‘ਗੁਰਦੁਆਰਾ: ਕੁਝ ਹੋਰ ਯਾਦਾਂ’ ਵਿਚ ਦਲਬੀਰ ਸਿੰਘ ਨੇ ਆਪਣੇ ਤਜਰਬੇ ਵਿਚੋਂ ਆਪਣੇ ਮੁੱਢਲੇ ਸਾਲਾਂ ਬਾਰੇ ਕੁਝ ਹੋਰ ਗੱਲਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚ ਸਿੱਖੀ ਨਾਲ ਸਬੰਧਤ ਕੁਝ ਅਹਿਮ ਨੁਕਤੇ ਵੀ ਸ਼ਾਮਲ ਹਨ ਜੋ ਅੱਜ ਵੀ ਨਿੱਠ ਕੇ ਵਿਚਾਰਨ ਵਾਲੇ ਹਨ। ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ।
ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ
ਦਲਬੀਰ ਸਿੰਘ
ਗੁਰਦੁਆਰੇ ਨਾਲ ਸਬੰਧਤ ਯਾਦਾਂ ਪਹਿਲਾਂ-ਪਹਿਲ ਖੁੱਲ੍ਹੇ ਸਕੂਨ, ਨਿਸ਼ਾਨ ਸਾਹਿਬ ਲਾਹੁਣ ਚੜ੍ਹਾਉਣ, ਨਗਰ ਕੀਰਤਨ ਵਿਚ ਸ਼ਾਮਲ ਹੋਣ ਅਤੇ ‘ਸਿੱਖਾਂ’ ਦੇ ਰਤਨ ਸਿੰਘ ਨਾਲ ਰਲ ਕੇ ਕੜਾਹ ਪ੍ਰਸ਼ਾਦ ਤਿਆਰ ਕਰਨ ਤੱਕ ਹੀ ਸੀਮਤ ਨਹੀਂ; ਇਹ ਇਸ ਤੋਂ ਕਿਤੇ ਵਧੇਰੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਬਚਪਨ ਤੋਂ ਹੀ ਧਾਰਮਿਕ ਭਾਵਨਾਂ ਨਾਲ ਓਤ-ਪੋਤ ਹੋ ਗਿਆ ਸਾਂ। ਦੂਜਾ ਕਾਰਨ ਵੀ ਇਸੇ ਨਾਲ ਸਬੰਧਿਤ ਹੈ। ਗਿਆਨੀ ਹੀਰਾ ਸਿੰਘ ਵਲੋਂ ਮੈਨੂੰ ਆਪਣਾ ਚੇਲਾ ਬਣਾ ਲਏ ਜਾਣ ਮਗਰੋਂ ਜਿਹੜੇ ਬਹੁਤ ਸਾਰੇ ਅਖੰਡ ਪਾਠਾਂ ਵਿਚ ਮੈਂ ਪਾਠੀ ਵਜੋਂ ਸ਼ਾਮਲ ਹੋਇਆ, ਉਨ੍ਹਾਂ ਦੌਰਾਨ ਐਸੀਆਂ ਗੱਲਾਂ ਪਤਾ ਲੱਗੀਆਂ ਜਿਸ ਨੇ ਮੇਰੇ ਜ਼ਿਹਨ ਦੇ ਕਪਾਟ ਖੋਲ੍ਹ ਦਿੱਤੇ ਸਨ।
ਜੇ ਮੈਂ ਛੋਟੀ ਉਮਰ ਵਿਚ ਹੀ ਇੰਨਾ ਧਾਰਮਿਕ ਬਿਰਤੀਆਂ ਵਾਲਾ ਸਾਂ, ਤਾਂ ਫਿਰ ਹੁਣ ਨਾਸਤਿਕ ਕਿਉਂ ਹੋ ਗਿਆ ਹਾਂ? ਇਹ ਸਵਾਲ ਮੇਰੀ ਬੇਟੀ ਨੇ ਗੁਰਦੁਆਰੇ ਦੇ ਦਰ ਮੂਹਰੇ ਖੜ੍ਹ ਕੇ ਮੈਨੂੰ ਪੁੱਛਿਆ। ਜਿਸ ਸਮੇਂ ਮੈਂ ਉਸ ਨੂੰ ਗੁਰਦੁਆਰਾ ਦਿਖਾਉਣ ਲੈ ਕੇ ਗਿਆ ਸਾਂ, ਉਸ ਵੇਲੇ ਦਿਨ ਦਾ ਸਮਾਂ ਸੀ। ਬਾਹਰਲੇ ਗੇਟ ਉਤੇ ਤਾਂ ਦਰਵਾਜ਼ਾ ਹੀ ਨਹੀਂ ਸੀ ਲੱਗਾ ਹੋਇਆ, ਇਸ ਕਰ ਕੇ ਵਿਹੜੇ ਵਿਚ ਦਾਖ਼ਲ ਹੋਣ ਵਿਚ ਕੋਈ ਮੁਸ਼ਕਿਲ ਨਹੀਂ ਸੀ, ਪਰ ਗੁਰਦੁਆਰੇ ਦੀ ਇਮਾਰਤ ਨੂੰ ਤਾਲਾ ਲੱਗਾ ਹੋਇਆ ਸੀ, ਤੇ ਮੈਂ ਬੇਟੀ ਨੂੰ ਬਾਬੇ ਦੀ ਬੀੜ ਵਾਲਾ ਹਾਲ ਕਮਰਾ ਅੰਦਰੋਂ ਨਹੀਂ ਸੀ ਦਿਖਾ ਸਕਿਆ। ਨਾਸਤਿਕ ਹੋਣ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਉਸ ਨੂੰ ਦੱਸਦਾ ਹਾਂ ਕਿ ਹੁਣ ਕਿਉਂਕਿ ਗੁਰਦੁਆਰੇ ਵਿਚ ‘ਫੁੱਲ ਟਾਈਮ’ ਸੇਵਾਦਾਰ ਨਹੀਂ ਹੈ, ਇਸ ਲਈ ਦਿਨ ਵੇਲੇ ਸੁੰਨਸਾਨ ਹੈ; ਵਰਨਾ ਜਦੋਂ ਭਾਈ ਗਿਆਨੀ ਹੀਰਾ ਸਿੰਘ ਜਿਉਂਦਾ ਹੁੰਦਾ ਸੀ ਤਾਂ ਉਹ ਵੱਡੇ ਤੜਕੇ ਹੀ ਇਸ਼ਨਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਜਪੁਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ। ਪਿੰਡ ਦੀਆਂ ਕਈ ਔਰਤਾਂ ਵੀ ਸਵੇਰੇ-ਸਵੇਰੇ ਦੁੱਧ ਜਾਂ ਹੋਰ ਸਮੱਗਰੀ ਚੜ੍ਹਾ ਆਉਂਦੀਆਂ ਸਨ। ਸ਼ਾਮ ਨੂੰ ਰਹਿਰਾਸ ਦਾ ਪਾਠ ਕੀਤਾ ਜਾਂਦਾ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰ ਕੇ ਪੰਘੂੜੇ ਵਿਚ ਰੱਖ ਦਿੱਤਾ ਜਾਂਦਾ ਜਿਹੜਾ ਹਾਲ ਕਮਰੇ ਦੇ ਹੀ ਇਕ ਕੋਨੇ ਵਿਚ ਪਿਆ ਹੁੰਦਾ ਸੀ।
ਸੰਨ 1961 ਜਾਂ 1962 ਦੀ ਗੱਲ ਹੈ- ਸਾਡੇ ਘਰ ਕਿਸੇ ਸਮਾਗਮ ਦੇ ਪ੍ਰਸੰਗ ਵਿਚ ਸਹਿਜ ਪਾਠ ਰਖਵਾਇਆ ਗਿਆ ਸੀ। ਮੈਂ ਅਤੇ ਮੇਰੀ ਵੱਡੀ ਭੈਣ ਰੋਜ਼ ਨਿਤਨੇਮ ਨਾਲ ਪਾਠ ਕਰਦੇ ਸਾਂ। ਭਾਈ ਜੀ ਨੇ ਪਾਠ ਸ਼ੁਰੂ ਕੀਤਾ ਤਾਂ ਜ਼ੁਬਾਨੀ ਚੇਤੇ ਹੋਣ ਕਰ ਕੇ ਅਸੀਂ ਦੋਵੇਂ ਭੈਣ-ਭਾਈ ਨੇ ਭਾਈ ਜੀ ਦੇ ਨਾਲ-ਨਾਲ ਹੀ ਉਚੀ-ਉਚੀ ਬੋਲਣਾ ਸ਼ੁਰੂ ਕਰ ਦਿੱਤਾ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਭਾਈ ਜੀ ਨੂੰ ਪਾਠ ਰੋਕ ਕੇ ਕਹਿਣਾ ਪਿਆ ਕਿ ਅਸੀਂ ਚੁੱਪ-ਚਾਪ ਪਾਠ ਕਰੀਏ। ਇਸ ਸਹਿਜ ਪਾਠ ਦੌਰਾਨ ਇਕ ਦਿਨ ਗਿਆਨੀ ਹੀਰਾ ਸਿੰਘ ਨੇ ਮੈਨੂੰ ਹੱਥ-ਮੂੰਹ ਧੋ ਕੇ ‘ਮਹਾਰਾਜ’ ਤੋਂ ਪਾਠ ਕਰਨ ਲਈ ਕਿਹਾ। ਪੂਰੀ ਸ਼ਰਧਾ ਨਾਲ ਤੇ ਰਤਾ ਕੁ ਡਰ ਨਾਲ ਮੈਂ ਪਾਠ ਕਰਨ ਬੈਠ ਗਿਆ। ਬੀੜ ਪਦ-ਛੇਦ ਵਾਲੀ ਨਹੀਂ ਸੀ, ਅਰਥਾਤ ਪੁਰਾਤਨ ਬੀੜਾਂ ਵਾਂਗ ਸਾਰਾ ਪਾਠ ਬਿਨਾਂ ਸ਼ਬਦਾਂ ਵਿਚਾਲੇ ਭੇਦ ਦਿੱਤਿਆਂ, ਛਪਿਆ ਹੋਇਆ ਸੀ। ਫਿਰ ਵੀ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ। ਜਿਥੇ ਕਿਤੇ ਰੁਕਦਾ, ਜਾਂ ਗ਼ਲਤ ਪੜ੍ਹਦਾ ਸਾਂ, ਭਾਈ ਜੀ ਸੋਧ ਦਿੰਦੇ ਸਨ। ਇਸ ਤਰ੍ਹਾਂ ਪਾਠੀ ਹੋਣ ਵੱਲ ਮੇਰਾ ਪਹਿਲ ਕਦਮ ਮੇਰੇ ਆਪਣੇ ਹੀ ਘਰ ਰੱਖਿਆ ਗਿਆ ਸੀ।
ਫਿਰ ਗੁਰਦੁਆਰੇ ਰੱਖੇ ਜਾਣ ਵਾਲੇ ਹਰ ਸਾਧਾਰਨ ਪਾਠ ਦਾ ਕਾਫੀ ਹਿੱਸਾ ਮੈਂ ਕਰਨ ਲੱਗ ਪਿਆ ਸਾਂ। ਮੈਂ ਬੇਟੀ ਨੂੰ ਦੱਸਦਾ ਹਾਂ ਕਿ ਉਦੋਂ ਪਿੰਡ ਦੇ ਕਈ ਲੋਕ ਆਪਣੇ ਘਰਾਂ ਵਿਚ ਵੀ ਸਹਿਜ ਪਾਠ ਰਖਵਾਉਂਦੇ ਸਨ। ਪਹਿਲਾਂ ਪਹਿਲ ਗੁਰਦੁਆਰੇ ਵਿਚਲੇ ਸਹਿਜ ਪਾਠਾਂ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ। ਸੱਤ-ਅੱਠ ਸਹਿਜ ਪਾਠਾਂ ਤੋਂ ਬਾਅਦ ਭਾਈ ਜੀ ਨੇ ਮੈਨੂੰ ਪਾਠ ਲਈ ਲੋਕਾਂ ਦੇ ਘਰੀਂ ਭੇਜਣਾ ਸ਼ੁਰੂ ਕਰ ਦਿੱਤਾ। ਸਾਲ ਵਿਚ ਹੀ ਮੈਨੂੰ ਲੈਅ ਨਾਲ ਪਾਠ ਕਰਨ ਦਾ ਤਰੀਕਾ ਆ ਗਿਆ ਸੀ।
ਇਸ ਤੋਂ ਬਾਅਦ ਵਾਰੀ ਆਈ ਅਖੰਡ ਪਾਠਾਂ ਦੀ। ਪਹਿਲੇ ਤਿੰਨ-ਚਾਰ ਪਾਠਾਂ ਵਿਚ ਗਿਆਨੀ ਹੀਰਾ ਸਿੰਘ ਨੇ ਮੈਨੂੰ ਸਿਰਫ ਆਪਣੀ ਵਾਰੀ ਜਿਸ ਨੂੰ ਰੌਲ ਕਹਿੰਦੇ ਸਨ, ਹੀ ਦਿੱਤੀ। ਇਕ ਰੌਲ ਢਾਈ ਘੰਟੇ ਦੀ ਹੁੰਦੀ ਸੀ। ਕੁੱਲ ਪੰਜ ਪਾਠੀ ਹੀ ਅਖੰਡ ਪਾਠ ਲਈ ਨਿਯੁਕਤ ਕੀਤੇ ਜਾਂਦੇ ਸਨ। ਚਾਰ ਰੌਲਾਂ ਢਾਈ ਘੰਟੇ ਦੀਆਂ ਸਨ ਅਤੇ ਇਕ ਪੰਜਵੀਂ ਦੋ ਘੰਟੇ ਦੀ। ਭਾਈ ਹੀਰਾ ਸਿੰਘ ਬਜ਼ੁਰਗ ਸੀ, ਇਸ ਲਈ ਉਸ ਨੂੰ ਦੋ ਘੰਟੇ ਦੀ ਰੌਲ ਦਿੱਤੀ ਜਾਂਦੀ। ਪਹਿਲਾਂ ਪਹਿਲ ਮੇਰੀ ਵਾਰੀ ਅੱਧੀ ਰਾਤ ਨੂੰ ਅਤੇ ਇਸੇ ਤਰ੍ਹਾਂ ਦੁਪਹਿਰ ਨੂੰ ਹੁੰਦੀ। ਫਿਰ ਇਹ ਸਵੇਰੇ ਅਤੇ ਸ਼ਾਮ ਨੂੰ ਵੀ ਹੋਣ ਲੱਗ ਪਈ, ਜਦੋਂ ਸੰਗਤ ਕਾਫੀ ਗਿਣਤੀ ਵਿਚ ਗੁਰਦੁਆਰੇ ਵਿਚ ਹੁੰਦੀ ਸੀ। ਕੁਝ ਸਮੇਂ ਮਗਰੋਂ ਮੇਰੀ ਗਿਣਤੀ ਵੱਖਰੇ ਪਾਠੀ ਵਜੋਂ ਹੋਣ ਲੱਗੀ। ਪਿੰਡ ਦੀਆਂ ਔਰਤਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, “ਸਵੇਰ-ਸ਼ਾਮ ਦੀ ਰੌਲ ਮੇਲਾ ਸਿੰਘ ਦੇ ਪੋਤੇ ਨੂੰ ਦਿੱਤੀ ਜਾਵੇ, ਇਹ ਬਹੁਤ ਰਹਾਉ ਨਾਲ ਪਾਠ ਕਰਦੈ।”
ਇਸ ਉਮਰ ਵਿਚ ਮੈਂ ਕਾਫੀ ਮੋਟਾ ਹੁੰਦਾ ਸਾਂ। ਇਕ ਵਾਰ ਕਿਸੇ ਦੇ ਘਰ ਵਿਚ ਨਿਉਂਦਾ ਖਾਣ ਗਿਆ ਮੈਂ ਸੋਲ੍ਹਾਂ-ਸਤਾਰਾਂ ਫੁਲਕੇ ਛਕ ਗਿਆ ਸਾਂ। ਇੰਨਾ ਕੁਝ ਖਾਣ ਦਾ ਇਕ ਕਾਰਨ ਮੇਰਾ ਅਖੰਡ ਪਾਠੀ ਹੋਣਾ ਵੀ ਸੀ। ਮੈਂ ਆਪਣੀ ਬੇਟੀ ਨੂੰ ਦੱਸਦਾ ਹਾਂ ਕਿ ਪਿੰਡ ਦੇ ਆਮ ਨਿਰਛਲ ਲੋਕਾਂ ਲਈ ਪਾਠੀ ਦਾ ਰੁਤਬਾ ਉਚਾ ਹੁੰਦਾ ਹੈ, ਇਸ ਲਈ ਉਹ ਪਾਠੀਆਂ ਦੀ ਸੇਵਾ ਬਹੁਤ ਕਰਦੇ ਹਨ। ਉਂਜ ਹੈ ਤਾਂ ਇਹ ਬ੍ਰਾਹਮਣਵਾਦੀ ਪਰੰਪਰਾ, ਪਰ ਸਿੱਖਾਂ ਨੇ ਵੀ ਅਪਨਾ ਲਈ ਹੋਈ ਹੈ; ਇਸ ਮੁਤਾਬਕ ਨਰਾਤਿਆਂ ਦੇ ਦਿਨੀਂ ਆਪਣੇ ਮਰ ਚੁੱਕੇ ਪੁਰਖਿਆਂ ਨੂੰ ਖਾਣਾ ਪਹੁੰਚਾਉਣ ਲਈ ਬ੍ਰਾਹਮਣਾਂ ਦਾ ਪੱਤਾ ਕੱਟ ਕੇ ‘ਸਿੱਖ’ ਨੂੰ ਖੁਆਉਣੇ ਸ਼ੁਰੂ ਕਰ ਦਿੱਤੇ। ਸਿੱਖੀ ਵਿਚ ਕਿਉਂਕਿ ਪੰਜ ਪਿਆਰਿਆਂ ਦੀ ਪ੍ਰਥਾ ਹੈ, ਇਸ ਲਈ ਆਮ ਕਰ ਕੇ ਪੰਜ ਸਿੱਖਾਂ ਨੂੰ ਹੀ ਭੋਜਨ ਛਕਾਇਆ ਜਾਂਦਾ ਹੈ। ਇਸ ਨੂੰ ‘ਸਿੱਖ ਬਿਠਾਉਣੇ’ ਕਿਹਾ ਜਾਂਦਾ ਸੀ। ਅਜਿਹੇ ਮੌਕੇ ਪਾਠੀ ਸਿੰਘਾਂ ਦੀ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਸੀ। ਉਨ੍ਹਾਂ ਨੂੰ ਖੂਬ ਦੇਸੀ ਘਿਓ ਪਾ-ਪਾ ਖੁਆਇਆ ਜਾਂਦਾ। ਬਦੋ-ਬਦੀ ਰੋਟੀਆਂ ਉਨ੍ਹਾਂ ਦੀ ਥਾਲੀ ਵਿਚ ਰੱਖੀਆਂ ਜਾਂਦੀਆਂ ਸਨ ਅਤੇ ਮੈਂ ਕਿਉਂਕਿ ਪਿੰਡ ਦੇ ਕੁੱਲ ਚਾਰ ਅਖੰਡ ਪਾਠੀਆਂ ਵਿਚੋਂ ਇਕ ਸਾਂ, ਇਸ ਲਈ ਬਹੁਤ ਸਾਰੇ ਘਰੀਂ ਮੈਨੂੰ ਭੋਜਨ ਛਕਣ ਜਾਣਾ ਪੈਂਦਾ ਸੀ।
ਅਖੰਡ ਪਾਠੀ ਹੁੰਦਿਆਂ ਮੈਨੂੰ ਇਹ ਪਤਾ ਲੱਗਾ ਕਿ ਪਾਠੀਆਂ ਦਾ ਵਤੀਰਾ ਅਖੰਡ ਪਾਠ ਹੀ ਨਹੀਂ, ਸਗੋਂ ਲੋਕਾਂ ਪ੍ਰਤੀ ਵੀ ਕਿਸ ਤਰ੍ਹਾਂ ਹੁੰਦਾ ਹੈ। ਇਕ ਵਾਰੀ ਪਾਠ ਕਰਦਿਆਂ ਮੈਨੂੰ ਨੀਂਦ ਆ ਗਈ। ਇਹ ਵਾਕਾ ਪਿੰਡ ਪਰਾਗਪੁਰ ਦਾ ਹੈ। ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾ ਕੇ ਸਾਢੇ ਬਾਰਾਂ ਵਜੇ ਦੀ ਵਾਰੀ ਪਾਠ ਕਰਨ ਬੈਠਾ, ਤਾਂ ਕੁਝ ਚਿਰ ਮਗਰੋਂ ਝੋਕ ਆ ਗਈ। ਬਾਹਰ ਵਰਾਂਡੇ ਵਿਚ ਪਹਿਰਾ ਦਿੰਦੇ ਸੇਵਾਦਾਰ ਨੇ ਆ ਕੇ ਉਠਾਇਆ। ਦੂਜੀ ਵਾਰ ਫਿਰ ਝੋਕ ਆ ਗਈ। ਸੇਵਾਦਾਰ ਨੇ ਫਿਰ ਮੋਢੇ ਤੋਂ ਫੜ ਕੇ ਉਠਾ ਦਿੱਤਾ। ਤੀਜੀ ਵਾਰੀ ਝੋਕ ਆਈ ਤਾਂ ਉਹ ਮੇਰੇ ਕੋਲ ਹੀ ਲਾਠੀ ਲੈ ਕੇ ਖੜ੍ਹ ਗਿਆ, ਕਹਿੰਦਾ, “ਭਾਈ ਹੁਣ ਸੌਂ ਕੇ ਦਿਖਾ। ਲਾਠੀ ਨਾਲ ਤੇਰੇ ਮੌਰ ਭੰਨ ਦਊਂ।” ਇਸ ਤਰ੍ਹਾਂ ਦੀ ਧਮਕੀ ਤੋਂ ਬਾਅਦ ਭਲਾ ਕਿਸ ਨੂੰ ਨੀਂਦ ਆ ਸਕਦੀ ਸੀ?
ਖੈਰ, ਗੱਲ ਗੁਰਦੁਆਰੇ ਦੀ ਚੱਲ ਰਹੀ ਸੀ। ਅੱਠਵੀਂ ਦਾ ਇਮਤਿਹਾਨ ਸੀ। ਇਮਤਿਹਾਨ ਦੇਣ ਜਾਣ ਤੋਂ ਪਹਿਲਾਂ ਸੋਚਿਆ ਕਿ ਚਲੋ ਗੁਰਦੁਆਰੇ ਮੱਥਾ ਟੇਕ ਆਵਾਂ, ਵਾਹਿਗੁਰੂ ਸਹਾਈ ਹੋਏਗਾ। ਅੱਗੇ ਸਾਡੇ ਪਿੰਡ ਦੀ ਹੀ ਮੇਰੀ ਇਕ ਹਮ-ਜਮਾਤਣ ਖੜ੍ਹੀ ਅਰਦਾਸ ਕਰ ਰਹੀ ਸੀ। ਮੈਂ ਵੀ ਉਸ ਦੇ ਬਰਾਬਰ ਖੜ੍ਹ ਕੇ ਅਰਦਾਸ ਕਰਨ ਲੱਗ ਪਿਆ। ਅਰਦਾਸ ਮੁੱਕੀ ਤਾਂ ਪੁੱਛਣ ਲੱਗੀ, “ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਐਸ ਵੇਲੇ ਗੁਰਦੁਆਰੇ ਆਈ ਹਾਂ?” ਮੈਂ ਕੋਈ ਜਵਾਬ ਦਿੱਤਾ ਹੋਵੇਗਾ!æææਪਰ ਕੀ ਦਿੱਤਾ ਸੀ, ਇਹ ਮੈਂ ਨਾ ਆਪਣੀ ਧੀ ਨੂੰ ਦੱਸਦਾ ਹਾਂ ਤੇ ਨਾ ਕਿਸੇ ਹੋਰ ਨੂੰ, ਤੇ ਇਹ ਵੀ ਨਹੀਂ ਦੱਸਦਾ ਕਿ ਮੈਨੂੰ ਕਿਵੇਂ ਪਤਾ ਲੱਗਾ ਸੀ ਕਿ ਉਹ ‘ਐਸ ਵੇਲੇ’ ਗੁਰਦੁਆਰੇ ਗਈ ਸੀ।
ਜਿਥੋਂ ਤੱਕ ਮੇਰੇ ਆਸਤਕ ਤੋਂ ਨਾਸਤਕ ਹੋਣ ਦਾ ਸਬੰਧ ਹੈ, ਇਸ ਦਾ ਸਬੰਧ ਮੇਰੇ ਪਿੰਡ ਨਾਲ ਸਿੱਧਾ ਨਹੀਂ ਹੈ। ਇਸ ਲਈ ਇਸ ਦਾ ਜ਼ਿਕਰ ਨਹੀਂ ਕਰਾਂਗਾ।
(ਚਲਦਾ)