਜਾ ਲਈ ਭਾਰਤ ਦੀ ਧਰਤੀ ਉਪਯੋਗੀ ਸਿੱਧ ਹੋਈ ਅਤੇ ਇਸ ਵਿਚੋਂ ਹੀ ਸ਼ਕਤੀ ਦੀ ਪੂਜਾ ਦੀਆਂ ਅਨੇਕਾਂ ਰਸਮਾਂ ਨਾਲ ਉਤਪਤੀ ਹੋਈ। ਪੂਜਾ ਦੇ ਇਸ਼ਨਾਨ ਕੁੰਡ ਦੇ ਪਵਿੱਤਰ ਜਲ ਵਿਚ ਪੁਰਸ਼ ਨਾ ਕੇਵਲ ਇਸ਼ਨਾਨ ਕਰਦੇ ਸਨ, ਸਗੋਂ ਦੇਵੀ ਮਾਤਾ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਉਨ੍ਹਾਂ ਦੇਵ-ਦਾਸੀਆਂ ਨਾਲ ਸੰਭੋਗ ਵੀ ਕਰਦੇ ਸਨ ਜੋ ਦੇਵ-ਦਾਸੀਆਂ ਗੜ੍ਹੀ ਦੇ ਭਵਨ-ਸਮੂਹ ਵਿਚ ਰਹਿੰਦੀਆਂ ਸਨ। ਦੇਵੀ ਦੀਆਂ ਮੂਰਤੀਆਂ ਬਣਾ ਕੇ ਪੂਜਾ ਕੀਤੀ ਜਾਂਦੀ ਸੀ ਜੋ ਜਨਮ ਅਤੇ ਮੌਤ ਉਤੇ ਅਧਿਕਾਰ ਰੱਖਣ ਵਾਲੀ ਮੰਨੀ ਜਾਂਦੀ ਸੀ। ਕਈ ਪ੍ਰਕਾਰ ਦੇ ਤਵੀਤ ਵੀ ਔਰਤਾਂ ਦੁਆਰਾ ਪਹਿਨੇ ਜਾਂਦੇ ਸਨ। ਧਾਰਮਿਕ ਨ੍ਰਿਤ ਵਿਚ ਔਰਤ ਦੀ ਸ਼ਮੂਲੀਅਤ ਜ਼ਰੂਰੀ ਸਮਝੀ ਜਾਂਦੀ ਸੀ। ਔਰਤ ਦਾ ਦਰਜਾ ਜਾਂ ਸਨਮਾਨ ਮਰਦ ਨਾਲੋਂ ਉਚਾ ਸੀ; ਕਿਉਂਕਿ ਔਰਤ ਨੂੰ ਜਨਨੀ ਸਮਝਿਆ ਜਾਂਦਾ ਸੀ। ਔਰਤ ਉਪਰ ਕੋਈ ਬੰਦਿਸ਼ ਨਹੀਂ ਸੀ। ਉਹ ਆਪਣਾ ਵਰ ਆਪ ਚੁਣ ਸਕਦੀ ਸੀ। ਬਾਲ ਵਿਆਹ ਦੀ ਪ੍ਰਥਾ ਦੀ ਅਣਹੋਂਦ ਸੀ। ਸਤੀ ਪ੍ਰਥਾ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਵਿਧਵਾ ਵਿਆਹ ਆਮ ਗੱਲ ਸੀ। ਔਰਤ ਸ਼ਿੰਗਾਰ ਕਰਦੀ ਸੀ ਅਤੇ ਆਪਣੇ ਸਰੀਰ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾ ਕੇ ਰੱਖਦੀ ਸੀ। ਸਮਾਜ ਵਿਚ ਅਪਸਰਾਵਾਂ ਅਨੂਪਮ ਸੁੰਦਰੀਆਂ ਹੁੰਦੀਆਂ ਸਨ ਤੇ ਨਾਇਕਾ ਨੂੰ ਆਕਰਸ਼ਿਤ ਕਰ ਕੇ ਉਨ੍ਹਾਂ ਨਾਲ ਖੇਡ ਰਚਾਉਂਦੀਆਂ ਸਨ ਅਤੇ ਇਸ ਤਰ੍ਹਾਂ ਅੰਤ ਵਿਚ ਉਨ੍ਹਾਂ ਨੂੰ ਪਤਨ ਵੱਲ ਲੈ ਜਾਂਦੀਆਂ ਸਨ। ਇਹ ਅਨੂਪਮ ਸੁੰਦਰੀਆਂ ਨੱਚਣ-ਗਾਉਣ ਵਿਚ ਨਿਪੁੰਨ ਹੁੰਦੀਆਂ ਸਨ। ਇਨ੍ਹਾਂ ਅਰਧ-ਦੇਵੀ ਅਪਸਰਾਵਾਂ ਦੇ ਆਪਣੇ ਆਪਣੇ ਨਾਉਂ ਹੁੰਦੇ ਸਨ ਅਤੇ ਹਰ ਅਪਸਰਾ ਕਿਸੇ ਖਾਸ ਖੇਤਰ ਨਾਲ ਸਬੰਧਿਤ ਸੀ। ਅਨੇਕਾਂ ਪ੍ਰਾਚੀਨ ਭਾਰਤੀ ਰਾਜ ਘਰਾਣੇ ਕਿਸੇ ਨਾ ਕਿਸੇ ਅਪਸਰਾ ਨਾਲ ਕਿਸੇ ਨਾਇਕ ਦੇ ਅਸਥਾਈ ਮੇਲ ਤੋਂ ਉਤਪੰਨ ਹੋਏ ਮੰਨੇ ਜਾਂਦੇ ਹਨ। ਇਹ ਅਪਸਰਾਵਾਂ ਕਿਸੇ ਨਾਲ ਵਿਆਹ ਕਰ ਕੇ ਸਥਾਈ ਗ੍ਰਹਿਸਥ ਜੀਵਨ ਨਹੀਂ ਬਿਤਾ ਸਕਦੀਆਂ ਸਨ।
ਰਿਗਵੈਦਿਕ ਕਾਲ (12000-1400 ਬੀæਸੀæ): ਸਿੰਧ ਸਭਿਅਤਾ ਦੇ ਪਤਨ ਤੋਂ ਬਾਅਦ ਹਿੰਦ ਵਿਚ ਵੈਦਿਕ ਸਭਿਅਤਾ ਦਾ ਉਥਾਨ ਹੋਇਆ। ਵਧੇਰੇ ਇਤਿਹਾਸਕਾਰਾਂ ਅਨੁਸਾਰ 4000 ਸਾਲ ਪਹਿਲਾਂ ਆਰੀਅਨ ਮੱਧ ਏਸ਼ੀਆ ਵਿਚਲੇ ਆਪਣੇ ਜੱਦੀ ਘਰ ਤੋਂ ਉਠ ਕੇ ਭਾਰਤ ਦੇਸ਼ ਦੇ ਖਿੱਤੇ ਪੰਜਾਬ ਵਿਚ ਆ ਕੇ ਵਸ ਗਏ ਸਨ। ਪੱਛਮੀ ਬਾਲਕਟ ਤੋਂ ਪਾਰ ਵੋਲਗਾ ਦੀ ਘਾਟੀ ਤੱਕ ਇਕ ਬਹਾਦਰ ਜਾਤੀ ਦਾ ਵਸੇਬਾ ਸੀ ਜਿਸ ਕੋਲ ਪਸ਼ੂ-ਧਨ ਸੀ। ਇਹ ਲੋਕ ਘੋੜਿਆਂ ‘ਤੇ ਸਵਾਰ ਦਿਨ-ਰਾਤ ਮੀਲਾਂ-ਬੱਧੀ ਸਫਰ ਕਰਨ ਦੇ ਆਦੀ ਸਨ। ਇਨ੍ਹਾਂ ਦੇ ਕਬੀਲੇ ਕਦੇ ਗੁਆਂਢੀਆਂ ਉਪਰ ਹਮਲੇ ਕਰਦੇ ਅਤੇ ਕਦੇ ਆਪਸ ਵਿਚ ਭਿੜ ਜਾਂਦੇ ਸਨ। ਇਹ ਆਪਣੇ ਆਪ ਨੂੰ ਆਰੀਆ ਕਿਹਾ ਕਰਦੇ ਸਨ। ਇਹ ਉਤਰ ਵਾਲੇ ਪਾਸਿਓਂ ਹੋ ਕੇ ਅਸੂਰੀਆ ਅਤੇ ਅਬਰਬੱਜਾਨ ਹੁੰਦੇ ਹੋਏ ਈਰਾਨ ਵਿਚ ਉਤਰ ਆਏ ਸਨ। ਉਨ੍ਹਾਂ ਦੀ ਆਪਣੀ ਮਾਤ-ਭੂਮੀ (ਆਧੁਨਿਕ ਉਜਬੇਕਿਸਤਾਨ) ਦੀਆਂ ਚਰਾਂਦਾਂ, ਸ਼ਾਇਦ ਲੰਮੇ ਸੋਕੇ ਦੇ ਕਾਰਨ ਪਸ਼ੂਆਂ ਤੇ ਉਨ੍ਹਾਂ ਦੇ ਮਾਲਕਾਂ ਦਾ ਪੇਟ ਭਰਨ ਲਈ ਕਾਫੀ ਨਹੀਂ ਸਨ।
ਹਿੰਦੂ ਆਰੀਆ ਸਭਿਅਤਾ ਕਾਫੀ ਅਰਸੇ ਤੱਕ ਪੇਂਡੂ ਅਤੇ ਖੇਤੀ ਪ੍ਰਧਾਨ ਸਭਿਅਤਾ ਬਣੀ ਰਹੀ। ਖੇਤੀਬਾੜੀ, ਪਸ਼ੂ ਚਾਰਨੇ, ਰੱਥ ਚਲਾਉਣੇ ਉਨ੍ਹਾਂ ਦੇ ਕੁਝ ਧੰਦੇ ਅਤੇ ਮਨੋਰੰਜਨ ਸਨ। ਉਨ੍ਹਾਂ ਦਾ ਜੀਵਨ ਦਾ ਦੂਜਾ ਯੁੱਗ, ਯਾਨਿ ਮਗਰਲਾ ਵੈਦਿਕ ਕਾਲ ਅਵਿਵਸਥਾ ਅਤੇ ਲੜਾਈ-ਝਗੜਿਆਂ ਦਾ ਯੁੱਗ ਸੀ।
ਰਿਗ ਵੇਦ ਸਭ ਤੋਂ ਪੁਰਾਣਾ ਸਾਹਿਤ ਹੈ ਜਿਹੜਾ ਆਰੀਆ ਲੋਕ, ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਗਏ ਹਨ। ਇਹ ਗ੍ਰੰਥ 1017 ਸੂਤਰਾਂ ਦਾ ਜੋੜ ਹੈ ਜਿਸ ਨੂੰ ਦਸ ਮੰਡਲਾਂ (ਪੁਸਤਕਾਂ) ਵਿਚ ਲੜੀਵਾਰ ਜੋੜਿਆ ਗਿਆ ਹੈ। ਰਿਗ ਵੇਦ ਵਿਚ ਵਰਣਨ ਮਿਲਦਾ ਹੈ ਕਿ ਆਰੀਆ ਨੇ ਸੈਂਧਵਾਂ (ਸਿੰਧ ਘਾਟੀ ਦੇ ਲੋਕ) ਦਾ ਵੱਡੇ ਪੈਮਾਨੇ ‘ਤੇ ਕਤਲ ਕੀਤਾ ਅਤੇ ਜੋ ਬਚ ਗਏ, ਉਨ੍ਹਾਂ ਨੂੰ ਦਾਸ ਬਣਾ ਲਿਆ। ਔਰਤਾਂ ਨੂੰ ਉਨ੍ਹਾਂ ਨੇ ਦਾਸੀਆਂ ਵਾਂਗ ਵਰਤਿਆ। ਰੱਥਾਂ ਦੇ ਰੱਥ ਭਰ ਕੇ ਉਨ੍ਹਾਂ ਨੇ ਔਰਤਾਂ ਆਪਣੇ ਗੁਰੂਆਂ ਤੇ ਪੁਰੋਹਿਤਾਂ ਨੂੰ ਦਾਨ ਵਿਚ ਦਿੱਤੀਆਂ; ਮਿੱਤਰਾਂ, ਨਾਤਿਆਂ ਨੂੰ ਭੇਟ ਵਿਚ ਦੇ ਦਿੱਤੀਆਂ। ਮਗਰੋਂ ਇਨ੍ਹਾਂ ਤੋਂ ਕੱਕਸ਼ੀਬਨ, ਕਵਸ਼, ਵਤਸ ਵਰਗੇ ਮਹਾਂਰਿਸ਼ੀਆਂ ਨੇ ਜਨਮ ਲਿਆ।
ਰਿਗ ਵੇਦ ਦੀ ਔਰਤ ਸ਼ਕਤੀ ਅਤੇ ਉਦਾਰਤਾ ਦੀ ਇਕ ਹੱਦ ਹੈ। ਪੁੱਤਰੀ ਦੀ ਹੈਸੀਅਤ ਵਿਚ ਹੁੰਦਿਆਂ ਪਿਤਾ ਦੀ ਦੌਲਤ ਵਿਚ ਉਸ ਦਾ ਹੱਕ ਹੈ। ਮੁਟਿਆਰ ਹੋਣ ਦੇ ਨਾਤੇ ਉਹ ਆਪਣਾ ਪਤੀ ਆਪ ਚੁਣਦੀ ਹੈ। ਵਿਆਹ ਦੇ ਮੌਕੇ ਪਰੋਹਿਤ ਉਸ ਨੂੰ ਅਸੀਸ ਦਿੰਦਾ ਹੈ, “ਸਹੁਰੇ ਦੀ ਮਲਕਾ ਬਣ, ਸੱਸ ਦੀ ਮਲਕਾ ਬਣ, ਨਣਦਾਂ ਤੇ ਦਿਉਰਾਂ ਦੀ ਮਲਕਾ ਬਣ, ਘਰ ਪਰਿਵਾਰ ਨਾਲ ਗ੍ਰਹਿ ਪਤਨੀ (ਰਾਣੀ) ਦੇ ਹੱਕ ਨਾਲ ਬੋਲੇਂ, ਦੁਪਾਇਆਂ ਅਤੇ ਚੁਪਾਇਆਂ ਲਈ ਭਲਾਈ ਕਰਨ ਵਾਲੀ ਸਾਬਤ ਹੋਵੇਂ।” ਪਤਨੀ ਦੀ ਹੈਸੀਅਤ ਕਾਫੀ ਉਚੀ ਹੈ। ਰਿਗ ਵੇਦ ਵਿਚ ਔਰਤ ਦੀ ਹਾਲਤ ਮਰਦ ਦੇ ਸਮਾਨ ਹੈ। ਘਰ ਦਾ ਸਾਰਾ ਇੰਤਜ਼ਾਮ ਉਸ ਦੇ ਹੱਥ ਵਿਚ ਹੈ। ਉਹ ਘਰ ਦੀ ਮਾਲਕਿਨ ਹੈ। ਸਾਰੇ ਦਾਸ ਅਤੇ ਦਾਸੀਆਂ, ਧਨ-ਦੌਲਤ ਅਤੇ ਪਸ਼ੂ ਉਸ ਦੇ ਅਧੀਨ ਹਨ। ਯੱਗ ਦੀ ਪਵਿੱਤਰ ਰਸਮ ਵਿਚ ਉਹ ਹਿੱਸਾ ਲੈਂਦੀ ਹੈ ਅਤੇ ਯੱਗ ਦੀ ਅੱਗ ਨੂੰ ਉਹ ਜ਼ਿੰਦਗੀ ਭਰ ਮਘਦੀ ਰੱਖਦੀ ਹੈ। ਭਰਾ ਵਾਂਗ ਹੀ ਉਹ ਵਿਦਿਆ ਪ੍ਰਾਪਤ ਕਰਦੀ ਹੈ, ਹਥਿਆਰ ਚਲਾਉਣੇ ਸਿੱਖਦੀ ਹੈ, ਪਤੀ ਵਾਂਗ ਜੰਗ-ਭੂਮੀ ਵਿਚ ਜਾਂਦੀ ਹੈ। ਜੰਗ ਵਿਚ ਉਹ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੀ ਹੈ।
ਕੰਨਿਆ ਹੋਣ ਦੀ ਸੂਰਤ ਵਿਚ ਗਾਂਵਾਂ ਚੋਣ, ਆਸਣ ਬਣਾਉਣ, ਸੀਣ-ਪਰੋਣ, ਪਾਣੀ ਭਰਨ ਆਦਿ ਦੇ ਕਾਰਜ ਪਤਨੀ ਕਰਦੀ ਹੈ। ਆਮ ਤੌਰ ‘ਤੇ ਇਕ ਪਤਨੀ ਵਿਆਹ ਦਾ ਰਿਵਾਜ ਸੀ, ਪਰ ਵੱਡੇ ਘਰਾਂ ਵਿਚ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਵੀ ਪ੍ਰਥਾ ਸੀ। ਸਤੀ ਪ੍ਰਥਾ ਅਤੇ ਬਾਲ ਵਿਆਹ ਦਾ ਕਿਧਰੇ ਵੀ ਵਰਣਨ ਨਹੀਂ ਮਿਲਦਾ। ਅਨੇਕਾਂ ਔਰਤਾਂ ਵੀ ਮਰਦ ਰਿਸ਼ੀਆਂ ਵਰਗਾ ਵਿਹਾਰ ਕਰਦੀਆਂ ਸਨ। ਰਿਗ ਵੇਦ ਦੇ ਅਨੇਕਾਂ ਮੰਦਰਾਂ ਦੀਆਂ ਵੀ ਉਹ ਰਚਨਹਾਰ ਹਨ ਅਤੇ ਆਰੀਆ ਉਨ੍ਹਾਂ ਦੇ ਮੰਤਰਾਂ ਨੂੰ ਵੀ ਉਸੇ ਆਦਰ ਅਤੇ ਖੁਸ਼ੀ ਨਾਲ ਗਾਉਂਦੇ ਹਨ, ਜਿਵੇਂ ਮਰਦਾਂ ਦੇ ਰਚੇ ਹੋਏ ਮੰਤਰਾਂ ਨੂੰ। ਘੋਸਾ, ਅਪਾਲਾ, ਵਿਸ਼ਵਵਾਰਾ, ਲੋਪਾਮੂਦਰਾ, ਵਾਂਗੰਭ੍ਰਿਵੀ ਆਦਿ ਅਨੇਕ ਔਰਤ ਰਚਨਹਾਰਾਂ ਦੇ ਮੰਦਰ ਰਿਗ ਵੇਦ ਵਿਚ ਸੁਰੱਖਿਅਤ ਹਨ। ਸ਼ਚੀ-ਪੋਲੋਮੀ ਦ੍ਰਿਪਤ ਵਾਕਯਾਵਲੀ ਵਿਚ ਕਹਿੰਦੀ ਹੈ, “ਜਿਵੇਂ ਸੂਰਜ ਅਕਾਸ਼ ਦੇ ਸਿਖਰ ‘ਤੇ ਚੜ੍ਹਦਾ ਹੈ, ਮੇਰਾ ਮੁਕੱਦਰ ਵੀ ਉਤਾਂਹ ਵੱਲ ਚੜ੍ਹ ਚੱਲਿਆ ਹੈ, ਮੇਰੀਆਂ ਸਾਥਣਾਂ ਮਿੱਟੀ ਨਾਲ ਮਿੱਟੀ ਹੋ ਰਹੀਆਂ ਹਨ, ਮੇਰੇ ਪੁੱਤਰ ਚੁਫੇਰੇ ਦੇ ਮਾਲਕ ਹਨ, ਮੇਰਾ ਪਤੀ ਇੰਦਰ ਮੇਰੇ ਵਲੋਂ ਭੇਟ ਕੀਤੀਆਂ ਆਹੂਤੀਆਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ।”
ਦਾਸ ਅਤੇ ਦੂਜੀਆਂ ਜਾਤੀਆਂ ਵਾਲੇ ਦੁਸ਼ਮਣਾਂ ਦੀਆਂ ਜਿੱਤੀਆਂ ਹੋਈਆਂ ਔਰਤਾਂ ਦੀ ਗਿਣਤੀ ਸਮਾਜ ਵਿਚ ਕਾਫੀ ਜ਼ਿਆਦਾ ਹੋ ਗਈ ਸੀ। ਪਹਿਲਾਂ ਤਾਂ ਇਹ ਔਰਤਾਂ ਦਾਸੀਆਂ ਦੇ ਤੌਰ ‘ਤੇ ਆਈਆਂ, ਪਰ ਇਨ੍ਹਾਂ ਦੇ ਸ਼ਹਿਰੀ ਵਿਹਾਰ ਨੇ ਛੇਤੀ ਹੀ ਪੇਂਡੂ ਆਰੀਆਂ ਦੇ ਦਿਲ ਜਿੱਤ ਲਏ। ਹਰ ਪਾਸਿਓਂ ਇਨ੍ਹਾਂ ਔਰਤਾਂ ਦੀ ਮੰਗ ਜ਼ੋਰ ਫੜਨ ਲੱਗੀ। ਰਾਜਿਆਂ ਦੇ ਨਿੱਜੀ ਵਸੇਬੇ ਇਨ੍ਹਾਂ ਔਰਤਾਂ ਨਾਲ ਭਰ ਗਏ। ਰਾਜੇ ਇਨ੍ਹਾਂ ਔਰਤਾਂ ਨੂੰ ਰੱਥਾਂ ਵਿਚ ਭਰ-ਭਰ ਕੇ ਪੁਰੋਹਿਤਾਂ ਨੂੰ ਦਾਨ ਕਰਨ ਲੱਗੇ। ਉਤਰ ਵੈਦਿਕ ਕਾਲ (1400-600 ਬੀæਸੀæ) ਵਿਚ ਦੇਵ-ਦਾਸੀਆਂ ਦੀ ਪ੍ਰਥਾ ਦਾ ਅਰੰਭ ਇਸੇ ਘਟਨਾ ਦਾ ਨਤੀਜਾ ਹੈ। ਪਤਨੀ ਦੀ ਹੈਸੀਅਤ ਕਾਫੀ ਉਚੀ ਹੈ ਅਤੇ ਰਿਗ ਵੇਦ ਕਾਲ ਦੀ ਉਚਾਈ ਤਕ ਪਤਨੀ ਦੇ ਰੂਪ ਵਿਚ ਭਾਰਤੀ ਔਰਤ ਕਦੇ ਨਹੀਂ ਉਠੀ ਸਕੀ; ਨਾ ਉਸ ਤੋਂ ਪਹਿਲਾਂ ਅਤੇ ਨਾ ਹੀ ਉਸ ਤੋਂ ਮਗਰੋਂ।
(ਚਲਦਾ)