ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੇਰੇ ਵਿਰਲੇ-ਟਾਵੇਂ ਅਖਬਾਰੀ ਲੇਖ ਹੀ ਅਜਿਹੇ ਹੋਣਗੇ ਜਿਨ੍ਹਾਂ ਦਾ ਪਾਠਕਾਂ ਵੱਲੋਂ ਕੋਈ ਚੰਗਾ-ਮਾੜਾ ਪ੍ਰਤੀਕਰਮ ਨਾ ਆਇਆ ਹੋਵੇ। ਜ਼ਿਆਦਾਤਰ ਲਿਖਤਾਂ ਬਾਬਤ ਦੋ-ਦੋ ਹਫਤੇ ਤੱਕ ਕੰਨੀਂ ਹੁੰਗਾਰੇ ਪੈਂਦੇ ਰਹਿੰਦੇ ਹਨ। ਆਪੋ-ਆਪਣੀ ਸੋਚ ਅਤੇ ਪਸੰਦ ਮੁਤਾਬਕ ਪਾਠਕ ਸਾਹਿਬਾਨ ਟੀਕਾ ਟਿੱਪਣੀ ਕਰਦੇ ਹਨ। ਕੋਈ ਸਿਰਫ ਹੌਸਲਾ-ਅਫਜ਼ਾਈ ਹੀ ਕਰਦਾ ਹੈ, ਕਈ ਸੱਜਣ ਲੇਖਾਂ ਵਿਚ ਆਏ ਕਿਸੇ ਖਾਸ ਨੁਕਤੇ ਬਾਰੇ ਸਪਸ਼ਟੀਕਰਨ ਵੀ ਮੰਗਦੇ ਹਨ।
ਕੋਈ ਤਿੱਖੇ ਸਵਾਲ ਕਰ ਕੇ ਮੈਨੂੰ ‘ਪਰਖਣ’ ਦੀ ਕੋਸ਼ਿਸ਼ ਕਰਦੇ ਹਨ। ਕਈ ਵੀਰ-ਭੈਣਾਂ ਇਸ ਗੱਲੋਂ ਬਾਗੋ-ਬਾਗ ਹੋ ਕੇ ਫੋਨ ਕਰਦੇ ਹਨ ਕਿ ਲੇਖ ਵਿਚ ਉਨ੍ਹਾਂ ਦੇ ਪਿੰਡ-ਸ਼ਹਿਰ ਦਾ ਜ਼ਿਕਰ ਹੋਇਆ ਹੁੰਦਾ ਹੈ। ਅਜਿਹੇ ਪਾਠਕ ਮੋਹ ਨਾਲ ਕਹਿੰਦੇ ਨੇ-‘ਸਾਨੂੰ ਆਪਣੀ ਜੰਮਣ-ਭੋਇੰ ਦਾ ਨਾਂ ਪੜ੍ਹ ਕੇ ਇੰਜ ਮਹਿਸੂਸ ਹੋਇਆ, ਜਿਵੇਂ ਅਸੀਂ ਉਥੇ ਗੇੜਾ ਹੀ ਮਾਰ ਆਏ ਹੋਈਏ’। ਬਹੁਤ ਸਾਰੇ ਪਾਠਕ ਲੇਖ ਦੇ ਵਿਸ਼ਾ-ਵਸਤੂ ਨਾਲ ਮਿਲਦੀ-ਜੁਲਦੀ ਆਪਣੀ ਕੋਈ ਹੱਡ-ਬੀਤੀ ਜਾਂ ਸੁਣੀ-ਸੁਣਾਈ ਛੇੜ ਲੈਂਦੇ ਹਨ।
ਰੀਝਾਂ ਨਾਲ ਸੁਣਾਈਆਂ ਅਜਿਹੀਆਂ ਅਨੇਕਾਂ ਦਿਲਚਸਪ ਗੱਲਾਂ ਸੁਣ ਕੇ ਮੈਂ ਬੇਨਤੀ ਕਰਦਾ ਹਾਂ ਕਿ ਦੋਸਤੋ, ਤੁਸੀਂ ਇਸ ਵਾਕਿਆ ਨੂੰ ਲਿਖ ਕੇ ਅਖਬਾਰ ਨੂੰ ਭੇਜਣ ਦੀ ਖੇਚਲ ਕਰੋ, ਤਾਂ ਕਿ ਇਨ੍ਹਾਂ ਤੋਂ ਹੋਰ ਲੋਕ ਵੀ ਸੇਧ ਲੈਣ। ਕਈ ਭਰਾ ਅੱਗਿਉਂ ‘ਆਹੋ ਜੀ ਅੱਛਾ ਜੀ’ ਕਹਿ ਛੱਡਦੇ ਹਨ। ਕਈ ਹੱਸਦੇ ਹੋਏ ‘ਜਿਹੜਾ ਬੋਲੇ, ਉਹੀ ਕੰਡਾ ਖੋਲ੍ਹੇ’ ਦਾ ਅਖਾਣ ਬੋਲ ਕੇ ਮੈਨੂੰ ਹੀ ਇਹ ਸੇਵਾ ਕਰਨ ਲਈ ਆਖ ਦਿੰਦੇ ਹਨ। ‘ਤੇਰਾ ਤੁਝ ਕਉ ਸਉਪਤੇ’ ਮੁਤਾਬਕ ਪਾਠਕਾਂ ਵੱਲੋਂ ਪ੍ਰਗਟਾਏ ਕੁਝ ਚੋਣਵੇਂ ਪ੍ਰਵਚਨ ਇਸ ਲੇਖ ਵਿਚ ਲਿਖ ਰਿਹਾ ਹਾਂ।
ਸਾਧ-ਸੰਤਪੁਣੇ ਨੂੰ ਕਲੰਕਿਤ ਕਰਨ ਵਾਲੇ ਡੇਰੇਦਾਰਾਂ ਬਾਬਤ ਲਿਖੇ ਲੇਖ ਦੀ ਪ੍ਰੋੜਤਾ ਵਿਚ ਇਕ ਮਿੱਤਰ ਨੇ ਕੈਨੇਡਾ ਵਿਚ ਹੋਈ-ਬੀਤੀ ਵਾਰਤਾ ਸੁਣਾਈ, “ਭਾਅ ਜੀ, ਪੰਜਾਬ ਦੇ ਇਕ ਮਸ਼ਹੂਰ ਬਾਬਾ ਜੀ ਕੈਨੇਡਾ ਰਹਿੰਦੇ ਆਪਣੇ ਸ਼ਰਧਾਲੂਆਂ ਦੇ ਘਰ ਪਧਾਰੇ ਹੋਏ ਸਨ। ਉਨ੍ਹਾਂ ਦੇ ਘਰ ਪ੍ਰਸ਼ਾਦਾ-ਪਾਣੀ ਛਕ ਕੇ ਬਾਬੇ ਨੇ ਕਿਸੇ ਹੋਰ ਸੇਵਕ ਦੇ ਗ੍ਰਹਿ ਚਰਨ ਪਾਉਣੇ ਸਨ। ਉਹ ਸ਼ਰਧਾਲੂ ਬਾਬਾ ਜੀ ਨੂੰ ਲੈਣ ਆਏ ਹੋਏ ਸਨ। ਘਰ ਵਿਚੋਂ ਨਿੱਕਲ ਕੇ ਬਾਬੇ ਹੁਰੀਂ ਹੌਲੀ-ਹੌਲੀ ਤੁਰਦੇ ਕਾਰ ਵਿਚ ਬੈਠਣ ਜਾ ਰਹੇ ਸਨ। ਬੀਬੀਆਂ ਤੇ ਮਰਦਾਂ ਸਮੇਤ ਦਸ-ਪੰਦਰਾਂ ਜਣੇ ਉਸ ਵੇਲੇ ਬਾਬਾ ਜੀ ਦੇ ਅੱਗੜ-ਪਿੱਛੜ ਤੁਰੇ ਜਾ ਰਹੇ ਸਨ। ਓਪਰਾ ਥਾਂ ਅਤੇ ਬਜ਼ੁਰਗ ਹੋਣ ਕਰ ਕੇ ਅਚਾਨਕ ਬਾਬਾ ਜੀ ਦਾ ਪੈਰ ਫਿਸਲ ਗਿਆ, ਤੇ ਉਹ ਧਰਤੀ ‘ਤੇ ਚੌਫਾਲ ਡਿੱਗ ਪਏ। ਉਨ੍ਹਾਂ ਦਾ ਗੜਵਈ ਤਾਂ ਡਿਗਦਿਆਂ ਦੀਆਂ ਬਾਹਾਂ-ਬੂਹਾਂ ਫੜਨ ਦਾ ਯਤਨ ਕਰਨ ਲੱਗਾ ਪਰ ਬਾਕੀ ਦੇ ਸਾਰੇ ਜਣੇ ਇਕਦਮ ਥੱਲੇ ਡਿਗ ਪਏ। ਜਿਵੇਂ ਬਾਬਾ ਜੀ ਡਿੱਗੇ ਪਏ ਸੀ, ਉਵੇਂ ਹੀ ਸਾਰੇ ਸੇਵਕ ਧਰਤੀ ‘ਤੇ ਵਿਛ ਗਏ।”
ਪਾਠਕ ਮੂੰਹੋਂ ਇਹ ਅਲੋਕਾਰੀ ਜਿਹੀ ਗੱਲ ਸੁਣਦਿਆਂ ਮੈਂ ਹੈਰਾਨੀ ਨਾਲ ਪੁੱਛਿਆ ਕਿ ਬਾਬਾ ਜੀ ਤਾਂ ਚਲੋ ਬਿਰਧ ਸਰੀਰ ਹੋਣ ਕਰ ਕੇ ਡਿੱਗ ਪਏ ਹੋਣਗੇ, ਬਾਕੀ ਦਿਆਂ ਨੂੰ ਕੀ ਭੂਚਾਲ ਆ ਗਿਆ ਸੀ ਕਿ ਉਹ ਵੀ ਉਸੇ ਵੇਲੇ ਧੜੰਮ ਕਰ ਕੇ ਡਿੱਗ ਪਏ? ਹੱਸਦਿਆਂ ਹੋਇਆਂ ਪਾਠਕ ਵੀਰ ਕਹਿੰਦਾ, “ਭਾਅ ਜੀ ਉਹ ਬਾਬਾ ਜੀ ਦੇ ਪੱਕੇ ਸ਼ਰਧਾਲੂ ਸਿੱਖ ਸਨ। ਉਨ੍ਹਾਂ ਬਾਅਦ ਵਿਚ ਭੇਤ ਖੋਲ੍ਹਿਆ ਕਿ ਅਸੀਂ ਸੋਚਿਆ ਕਿ ਬਾਬਾ ਜੀ ‘ਮਹਾਰਾਜ’ ਨੇ ਸਾਡੀ ਪ੍ਰੀਖਿਆ ਲੈਣ ਲਈ ਇਹ ‘ਕੌਤਕ’ ਰਚਿਆ ਹੋਣੈ; ਕਿ ਦੇਖਾਂ ਤਾਂ ਸਹੀ ਇਹ ‘ਕਿੰਨੇ ਕੁ ਪੱਕੇ’ ਨੇ?æææਕੀ ਇਹ ਮੇਰੇ ਮਗਰੇ-ਮਗਰ ਉਹੀ ਕੁਝ ਕਰਨਗੇ ਕਿ ਨਹੀਂ, ਜੋ ਕੁੱਝ ਮੈਂ ਕਰਦਾ ਹਾਂ।” ਦੋਸਤ ਦੀ ਗੱਲ ਸੁਣ ਕੇ ਮੇਰੇ ਮੂੰਹੋਂ ਇਹੀ ਨਿਕਲਿਆ ਕਿ ਬਲਿਹਾਰੇ ਜਾਈਏ ਸੰਤ-ਗੀਰੀ ਦੇ ਅਤੇ ਸਦਕੇ ਜਾਈਏ ਅੰਨ੍ਹੇ ਸ਼ਰਧਾਲੂਆਂ ਦੇ!
ਪੁਰਾਣੇ ਅਕਾਲੀਆਂ ਦੀ ਪੰਥ-ਪ੍ਰਸਤੀ ਬਾਰੇ ਇਕ ਨੌਜਵਾਨ ਨੇ ਆਪਣੇ ਬਾਬੇ (ਦਾਦੇ) ਦੀ ਗੱਲ ਸੁਣਾਈ ਜੋ ਉਸ ਨੇ ਆਪਣੇ ਬਾਪ ਕੋਲੋਂ ਸੁਣੀ ਹੋਈ ਸੀ। ਕਹਿੰਦੇ, ਇਕ ਵਾਰ ਚੜ੍ਹਦੇ ਚੇਤ ਮਹੀਨੇ ਉਨ੍ਹਾਂ ਦੇ ਘਰ ਦਾਣੇ ਮੁੱਕ ਗਏ। ਕਣਕ ਦੀ ਵਾਢੀ ਹਾਲੇ ਪਛੇਤੀ ਸੀ। ਬੜਾ ਔਖਾ ਸਮਾਂ ਬਣਿਆ। ਸ਼ਰੀਕੇ-ਭਾਈਚਾਰੇ ਤੋਂ ਦਾਣੇ ਮੰਗਣੇ ਹੱਤਕ ਸਮਝਦਿਆਂ ਬਜ਼ੁਰਗਾਂ ਨੇ ਘਰ ਦੀਆਂ ਤ੍ਰੀਮਤਾਂ ਨੂੰ ਔਖੇ-ਸੌਖੇ ਹਫਤਾ, ਦੋ ਹਫਤੇ ਗੁਜ਼ਾਰਨ ਲਈ ਕਿਹਾ। ਸਲਾਹ ਇਹ ਬਣੀ ਕਿ ਨਿਆਈਂ ਵਾਲਾ ਖੇਤ ਪਹਿਲਾਂ ਪੱਕ ਜਾਣਾ ਹੈ, ਇਸ ਕਰ ਕੇ ਜ਼ਰਾ ਅਗੇਤੀ ਕਣਕ ਵੱਢ ਕੇ ਗਾਹ ਲਵਾਂਗੇ।
ਇਸੇ ਤਰ੍ਹਾਂ ਹੋਇਆ। ਸਬਰ ਸੰਤੋਖ ਤੇ ਸਿਦਕ ਵਾਲੀਆਂ ਸੁਆਣੀਆਂ ਨੇ ਸੰਕਟ ਵਾਲਾ ਸਮਾਂ ਜਿਵੇਂ ਕਿਵੇਂ ਗੁਜ਼ਾਰ ਲਿਆ। ਵਿਸਾਖ ਦੇ ਪਹਿਲੇ ਹਫਤੇ ਹੀ ਗੱਦਰਿਆ ਖੇਤ ਵੱਢ ਲਿਆ। ਚਾਰ ਧੁੱਪਾਂ ਲੁਆ ਕੇ ਪਿੜ ਵਿਚ ਫਲ੍ਹਿਆਂ ਨਾਲ ਕਣਕ ਗਾਹੁਣ ਲੱਗ ਪਏ। ਗਾਹੀ ਹੋਈ ਕਣਕ ਦੀ ਧੜ ਤੰਗਲੀਆਂ ਨਾਲ ਉਡਾਉਣ ਲਈ ਬਾਪੂ, ਉਸ ਦਾ ਪੁੱਤ ਅਤੇ ਨਾਲ ਦਾ ਸੀਰੀ ਹਵਾ ਦੇ ਬਦਲਦੇ ਰੁਖ਼ ਦੀ ਉਡੀਕ ਕਰਨ ਲੱਗੇ। ਇਨੇ ਨੂੰ ਮਾਤਾ ਦੁਪਹਿਰ ਦੀ ਰੋਟੀ ਲੈ ਕੇ ਪਿੜ ਵਿਚ ਆ ਗਈ। ਟੇਢੇ ਖੜ੍ਹੇ ਕੀਤੇ ਮੰਜੇ ਦੀ ਛਾਂਵੇਂ ਇਹ ਭੁੱਖਣ-ਭਾਣੇ ਕਾਮੇ ਹੱਥਾਂ ‘ਤੇ ਰੋਟੀਆਂ ਰੱਖ ਕੇ ਖਾ ਰਹੇ ਸਨ। ਉਧਰੋਂ, ਬਾਪੂ ਦੇ ਕੁਝ ਅਕਾਲੀ ਸਾਥੀ ਸਾਈਕਲਾਂ ‘ਤੇ ਆ ਪਹੁੰਚੇ। ਉਨ੍ਹਾਂ ਬਾਪੂ ਨੂੰ ਦੱਸਿਆ ਕਿ ਅਕਾਲੀ ਦਲ ਵੱਲੋਂ ਮੋਰਚਾ ਲੱਗ ਗਿਆ ਹੈ, ਅਸੀਂ ਤੈਨੂੰ ਲੈਣ ਆਏ ਹਾਂ।
ਬਾਪੂ ਹਾਲੇ ਉਨ੍ਹਾਂ ਨੂੰ ਘਰੇ ਦਾਣੇ ਨਾ ਹੋਣ ਦੀ ਮਜਬੂਰੀ ਦੱਸਣ ਹੀ ਲੱਗਾ ਸੀ ਕਿ ਬੇਬੇ ਕਹਿੰਦੀ, “ਸਰਦਾਰਾ, ਚੁੱਪ ਕਰ ਕੇ ਜਥੇਦਾਰਾਂ ਨਾਲ ਤਿਆਰ ਹੋ ਜਾ, ਇਹ ਪੰਥ ਦਾ ਮਸਲਾ ਹੈ। ਘਰ ਦੀ ਰਾਈ ਜਿੰਨੀ ਚਿੰਤਾ ਨਾ ਕਰੀਂ।” ਇਹ ਕਹਿ ਕੇ ਬੇਬੇ ਵਾਹੋ-ਦਾਹੀ ਘਰ ਮੁੜੀ ਤੇ ਬਾਪੂ ਦਾ ਪਰਨਾ ਕਛਹਿਰਾ ਤੇ ਕਮੀਜ਼-ਪਜਾਮਾ ਉਸ ਨੂੰ ਲਿਆ ਫੜਾਇਆ। ਸਾਥੀ ਜਥੇਦਾਰਾਂ ਨਾਲ ਬਾਪੂ ਪਿੜਾਂ ‘ਚੋਂ ਹੀ ਮੋਰਚੇ ਲਈ ਰਵਾਨਾ ਹੋਇਆ।
ਸਿੱਖ ਕਕਾਰਾਂ ਬਾਰੇ ਕਿਸੇ ਲੇਖ ਦੀ ਵਡਿਆਈ ਕਰਦਿਆਂ ਇਕ ਸਾਬਕਾ ਪੁਲਸੀਏ ਨੇ ਸੰਨ ਸੰਤਾਲੀ ਵੇਲੇ ਦੀ ਗਾਥਾ ਸੁਣਾਈ, “ਮਚੀ ਹੋਈ ਕਤਲੋਗਾਰਤ ਦੇ ਉਨ੍ਹਾਂ ਦਿਨਾਂ ਵਿਚ ਸਰਹੱਦੀ ਖੇਤਰ ਦੀ ਈਚੋਗਿੱਲ ਨਹਿਰ ‘ਤੇ ਇਕ ਮੁਸਲਮਾਨ ਠਾਣੇਦਾਰ ਦੀ ਡਿਊਟੀ ਲੱਗੀ ਹੋਈ ਸੀ। ਉਸ ਨੇ ਦੇਖਿਆ ਕਿ ਨਹਿਰ ਵਿਚ ਲਾਸ਼ ਤਰਦੀ ਆ ਰਹੀ ਹੈ। ਪੁਲ ਥੱਲਿਉਂ ਲਾਸ਼ ਗੁਜ਼ਰਨ ਵੇਲੇ ਉਸ ਨੇ ਗਹੁ ਨਾਲ ਦੇਖਿਆ ਕਿ ਰੁੜ੍ਹੀ ਜਾ ਰਹੀ ਲਾਸ਼ ਕਿਸੇ ਸਿੱਖ ਔਰਤ ਦੀ ਸੀ। ਔਰਤ ਦੇ ਗਲ਼ ਵਿਚ ਗਾਤਰਾ ਅਤੇ ਗੋਡਿਆਂ ਤੱਕ ਲੰਮਾ ਰੇਵ ਕਛਹਿਰਾ ਪਿਆ ਹੋਇਆ ਦੇਖ ਕੇ ਮੁਸਲਮਾਨ ਪੁਲਸੀਆ ਦੋਵੇਂ ਹੱਥ ਉਤਾਂਹ ਨੂੰ ਚੁੱਕ ਕੇ ਬੋਲਿਆ, “ਵਾਹ ਓਏ ਸਿੱਖਾਂ ਦਿਆ ਰਹਿਬਰਾ! ਤੂੰ ਆਪਣੇ ਮਰ ਚੁੱਕੇ ਪੈਰੋਕਾਰਾਂ ਦਾ ਵੀ ਨੰਗੇਜ਼ ਢਕਿਆ ਹੋਇਐ!”
ਬਜ਼ੁਰਗ ਦੇ ਦੱਸਣ ਮੁਤਾਬਕ ਇਹ ਨੇਕ-ਦਿਲ ਮੁਸਲਿਮ ਠਾਣੇਦਾਰ, ਇਸੇ ਗੱਲ ਤੋਂ ਮੁਤਾਸਿਰ ਹੋ ਕੇ ਸਿੰਘ ਸਜ ਗਿਆ ਸੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਹਾਅ ਦਾ ਨਾਹਰਾ ਮਾਰਨ ਸਦਕਾ ਮਲੇਰ ਕੋਟਲੇ ਦੇ ਨਵਾਬ ਨੂੰ ਦਸਵੇਂ ਗੁਰੂ ਜੀ ਵੱਲੋਂ ਸਦਾ ਸਲਾਮਤ ਨਵਾਬੀ ਦੀ ਦਿੱਤੀ ਗਈ ਅਸੀਸ ਬਾਰੇ ਸਭ ਨੂੰ ਪਤਾ ਹੈ ਪਰ ਸੰਨ ਸੰਤਾਲੀ ਦੀ ਅੰਨ੍ਹੀ ਮਾਰ-ਵੱਢ ਦੇ ਦਿਨਾਂ ਵਿਚ ਸਿੱਖਾਂ ਨੇ ਦਸਮੇਸ਼ ਪਿਤਾ ਦੇ ਇਨ੍ਹਾਂ ਵਚਨਾਂ ਦਾ ਪਾਲਣ ਕਿੰਨੇ ਧਿਆਨ ਤੇ ਸਤਿਕਾਰ ਨਾਲ ਕੀਤਾ ਸੀ, ਇਸ ਦੀ ਅਨੋਖੀ ਮਿਸਾਲ ਸੁਣਨ ਨੂੰ ਮਿਲੀ।
ਕੰਬਦੀ ਹੋਈ ਆਵਾਜ਼ ‘ਚ ਇਕ ਬਾਪੂ ਜੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਹਿੰਦੂ ਸਿੱਖ-ਮੁਸਲਮਾਨ ਇਕ-ਦੂਜੇ ਦੇ ਵੈਰੀ ਬਣੇ ਹੋਏ ਸਨ। ਭਿਆਨਕ ਕਤਲੋਗਾਰਤ ਹੋ ਰਹੀ ਸੀ। ਜਿੱਥੇ ਕਿਸੇ ਦਾ ਦਾਅ ਲਗਦਾ, ਧੌਣਾਂ ਲਾਹ ਸੁੱਟਦਾ। ਸਰਹਿੰਦ ਨਹਿਰ ਦੇ ਕੰਢੇ ਤੁਰੇ ਜਾਂਦੇ ਕੁਝ ਮੁਸਲਮਾਨ ਮਰਦ, ਸਿੱਖਾਂ ਦੇ ਜਥੇ ਦੀ ਨਜ਼ਰੀਂ ਪੈ ਗਏ। ਬਰਛਿਆਂ ਕ੍ਰਿਪਾਨਾਂ ਨਾਲ ਲੈਸ ਸਿੱਖਾਂ ਨੇ ਉਨ੍ਹਾਂ ਮੁਸਲਮਾਨਾਂ ਨੂੰ ਘੇਰ ਲਿਆ। ਮੁਸਲਮਾਨਾਂ ਨੇ ਜਾਨ ਬਚਾਉਣ ਲਈ ਵਗਦੀ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ। ਹਮਲਾਵਰ ਸਿੱਖ ਵੀ ਕੰਢੇ ‘ਤੇ ਪਹੁੰਚ ਗਏ। ਪਾਣੀ ਵਿਚ ਤਰਦੇ ਜਾਂਦੇ ਮੁਸਲਮਾਨ ਸਿੱਖਾਂ ਨੂੰ ਝਕਾਨੀ ਦਿੰਦਿਆਂ ਕਦੇ ਲੰਮਾ ਗੋਤਾ ਮਾਰ ਲੈਂਦੇ ਅਤੇ ਪਲ ਦੀ ਪਲ ਸਾਹ ਲੈਣ ਲਈ ਧੌਣਾਂ ਬਾਹਰ ਕੱਢ ਲੈਂਦੇ। ਕੰਢੇ-ਕੰਢੇ ਤੁਰੇ ਜਾਂਦੇ ਸਿੱਖ ਹੋ-ਹੱਲਾ ਤਾਂ ਮਚਾਈ ਗਏ, ਪਰ ਮੁਸਲਮਾਨਾਂ ਨੂੰ ਮਾਰਨ ਲਈ ਨਹਿਰ ਵਿਚ ਛਾਲਾਂ ਮਾਰਨ ਦੀ ਉਨ੍ਹਾਂ ‘ਚ ਹਿੰਮਤ ਨਾ ਪਈ। ਸਿੱਖਾਂ ਨੇ ਸੋਚਿਆ ਕਿ ਹਾਰ-ਹੰਭ ਕੇ ਇਹ ਬਾਹਰ ਨਿੱਕਲ ਹੀ ਆਉਣਗੇ। ਇਹ ਸੋਚ ਕੇ ਉਹ ਲਲਕਾਰੇ ਮਾਰਦੇ ਹੋਏ ਅੱਗੇ ਵਧੀ ਗਏ।
ਸ਼ਿਕਾਰ ਅਤੇ ਸ਼ਿਕਾਰੀ ਇੱਕ-ਦੂਜੇ ਨੂੰ ਤਾੜਦੇ ਹੋਏ ਨਾਲੋ-ਨਾਲ ਚੱਲ ਰਹੇ ਸਨ। ਹਫੇ ਹੋਏ ਸਿੱਖਾਂ ਨੇ ਜਦ ਦੇਖਿਆ ਕਿ ਇਹ ਨਿਪੁੰਨ ਤੈਰਾਕ ਮੁਸਲਮਾਨ ਸਾਡੇ ਕਾਬੂ ਨਹੀਂ ਆਉਣੇ, ਤਦ ਉਨ੍ਹਾਂ ਆਪਣੇ ਨਾਲ ਦੇ ਸਾਬਕਾ ਫੌਜੀ ਸਾਥੀ ਨੂੰ ਫਾਇਰ ਕਰਨ ਲਈ ਆਖ ਦਿੱਤਾ ਜਿਸ ਕੋਲ ਬੰਦੂਕ ਸੀ। ਕਹਿੰਦੇ ਜਦੋਂ ਬੰਦੂਕ ਵਾਲਾ ਸਿੱਖ, ਨਹਿਰ ਵਿਚ ਡੁਬਕੀਆਂ ਲਾਉਂਦੇ ਜਾਂਦੇ ਮੁਸਲਮਾਨਾਂ ‘ਤੇ ਨਿਸ਼ਾਨਾ ਵਿੰਨ੍ਹ ਰਿਹਾ ਸੀ ਤਾਂ ਉਸ ਨੂੰ ਗੋਲੀ ਚਲਾਉਣ ਲਈ ਕਹਿਣ ਵਾਲੇ ਸਿੱਖਾਂ ਨੇ ਇਕਦਮ ਬਾਹਾਂ ਖੜ੍ਹੀਆਂ ਕਰ ਕੇ ਉੱਚੀ-ਉੱਚੀ ਰੌਲਾ ਪਾ ਦਿੱਤਾ-“ਓæææਰੁਕ ਰੁਕ ਸੂਬੇਦਾਰਾ! ਠਹਿਰ ਜਾ, ਫਾਇਰ ਨਾ ਕਰੀਂ!!”
ਬੰਦੂਕ ਵਾਲਾ ਹੈਰਾਨ ਹੋ ਕੇ ਆਪਣੇ ਸਾਥੀਆਂ ਵੱਲ ਝਾਕਣ ਲੱਗਾ ਕਿ ਅਚਾਨਕ ਕੀ ਵਾਪਰ ਗਿਆ? ਆਪਣੇ ਬੰਦੂਕ ਵਾਲੇ ਸਾਥੀ ਦੀਆਂ ਸਵਾਲੀਆ ਅੱਖਾਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਤਰਦੇ ਜਾਂਦੇ ਮੁਸਲਮਾਨਾਂ ਦਾ ਖਹਿੜਾ ਛੱਡ ਕੇ, ਨਹਿਰ ਦੀ ਪਟੜੀ ਉਤੇ ਗੱਡੇ ਹੋਏ ਮੀਲ-ਪੱਥਰ ਵੱਲ ਇਸ਼ਾਰਾ ਕਰਦਿਆਂ ਆਖਿਆ, “ਔਹ ਦੇਖ ਸੂਬੇਦਾਰਾ!”
ਉਸ ਮੀਲ ਪੱਥਰ ‘ਤੇ ਲਿਖਿਆ ਹੋਇਆ ਸੀ, ਇੱਥੋਂ ਮਲੇਰ ਕੋਟਲੇ ਦੀ ਹੱਦ ਸ਼ੁਰੂ ਹੁੰਦੀ ਹੈ।
ਅਚਾਨਕ ਅੜਿੱਕੇ ਆਏ ਮੁਸਲਮਾਨਾਂ ਦੀ ਜਾਨ ਦੇ ਵੈਰੀ ਬਣੇ ਹੋਏ ਸਿੱਖ ਜਥੇ ਦੇ ਮੈਂਬਰਾਂ ਨੂੰ ਮਲੇਰ ਕੋਟਲੇ ਦੀ ਜੂਹ ਵਿਚ ਦਾਖਲ ਹੁੰਦਿਆਂ ਹੀ ਦਸਮੇਸ਼ ਗੁਰੂ ਦੇ ਵਚਨ ਯਾਦ ਆ ਗਏ ਸਨ।