ਸੁਰਜੀਤ ਸਿੰਘ ਪੰਛੀ ਬੇਕਰਜ਼ਫੀਲਡ
ਫੋਨ: 661-827-8256
ਅਨੰਦਪੁਰ ਸਾਹਿਬ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਪਰਿਵਾਰ ਸਮੇਤ ਬਾਣੀ ਦਾ ਸਿਮਰਨ ਕਰਦਿਆਂ ਅਤੇ ਪਹਾੜੀ ਰਾਜਿਆਂ ਦਾ ਟਾਕਰਾ ਕਰਦਿਆਂ ਜ਼ਿੰਦਗੀ ਬਤੀਤ ਕਰ ਰਹੇ ਸਨ। ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਕੁਝ ਚਿਰ ਪਿਛੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰੇ ਨੂੰ ਛੇ ਮਹੀਨੇ ਹੋ ਗਏ। ਜਦੋਂ ਔਰੰਗਜ਼ੇਬ ਦਾ ਅਨੰਦਪੁਰ ਸਾਹਿਬ ਛੱਡਣ ਅਤੇ ਸਹੀ-ਸਲਾਮਤ ਨਿਕਲ ਜਾਣ ਵਾਲਾ ਪੱਤਰ ਆਇਆ ਤਾਂ ਭੁੱਖ-ਤ੍ਰੇਹ ਨਾਲ ਸਤਾਏ ਸਿੱਖ ਮਾਤਾ ਗੁਜਰੀ ਨਾਲ ਗੁਰੂ ਜੀ ਨੂੰ ਕਿਲ੍ਹਾ ਛੱਡਣ ਲਈ ਕਹਿਣ ਗਏ। ਗੁਰੂ ਜੀ ਕਿਲ੍ਹਾ ਛੱਡਣ ਲਈ ਸਹਿਮਤ ਨਹੀਂ ਸਨ, ਪਰ ਉਹ ਮਾਤਾ ਗੁਜਰੀ ਅਤੇ ਸਿੱਖਾਂ ਦੇ ਜ਼ੋਰ ਦੇਣ ‘ਤੇ ਸਹਿਮਤ ਹੋ ਗਏ।
ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਵਿਆਹ ਬੁਰਹਾਨਪੁਰ ਤੋਂ ਆਏ ਸੇਵਾ ਸਿੰਘ ਦੀ ਪੁੱਤਰੀ ਤਾਰਾ ਬਾਈ ਨਾਲ ਹੋ ਚੁੱਕਿਆ ਸੀ। ‘ਗੁਰਬਿਲਾਸ ਪਾਤਸ਼ਾਹੀ 10’ ਦੇ ਲੇਖਕ ਭਾਈ ਕੁਇਰ ਸਿੰਘ, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ ਨੇ ਅਜੀਤ ਸਿੰਘ ਦੇ ਵਿਆਹ ਬਾਰੇ ਵਿਸਥਾਰ ਨਾਲ ਲਿਖਿਆ ਹੈ। ਭਾਈ ਕੁਇਰ ਸਿੰਘ ਭਾਈ ਮਨੀ ਸਿੰਘ ਦਾ ਸਮਕਾਲੀ ਸੀ ਅਤੇ ਉਨ੍ਹਾਂ ਨੂੰ ਮਿਲਦਾ ਰਹਿੰਦਾ ਸੀ। ਉਹ ਆਪ ਲਿਖਦਾ ਹੈ, ਉਸ ਨੇ ਇਹ ਪੁਸਤਕ ਭਾਈ ਮਨੀ ਸਿੰਘ ਤੋਂ ਪੁੱਛ-ਪੁੱਛ ਕੇ ਲਿਖੀ:
ਮਨੀ ਸਿੰਘ ਤਬ ਬਾਤ ਬਖਾਨੀ।
ਸੁਨੋ ਸਿੰਘ ਜਿਉ ਸੁਨੀ ਸੁਕਾਨੀ।
ਏਕ ਦੱਖਣਾ ਕੋ ਜੋ ਸਾਹਾ (ਸ਼ਾਹ)।
ਗੁਰੂ ਕੋ ਸੀਸ ਨਿਵਾਯੋ ਤਾਹਾ। (110)
ਤਬ ਗੁਰ ਕੋ ਤਿਹ ਬਚਨ ਸੁਨਾਏ।
“ਮੋ ਕੰਨਿਆ ਦਾਸੀ ਸੁਤ ਲਾਏ।”
ਤਬ ਪ੍ਰਸੰਨਤਾ ਸਤਿਗੁਰੂ ਧਾਰੀ।
ਕੀਨੋ ਵਿਆਹ ਉਛਾਹ ਅਪਾਰੀ। (113)
‘ਭੱਟ ਵਹੀ ਪੂਰਬੀ ਦੱਖਣੀ’ ਵਿਚ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਬਾਰੇ ਲਿਖਿਆ ਹੈ:
“ਅਜੀਤ ਸਿੰਘ ਬੇਟਾ ਗੁਰੂ ਗੋਬਿੰਦ ਸਿੰਘæææਦਾ ਵਿਆਹ ਤਾਰਾ ਬਾਈ ਬੇਟੀ ਸੇਵਾ ਸਿੰਘ ਸੇ ਸਾਲ ਸਤਰਾ ਸੈ ਇਕਾਹਟ (1704 ਈਸਵੀ) ਮਾਘ ਸੁਦੀ ਏਕਮ ਦੇ ਦਿਵਿਸ ਅਨੰਦਗਢ ਮੇਂ ਹੂਆ।”
‘ਗੁਰੂ ਕੀਆਂ ਸਾਖੀਆਂ’ ਲੇਖਕ ਭਾਈ ਸਰੂਪ ਸਿੰਘ ਕੌਸ਼ਿਸ਼, ਸੰਪਾਦਕ ਪਿਆਰਾ ਸਿੰਘ ਪਦਮ ਵਿਚ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਲਿਖਿਆ ਹੈ ਕਿ ਜਦੋਂ ਗੁਰੂ ਜੀ ਨੇ ਤਾਰਾ ਬਾਈ ਨੂੰ ਫਿਰ ਮਿਲਣ ਦਾ ਭਰੋਸਾ ਦਿੱਤਾ, ਤਾਂ ਉਹ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ ਅਤੇ ਆਪਣੇ ਮਾਤਾ-ਪਿਤਾ ਨਾਲ ਪਹਿਲੇ ਵਹੀਰ ਨਾਲ ਜਾਣ ਸਮੇਂ ਗਰਭਵਤੀ ਸੀ:
ਬਹੁਤ ਪ੍ਰਸੰਨ ਨਾਰਿ ਤਬ ਭਈ।
ਪਿਤਾ ਸੰਗ ਦੱਖਣ ਕੋ ਗਈ।
ਉਦਰੇ ਗਰਭ ਪਾਲਤੀ ਜਾਵੈ।
ਸਤਿਗੁਰੂ ਗਯਾਨ ਦਿਯੋ ਭਲ ਭਾਵੈ। (129)
‘ਭੱਟ ਵਹੀ ਪੂਰਬੀ ਦੱਖਣੀ, ਖਾਤਾ ਹਜਾਵਤ ਆਬਿਆਨੋਂ ਕਾ’ ਵੀ ਇਸ ਦੀ ਗਵਾਹੀ ਦਿੰਦੀ ਹੈ ਅਤੇ ਪੁੱਤਰ ਹਠੀ ਸਿੰਘ ਦੇ ਜਨਮ ਦਾ ਵੇਰਵਾ ਵੀ ਦਿੰਦੀ ਹੈ:
“ਹਠੀ ਸਿੰਘ ਬੇਟਾ ਅਜੀਤ ਸਿੰਘ ਕਾ, ਪੋਤਾ ਗੁਰੂ ਗੋਬਿੰਦ ਸਿੰਘ ਜੀæææਪਰਗਨਾ ਕਹਿਲੂਰ, ਸੰਮਤ ਸਤਾ ਸੈ ਬਾਸਠ (1705 ਈਸਵੀ) ਪੋਖ ਮਾਸੇ ਸੁਦੀ ਪੰਚਮੀਂ ਦਿਹੁੰ ਆਗਰਾ ਨਗਰੀ ਪਰਗਨਾ ਮਥਰਾ ਭਾਈ ਸਰਧਾ ਸਿੰਘ ਬੇਟਾ ਮੋਹਕਮ ਦਾਸ ‘ਗੁਲਾਟੀ’ ਅਰੋੜਾ ਕੇ ਗ੍ਰਹਿ ਹੂਆ।” ‘ਗੁਰੂ ਕੀਆਂ ਸਾਖੀਆਂ’ ਵਿਚ ਵੀ ਇਸ ਤਰ੍ਹਾਂ ਦੱਸਿਆ ਗਿਆ ਹੈ।
‘ਬੰਸਾਵਲੀਨਾਮਾ’ ਲੇਖਕ ਭਾਈ ਕੇਸਰ ਸਿੰਘ ਛਿੱਬਰ, ਸੰਪਾਦਕ ਪਿਆਰਾ ਸਿੰਘ ਪਦਮ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਵਿਆਹ ਦਾ ਜ਼ਿਕਰ ਕਰਦੇ ਲਿਖਦੇ ਹਨ:
ਨਾਲ ਸਾਹਿਬ ਜੀਤ ਸਿੰਘ ਦਾ ਕੁਆਰਾ ਸੀ ਡੋਲਾ।
ਨਾਲ ਕਰਿ ਦਿੱਤਾ ਬਨਾਰਸੀ ਦਾਸ ਘਰ ਦਾ ਗੋਲਾ।
ਜਦਿ ਕੋਸ ਦੁਇ ਤ੍ਰੈ ਟੁਰ ਕੇ ਗਏ।
ਤਦਿ ਰਾਜੇ ਲੈ ਫਉਜਾਂ ਪਿੱਛੇ ਪਏ। (586)
ਅਨੰਦਪੁਰ ਸਾਹਿਬ ਖਾਲੀ ਕਰਨ ਦੀਆਂ ਤਿਆਰੀਆਂ ਅਰੰਭ ਹੋ ਗਈਆਂ। ਮਾਤਾ ਗੁਜਰੀ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਤਿਆਰੀਆਂ ਵਿਚ ਰੁੱਝ ਗਏ ਸਨ।
ਅਨੰਦਪੁਰ ਸਾਹਿਬ ਵਿਚ ਰਹਿੰਦਿਆਂ ਮਾਤਾ ਗੁਜਰੀ ਨੇ ਗੁਰੂ ਜੀ ਨੂੰ ਪਾਲਿਆ ਸੀ, ਲਾਡ ਲਡਾਏ ਸਨ। ਮਾਤਾ ਸੁੰਦਰੀ ਨੇ ਮਾਤਾ ਗੁਜਰੀ ਕੋਲੋਂ ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਡਾæ ਹਰਜਿੰਦਰ ਸਿੰਘ ਦਿਲਗੀਰ ਗਿਆਨੀ ਗਰਜਾ ਸਿੰਘ ਦੇ ਹਵਾਲੇ ਨਾਲ ਅਨੰਦਪੁਰ ਸਾਹਿਬ ਛੱਡਣ ਦੀ ਮਿਤੀ 29 ਮਾਰਚ 1705 ਈਸਵੀ ਲਿਖਦਾ ਹੈ। ਇਸ ਮਿਤੀ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 19 ਅਤੇ 20 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 22 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਉਨ੍ਹਾਂ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ, ਸਾਹਿਬਜ਼ਾਦਾ ਅਜੀਤ ਸਿੰਘ ਦੀ ਪਤਨੀ ਤਾਰਾ ਬਾਈ ਅਤੇ ਉਸ ਦੇ ਮਾਤਾ-ਪਿਤਾ ਨੂੰ ਗ੍ਰਹਿਸਥੀ ਪਰਿਵਾਰਾਂ ਦੇ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰੀ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।
ਤੁਸਾਂ ਪਿਛੇ ਨਹੀਂ ਰਹਿਣਾ ਅਟਕਾਇ, ਜੇ ਕੋਈ ਫਉਜ ਪਈ ਆਇ।
ਤੁਸਾਂ ਛੱਡ ਕੇ ਊਠ, ਅੱਗੇ ਜਾਣਾ ਧਾਇ। (545)
ਨਾਲ ਸਾਹਿਬ ਜੀਤ ਸਿੰਘ ਦਾ ਕੁਆਰਾ ਸੀ ਡੋਲਾ।
ਨਾਲ ਕਰਿ ਦਿੱਤਾ ਬਨਾਰਸੀ ਦਾਸ ਘਰ ਦਾ ਗੋਲਾ।
ਜਦੋਂ ਕੋਸ ਦੁਇ ਤ੍ਰੈ ਟੁਰਿ ਕੇ ਗਏ।
ਤਦਿ ਰਾਜੇ ਲੈਉਂ ਫਉਜਾਂ ਪਿਛੇ ਪਏ। (546)
ਮੱਘ੍ਰ ਮਹੀਨੇ ਅੱਧੀ ਨਿਸਾ ਕੂਚ ਕੀਤਾ।
ਲੋਕ ਆਪਣਾ ਸਭ ਇਕੱਠਾ ਕਰ ਲੀਤਾ।
ਜਿਸ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ,
ਤਿਤ ਮਾਰਗ ਪਿਆ। (556)
‘ਗੁਰੂ ਸੋਭਾ’ ਦਾ ਲੇਖਕ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਸੈਨਾਪਤੀ ਸਰਸਾ ਵਿਚ ਹੜ੍ਹਾਂ ਦਾ ਜ਼ਿਕਰ ਨਹੀਂ ਕਰਦਾ ਅਤੇ ਨਾ ਹੀ ਮਾਤਾਵਾਂ ਬਾਰੇ ਕੁਝ ਲਿਖਦਾ ਹੈ। ਗੁਰੂ ਜੀ ਵਲੋਂ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤੁਰਕ ਤੇ ਹਿੰਦੂ ਫੌਜਾਂ ਨੂੰ ਰੋਕਣ ਲਈ ਛੱਡ ਕੇ ਆਪ ਚਮਕੌਰ ਸਾਹਿਬ ਚਲੇ ਜਾਣ ਬਾਰੇ ਲਿਖਿਆ ਹੈ। ਅਜੀਤ ਸਿੰਘ ਜੋ ਪਿਛੇ ਆ ਰਿਹਾ ਸੀ, ਨੂੰ ਅੱਗੇ ਭੇਜ ਦੇਣ ਲਈ ਕਹਿ ਗਏ। ਉਦੈ ਸਿੰਘ ਨੇ ਫੌਜਾਂ ਨੂੰ ਰੋਕੀ ਰੱਖਿਆ ਅਤੇ ਵਹੀਰ ਉਥੋਂ ਬਚ ਕੇ ਅੱਗੇ ਨਿਕਲ ਗਿਆ।
ਭਾਈ ਦੁਲਾ ਸਿੰਘ ਹੰਡੂਰੀਆ ਦੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਸਰਸਾ ਵਿਚ ਹੜ੍ਹ ਅਤੇ ਮਾਤਾਵਾਂ ਬਾਰੇ ਕੁਝ ਨਹੀਂ ਲਿਖਿਆ। ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਬਹੁਤ ਦਰਦੀਲੇ ਸ਼ਬਦਾਂ ਵਿਚ ਕੀਤਾ ਹੈ। ਮਾਤਾ ਗੁਜਰੀ ਨਾਲ ਜੋ ਬੀਤਦੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਿਚ ਜੋ ਵਿਚਾਰ ਆਉਂਦੇ ਹਨ, ਉਨ੍ਹਾਂ ਦਾ ਵਰਣਨ ਬਹੁਤ ਭਾਵਕ ਸ਼ਬਦਾਂ ਵਿਚ ਕੀਤਾ ਹੈ:
ਸਿੱਖ ਟੋਡਰ ਮੱਲ ਤੇਹ,
ਮਾਤਾ ਕੋ ਐਸੇ ਕਹਯੇ।
ਕਾਰਣ ਭਯੋ ਸੁ ਏਹੁ,
ਸੀਸੇ ਉਤਾਰੇ ਤੁਮ ਸੁਤਨ।
ਤਬ ਮਾਤਾ ਬਿਲਖੀ
ਭਈ ਐਸੀ ਸੁਨੀ ਜੁ ਬਾਤ।
ਦੇਖੇ ਸੀਸ ਜੁ ਲਟਕਤੇ,
ਹਿੱਕ ਮਰੋਰੀ ਪਾਤ।
ਹੇ ਪੁੱਤਰ! ਐਸੀ ਤੁਮ ਕਰੀ।
ਹੌਂ ਜੀਵਤ ਤੁਮ ਸੀਸ ਉਤਰੀ।
ਐਸੇ ਭਾਖਿ ਮੂਰਛਾ ਪਾਈ।
ਘਰੀ ਚਾਰ ਸੁਧ ਫਿਰ ਨਹਿੰ ਆਈ।
ਮਿਰਜ਼ਾ ਮੁਹੰਮਦ ਅਬਦਲ ਗਨੀ ਨੇ ‘ਜੌਹਰਾ-ਏ-ਤੇਗ’ ਵਿਚ ਅਤੇ ਹਕੀਮ ਅੱਲ੍ਹਾ ਯਾਰ ਖਾਂ ਨੇ ‘ਗੰਜ-ਏ-ਸ਼ਹੀਦਾਂ’ ਵਿਚ ਚਮਕੌਰ ਸਾਹਿਬ ਅਤੇ ‘ਸ਼ਹੀਦਾਨਿ-ਵਫਾ’ ਵਿਚ ਸਾਕਾ ਸਰਹਿੰਦ ਦਾ ਵਰਣਨ ਜੋਸ਼ੀਲੇ ਤੇ ਸ਼ਰਧਾ ਭਰਪੂਰ ਸ਼ਬਦਾਂ ਵਿਚ ਕੀਤਾ ਹੈ। ਦੋਵਾਂ ਥਾਂਵਾਂ ਬਾਰੇ ਪੜ੍ਹਦਿਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ। ਅੱਲ੍ਹਾ ਯਾਰ ਖਾਂ ਜਦੋਂ ਸਰਹਿੰਦ ਸ਼ਹੀਦੀ ਦਿਵਸ ‘ਤੇ ਆਇਆ, ਆਪਣੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਰੁਆ ਕੇ ਗਿਆ।
ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ, ਤਾਰਾ ਬਾਈ ਅਤੇ ਉਸ ਦੇ ਮਾਤਾ-ਪਿਤਾ ਪਹਿਲੇ ਵਹੀਰ ਨਾਲ ਚਲੇ ਗਏ ਸਨ। ਉਨ੍ਹਾਂ ਨਾਲ ਗਰਜਾ ਸਿੰਘ, ਜਵਾਹਰ ਸਿੰਘ, ਦਰਬਾਰਾ ਸਿੰਘ, ਸਹਿਜ ਸਿੰਘ, ਮਾਤਾ ਸਾਹਿਬ ਦੇਵਾਂ ਦਾ ਭਰਾ ਸਾਹਿਬ ਸਿੰਘ ਸਨ। ਸਰਸਾ ਵਿਚ ਕੋਈ ਹੜ੍ਹ ਨਹੀਂ ਆਇਆ ਸੀ। ਇਹ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਦੇ ਮਾਮੇ ਮਿਹਰ ਚੰਦ ਦੇ ਘਰ ਲਖਨੌਰ ਪੁੱਜ ਗਏ ਅਤੇ ਫਿਰ ਦਿੱਲੀ ਚਲੇ ਗਏ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਭਾਈ ਮਨੀ ਸਿੰਘ ਮਾਤਾਵਾਂ ਨਾਲ ਦਿੱਲੀ ਗਏ। ਇਹ ਵਿਚਾਰ ਠੀਕ ਨਹੀਂ। ਉਹ ਤਾਂ ਉਸ ਸਮੇਂ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਸਨ ਅਤੇ ਇਥੋਂ ਹੀ ਗੁਰੂ ਜੀ ਨੂੰ ਮਿਲਣ ਤਲਵੰਡੀ ਸਾਬੋ ਗਏ ਸਨ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਹੱਥ ਵਿਚ ਸਵਾਰ ਹੋ ਕੇ ਉਦੈ ਸਿੰਘ ਦੀ ਨਿਗਰਾਨੀ ਵਿਚ ਦੂਜੇ ਵਹੀਰ ਨਾਲ ਤੋਰ ਦਿੱਤੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਗੁਰੂ ਜੀ ਦੇ ਨਾਲ ਸਨ। ਜਦੋਂ ਇਹ ਵਹੀਰ ਸ਼ਾਹੀ ਟਿੱਬੀ ਪਹੁੰਚਿਆ ਤਾਂ ਗੁਰੂ ਜੀ ਵੀ ਕੀਰਤਪੁਰ ਤੋਂ ਲੜਦੇ ਹੋਏ ਸ਼ਾਹੀ ਟਿੱਬੀ ਪਹੁੰਚ ਗਏ। ਗੁਰੂ ਜੀ ਪੰਜਾਹ ਸਿੰਘ ਉਦੈ ਸਿੰਘ ਨਾਲ ਛੱਡ ਕੇ ਫੌਜਾਂ ਨੂੰ ਰੋਕੀ ਰੱਖਣ ਅਤੇ ਸ਼ਹੀਦੀਆਂ ਪਾਉਣ ਤੱਕ ਲੜਦੇ ਰਹਿਣ ਲਈ ਕਹਿ ਕੇ ਅਤੇ ਪਿਛੇ ਆ ਰਹੇ ਅਜੀਤ ਸਿੰਘ ਨੂੰ ਅੱਗੇ ਤੋਰਨ ਲਈ ਕਹਿ ਕੇ ਅੱਗੇ ਨਿਕਲ ਗਏ। ਅੱਗੇ ਪਹੁੰਚ ਕੇ ਭਾਈ ਬਚਿੱਤਰ ਸਿੰਘ ਨੂੰ ਸੌ ਕੁ ਸਿੰਘਾਂ ਨਾਲ ਰੋਪੜ ਵਲੋਂ ਆ ਰਹੀ ਸਰਹਿੰਦੀ ਫੌਜ ਨੂੰ ਰੋਕਣ ਲਈ ਭੇਜਿਆ ਤਾਂ ਕਿ ਵਹੀਰ ਬਚ ਕੇ ਨਿਕਲ ਜਾਵੇ। ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ। ਅਜੀਤ ਸਿੰਘ ਉਸ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਵਿਚ ਨਿਹੰਗ ਖਾਂ ਦੇ ਘਰ ਲੈ ਗਿਆ। ਗੁਰੂ ਜੀ ਪਹਿਲਾਂ ਹੀ ਉਥੇ ਪੁੱਜੇ ਹੋਏ ਸਨ। ਭਾਈ ਬਚਿੱਤਰ ਸਿੰਘ ਇਥੇ ਹੀ ਪਰਲੋਕ ਸਿਧਾਰ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਦੇ ਪੁੱਤਰ ਆਲਮ ਜੋ ਰਾਏਕੋਟ ਵਾਲੇ ਰਾਏ ਕੱਲ੍ਹ ਦਾ ਜਵਾਈ ਸੀ, ਦੀ ਸਹਾਇਤਾ ਨਾਲ ਰਾਤ ਨੂੰ ਚਮਕੌਰ ਸਾਹਿਬ ਪਹੁੰਚ ਗਏ। ਚਾਲੀ ਸਿੰਘ ਵੀ ਯੋਜਨਾ ਅਨੁਸਾਰ ਉਥੇ ਪੁੱਜ ਚੱਕੇ ਸਨ। ਇਥੋਂ ਦੀ ਗੜ੍ਹੀ ਵਿਚ ਸਾਹਿਬਜ਼ਾਦੇ ਤੇ ਕਾਫੀ ਸਿੰਘ ਸ਼ਹੀਦ ਹੋ ਗਏ ਸਨ। ਗੁਰੂ ਜੀ ਵੀ ਸ਼ਹੀਦ ਹੋਣਾ ਚਾਹੁੰਦੇ ਸਨ, ਪਰ ਗੜ੍ਹੀ ਵਿਚਲੇ ਸਿੰਘਾਂ ਨੇ ਕਿਹਾ ਕਿ ਉਹ ਇਥੋਂ ਨਿਕਲ ਜਾਣ। ਜੇ ਉਹ ਬਚ ਕੇ ਚਲੇ ਗਏ ਤਾਂ ਖਾਲਸੇ ਨੂੰ ਫ਼ਿਰ ਜਿਉਂਦਾ ਕਰ ਸਕਦੇ ਹਨ। ਜੇ ਗੁਰੂ ਜੀ ਹੀ ਸ਼ਹੀਦ ਹੋ ਗਏ ਤਾਂ ਉਨ੍ਹਾਂ ਦੇ ਨਾਲ ਖਾਲਸੇ ਦਾ ਵੀ ਅੰਤ ਹੋ ਜਾਵੇਗਾ। ਸੋ, ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਵਿਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ‘ਆਪੇ ਗੁਰ ਚੇਲਾ’ ਅਨੁਸਾਰ ਗੁਰੂ ਜੀ ਨੂੰ ਹੁਕਮ ਮੰਨਣਾ ਪਿਆ। ਗੁਰੂ ਜੀ ਨੇ ਆਪਣੇ ਸਿਰ ਤੋਂ ਪਗੜੀ ਲਾਹ ਕੇ ਸੰਗਤ ਸਿੰਘ ਦੇ ਬੰਨ੍ਹ ਦਿੱਤੀ, ਆਪਣੀ ਪੁਸ਼ਾਕ ਵੀ ਪਹਿਨਾ ਦਿੱਤੀ, ਕਲਗੀ ਵੀ ਉਸ ਦੇ ਸਿਰ ‘ਤੇ ਟਿਕਾਈ। ਗੁਰੂ ਜੀ ਨੇ ਸਿੰਘਾਂ ਦੇ ਸਾਹਮਣੇ ਉਸ ਨੂੰ ਸਿਜਦਾ ਕੀਤਾ। ਫਿਰ ਉਸ ਨੂੰ ਪਕਿਆਈ ਕੀਤੀ ਕਿ ਇਥੇ ਹੀ ਸ਼ਹੀਦ ਹੋਣਾ ਹੈ। ਗੁਰੂ ਜੀ ਤੇ ਤਿੰਨ ਪਿਆਰੇ- ਦਾਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਯੋਜਨਾ ਅਨੁਸਾਰ ਨਿਕਲ ਗਏ ਅਤੇ ਦੱਸੇ ਅਨੁਸਾਰ ਮਾਛੀਵਾੜੇ ਗਨੀ ਖਾਂ ਤੇ ਨਬੀ ਖਾਂ ਜੋ ਨਿਹੰਗ ਖਾਂ ਦੀ ਭੂਆ ਦੇ ਪੁੱਤ ਸਨ, ਦੇ ਘਰ ਇਕੱਠੇ ਹੋ ਗਏ। ਇਥੋਂ ਉਹ ‘ਉਚ ਦਾ ਪੀਰ’ ਬਣ ਕੇ ਨਿਕਲ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰਾਤ ਸਮੇਂ ਕੂਮੇ ਮਾਸ਼ਕੀ ਦੀ ਝੁੱਗੀ ਵਿਚ ਰਹੇ। ਉਸ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਗਰਮ ਕਰ ਕੇ ਪਿਲਾਇਆ। ਦੂਜੇ ਦਿਨ ਸਵੇਰੇ ਪਿੰਡ ਚੌਂਤੇ ਵੱਲ ਪਿੰਡ ਸਹੇੜੀ ਦੇ ਦੋ ਹਜ਼ੂਰੀ ਮਸੰਦ ਆਏ ਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਆਪਣੇ ਨਾਂ ਧੂਮਾਂ ਤੇ ਦਰਬਾਰੀ ਦੱਸੇ ਸਨ। ਆਮ ਪ੍ਰਚੱਲਤ ਹੈ ਕਿ ਗੁਰੂ ਘਰ ਦਾ ਰਸੋਈਆ ਗੰਗੂ ਲੈ ਗਿਆ ਸੀ। ਮਾਤਾ ਜੀ ਕੋਲ ਬਹੁਤ ਸਾਰੀਆਂ ਮੋਹਰਾਂ ਤੇ ਸੋਨਾ ਦੇਖ ਕੇ ਲਾਲਚੀ ਹੋ ਗਿਆ। ਗੰਗੂ ਨੇ ਮੋਰਿੰਡਾ ਦੇ ਅਫਸਰ ਨੂੰ ਦੱਸ ਕੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਸ ਨੇ ਇਨ੍ਹਾਂ ਨੂੰ ਸਰਹਿੰਦ ਪਹੁੰਚਾ ਦਿੱਤਾ। ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਨੂੰ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ। ਇਥੇ ਮਾਤਾ ਜੀ ਅਤੇ ਬੱਚਿਆਂ ਨੂੰ ਠੰਢ ਨੇ ਬਹੁਤ ਤੰਗ ਕੀਤਾ। ਠੰਢ ਤੋਂ ਬਚਣ ਲਈ ਉਨ੍ਹਾਂ ਕੋਲ ਕੱਪੜੇ ਵੀ ਨਹੀਂ ਸਨ। ਨਵਾਬ ਗੁੱਸੇ ਵਿਚ ਗੁਰੂ ਜੀ ‘ਤੇ ਦੰਦ ਕਰੀਚ ਰਿਹਾ ਸੀ। ਉਸ ਨੇ ਆਪਣੀਆਂ ਸ਼ਕਤੀਆਂ ਬੱਚਿਆਂ ਵਿਰੁਧ ਵਰਤਣੀਆਂ ਸ਼ੁਰੂ ਕਰ ਦਿੱਤੀਆਂ।
24 ਦਸੰਬਰ 1704 ਈਸਵੀ ਨੂੰ ਬੱਚਿਆਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿਚ ਪੇਸ਼ ਕੀਤਾ। ਬੱਚਿਆਂ ਨੂੰ ਡਰਾਉਣ ਲਏ ਸੈਂਕੜੇ ਹਥਿਆਰਬੰਦ ਸਿਪਾਹੀ ਖੜ੍ਹੇ ਸਨ। ਨਵਾਬ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰੂ ਜੀ, ਵੱਡੇ ਦੋਵੇਂ ਸਾਹਿਬਜ਼ਾਦੇ ਅਤੇ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਬਦਲੇ ਸੁਰੱਖਿਅਤ ਜ਼ਿੰਦਗੀ ਦੇਣ ਦੀ ਪੇਸ਼ਕਸ਼ ਕੀਤੀ। ਬੱਚਿਆਂ ਨੇ ਨਿਡਰਤਾ ਨਾਲ ਇਸਲਾਮ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਪ੍ਰਸ਼ਨ ਕੀਤਾ ਕਿ ਕੀ ਉਨ੍ਹਾਂ ਦੇ ਦਾਦੇ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਕਬੂਲ ਕਰ ਲਿਆ ਸੀ? ਨਵਾਬ ਦੇ ਟੋਡੀ ਦਰਬਾਰੀ ਸੁੱਚਾ ਨੰਦ ਨੇ ਕਿਹਾ ਕਿ ਇਨ੍ਹਾਂ ਸਪੋਲੀਆਂ ਦੇ ਸਿਰ ਫੇਹ ਦੇਣੇ ਚਾਹੀਦੇ ਹਨ। ਬੱਚਿਆਂ ਨੂੰ 25 ਦਸੰਬਰ ਨੂੰ ਕਚਹਿਰੀ ਵਿਚ ਫਿਰ ਪੇਸ਼ ਕੀਤਾ ਗਿਆ, ਪਰ ਉਨ੍ਹਾਂ ਉਤੇ ਦਬਾਅ ਦੇ ਢੰਗ-ਤਰੀਕਿਆਂ ਦਾ ਰੱਤੀ ਭਰ ਵੀ ਅਸਰ ਨਾ ਹੋਇਆ।
ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਜਿਸ ਦਾ ਭਰਾ ਅਤੇ ਭਤੀਜਾ ਗੁਰੂ ਜੀ ਨਾਲ ਲੜਦਿਆਂ ਮਾਰੇ ਗਏ ਸਨ, ਨੂੰ ਬੱਚਿਆਂ ਨੂੰ ਕਤਲ ਕਰ ਦੇਣ ਲਈ ਕਿਹਾ, ਪਰ ਉਸ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸਾਡਾ ਦੁਸ਼ਮਣ ਗੁਰੂ ਹੈ, ਇਨ੍ਹਾਂ ਸ਼ੀਰ-ਖੋਰ ਬੱਚਿਆਂ ਨਾਲ ਸਾਡੀ ਕੀ ਦੁਸ਼ਮਣੀ ਹੈ? ਸ਼ੇਰ ਮੁਹੰਮਦ ਖਾਂ ਇਹ ਕਹਿ ਕੇ ਦਰਬਾਰ ਵਿਚੋਂ ਬਾਹਰ ਚਲਿਆ ਗਿਆ। ਅਖੀਰ ਨਵਾਬ ਵਜ਼ੀਰ ਖਾਨ ਨੇ ਬੱਚਿਆਂ ਨੂੰ ਕੰਧਾਂ ਵਿਚ ਚਿਣਨ ਲਈ ਕਿਹਾ। ਜੱਲਾਦਾਂ ਨੇ ਗਾਰੇ ਤੇ ਇੱਟਾਂ ਨਾਲ ਬੱਚਿਆਂ ਦੁਆਲੇ ਕੰਧ ਉਸਾਰਨੀ ਸ਼ੁਰੂ ਕੀਤੀ। ਜਦੋਂ ਕੰਧ ਮੋਢਿਆਂ ਨੇੜੇ ਗਈ ਤਾਂ ਉਨ੍ਹਾਂ ਗੁੱਸੇ ਨਾਲ ਕੰਧ ਨੂੰ ਧੱਕਾ ਮਾਰਿਆ। ਕੰਧ ਗਾਰੇ ਦੀ ਅਤੇ ਗਿੱਲੀ ਹੋਣ ਕਰ ਕੇ ਡਿੱਗ ਪਈ। ਜੱਲਾਦ ਮਿਸ਼ਾਲ ਬੇਗ ਤੇ ਵਿਸ਼ਾਲ ਬੇਗ ਜੋ ਸਮਾਣੇ ਦੇ ਸਨ, ਨੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਨੂੰ ਖਬਰ ਪੁੱਜੀ ਤਾਂ ਬੇਹੋਸ਼ ਹੋ ਕੇ ਡਿੱਗ ਪਏ। ਟੋਡਰ ਮੱਲ ਨੇ ਧਰਤੀ ‘ਤੇ ਮੋਹਰਾਂ ਵਿਛਾ ਕੇ ਸਸਕਾਰ ਲਈ ਜ਼ਮੀਨ ਖਰੀਦੀ ਤੇ ਸਸਕਾਰ ਕੀਤਾ। ਇਸ ਥਾਂ ‘ਤੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।
ਜਿਸ ਕੁਲ ਕੌਮ ਜਾਤ ਕੇ ਬੱਚੇ,
ਦੇ ਸਕਤੇ ਯੂੰ ਬਲੀਦਾਨ।
ਉਸ ਕੌਮ ਕਾ ਵਰਤਮਾਨ ਕੁਛ ਭੀ ਹੋ,
ਭਵਿਸ਼ ਹੈ ਮਹਾਂ ਮਹਾਨ।