ਪੰਜਾਬੀਓ! ਜੇ ਬੁਰਛਾਗਰਦੀ ਦੇ ਤੂਫਾਨ ਤੋਂ ਬਚਣਾ ਹੈ…

ਜਸਟਿਸ ਸੱਯਦ ਆਸਿਫ਼ ਸ਼ਾਹਕਾਰ
ਪਹਿਲਾਂ ਦੁੱਖ ਦੀ ਗੱਲ; ਕਿ ਅਸੀਂ ਪੰਜਾਬੀ 65 ਸਾਲ ਲੰਘਣ ਮਗਰੋਂ ਵੀ ਗ਼ੁਲਾਮੀ ਦੇ ਦੌਰ ਦੀ ਤਾਰੀਫ਼ ਕਰ ਰਹੇ ਹਾਂ। ਨਾਲ ਹੀ ਖ਼ੁਸ਼ੀ ਇਸ ਗੱਲ ਦੀ ਕਿ ਪੰਜਾਬੀ ਇਨ੍ਹਾਂ 65 ਸਾਲਾਂ ਵਿਚ ਰਗੜਾ ਖਾਣ ਮਗਰੋਂ ਨਾਮ-ਨਿਹਾਦ ਆਜ਼ਾਦੀ ਦੇ ਪਖੰਡੀ ਪ੍ਰਚਾਰ ਤੋਂ ਆਜ਼ਾਦ ਹੋ ਕੇ ਸੱਚ ਬੋਲ ਰਿਹਾ ਹੈ। ਸਾਡੇ ਕੋਲ਼ ਹੁਣ ਸੱਚ ਬੋਲਣ ਬਿਨਾਂ ਕੋਈ ਚਾਰਾ ਵੀ ਨਹੀਂ ਹੈ। ਝੂਠ ਬੋਲਣ ਦਾ ਮਤਲਬ ਹੈ, ਆਪਣੇ ਆਪ ਨੂੰ ਧੋਖਾ ਦੇਣਾ। 1947 ਦੀ ਵੰਡ ਤੋਂ ਲੈ ਕੇ ਹੁਣ ਤੱਕ ਸਾਡੀਆਂ ਕਿੰਨੀਆਂ ਪੀੜ੍ਹੀਆਂ ਇਸ ਧੋਖੇ ਦਾ ਸ਼ਿਕਾਰ ਹੋਈਆਂ। ਇਹ ਧੋਖਾ ਜੇ ਸਾਨੂੰ ਸਾਡੇ ਲੀਡਰਾਂ, ਮਜ਼ਹਬੀ ਆਗੂਆਂ ਅਤੇ ਵਿਦਵਾਨਾਂ ਦਿੱਤਾ ਤਾਂ ਸਭ ਤੋਂ ਵੱਡਾ ਧੋਖਾ ਅਸੀਂ ਆਪਣੇ ਆਪ ਨੂੰ ਆਪ ਦਿੱਤਾ।
ਪੰਜਾਬੀਆਂ ਨੇ ਆਪਣੇ ਆਪ ਨੂੰ ਮਜ਼ਹਬਾਂ/ਧਰਮਾਂ ਵਿਚ ਵੰਡ ਕੇ ਕੁਝ ਨਹੀਂ ਖੱਟਿਆ; ਜੇ ਕਿਸੇ ਖੱਟਿਆ ਹੈ ਤਾਂ ਇਹ ਸਾਡੇ ਕੁਰਪੱਟ ਸਿਆਸੀ ਤੇ ਧਾਰਮਿਕ ਲੀਡਰ ਨੇ। ਜਿਥੋਂ ਤੱਕ ਸਾਡੇ ਮੁਸਤਕਬਿਲ (ਭਵਿੱਖ) ਦਾ ਤਾਅਲੁੱਕ (ਸਬੰਧ) ਹੈ, ਅਸੀਂ ਅਨਾਰਕੀ ਦੇ ਦੌਰ ਵਿਚੋਂ ਲੰਘ ਰਹੇ ਹਾਂ। ਜਿਵੇਂ ਸਾਨੂੰ ਇਤਿਹਾਸ ਦੱਸਦਾ ਹੈ ਕਿ ਅਨਾਰਕੀ ਦੀ ਅਗਲੀ ਪੌੜੀ ਹਮੇਸ਼ ਖ਼ਾਨਾਜੰਗੀ ਤੇ ਬੁਰਛਾਗਰਦੀ ਹੁੰਦੀ ਹੈ, ਇਸ ਤਰ੍ਹਾਂ ਅਸੀਂ ਵੀ ਉਸੇ ਪਾਸੇ ਤੁਰੇ ਜਾ ਰਹੇ ਹਾਂ।
ਪਾਕਿਸਤਾਨੀ ਪੰਜਾਬ ਬੁਰਛਾਗਰਦੀ ਦੇ ਇਸ ਦੌਰ ਵਿਚ ਦਾਖ਼ਲ ਹੋ ਚੁੱਕਿਆ ਹੈ, ਇਸ ਬੁਰਛਾਗਰਦੀ ਦੀ ਸ਼ਕਲ ਮਿਸਲਾਂ ਵਾਲੀ ਬੁਰਛਾਗਰਦੀ ਵਰਗੀ ਨਹੀਂ ਹੈ ਪਰ ਉਥੇ ਵੀ ਮਿਸਲਾਂ ਬਣ ਚੁੱਕੀਆਂ ਨੇ। ਫ਼ੌਜ ਇੱਕ ਮਿਸਲ ਏ। ਸਿਆਸੀ ਪਾਰਟੀਆਂ ਦੂਜੀ ਮਿਸਲ ਹੈ। ਸੁਪਰੀਮ ਕੋਰਟ ਤੀਜੀ ਮਿਸਲ ਹੈ। ਕੱਟੜ ਧਾਰਮਿਕ ਪਾਰਟੀਆਂ ਚੌਥੀ ਮਿਸਲ ਹੈ। ਵਕੀਲ ਪੰਜਵੀਂ ਅਤੇ ਮੀਡੀਆ ਛੇਵੀਂ ਮਿਸਲ ਹੈ। ਇਸ ਤਰ੍ਹਾਂ ਦੀਆਂ ਖ਼ੌਰੇ ਹੋਰ ਕਿੰਨੀਆਂ ਮਿਸਲਾਂ ਨੇ। ਭਾਵੇਂ ਇਨ੍ਹਾਂ ਨਵੀਆਂ ਤੇ ਪੁਰਾਣੀਆਂ ਮਿਸਲਾਂ ਦੀ ਸ਼ਕਲ ਇਕੋ ਜਿਹੀ ਨਹੀਂ ਹੈ, ਪਰ ਇਨ੍ਹਾਂ ਵਿਚ ਮੁਢਲੀਆਂ ਗੱਲਾਂ ਸਾਂਝੀਆਂ ਨੇ। ਹਰ ਮਿਸਲ ਤਾਕਤ ਤੇ ਲੋਭ ਦੀ ਭੁੱਖੀ ਹੈ ਤੇ ਲੋਕਾਂ ਨੂੰ ਡਰਾ ਧਮਕਾ ਕੇ ਥੱਲੇ ਲਾਉਣਾ ਚਾਹੁੰਦੀ ਹੈ। ਸਾਰੀਆਂ ਮਿਸਲਾਂ ਆਪਸ ਵਿਚ ਲੜ ਰਹੀਆਂ ਨੇ। ਪੂਰਬੀ ਪੰਜਾਬ ਭਾਵੇਂ ਹਾਲੇ ਪੱਛਮੀ ਪੰਜਾਬ ਦੇ ਬਰਾਬਰ ਨਹੀਂ ਆਇਆ ਪਰ ਉਥੇ ਅਨਾਰਕੀ ਦੀ ਰਫ਼ਤਾਰ ਦਿਨੋ ਦਿਨ ਵਧ ਰਹੀ ਹੈ। ਹੋ ਸਕਦਾ ਹੈ, ਉਥੇ ਪੱਛਮੀ ਪੰਜਾਬ ਵਰਗੀਆਂ ਮਿਸਲਾਂ ਨਾ ਬਣਨ, ਪਰ ਇਹ ਨਹੀਂ ਹੋ ਸਕਦਾ ਕਿ ਉਥੇ ਇਹ ਮਿਸਲਾਂ ਨਾ ਬਣਨ! ਅਸਲ ਵਿਚ ਤਾਂ ਉਥੇ ਇਨ੍ਹਾਂ ਮਿਸਲਾਂ ਦਾ ਮੁੱਢ ਬੱਝ ਚੁੱਕਿਆ ਏ; ਜਿਹਦੇ ਵਿਚ ਸਿਆਸੀ ਤੇ ਧਾਰਮਿਕ ਮਿਸਲਾਂ ਪਹਿਲੀ ਕਤਾਰ ਵਿਚ ਖੜ੍ਹੀਆਂ ਨੇ।
ਕੁਝ ਲੋਕ ਇਹ ਸਵਾਲ ਕਰਨਗੇ ਕਿ ਜਦ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਅਸੀਂ ਤਬਾਹੀ ਤੇ ਖ਼ੂਨ-ਖ਼ਰਾਬੇ ਵੱਲ ਤੁਰੇ ਜਾ ਰਹੇ ਹਾਂ, ਤਾਂ ਫਿਰ ਕੀ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਹੈ? ਹਾਂ, ਰੋਕਿਆ ਜਾ ਸਕਦਾ ਹੈ ਪਰ ਇਹ ਮੁਹਿੰਮ ਸਰ ਕਰਨ ਲਈ ਪਹਿਲੀ ਸ਼ਰਤ ਪੰਜਾਬੀ ਬਣਨਾ ਹੈ। ਸਾਨੂੰ ਆਪਣੇ ਗਿਰੇਬਾਨ ਵਿਚ ਦੇਖਣਾ ਪਵੇਗਾ ਕਿ ਕੀ ਅਸੀਂ ਪੰਜਾਬੀ ਹਾਂ?
ਪੰਜਾਬੀ ਦਾ ਸ਼ਬਦ ਪੰਜਾਬ ਤੋਂ ਨਿਕਲਿਆ ਹੈ। ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ। ਹੁਣ ਇਹ ਪੰਜਾਂ ਦਰਿਆਵਾਂ ਦੀ ਧਰਤੀ ਕਿਹੜੀ ਹੈ? ਪੂਰਬੀ ਪੰਜਾਬ? ਉਥੇ ਢਾਈ ਦਰਿਆ ਵਗਦੇ ਨੇ। ਪੱਛਮੀ ਪੰਜਾਬ? ਉਥੇ ਵੀ ਢਾਈ ਦਰਿਆ ਵਗਦੇ ਨੇ। ਇਨ੍ਹਾਂ ਢਾਈ ਦਰਿਆਵਾਂ ਵਿਚੋਂ ਕੁਝ ਸੁੱਕ ਗਏ ਨੇ, ਕੁਝ ਦਾ ਪਾਣੀ ਚੋਰੀ ਹੋ ਕੇ ਦੂਜੇ ਸੂਬਿਆਂ ਨੂੰ ਤੁਰ ਜਾਂਦਾ ਹੈ। ਕੁਝ ਵਿਚ ਪਰਬਤਾਂ ਤੋਂ ਆਏ ਆਬ-ਏ-ਹਯਾਤ ਦੀ ਥਾਂ ਇੰਡਸਟਰੀ ਤੇ ਸ਼ਹਿਰਾਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਵਗਦਾ ਹੈ। ਇਹ ਦਰਿਆ ਜੋ ਹਜ਼ਾਰਾਂ ਸਾਲ ਜ਼ਿੰਦਗੀ ਤੇ ਖ਼ੁਸ਼ਹਾਲੀ ਦਾ ਸੁਨੇਹਾ ਲੈ ਕੇ ਵਗੇ, ਅੱਜ ਮੌਤ ਤੇ ਬਿਮਾਰੀਆਂ ਵੰਡ ਰਹੇ ਹਨ। ਪੱਛਮੀ ਪੰਜਾਬ ਦਾ ਕਿਸਾਨ ਜਦ ਪਾਣੀ ਦੀ ਥੁੜ ਕਾਰਨ ਮਰਦਾ ਹੈ ਤਾਂ ਉਹਨੂੰ ਪੂਰਬੀ ਪੰਜਾਬ ਵਿਚ ਵਸਦਾ ਪੰਜਾਬੀ ਆਪਣਾ ਭਰਾ ਨਹੀਂ ਦਿਸਦਾ ਸਗੋਂ ਦੁਸ਼ਮਣ ਦਿਸਦਾ ਹੈ ਕਿਉਂ ਜੇ ਉਹ ਆਪਣੇ ਢਿੱਡ ‘ਤੇ ਹੱਥ ਮਾਰਨ ਪਾਰੋਂ ਪੱਛਮੀ ਪੰਜਾਬੀ ਕਿਸਾਨ ਦਾ ਪਾਣੀ ਖੋਹ ਕੇ ਉਹਨੂੰ ਮਾਰ ਰਿਹਾ ਹੈ। ਇਹ ਪਾਣੀ ਤਾਂ ਸਾਰੇ ਪੰਜਾਬ ਦੀ ਮਲਕੀਅਤ ਸੀ। ਸਾਬਤੇ ਪੰਜ ਦਰਿਆਵਾਂ ਵਾਲੀ ਧਰਤੀ ਦਾ ਨਾਂ ਪੰਜਾਬ ਸੀ। ਇਨ੍ਹਾਂ ਦਰਿਆਵਾਂ ਨੂੰ ਵਿਚਕਾਰੋਂ ਵੰਡਣ ਨਾਲ਼ ਤਾਂ ਪੰਜਾਬ, ਪੰਜਾਬ ਨਹੀਂ ਨਾ ਰਿਹਾ ਸਗੋਂ ਇਹ ਢਾਈ, ਢਾਈ ਆਬ ਬਣ ਚੁੱਕਿਆ ਹੈ। ਇਸੇ ਤਰ੍ਹਾਂ ਪੰਜਾਬੀ ਵੀ ਪੰਜਾਬੀ ਨਹੀਂ ਰਿਹਾ ਸਗੋਂ ਢਾਈ ਆਬੀ ਬਣ ਗਿਆ ਏ। ਦਰਿਆਵਾਂ ਦੀ ਇਸ ਵੰਡ ਰਾਹੀਂ  ਤਾਂ ਇਹ ਢਾਈ ਆਬੀ ਏ ਪਰ ਦੂਜੀਆਂ ਵੰਡਾਂ ਰਾਹੀਂ ਇਹ ਕੁਝ ਵੀ ਨਹੀਂ। ਇਹੋ ਹੀ ਇਹਦੀ ਤਬਾਹੀ ਦਾ ਕਾਰਨ ਹੈ।
ਜਿਵੇਂ ਕਿਸੇ ਡਾਕਟਰ ਨੂੰ ਕਿਸੇ ਬਿਮਾਰ ਦੀ ਬਿਮਾਰੀ ਲੱਭ ਜਾਵੇ ਤੇ ਉਹ ਉਹਦਾ ਇਲਾਜ ਕਰ ਕੇ ਉਹਨੂੰ ਮਰਨ ਤੋਂ ਬਚਾ ਲੈਂਦਾ ਹੈ। ਸਾਨੂੰ ਆਪਣੀ ਬਿਮਾਰੀ ਲੱਭਣ ਲਈ ਕਿਸੇ ਸਪੈਸ਼ਲਿਸਟ ਕੋਲ਼ ਜਾਣ ਦੀ ਲੋੜ ਨਹੀਂ ਹੈ। ਸਾਡੇ ਚੋਂ ਹਰ ਸੁਰਤ ਵਾਲਾ ਪੰਜਾਬੀ ਇਹ ਬਿਮਾਰੀ ਲੱਭ ਸਕਦਾ ਏ ਤੇ ਇਸ ਸੁਰਤ ਵਾਲੇ ਪੰਜਾਬੀ ਨੂੰ ਸਾਡੀ ਬਿਮਾਰੀ ਦਾ ਇਲਮ ਹੈ, ਇਸ ਬਿਮਾਰੀ ਦਾ ਨਾਂ ਵੰਡ ਅਤੇ ਨਾ-ਇਤਫ਼ਾਕੀ ਹੈ।
ਕੀ ਇਸ ਬਿਮਾਰੀ ਦਾ ਇਲਾਜ ਮੁਮਕਿਨ ਹੈ? ਜੀ ਹਾਂ, ਮੁਮਕਿਨ ਹੈ। ਇਤਿਹਾਸ ਵਿਚ ਕੌਮਾਂ ਵੰਡੀਆਂ ਵੀ ਗਈਆਂ ਤੇ ਫ਼ਿਰ ਇਕੱਠਿਆਂ ਵੀ ਹੋਈਆਂ। ਮੈਂ ਇਸ ਗੱਲ ਨੂੰ ਇਉਂ ਦੇਖਦਾ ਹਾਂ ਕਿ ਕੋਈ ਬੰਦਾ ਤੁਰਿਆ ਤੁਰਿਆ ਦੋਰਾਹੇ ‘ਤੇ ਪਹੁੰਚ ਜਾਂਦਾ ਹੈ, ਇਥੋਂ ਇੱਕ ਸਿੱਧਾ ਰਾਹ ਹੈ ਤੇ ਦੂਜਾ ਕੁਰਾਹਾ ਹੈ। ਹੁਣ ਜੇ ਇਹ ਬੰਦਾ ਬਦਕਿਸਮਤੀ ਨਾਲ਼ ਕੁਰਾਹੇ ਪੈ ਜਾਵੇ ਤਾਂ ਇਸ ਬੰਦੇ ਨੂੰ ਅੰਨ੍ਹੇਵਾਹ ਤੁਰੇ ਜਾਣ ਦੀ ਥਾਂ ਕੁਝ ਚਿਰ ਤੁਰਨ ਮਗਰੋਂ ਸੋਚਣਾ ਚਾਹੀਦਾ ਹੈ ਕਿ ਉਹ ਸਿੱਧੇ ਰਾਹ ਜਾ ਰਿਹਾ ਜਾਂ ਕੁਰਾਹੇ ਪੈ ਗਿਆ ਹੈ। ਜੇ ਉਹਨੂੰ ਇਸ ਗੱਲ ਦ ਇਲਮ ਹੋ ਜਾਏ ਕਿ ਉਹ ਕੁਰਾਹੇ ਪੈ ਗਿਆ ਹੈ, ਤਾਂ ਫਿਰ ਉਹਦੇ ਸਾਹਮਣੇ ਦੋ ਰਸਤੇ ਨੇ। ਇੱਕ ਤਾਂ ਇਹ ਕਿ ਉਹ ਕੁਰਾਹੇ ਈ ਪਿਆ ਰਹੇ, ਦੂਜਾ ਉਹ ਵਾਪਸ ਮੁੜ ਜਾਵੇ। ਹੁਣ ਸਾਨੂੰ ਇਸ ਗੱਲ ਦਾ ਚਾਨਣ ਏ ਕਿ ਅਸੀਂ ਕੁਰਾਹੇ ਪਏ ਹੋਏ ਹਾਂ ਤੇ ਇਸ ਕੁਰਾਹ ਦਾ ਅੰਤ ਅਨਾਰਕੀ ਤੇ ਬੁਰਛਾਗਰਦੀ ਹੈ। ਦੂਜਾ ਰਸਤਾ ਵਾਪਸ ਮੁੜਨ ਵਾਲਾ ਹੈ। ਮੁੜ ਕੇ ਉਸ ਦੋਰਾਹੇ ‘ਤੇ ਆਉਣਾ ਜਿਥੋਂ ਅਸੀਂ ਬਹੁਲੀ ਪਏ ਸਾਂ। ਮੇਰੇ ਖ਼ਿਆਲ ਵਿਚ ਇਸ ਦੋਰਾਹੇ ਤੋਂ ਇੱਕ ਰਾਹ ਵੰਡਾਂ ਵੱਲ ਨਿਕਲਿਆ ਤੇ ਦੂਜਾ ਰਾਹ ਪੰਜਾਬੀ ਏਕਤਾ ਦਾ ਸੀ। ਇਹ ਉਹੋ ਹੀ ਰਾਹ ਹੈ ਜਿਸ ‘ਤੇ ਰਾਜਾ ਪੋਰਸ ਤੁਰਿਆ, ਰਾਜਾ ਰਣਜੀਤ ਸਿੰਘ ਤੁਰਿਆ ਤੇ ਇਸ ਮਗਰੋਂ ਪੰਜਾਬ ਯੂਨੀਅਨਿਸਟ ਪਾਰਟੀ ਤੁਰੀ। ਇਹ ਪੁਰਾਣੇ ਜ਼ਮਾਨੇ ਪੰਜਾਬ ਦੇ ਇਤਿਹਾਸ ਦੇ ਸੁਨਹਿਰੀ  ਜ਼ਮਾਨੇ ਗਿਣੇ ਜਾਂਦੇ ਨੇ। ਜੇ 1947 ਵਿਚ ਸਰ ਛੋਟੂ ਰਾਮ ਜੀਂਦਾ ਹੁੰਦਾ ਤਾਂ ਪੰਜਾਬ ਨਹੀਂ ਸੀ ਵੰਡਿਆ ਜਾਣਾ। ਜੇ ਪੰਜਾਬ ਨਾ ਵੰਡਿਆ ਜਾਂਦਾ, ਫਿਰ ਨਾ ਤਾਂ ਦਸ ਲੱਖ ਪੰਜਾਬੀ ਮਰਨਾ ਸੀ, ਨਾ ਇੱਕ ਲੱਖ ਪੰਜਾਬੀ ਔਰਤ ਨਾਲ਼ ਬਲਾਤਕਾਰ ਹੋਣਾ ਸੀ ਤੇ ਨਾ ਹੀ ਚਾਰ ਕਰੋੜ ਪੰਜਾਬੀ ਉਜੜਨਾ ਸੀ।
ਇਹ ਸਰ ਛੋਟੂ ਰਾਮ ਜਿਸ ਪਾਰਟੀ ਦਾ ਆਗੂ ਸੀ, ਉਹਦਾ ਨਾਂ ਪੰਜਾਬ ਯੂਨੀਅਨਿਸਟ ਪਾਰਟੀ ਸੀ। ਇਹ ਪੰਜਾਬੀਆਂ ਦੀ ਪਾਰਟੀ ਸੀ। ਇਹ ਭਾਵੇਂ ਜ਼ਿਮੀਂਦਾਰਾਂ ਦੀ ਪਾਰਟੀ ਸੀ, ਪਰ ਇਸ ਪਾਰਟੀ ਦੀ ਸਭ ਤੋਂ ਪਹਿਲੀ ਵੱਡੀ ਖ਼ੂਬੀ ਇਹ ਸੀ ਕਿ ਇਹ ਸੈਕੂਲਰ ਪਾਰਟੀ ਸੀ ਜਿਹਦੇ ਵਿਚ ਸਾਰੇ ਧਰਮਾਂ ਦੇ ਬੰਦੇ ਜੁੜ ਕੇ ਬੈਠੇ ਸਨ। ਇਸ ਪਾਰਟੀ ਦਾ ਮੁੱਢ ਬੰਨ੍ਹਣ ਵਾਲੇ ਸਰ ਸਿਕੰਦਰ ਹਯਾਤ, ਸਰ ਫ਼ਜ਼ਲੀ ਹੁਸੈਨ ਤੇ ਸਰ ਛੋਟੂ ਰਾਮ ਸਨ। ਇਸ ਪਾਰਟੀ ਦੀ ਦੂਜੀ ਵੱਡੀ ਖ਼ੂਬੀ ਇਹ ਸੀ ਕਿ ਇਸ ਦੀ ਹਕੂਮਤ ਦੌਰਾਨ ਪੰਜਾਬ ਵਿਚ ਮੁਕੰਮਲ ਅਮਨ ਤੇ ਸ਼ਾਂਤੀ ਰਹੀ ਅਤੇ ਪੰਜਾਬ ਵਿਚ ਹਰਾ ਇਨਕਲਾਬ ਆ ਗਿਆ। ਗ਼ੈਰ-ਆਬਾਦ ਪੰਜਾਬ ਲਹਿਲਹਾਂਦੇ ਖੇਤਾਂ ਨਾਲ਼ ਭਰ ਗਿਆ ਜਿਹਦੇ ਨਤੀਜੇ ਵਿਚ ਖ਼ੁਸ਼ਹਾਲੀ ਵਧੀ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਾਰਟੀ ਖ਼ਾਮੀਆਂ ਤੋਂ ਪਾਕ ਸੀ ਪਰ ਜਦ ਅਸੀਂ ਇਸ ਪਾਰਟੀ ਦੀਆਂ ਪਾਲਿਸੀਆਂ ਅਤੇ ਰਾਜ ਦਾ ਮੁਕਾਬਲਾ ਉਨ੍ਹਾਂ ਪਾਰਟੀਆਂ ਨਾਲ਼ ਕਰਦੇ ਹਾਂ ਜਿਨ੍ਹਾਂ ਇਸ ਮਗਰੋਂ ਪੰਜਾਬ ਵਿਚ ਹਕੂਮਤ ਕੀਤੀ ਤਾਂ ਇਹ ਪਾਰਟੀ, ਮਿਸਾਲੀ ਲਗਦੀ ਹੈ। ਕੁਝ ਲੋਕ ਇਸ ਪਾਰਟੀ ‘ਤੇ ਇਹ ਇਤਰਾਜ਼ ਕਰਨਗੇ ਕਿ ਇਹ ਜਾਗੀਰਦਾਰਾਂ ਤੇ ਅੰਗਰੇਜ਼ਾਂ ਦੇ ਪਿੱਠੂਆਂ ਦੀ ਪਾਰਟੀ ਸੀ। ਮੈਂ ਜਦ ਪੰਜਾਬੀ ਏਕਤਾ ਦੇ ਰਸਤੇ ਉਤੇ ਪੈਣ ਲਈ ਇਸ ਪਾਰਟੀ ਦਾ ਜ਼ਿਕਰ ਕਰਦਾ ਹਾਂ ਤਾਂ ਮੇਰਾ ਮਤਲਬ ਹਰਗਿਜ਼ ਇਹ ਨਹੀਂ ਕਿ ਅੱਜ ਇਹਦੀ ਫ਼ੋਟੋਕਾਪੀ ਪਾਰਟੀ ਬਣਾਈ ਜਾਵੇ। ਇਹ ਨਾ ਤਾਂ ਮੁਮਕਿਨ ਹੈ ਤੇ ਨਾ ਹੀ ਇਹਦੀ ਲੋੜ ਹੈ। ਸਾਨੂੰ ਅੱਜ ਦੇ ਹਾਲਾਤ ਮੁਤਾਬਿਕ ਅੱਜ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਸੈਕੂਲਰ, ਕੌਮਪ੍ਰਸਤ ਅਤੇ ਪੰਜਾਬੀ ਪਾਰਟੀ ਦੀ ਲੋੜ ਹੈ ਜੋ ਪੰਜਾਬੀਆਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠਿਆਂ ਕਰੇ। ਜੇ ਅੱਜ ਅਸੀਂ ਪੰਜਾਬੀ ਏਕਤਾ ਦਾ ਕੋਈ ਪਲੇਟਫ਼ਾਰਮ ਨਹੀਂ ਬਣਾਉਂਦੇ ਤਾਂ ਫਿਰ ਸਾਨੂੰ ਅਨਾਰਕੀ ਤੇ ਬੁਰਛਾਗਰਦੀ ਦੇ ਤੂਫ਼ਾਨ ਤੋਂ ਕੋਈ ਨਹੀਂ ਬਚਾ ਸਕਦਾ।

Be the first to comment

Leave a Reply

Your email address will not be published.