ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਇਸ ਸੰਸਾਰ ਨੂੰ ਝੂਠ ਦਾ ਪਸਾਰਾ ਕਿਹਾ ਹੈ, ਇਸ ਲਈ ਨਹੀਂ ਕਿ ਸ਼ੰਕਰਾਚਾਰੀਆ ਦੇ ਦਰਸ਼ਨ ਅਨੁਸਾਰ ਇਸ ਸੰਸਾਰ ਦੀ ਕੋਈ ਹੋਂਦ ਨਹੀਂ ਹੈ, ਇਹ ਝੂਠ ਦਾ ਪਸਾਰਾ ਇਸ ਲਈ ਹੈ ਕਿਉਂਕਿ ਇਹ ਸੰਸਾਰ ਬਿਨਸਣਹਾਰ ਹੈ। ਇਸ ਦੀ ਹੋਂਦ ਸਦੀਵੀ ਨਹੀਂ ਹੈ। ਇਸ ਦੀ ਰਚਨਾ ਅਕਾਲ ਪੁਰਖ ਨੇ ਕੀਤੀ ਹੈ ਅਤੇ ਰਚਨਾ ਭਾਵੇਂ ਕਿੰਨੀ ਵੀ ਲੁਭਾਉਣੀ ਅਤੇ ਪਾਏਦਾਰ ਹੋਵੇ ਉਸ ਨੇ ਇੱਕ ਦਿਨ ਨਸ਼ਟ ਹੋ ਜਾਣਾ ਹੁੰਦਾ ਹੈ। ਮਨੁੱਖ ਵੀ ਇਸ ਸੰਸਾਰ ਰਚਨਾ ਦਾ ਹੀ ਇੱਕ ਹਿੱਸਾ ਹੈ ਇਸ ਲਈ ਉਹ ਵੀ ਜਨਮ ਲੈਂਦਾ ਅਤੇ ਇਸ ਸੰਸਾਰ ਤੋਂ ਚਲਾ ਜਾਂਦਾ ਹੈ।
ਇਸ ਲਈ ਮਨੁੱਖ ਦਾ ਇਸ ਸੰਸਾਰ ‘ਤੇ ਆਉਣਾ ਅਤੇ ਇਸ ਤੋਂ ਕੂਚ ਕਰ ਜਾਣਾ ਅਕਾਲ ਪੁਰਖ ਦੇ ਭਾਣੇ ਵਿਚ ਹੀ ਹੈ। ਅਗਲੀ ਅਲਾਹਣੀ ਵਿਚ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਰਚਨਾ ਦੇ ਇਸੇ ਸਿਧਾਂਤ ਪ੍ਰਤੀ ਮਨੁੱਖ ਨੂੰ ਚੇਤੰਨ ਕਰਦੇ ਹਨ ਕਿ ਇਹ ਦੁਨੀਆਂ ਨਾਸ਼ਵੰਤ ਪਸਾਰਾ ਹੈ, ਇਸ ਦੀ ਹੋਂਦ ਸਦੀਵੀ ਨਹੀਂ ਹੈ। ਇਸ ਲਈ ਇਸ ਬਿਨਸਣਹਾਰ ਦੁਨੀਆਂ ‘ਤੇ ਜੋ ਮਨੁੱਖ ਵੀ ਜਨਮ ਲੈਂਦਾ ਹੈ ਉਸ ਨੇ ਇੱਕ ਦਿਨ ਇਸ ਸੰਸਾਰ ਨੂੰ ਅਲਵਿਦਾ ਵੀ ਕਹਿ ਦੇਣੀ ਹੈ, ਇਥੋਂ ਚਲਾ ਜਾਣਾ ਹੈ ਕਿਉਂਕਿ ਇਹ ਰਚਨਾ ਇੱਕ ਨਾਸ਼ਵੰਤ ਖੇਡ ਹੈ। ਇਸ ਦੀ ਹੋਂਦ ਹੈ ਪਰ ਇਹ ਸਦੀਵੀ ਨਹੀਂ ਹੈ। ਸਦੀਵੀ ਸਿਰਫ ਉਹ ਅਕਾਲ ਪੁਰਖ ਹੈ। ਇਸ ਲਈ ਜਿਹੜਾ ਮਨੁੱਖ ਉਸ ਸਦੀਵੀ ਸਤਿ ਦਾ ਸਿਮਰਨ ਕਰਦਾ ਹੈ, ਉਸ ਨੂੰ ਉਸ ਸਦੀਵੀ ਹੋਂਦ ਦੇ ਚਰਨਾਂ ਵਿਚ ਸਦਾ ਕਾਇਮ ਰਹਿਣ ਵਾਲਾ ਸਥਾਨ ਮਿਲ ਜਾਂਦਾ ਹੈ। ਸੱਚਾ ਠਿਕਾਣਾ ਸੱਚੇ ਵਾਹਿਗੁਰੂ ਦੇ ਸਿਮਰਨ ਤੋਂ ਮਿਲਦਾ ਹੈ, ਸੱਚ ਸਚਿਆਰ ਹੋਣ ਤੋਂ ਮਿਲਦਾ ਹੈ। ਇਸ ਲਈ ਜਿਹੜਾ ਮਨੁੱਖ ਉਸ ਸੱਚੇ ਦਾ ਸਿਮਰਨ ਕਰਦਾ ਹੈ, ਉਸ ਦਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ, ਉਹ ਆਪਣੇ ਅੰਦਰ ਉਸ ਨੂੰ ਅਨੁਭਵ ਕਰਨ ਦੇ ਯੋਗ ਅਤੇ ਉਸ ਦੇ ਚਾਨਣ ਨਾਲ ਰੁਸ਼ਨਾਏ ਜਾਣ ਦੇ ਯੋਗ ਹੋ ਜਾਂਦਾ ਹੈ। ਇਸ ਦੇ ਵਿਪਰੀਤ ਜਿਹੜਾ ਮਨੁੱਖ ਇਸ ਸੰਸਾਰਕ ਝੂਠੇ ਮਾਇਆ-ਮੋਹ ਵਿਚ ਆਪਣੇ ਆਪ ਨੂੰ ਮਸ਼ਰੂਫ ਕਰ ਲੈਂਦਾ ਹੈ, ਉਸ ਨੂੰ ਪਰਮਾਤਮਾ ਦੇ ਦਰ ‘ਤੇ ਠਿਕਾਣਾ ਨਹੀਂ ਮਿਲਦਾ, ਉਹ ਪਰਮਾਤਮ-ਦਰ ‘ਤੇ ਕਬੂਲ ਨਹੀਂ ਹੁੰਦਾ। ਜਿਵੇਂ ਕਿਸੇ ਉਜਾੜ ਪਏ ਘਰ ਵਿਚ ਕਾਂ ਨੂੰ ਖਾਣ ਲਈ ਕੁਝ ਨਹੀਂ ਲੱਭਦਾ, ਇਵੇਂ ਹੀ ਅਜਿਹੇ ਮਨੁੱਖ ਨੂੰ ਅਕਾਲ ਪੁਰਖ ਦੇ ਘਰ ਵਿਚ ਕੋਈ ਜੀ ਆਇਆਂ ਨਹੀਂ ਆਖਦਾ, ਉਸ ਦਾ ਕੋਈ ਸਵਾਗਤ ਨਹੀਂ ਕਰਦਾ। ਅਜਿਹੇ ਮਨੁੱਖ ਨੂੰ ਜੰਮਣ-ਮਰਨ ਦਾ ਚੱਕਰ ਭੁਗਤਣਾ ਹੀ ਪੈਂਦਾ ਹੈ ਅਤੇ ਅਕਾਲ ਪੁਰਖ ਤੋਂ ਉਸ ਦਾ ਲੰਮਾ ਵਿਛੋੜਾ ਹੋ ਜਾਂਦਾ ਹੈ। ਮਾਇਆਵੀ ਲੋਭ ਵਿਚ ਫਸ ਕੇ ਇਹ ਸੰਸਾਰ ਆਤਮਕ ਮੌਤ ਮਰਦਾ ਅਰਥਾਤ ਆਪਣੇ ਸੰਸਾਰ ਉਤੇ ਆਉਣ ਦੇ ਅਸਲੀ ਮਕਸਦ ਨੂੰ ਭੁੱਲ ਜਾਂਦਾ ਹੈ ਕਿ ਉਹ ਪਰਮਾਤਮ-ਅਨੁਭਵ ਲਈ ਇਥੇ ਆਇਆ ਹੈ, ਅਸਲੀ ਮਾਰਗ ਤੋਂ ਵਿਚਲਿਤ ਹੋ ਜਾਂਦਾ ਹੈ। ਇਸ ਤੋਂ ਖੁੰਝਣ ਕਰਕੇ ਕਾਲ ਮਨੁੱਖ ਦੇ ਸਿਰ ‘ਤੇ ਖੜਾ ਉਸ ਨੂੰ ਰੁਆਉਂਦਾ ਰਹਿੰਦਾ ਹੈ,
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ॥
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ॥
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ॥
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ॥
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ॥
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੁਆਏ॥੧॥ (ਪੰਨਾ ੫੮੧-੮੨)
ਗੁਰੂ ਨਾਨਕ ਸਾਹਿਬ ਇਸ ਤੋਂ ਅੱਗੇ ਸਤਿ-ਸੰਗੀਆਂ ਨੂੰ ਪ੍ਰੇਰਦੇ ਹਨ ਕਿ ਆਉ ਸਾਰੇ ਇੱਕ ਦੂਸਰੇ ਨੂੰ ਪ੍ਰੇਮ ਨਾਲ ਗਲੇ ਮਿਲੀਏ ਅਤੇ ਮਿਲ ਕੇ ਅਸੀਸ ਦੇਈਏ ਅਰਥਾਤ ਸਤਿ-ਸੰਗਤਿ ਵਿਚ ਪ੍ਰੇਮ ਨਾਲ ਰਲ ਕੇ ਬੈਠੀਏ ਅਤੇ ਵਿਛੜੇ ਸਾਥੀ ਲਈ ਇਹ ਕਾਮਨਾ ਕਰੀਏ, ਉਸ ਲਈ ਰੱਬ ਸੱਚੇ ਅੱਗੇ ਅਰਦਾਸ ਕਰੀਏ ਕਿ ਉਸ ਸੱਚੇ ਪਰਵਰਦਗਾਰ ਪਿਆਰੇ ਨਾਲ ਉਸ ਦਾ ਮਿਲਾਪ ਹੋ ਜਾਵੇ, ਉਸ ਨੂੰ ਅਕਾਲ ਪੁਰਖ ਦੇ ਦਰ ‘ਤੇ ਨਿਵਾਸ ਸਥਾਨ ਪ੍ਰਾਪਤ ਹੋ ਜਾਵੇ। ਮਨੁੱਖ ਦਾ ਸਦੀਵੀ ਮਿਲਾਪ, ਚਿਰ-ਸਥਾਈ ਮਿਲਾਪ ਉਸ ਅਕਾਲ ਪੁਰਖ ਨਾਲ ਹੀ ਹੁੰਦਾ ਹੈ ਅਤੇ ਜਦੋਂ ਇਹ ਮਿਲਾਪ ਇੱਕ ਵਾਰ ਹੋ ਜਾਵੇ ਫਿਰ ਦੁਬਾਰਾ ਕਦੀ ਵਿਛੋੜਾ ਨਹੀਂ ਪੈਂਦਾ। ਇਸ ਲਈ ਉਸ ਅਕਾਲ ਪੁਰਖ ਦੇ ਮਿਲਾਪ ਲਈ ਹੀ ਅਸੀਸ ਦੇਣੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ। ਮਨੁੱਖ ਨੂੰ ਅਕਾਲ ਪੁਰਖ ਦੀ ਭਗਤੀ ਕਰਨ ਦਾ, ਉਸ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਕੀਤਾ ਹੈ ਕਿਉਂਕਿ ਉਸ ਦੇ ਨਾਮ ਦੀ ਭਗਤੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ। ਜਿਸ ਦਾ ਉਸ ਨਾਲ ਇੱਕ ਵਾਰ ਮਿਲਾਪ ਹੋ ਜਾਂਦਾ ਹੈ, ਜਿਸ ਦੀ ਸੁਰਤਿ ਉਸ ਦੀ ਸੁਰਤਿ ਵਿਚ ਮਿਲ ਜਾਂਦੀ ਹੈ, ਉਸ ਦਾ ਪਰਮਾਤਮਾ ਤੋਂ ਫਿਰ ਕਦੀ ਵੀ ਵਿਛੋੜਾ ਨਹੀਂ ਹੁੰਦਾ। ਕਹਿਣ ਤੋਂ ਭਾਵ ਹੈ ਕਿ ਉਸ ਸਿਰਜਣਹਾਰ ਨਾਲ ਜਦੋਂ ਇੱਕ ਵਾਰ ਮੇਲ ਹੋ ਜਾਂਦਾ ਹੈ, ਇਹ ਮੇਲ ਫਿਰ ਸਦੀਵੀ ਹੁੰਦਾ ਹੈ, ਸਦਾ ਕਾਇਮ ਰਹਿਣ ਵਾਲਾ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਇਸ ਸੰਸਾਰ ‘ਤੇ ਕਈ ਮਨੁੱਖ ਅਜਿਹੇ ਵੀ ਹਨ ਜਿਹੜੇ ਪਰਮਾਤਮਾ ਦੇ ਨਾਮ ਨੂੰ ਭੁੱਲੀ ਫਿਰਦੇ ਹਨ, ਜਿਹੜੇ ਉਸ ਦੇ ਨਾਮ ਦਾ ਸਿਮਰਨ ਕਰਨ ਤੋਂ ਖੂੰਝੇ ਫਿਰਦੇ ਹਨ, ਰਸਤੇ ਤੋਂ ਭਟਕ ਗਏ ਹਨ ਅਤੇ ਉਸ ਸਦਾ ਕਾਇਮ ਰਹਿਣ ਵਾਲੇ ਪਰਵਰਦਗਾਰ ਦੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਉਸ ਸਦੀਵੀ ਸਤਿ ਅਰਥਾਤ ਸਦਾ ਕਾਇਮ ਰਹਿਣ ਵਾਲੇ ਕਰਤਾਰ ਦਾ ਨਾਮ ਸਿਮਰਨ ਕਰਨਾ ਹੀ ਅਸਲੀ ਜੀਵਨ-ਖੇਡ ਹੈ, ਇਹ ਹੀ ਅਸਲੀ ਜੀਵਨ-ਜਾਚ ਹੈ ਅਤੇ ਇਸ ਜੀਵਨ-ਖੇਡ ਦੀ ਸੋਝੀ ਗੁਰੂ ਦੀ ਦੱਸੀ ਸਿੱਖਿਆ ‘ਤੇ ਚੱਲ ਕੇ, ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਹੀ ਆਉਂਦੀ ਹੈ, ਉਸ ਦੇ ਸ਼ਬਦ ਵਿਚ ਜੁੜ ਕੇ ਹੀ ਖੇਡੀ ਜਾ ਸਕਦੀ ਹੈ। ਜਿਹੜੇ ਜੀਵ ਗੁਰੂ ਦੇ ਸ਼ਬਦ ਵਿਚ ਆਪਣੀ ਸੁਰਤਿ ਜੋੜੀ ਰੱਖਦੇ ਹਨ, ਜਿਹੜੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ, ਉਹ ਜਮ ਦੇ ਰਾਹ ਨਹੀਂ ਤੁਰਦੇ ਅਰਥਾਤ ਉਨ੍ਹਾਂ ਦੇ ਅੰਦਰੋਂ ਜਮ ਦਾ ਡਰ ਖਤਮ ਹੋ ਜਾਂਦਾ ਹੈ। ਉਹ ਸਦੀਵੀ ਤੌਰ ‘ਤੇ ਉਸ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦੇ ਹਨ, ਉਨ੍ਹਾਂ ਦੀ ਸੁਰਤਿ ਉਸ ਅਕਾਲ ਪੁਰਖ ਵਿਚ ਜੁੜੀ ਰਹਿੰਦੀ ਹੈ ਜੋ ਸਦਾ ਅਟੱਲ ਹੈ, ਜਿਸ ਦਾ ਸਰੂਪ ਸਦੀਵੀ ਕਾਇਮ ਹੈ। ਗੁਰੂ ਨਾਨਕ ਸਾਹਿਬ ਮਨੁੱਖ ਨੂੰ ਸਤਿਸੰਗਤਿ ਵਿਚ ਮਿਲ ਕੇ ਬੈਠਣ ਦਾ ਉਪਦੇਸ਼ ਕਰਦੇ ਹਨ ਕਿਉਂਕਿ ਸਤਿਸੰਗਤਿ ਵਿਚ ਹੀ ਗੁਰੂ ਨਾਲ ਮੇਲ ਹੁੰਦਾ ਹੈ ਅਤੇ ਇਥੇ ਗੁਰੂ ਨੂੰ ਮਿਲ ਕੇ ਮਨੁੱਖ ਨੂੰ ਮਾਇਆ-ਮੋਹ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋਣ ਦਾ ਰਸਤਾ ਮਿਲਦਾ ਹੈ ਅਤੇ ਉਹ ਮਾਇਆਵੀ ਬੰਧਨਾਂ ਨੂੰ ਤੋੜ ਦਿੰਦਾ ਹੈ,
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥
ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ॥
ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ॥
ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥
ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ॥੨॥ (ਪੰਨਾ ੫੮੨)
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਮਨੁੱਖ ਆਪਣੇ ਪਹਿਲਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਦੁੱਖ ਤੇ ਸੁੱਖ ਧੁਰੋਂ ਹੀ ਲਿਖਵਾ ਕੇ ਲਿਆਉਂਦਾ ਹੈ। ਭਾਵ ਮਨੁੱਖ ਨੇ ਜਿਹੋ ਜਿਹੇ ਕਰਮ ਪਹਿਲਾਂ ਕੀਤੇ ਹੋਏ ਹੁੰਦੇ ਹਨ, ਉਸ ਦੇ ਅਨੁਸਾਰ ਹੀ ਦੁੱਖ ਤੇ ਸੁੱਖ ਅਕਾਲ ਪੁਰਖ ਵਲੋਂ ਉਸ ਦੇ ਭਾਗਾਂ ਵਿਚ ਲਿਖੇ ਹੋਏ ਹੁੰਦੇ ਹਨ ਅਤੇ ਸੰਸਾਰ ਉਤੇ ਮਨੁੱਖ ਨੰਗਾ ਹੀ ਆਉਂਦਾ ਹੈ, ਜਨਮ ਸਮੇਂ ਹੀ ਮਨੁੱਖ ਨੇ ਜਦੋਂ ਇਥੋਂ ਵਾਪਸ ਜਾਣਾ ਹੈ, ਉਹ ਸਮਾਂ ਮੁਕੱਰਰ ਹੋ ਗਿਆ ਹੁੰਦਾ ਹੈ। ਸਾਹਾ ਉਹ ਘੜੀ ਹੈ ਜੋ ਸ਼ੁਭ ਦੇਖ ਕੇ ਕਿਸੇ ਮਨੁੱਖ ਦੇ ਵਿਆਹ ਦਾ ਸਮਾਂ ਨਿਰਧਾਰਤ ਕਰ ਦਿੱਤਾ ਜਾਂਦਾ ਹੈ। ਇਥੇ ḔਸਾਹੇḔ ਨੂੰ ਮਨੁੱਖ ਦੇ ਇਸ ਸੰਸਾਰ ਤੋਂ ਤੁਰ ਜਾਣ ਦੇ ਮੁਕੱਰਰ ਸਮੇਂ ਦੇ ਪ੍ਰਤੀਕ ਵਜੋਂ ਵਰਤਿਆ ਹੈ ਕਿਉਂਕਿ ਇਹ ਅਕਾਲ ਪੁਰਖ ਨਾਲ ਮੇਲ ਦੀ ਘੜੀ ਹੈ। ਇਸੇ ਪ੍ਰਤੀਕ ਨੂੰ ਵਰਤਦਿਆਂ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਇਥੋਂ ਤੁਰ ਜਾਣ ਦਾ ਨਿਰਧਾਰਤ ਕੀਤਾ ਹੋਇਆ ਸਮਾਂ ਅੱਗੇ ਪਿੱਛੇ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਦੁੱਖ ਤੇ ਸੁੱਖ ਨੂੰ ਟਾਲਿਆ ਜਾ ਸਕਦਾ ਹੈ ਜੋ ਮਨੁੱਖ ਦੇ ਪੂਰਬਲੇ ਕੀਤੇ ਹੋਏ ਕਰਮਾਂ ਅਨੁਸਾਰ ਧੁਰੋਂ ਲਿਖਿਆ ਹੋਇਆ ਆਉਂਦਾ ਹੈ। ਉਸ ਸਦੀਵੀ ਕਾਇਮ ਰਹਿਣ ਵਾਲੇ ਸਿਰਜਣਹਾਰ ਨੇ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਸੋਚ-ਵਿਚਾਰ ਕੇ ਇਹ ਵੀ ਲਿਖ ਦਿੱਤਾ ਹੁੰਦਾ ਹੈ ਕਿ ਉਸ ਨੇ ਆਪਣੇ ਜੀਵਨ-ਸਫਰ ਵਿਚ ਇਸ ਸੰਸਾਰ ‘ਤੇ ਰਹਿੰਦਿਆਂ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ-ਪੰਧ ਸੁਖਾਲਾ ਕਰਨਾ ਹੈ ਅਤੇ ਨਵੇਂ ਜੀਵਨ ਵਿਚ ਅੰਮ੍ਰਿਤ ਵਿਹਾਝਣਾ ਹੈ ਜਾਂ ਦੁਨੀਆਂ ‘ਤੇ ਰਹਿੰਦਿਆਂ ਮੋਹ-ਮਾਇਆ ਦੇ ਜਾਲ ਵਿਚ ਫਸ ਕੇ ਵਿਸ਼ੇ-ਵਿਕਾਰਾਂ ਦਾ ਜ਼ਹਿਰ ਇਕੱਠਾ ਕਰਨਾ ਹੈ। ਇਸ ਤਰ੍ਹਾਂ ਪਹਿਲਾਂ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਆਪਣੇ ਹੁਕਮ ਵਿਚ ਹੀ ਮਨੁੱਖ ਨੂੰ ਜਿਸ ਪਾਸੇ ਲਾਉਂਦਾ ਹੈ, ਉਹ ਉਸੇ ਪਾਸੇ ਲੱਗ ਜਾਂਦਾ ਹੈ। ਇਥੇ ਮਾਇਆ ਨੂੰ ਜਾਦੂਗਰਨੀ ਕਿਹਾ ਹੈ ਜੋ ਮਨੁੱਖ ਉਤੇ ਆਪਣਾ ਕਈ ਕਿਸਮ ਦਾ ਜਾਦੂ ਕਰਦੀ ਹੈ ਅਤੇ ਆਪਣੇ ਜਾਦੂ ਦੇ ਰੰਗ-ਬਰੰਗੇ ਧਾਗੇ ਉਸ ਦੇ ਗਲ ਵਿਚ ਪਾ ਕੇ ਆਪਣੇ ਜਾਦੂ ਵਿਚ ਵਲ ਲੈਂਦੀ ਹੈ, ਭਰਮਾ ਲੈਂਦੀ ਹੈ। ਇਹ ਮਾਇਆ ਮਨੁੱਖ ਨੂੰ ਕਈ ਤਰ੍ਹਾਂ ਨਾਲ ਭਰਮਾ ਲੈਂਦੀ ਹੈ ਅਤੇ ਇਸ ਦੇ ਭਰਮ ਜਾਲ ਵਿਚ ਫਸੇ ਹੋਏ ਮਨੁੱਖ ਦੀ ਮੱਤ ਹੋਛੀ ਹੋ ਜਾਂਦੀ ਹੈ, ਮੱਤ ਮਾਰੀ ਜਾਂਦੀ ਹੈ ਅਤੇ ਉਸ ਦਾ ਮਨ ਵੀ ਹੋਛਾ ਹੋ ਜਾਂਦਾ ਹੈ ਅਰਥਾਤ ਮਨੁੱਖ ਮਾਇਆ ਵਿਚ ਫਸ ਕੇ ਸਵਾਰਥੀ ਹੋ ਜਾਂਦਾ ਹੈ ਅਤੇ ਆਪਣੇ ਸਵਾਰਥ ਤੋਂ ਬਾਹਰ ਕੁਝ ਵੀ ਨਹੀਂ ਦੇਖਦਾ। ਜਿਵੇਂ ਮੱਖੀ ਗੁੜ ਨੂੰ ਖਾਂਦੀ ਹੈ ਅਤੇ ਫਿਰ ਗੁੜ ਨਾਲ ਚਿਪਕ ਕੇ ਹੀ ਮਰ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਮਾਇਆ-ਜਾਲ ਵਿਚ ਫਸ ਕੇ ਆਤਮਕ ਮੌਤ ਮਰ ਜਾਂਦਾ ਹੈ। ਮਨੁੱਖ ਇਸ ਦੁਨੀਆਂ ‘ਤੇ ਬੇਮਰਿਆਦਾ ਅਰਥਾਤ (ਨੰਗਾ ਹੀ ਆਉਂਦਾ ਹੈ ਅਤੇ ਨੰਗਾ ਹੀ ਬੰਨ੍ਹ ਕੇ ਮੌਤ ਉਸ ਨੂੰ ਅੱਗੇ ਲਾ ਲੈਂਦੀ ਹੈ,
ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥
ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥
ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆਜਿਤੁ ਲਾਇਆ ਤਿਤੁ ਲਾਗਾ॥
ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥
ਹੋਛੀਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥
ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥੩॥ (ਪੰਨਾ ੫੮੨)
ਗੁਰੂ ਨਾਨਕ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ ਹੇ ਸਤਿਸੰਗੀਉ! ਕਿਸੇ ਦੇ ਇਸ ਸੰਸਾਰ ਤੋਂ ਤੁਰ ਜਾਣ ‘ਤੇ ਰੋਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਰੋਣ ਨਾਲ ਮਨੁੱਖ ਦੇ ਇਥੋਂ ਕੂਚ ਕਰ ਜਾਣ ਨੂੰ ਟਾਲਿਆ ਨਹੀਂ ਜਾ ਸਕਦਾ। ਜਦੋਂ ਉਸ ਪਰਵਰਦਗਾਰ ਦਾ ਬੁਲਾਵਾ ਆ ਗਿਆ ਤਾਂ ਇਥੋਂ ਜਾਣਾ ਹੀ ਪੈਣਾ ਹੈ, ਕਿਉਂਕਿ ਇਹ ਇੱਕ ਨਾ ਟਾਲਿਆ ਜਾ ਸਕਣ ਵਾਲਾ ਨਿਯਮ ਹੈ। ਫਿਰ ਵੀ ਜੇ ਕਿਸੇ ਨੇ ਇਸ ਬੁਲਾਵੇ ਨੂੰ ਟਾਲਣ ਲਈ ਰੋ ਰੋ ਕੇ ਦੇਖਣਾ ਹੈ ਤਾਂ ਦੇਖ ਲਵੇ। ਜਾਨ ਤੋਂ ਪਿਆਰੇ ਸਬੰਧੀ ਨੂੰ ਮੌਤ ਦੇ ਦੂਤਾਂ ਨੇ ਬੰਨ੍ਹ ਕੇ ਅੱਗੇ ਤੋਰ ਲਿਆ ਹੈ, ਕੋਈ ਇਸ ਨੂੰ ਰੋਕ ਨਹੀਂ ਸਕਦਾ। ਮਨੁੱਖ ਦੇ ਇਥੋਂ ਕੂਚ ਕਰ ਜਾਣ ਵਾਸਤੇ ਅਕਾਲ ਪੁਰਖ ਨੇ ਜੋ ਸਮਾਂ ਲਿਖ ਕੇ ਉਸ ਨੂੰ ਸੰਸਾਰ ‘ਤੇ ਭੇਜਿਆ ਸੀ, ਜੋ ਸਮਾਂ ਪਹਿਲਾਂ ਹੀ ਨਿਰਧਾਰਤ ਹੈ, ਉਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ, ਪਰਮਾਤਮਾ ਦੀ ਦਰਗਾਹ ਤੋਂ ਜਦੋਂ ਬੁਲਾਵਾ ਆ ਗਿਆ, ਉਸ ਨੂੰ ਟਾਲਿਆ ਨਹੀਂ ਜਾ ਸਕਦਾ। ਅਕਾਲ ਪੁਰਖ ਦੀ ਰਜ਼ਾ ਵਿਚ ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਨੂੰ ਕੂਚ ਕਰਨ ਦਾ ਬੁਲਾਵਾ ਭੇਜ ਦਿੰਦਾ ਹੈ, ਰੋਣ ਵਾਲੇ ਨਜ਼ਦੀਕੀ ਰੋਂਦੇ ਹਨ।
ਗੁਰੂ ਨਾਨਕ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਸਾਰੇ ਨੇੜਲੇ ਰਿਸ਼ਤੇ-ਨਾਤੇ ਵਾਲੇ ਜਿਵੇਂ ਪੁੱਤਰ, ਭਰਾ, ਭਤੀਜੇ, ਪ੍ਰੇਮੀ, ਜਿਨ੍ਹਾਂ ਨੂੰ ਜਾਣ ਵਾਲਾ ਬਹੁਤ ਪਿਆਰਾ ਹੁੰਦਾ ਹੈ, ਸਾਰੇ ਸਾਕ-ਸਬੰਧੀ ਰੋਂਦੇ ਹਨ। ਪਿੱਛੇ ਰਹਿ ਗਏ ਸਬੰਧੀ ਤੁਰ ਜਾਣੇ ਵਾਲੇ ਆਪਣੇ ਪਿਆਰੇ ਦੇ ਪਿੱਛੇ ਵਾਪਰਨ ਵਾਲੇ ਦੁੱਖਾਂ ਦੇ ਭੈ ਤੋਂ ਰੋਂਦੇ ਹਨ, ਉਸ ਦੇ ਗੁਣਾਂ ਨੂੰ ਵਾਰ ਵਾਰ ਯਾਦ ਕਰਕੇ ਰੋਂਦੇ ਹਨ ਪਰ ਕਦੇ ਵੀ ਕੋਈ ਸਬੰਧੀ ਤੁਰ ਗਏ ਪ੍ਰਾਣੀ ਦੇ ਨਾਲ ਮਰਦਾ ਨਹੀਂ ਹੈ ਕਿਉਂਕਿ ਜੀਵਨ ਹਰ ਇੱਕ ਨੂੰ ਪਿਆਰਾ ਲੱਗਦਾ ਹੈ। ਮੌਤ ਅਕਾਲ ਪੁਰਖ ਦੇ ਹੱਥ ਵਿਚ ਹੈ। ਹਰ ਕੋਈ ਆਪਣੀ ਵਾਰੀ ਆਉਣ ‘ਤੇ ਹੀ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸੰਸਾਰ ਉਤੇ ਆਉਣ-ਜਾਣ ਦਾ ਸਿਲਸਿਲਾ ਇਸੇ ਤਰ੍ਹਾਂ ਕਾਇਮ ਰਹਿਣਾ ਹੈ, ਇਹ ਇੱਕ ਅਟੱਲ ਸੱਚਾਈ ਅਤੇ ਕੁਦਰਤੀ ਨੇਮ ਹੈ। ਉਹ ਜੀਵ, ਉਹ ਮਨੁੱਖ ਸਿਆਣੇ ਹਨ, ਸਮਝਦਾਰ ਹਨ ਜਿਹੜੇ ਉਸ ਸਦੀਵੀ ਕਾਇਮ ਰਹਿਣ ਵਾਲੀ ਹਸਤੀ, ਉਸ ਭੰਨਣ-ਘੜਨ ਵਾਲੀ ਹਸਤੀ ਦੇ ਗੁਣਾਂ ਦਾ ਸਿਮਰਨ ਕਰਦੇ ਹਨ, ਉਸ ਦੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਮਾਇਆ-ਮੋਹ ਵਲੋਂ ਉਦਾਸੀਨ ਹੋ ਜਾਂਦੇ ਹਨ ਅਰਥਾਤ ਆਪਣੇ ਆਪ ਨੂੰ ਮਾਇਆ ਦੇ ਲੋਭ-ਮੋਹ ਵਿਚ ਫਸਣ ਨਹੀਂ ਦਿੰਦੇ,
ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ॥
ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ॥
ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ॥
ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ॥
ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ॥
ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ॥੪॥੫॥ (ਪੰਨਾ ੫੮੨)