ਝੂੰਗਾ

ਕਾਨਾ ਸਿੰਘ ਦੀ ਕਹਾਣੀ ‘ਝੂੰਗਾ’ ਵਿਚ ਉਸ ਦੀ ਲੇਖਣੀ ਦਾ ਰੰਗ ਦੇਖਣ ਹੀ ਵਾਲਾ ਹੈ। ਕਹਾਣੀ ਦੀ ਲੜੀ ਉਹ ਟੁੱਟਣ ਨਹੀਂ ਦਿੰਦੀ। ਕਾਨਾ ਕਹਾਣੀਆਂ ਵੀ ਲਿਖਦੀ ਹੈ ਅਤੇ ਕਵਿਤਾ ਵੀ। ਵਾਰਤਕ ਵਿਚ ਵੀ ਉਹਦੀ ਮੁਹਾਰਤ ਹੈ। ਪਿੱਛੇ ਜਿਹੇ ਉਸ ਦੀ ਵਾਰਤਕ ਪੁਸਤਕ ‘ਚਿੱਤ-ਚੇਤਾ’ ਛਪੀ ਹੈ ਜਿਸ ਦਾ ਰੰਗ ‘ਪੰਜਾਬ ਟਾਈਮਜ਼’ ਦੇ ਪਾਠਕ ਪੰਦਰੀਂ-ਵੀਹੀਂ ਦਿਨੀਂ ਦੇਖ ਹੀ ਲੈਂਦੇ ਹਨ। ਉਹਦੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਨਾਂ ‘ਖੁਸ਼ਬੂ ਤੇ ਮਾਰੀਆ’ ਹੈ। ‘ਖੁਸ਼ਬੂ’ ਕਹਾਣੀ ਉਤੇ ਟੈਲੀਫਿਲਮ ਬਣ ਚੁੱਕੀ ਹੈ। ਦੋ ਕਾਵਿ-ਸੰਗ੍ਰਹਿ ‘ਲੋਹਿਓਂ ਪਾਰਸ’ ਤੇ ‘ਉਡ ਕਲਾਵੇ ਆਵਾਂ’ ਛਪ ਚੁੱਕੇ ਹਨ।

ਮੁਲਾਕਾਤਾਂ ਦੀ ਪੁਸਤਕ ‘ਓਕਾਬ ਦੀ ਅੱਖ’ ਵਿਚ ਉਹਨੇ ਕੁਝ ਅਹਿਮ ਸ਼ਖਸੀਅਤਾਂ ਨਾਲ ਗੱਲਾਂ ਕੀਤੀਆਂ ਹਨ। ਸਫਰਨਾਮਾ ‘ਮੁਹਾਲੀ ਟੂ ਮਾਸਕੋ’ ਵੀ ਉਸ ਦੇ ਬੋਝੇ ਵਿਚ ਹੈ। ਬਾਲ ਸਾਹਿਤ ਦੀ ਲੜੀ ਵਿਚ ‘ਬਿਮਾਰੀ ਦੀ ਬਾਲ’, ‘ਟੋਪੀ ਚੋਰ’, ‘ਮੇਰਾ ਨਾਨਕ’, ‘ਏਂਗਣੂੰ ਮੇਂਗਣੂੰ ਸ਼ੇਗਣੂੰ’, ‘ਹੈਪੀ ਕ੍ਰਿਸਮਸ’ ਤੇ ‘ਕੁਕੜੂੰ ਘੜੂੰ’ ਪੁਸਤਕਾਂ ਪਈਆਂ ਦਿਸਦੀਆਂ ਹਨ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਜਦੋਂ ਦਾ ਬਹਾਦੁਰ ਆਇਆ ਹੈ, ਘਰ ਵਿਚ ਬੜੀ ਰੌਣਕ ਹੋ ਗਈ ਹੈ। ਹਰ ਚੀਜ਼ ਲਿਸ਼ਕੀ-ਪੁਸ਼ਕੀ, ਹਰ ਕੋਨਾ ਰੌਸ਼ਨ-ਰੌਸ਼ਨ। ਮੈਨੂੰ ਹੀ ਪਤਾ ਹੈ ਕਿ ਮੈਂ ਪਿਛਲੇ ਪੰਜ ਸਾਲ ਇਸ ਭਾਂ-ਭਾਂ ਕਰਦੀ ਕੋਠੀ ਵਿਚ ਕਿਸ ਤਰ੍ਹਾਂ ਬਿਤਾਏ ਹਨ। ਵਰ੍ਹੇ-ਵਰ੍ਹੇ ਦਾ ਦਿਨ, ਘੜੀ ਦੀ ਟਿਕ-ਟਿਕ, ਦਿਲ ਦੀ ਧੱਕ-ਧੱਕ ਤੇ ਮੌਤ ਵਰਗੀ ਚੁੱਪ।
ਨਿਰਲੇਪ ਵਹੁਟੀ ਲੈ ਕੇ ਤੁਰਦਾ ਬਣਿਆ ਤੇ ਰੀਤੀ ਆਪਣੇ ਸੁਹਰੇ ਘਰ। ਰਹਿ ਗਏ ਅਸੀਂ ਮੀਆਂ ਤੇ ਬੀਵੀ ਅਤੇ ਟੀਟੂ ਤੇ ਸਿਲਕੀ। ਟੀਟੂ ਪੇਟ ਘਰੋੜੀ ਦਾ ਪਿਛਲੀ ਉਮਰ ਦਾ ਜਮੋੜ। ਅਰੋੜਾ ਸਾਹਿਬ ਨੇ ਫੈਕਟਰੀ ਚਲੇ ਜਾਣਾ ਤੇ ਟੀਟੂ ਨੇ ਸਕੂਲ। ਸ਼ਹਿਰੋ ਬਾਹਰ ਏਨੀ ਵੱਡੀ, ਕਨਾਲ ਦੀ ਕੋਠੀ ਵਿਚ ਮੈਂ ਕੱਲ-ਮੁਕੱਲੀ। ਸਿਲਕੀ ਅਗੇ-ਪਿੱਛੇ ਪੂਛ ਹਿਲਾਉਂਦੀ ਫਰਦੀ। ਉਸੇ ਨਾਲ ਗੱਲਾਂ ਕਰਦੀ ਰਹਿੰਦੀ ਮੈਂ। ਸਿਲਕੀ ਕੀ ਹੁੰਗਾਰਾ ਭਰੇ? ਬੇਜ਼ੁਬਾਨ ਜਾਨਵਰ। ਕਿੰਨੀ ਚੁੱਪ, ਉਦਾਸ ਤੇ ਡਿੱਗੀ ਰਹਿੰਦੀ ਸਾਂ ਮੈਂ, ਡਿਪਰੈਸ਼ਨ ਦੀ ਮਰੀਜ਼!
ਐਸੀਡਿਟੀ, ਸਪਾਂਡੇਲਾਇਟਸ, ਜੋੜਾਂ ਦਾ ਦਰਦ, ਮਾਈਗਰੇਨ, ਬਲੱਡ ਪ੍ਰੈਸ਼ਰ, ਕੋਲੈਸਟਰੋਲ ਤੇ ਦਿਲ ਦੀ ਧੜਕਣ। ਕਿਹੜੀ ਬਿਮਾਰੀ ਸੀ, ਜਿਹੜੀ ਨਹੀਂ ਸੀ ਮੈਨੂੰ ਚੰਬੜੀ ਹੋਈ? ਨਿੱਤ ਡਾਕਟਰਾਂ ਦੇ ਗੇੜੇ। ਦਵਾਈਆਂ ਹੀ ਦਵਾਈਆਂ। ਹਰ ਨਵਾਂ ਡਾਕਟਰ ਦਵਾਈ ਬਦਲ ਦਿੰਦਾ। ਡਾਕਟਰ ਬਦਲਦੇ, ਦਵਾਈਆਂ ਬਦਲਦੀਆਂ ਤੇ ਬਦਲ ਜਾਂਦੇ ਦਵਾਈਆਂ ਦੇ ਨਾਂ। ਜੇ ਨਹੀਂ ਸੀ ਬਦਲਦੀ ਤਾਂ ਮੇਰੀ ਹਾਲਤ। ਉਹ ਤਾਂ ਬਦ ਤੋਂ ਬਦਤਰ ਹੀ ਹੁੰਦੀ ਜਾਂਦੀ। ਡਾਕਟਰ ਮੇਰੀ ਬਿਮਾਰੀ ਦਾ ਕਾਰਨ ਇਕਲਾਪਾ ਦੱਸਦੇ, ਪਰ ਬੰਦੇ ਕਿੱਥੋਂ ਲਿਆਈਏ?
ਭਲਾ ਹੋਵੇ ਮਿਸਟਰ ਕੁਮਾਰ ਦਾ। ਦੇਣੀਆਂ ਨਹੀਂ ਦੇ ਸਕਦੇ ਅਸੀਂ ਉਨ੍ਹਾਂ ਦੀਆਂ। ਉਨ੍ਹਾਂ ਨੇ ਹੀ ਲਿਆ ਕੇ ਦਿੱਤਾ ਏ ਬਹਾਦੁਰ। ਉਨ੍ਹਾਂ ਦਾ ਚਪੜਾਸੀ ਬਹਾਦੁਰ ਦਾ ਚਾਚਾ ਏ। ਪਿਛਲੀ ਛੁੱਟੀ ‘ਤੇ ਜਦੋਂ ਉਹ ਨੇਪਾਲ ਗਿਆ ਤਾਂ ਵਾਪਸੀ ਉਤੇ ਇਸ ਨੂੰ ਨਾਲ ਲੈ ਆਇਆ। ਸੋਚਾਂ, ਇਤਨਾ ਨਿਕਚੂ ਜਿਹਾ ਭਲਾ ਕੀ ਕੰਮ ਕਰ ਸਕੇਗਾ? ਮੈਂ ਤਾਂ ਰੱਖ ਕੇ ਹੀ ਨਹੀਂ ਸੀ ਰਾਜ਼ੀ, ਪਰ ਇਸ ਦੇ ਚਾਚੇ ਨੇ ਦੱਸਿਆ ਕਿ ਪੂਰੇ ਦਸਾਂ ਵਰ੍ਹਿਆਂ ਦਾ ਹੈ ਬਹਾਦੁਰ। ਬੱਸ ਕੱਦ ਦਾ ਹੀ ਮਧਰਾ ਏ। ਪਹਿਲਾਂ ਉਸ ਨੇ ਇਸ ਨੂੰ ਕਿਸੇ ਹੋਰ ਦੇ ਘਰ ਰਖਾਇਆ ਸੀ। ਦੋ ਮਹੀਨੇ ਉਥੇ ਰਿਹਾ ਪਰ ਖੁਸ਼ ਨਹੀਂ ਸੀ। ਉਹ ਚੰਗਾ ਖਾਣ ਨੂੰ ਨਹੀਂ ਸਨ ਦਿੰਦੇ, ਨਾਲੇ ਵੈਸ਼ਨੂੰ ਸਨ। ਮਾਸ ਮੱਛੀ ਨਹੀਂ ਸਨ ਖਾਂਦੇ। ਬਹਾਦੁਰ ਤਾਂ ਮਾਸਾਹਾਰੀ ਹੈ ਤੇ ਸਾਡੇ ਘਰ ਹਰ ਦੂਜੇ-ਚੌਥੇ ਦਿਨ ਮਹਾਂਪ੍ਰਸ਼ਾਦ ਬਣਦਾ ਹੈ।
ਨੌਕਰ ਉਥੇ ਖੁਸ਼ ਰਹਿੰਦਾ ਹੈ ਜਿਥੇ ਖਾਣ ਨੂੰ ਚੰਗਾ ਚੌਖਾ ਮਿਲੇ ਤੇ ਵਿਤਕਰਾ ਵੀ ਨਾ ਹੋਵੇ। ਵੱਧ ਹੋਵੇ ਜਾਂ ਘੱਟ, ਤਨਖਾਹ ਤਾਂ ਘਰ ਵਾਲਿਆਂ ਨੂੰ ਹੀ ਜਾਣੀ ਹੁੰਦੀ ਹੈ। ਬੱਚੇ ਵਿਚਾਰੇ ਨੂੰ ਉਸ ਨਾਲ ਕੀ ਭਾਗ!
ਆਖਰ ਬੱਚਾ ਹੀ ਤਾਂ ਹੈ ਨਾ ਬਹਾਦੁਰ। ਸਾਡੇ ਟੀਟੂ ਤੋਂ ਚਾਰ ਸਾਲ ਛੋਟਾ ਏ ਤੇ ਟੀਟੂ ਕਿਤਨਾ ਲਾਡਲਾ ਏ? ਬਹਾਦੁਰ ਵੀ ਲਾਡਲਾ ਏ, ਮਾਪਿਆਂ ਦਾ ਇਕਲੌਤਾ ਪੁੱਤਰ। ਹੈ ਵੀ ਚੰਗੇ ਘਰ ਦਾ ਤੇ ਬ੍ਰਾਹਮਣ। ਝੋਨੇ ਦੇ ਖੇਤ ਨੇ ਉਨ੍ਹਾਂ ਦੇ, ਪਰ ਕੁਝ ਦੇਰ ਤੋਂ ਫਸਲ ਹੀ ਨਹੀਂ ਹੋ ਰਹੀ। ਦਾਦਾ ਬੁੱਢਾ ਸੁ ਤੇ ਪਿਉ ਦਮੇ ਦਾ ਮਰੀਜ਼। ਕਾਫ਼ੀ ਕਰਜ਼ਾ ਚੜ੍ਹ ਗਿਆ ਹੈ ਉਨ੍ਹਾਂ ਦੇ ਸਿਰ ਉਤੇ। ਕਹਿੰਦਾ ਏ ਪਿਉ ਬਹੁਤ ਪਿਆਰ ਕਰਦਾ ਏ ਉਸ ਨੂੰ। ਵਸਾਹ ਹੀ ਨਹੀਂ ਸੀ ਖਾਂਦਾ। ਸਾਹ ਨਾਲ ਹਫ਼ਦਾ ਵੀ ਉਸ ਨੂੰ ਘਨਾੜੇ ਉਤੇ ਚੜ੍ਹਾਈ ਰੱਖਦਾ ਸੀ। ਉਸ ਕਿੱਥੇ ਭੇਜਣਾ ਸੀ ਇਸ ਨੂੰ? ਇਹ ਤਾਂ ਇਸ ਦਾ ਚਾਚਾ ਚੋਰੀ ਲੈ ਆਇਆ। ਭਰਜਾਈ ਨੂੰ ਸਮਝਾ-ਬੁਝਾ ਕੇ। ਅਖੇ, ਉਹ ਬਹਾਦੁਰ ਨੂੰ ਸ਼ਹਿਰ ਪੜ੍ਹਾਉਣ ਲਈ ਲਿਜਾ ਰਿਹੈ। ਪਤਾ ਨਹੀਂ ਹੁਣ ਇਸ ਦੇ ਪਿਉ ਦਾ ਕੀ ਹਾਲ ਹੋਵੇਗਾ?
ਪਿਉ ਨੂੰ ਯਾਦ ਕਰ ਕੇ ਬਹਾਦੁਰ ਬੜਾ ਉਦਾਸ ਹੋ ਜਾਂਦਾ ਹੈ। ਬੜੀਆਂ ਗੱਲਾਂ ਕਰਦਾ ਹੈ ਵਤਨ ਦੀਆਂ। ਝੋਨੇ ਦੇ ਖੇਤਾਂ ਦੀਆਂ, ਪਾਣੀ ਦੇ ਝਰਨਿਆਂ ਦੀਆਂ, ਪਿਉ-ਦਾਦੇ ਤੇ ਮਾਂ ਦੀਆਂ, ਤੇ ਦੋਸਤਾਂ ਅਤੇ ਸੰਗੀਆਂ ਦੀਆਂ ਗੱਲਾਂ ਹੀ ਗੱਲਾਂ। ਲੱਗਾ ਹੀ ਰਹੀਦੈ, ਗੱਲਾਂ ਵੀ ਤੇ ਕੰਮ ਵੀ।
ਨਿਰਲੇਪ ਦੀ ਰਸ਼ਮ ਤੇ ਰੀਤੀ ਦੇ ਸੋਨੂੰ ਦੀਆਂ ਸ਼ਰਾਰਤਾਂ ਬਾਰੇ ਸੁਣ ਕੇ ਬਹਾਦੁਰ ਬੜਾ ਹੱਸਦਾ ਹੈ। ਉਨ੍ਹਾਂ ਲਈ ਮਿੱਟੀ ਦੇ ਖਿਡੌਣੇ, ਕਾਗਜ਼ ਦੀਆਂ ਬੇੜੀਆਂ, ਭੰਬੀਰੀਆਂ, ਜਹਾਜ਼ ਤੇ ਹੋਰ ਕਿੰਨਾ ਕੁਝ ਹੀ ਬਣਾ-ਬਣਾ ਕੇ ਰੱਖੀ ਜਾਂਦਾ ਹੈ। ਸਾਡੇ ਬੱਚਿਆਂ ਦੀਆਂ ਚਿੱਠੀਆਂ ਆਉਣ ਸਹੀ, ਖੁਸ਼ੀ ਨਾਲ ਉਛਲ ਪੈਂਦਾ ਹੈ। ਕਹਿੰਦਾ ਹੈ ‘ਮੈਂ ਦੀਦੀ ਦੇ ਸੋਨੂੰ ਦੀ ਘੋੜੀ ਬਣ ਕੇ ਉਸ ਨੂੰ ਖਿਡਾਵਾਂਗਾ, ਰਸ਼ਮੀ ਲਈ ਗੁੱਡੀ ਬਣਾਵਾਂਗਾ’। ਬਸ ਦਿਨ ਗਿਣਦਾ ਹੈ ਕਿ ਕਦੋਂ ਉਹ ਆਉਣਗੇ।
ਰੌਣਕਾਂ ਦਾ ਤਾਂ ਬਾਹਲਾ ਹੀ ਭੁੱਖਾ ਹੈ। ਕੋਈ ਆਵੇ ਸਹੀ, ਚਾਅ ਚੜ੍ਹ ਜਾਂਦਾ ਹੈ ਉਸ ਨੂੰ। ਇਹੀ ਚਾਹੁੰਦਾ ਹੈ ਕਿ ਘਰ ਭਰਿਆ ਰਹੇ, ਗਹਿਮਾ-ਗਹਿਮ ਲੱਗੀ ਰਹੇ। ਹੁਣ ਆਉਂਦੇ ਵੀ ਬੜੇ ਨੇ। ਮੈਂ ਜੁ ਖਿੜੀ ਰਹਿੰਦੀ ਹਾਂ? ਹੁਣ ਨਹੀਂ ਹੁੰਦਾ ਮੈਨੂੰ ਕੋਈ ਡਿਪਰੈਸ਼ਨ, ਵੈਸ਼ਨ। ਨਾ ਹੀ ਕਦੇ ਕੋਈ ਦਵਾਈ ਲੈਣੀ ਪਈ ਹੈ।
ਬਹਾਦੁਰ ਕਾਰਨ ਤਾਂ ਮੈਨੂੰ ਜ਼ਿੰਦਗੀ ਦਾ ਜਿਵੇਂ ਚਾਅ ਜਿਹਾ ਹੀ ਚੜ੍ਹ ਗਿਆ ਹੈ। ਅੱਗੇ ਦਾਲ ਸਬਜ਼ੀ ਵੀ ਨਹੀਂ ਸੀ ਬਣਦੀ ਮੈਥੋਂ। ਬੱਸ, ਬੇਦਿਲਿਆਂ ਹੀ ਕੁਝ ਰਿੰਨ੍ਹ-ਪਕਾ ਲਈਦਾ ਸੀ। ਕਿੰਨੇ-ਕਿੰਨੇ ਦਿਨ ਤਾਂ ਢਾਬੇ ਤੋਂ ਹੀ ਖਾਣਾ ਆਉਂਦਾ ਸੀ, ਤੇ ਹੁਣ ਬਹਾਦਰ ਦੇ ਸੰਗ ਨਾਲ ਮੈਂ ਨਿੱਤ ਨਵੇਂ ਅਹਾਰ ਬਣਾਉਂਦੀ ਹਾਂ। ਆਚਾਰ, ਮੁਰੱਬੇ, ਚਟਣੀਆਂ, ਪਾਪੜ, ਫੁੱਲਵੜੀਆਂ, ਸੇਵੀਆਂ, ਕੇਕ। ਕੁਝ ਨਾ ਕੁਝ ਬਣਦਾ ਹੀ ਰਹਿੰਦਾ ਹੈ। ਉਹ ਨਾਲ ਬਰਾਬਰ ਦਾ ਕੰਮ ਜੁ ਕਰਾਉਂਦਾ ਹੋਇਆ। ਸਬਜ਼ੀਆਂ ਕੱਟ ਦਿੰਦਾ ਹੈ, ਮਸਾਲੇ ਪੀਹ ਦਿੰਦਾ ਹੈ। ਹੱਥੋਂ ਖੋਹ-ਖੋਹ ਕੇ ਕੰਮ ਕਰਦਾ ਹੈ। ਬੜੀ ਹੀ ਉਜ ਹੈ ਉਸ ਨੂੰ ਕੰਮ ਦੀ। ਬੱਚਾ ਜੁ ਹੋਇਆ।
ਬਹਾਦੁਰ ਲਈ ਤਾਂ ਕੰਮ ਵੀ ਖੇਡ ਹੀ ਹੈ ਜਿਵੇਂ। ਮੈਂ ਵੀ ਲਾਈ ਰੱਖਦੀ ਹਾਂ ਉਸ ਨੂੰ ਕਿਸੇ ਨਾ ਕਿਸੇ ਪਾਸੇ। ਵਿਹਲਿਆਂ ਨਹੀਂ ਬਹਿਣ ਦਿੰਦੀ। ਵਿਹਲਾ ਦਿਮਾਗ ਤਾਂ ਸ਼ੈਤਾਨ ਦਾ ਘਰ ਹੁੰਦੈ। ਉਹਦੀ ਫੁਰਤੀ ਸਾਹਮਣੇ ਕੋਈ ਵੱਡਾ ਕੀ ਟਿਕੇਗਾ ਭਲਾ। ਸਾਫ਼ ਤੇ ਸੁਥਰਾ ਵੀ ਬੜਾ ਹੈ। ਚੰਗੇ ਘਰਾਣੇ ਦਾ ਜੁ ਹੋਇਆ। ਕਹਿੰਦੈ, ਉਹਦੇ ਘਰ ਵਿਚ ਗਾਂ ਵੀ ਸੀਗੀ। ਖੁੱਲ੍ਹਾ ਦੁੱਧ ਤੇ ਘਰ ਦੀ ਖੇਤੀ। ਆਖਦੈ, ਜਦੋਂ ਮੈਂ ਦੇਸ਼ ਜਾਵਾਂਗਾ ਤਾਂ ਤੁਹਾਡੇ ਲਈ ਘਰ ਦੇ ਚਾਵਲ ਲੈ ਕੇ ਆਵਾਂਗਾ। ਉਂਜ ਹੈ ਤਾਂ ਬਹੁਤ ਹੀ ਖੁਸ਼ ਇਥੇ। ਘਰ ਜਾਣ ਦਾ ਨਾਂ ਨਹੀਂ ਲੈਂਦਾ। ਆਖਦੈ, ਦਸ ਸਾਲਾਂ ਬਾਅਦ ਜਾਵਾਂਗਾ। ਖੂਬ ਪੈਸੇ ਕਮਾ ਕੇ, ਏਨੇ ਕਿ ਜਿਸ ਨਾਲ ਪਿਉ ਆਰਾਮ ਨਾਲ ਬਹਿ ਕੇ ਖਾਏਗਾ ਤੇ ਇਲਾਜ ਵੀ ਕਰਾਏਗਾ। ਏਨੇ ਸਾਰੇ ਪੈਸੇ ਦੇਖ ਕੇ ਪਿਉ ਵਿਛੋੜੇ ਦਾ ਸਾਰਾ ਗਮ ਭੁੱਲ ਜਾਵੇਗਾ।
ਭੋਲਾ ਕਿਸੇ ਥਾਂ ਦਾ! ਕੀ ਪਤਾ ਪਿਉ ਤਦ ਤੱਕ ਰਹੇਗਾ ਵੀ ਕਿ ਨਾ।
ਇਕ ਪੁੱਤਰ ਦੀ ਮਾਂ ਤਾਂ ਅੰਨ੍ਹੀ ਹੁੰਦੀ ਏ। ਪਤਾ ਨਹੀਂ ਵਿਚਾਰੀ ਦਾ ਕੀ ਹਾਲ ਹੁੰਦਾ ਹੋਵੇਗਾ? ਉਹਦੀ ਮਾਂ ਦਾ ਖਿਆਲ ਕਰ ਕੇ ਮੈਨੂੰ ਬਹਾਦਰ ਨਾਲ ਬੜਾ ਪਿਆਰ ਆਉਂਦਾ ਹੈ। ਆਪਣੇ ਪੁੱਤਰਾਂ ਤੋਂ ਵੀ ਵੱਧ। ਸੋਚਦੀ ਹਾਂ, ਆਖਰ ਲੋਕੀਂ ਯਤੀਮਾਂ ਨੂੰ ਵੀ ਤਾਂ ਪਾਲਦੇ ਹੀ ਨੇ ਨਾ। ਪੱਛਮੀ ਦੇਸ਼ਾਂ ਵਿਚ ਤਾਂ ਕਈ ਲੋਕ ਆਪਣੇ ਬੱਚੇ ਪੈਦਾ ਨਾ ਕਰ ਕੇ, ਲੂਲ੍ਹੇ ਲੰਗੜੇ, ਅਪਾਹਜਾਂ ਤੇ ਮਨੋਵਿਕਾਰ ਦੇ ਸ਼ਿਕਾਰ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ। ਫ਼ਿਰ ਇਹ ਤਾਂ ਘਰ ਦਾ ਨੌਕਰ ਹੈ। ਖੁਸ਼ ਰੱਖਾਂਗੇ ਤਾਂ ਦੂਣਾ ਕੰਮ ਕਰੇਗਾ। ਇਸ ਲਈ ਮੈਂ ਇਸ ਨੂੰ ਖੁੱਲ੍ਹਾ ਖਾਣਾ ਦਿੰਦੀ ਹਾਂ। ਪੇਟ ਭਰ। ਉਂਜ ਖਾਂਦਾ ਬਹੁਤ ਹੈ। ਅਸਾਂ ਤਿੰਨਾਂ ਤੋਂ ਵੱਧ। ਚਾਰ ਰੋਟੀਆਂ ਤੇ ਚਾਵਲ ਵੀ।
ਮੈਂ ਸਭ ਤੋਂ ਪਹਿਲਾਂ ਬਹਾਦੁਰ ਨੂੰ ਨਾਸ਼ਤਾ ਖੁਆਉਂਦੀ ਹਾਂ। ਆਪਣੇ ਵਲੋਂ ਏਨਾ ਰਜਾਅ ਦਿੰਦੀ ਹਾਂ ਕਿ ਉਸ ਦੀ ਅੱਖ ਭਰੀ ਰਹੇ, ਤਾਂ ਜੁ ਟੀਟੂ ਤੇ ਅਰੋੜਾ ਸਾਹਿਬ ਦੇ ਅੰਡੇ ਤੇ ਪਰਾਂਠੇ ਉਸ ਦੀਆਂ ਅੱਖਾਂ ਵਿਚੋਂ ਨਾ ਨਿਕਲਣ, ਪਰ ਅੱਖ ਉਸ ਦੀ ਹੈ ਤਾਂ ਭੁੱਖੀ ਹੀ। ਕੋਈ ਖਾਣ ਬੈਠੇ ਸਹੀ, ਝੱਟ ਸਾਹਮਣੇ ਆਣ ਖੜ੍ਹਦਾ ਹੈ। ਇਸੇ ਕਰ ਕੇ ਤਾਂ ਮੈਂ ਪਿਉ ਪੁੱਤਰ ਨੂੰ ਨਾਸ਼ਤਾ ਦੇਣ ਵੇਲੇ ਬਹਾਦਰ ਨੂੰ ਬੈੱਡ ਰੂਮ ਵਿਚ ਝਾੜੂ-ਪੋਚਾ ਕਰਨ ਭੇਜ ਦਿੰਦੀ ਹਾਂ, ਤੇ ਜਾਂ ਫਿਰ ਗੋਡੀ ਕਰਨ।
ਕਨਾਲ ਦੀ ਕੋਠੀ ਤੇ ਉਹ ਵੀ ਕੋਨੇ ਵਾਲੀ। ਜੜੀ-ਬੂਟੀ ਤੇ ਘਾਹ ਪੁੱਟਦਿਆਂ ਨਹੀਂ ਮੁੱਕਦਾ। ਬਹਾਦੁਰ ਬਗੀਚੀ ਦਾ ਕੰਮ ਬੜੇ ਸ਼ੌਕ ਨਾਲ ਕਰਦਾ ਹੈ। ਕਾਸ਼ਤਕਾਰਾਂ ਦਾ ਪੁੱਤ ਜੁ ਹੋਇਆ। ਮਾਲੀ ਬੜੇ ਨਖਰੇ ਕਰਿਆ ਕਰਦਾ ਸੀ। ਛੁੱਟੀਆਂ ਵੀ ਬੜੀਆਂ ਕਰਦਾ ਸੀ। ਕੰਮ ਚੋਰ। ਪੂਰੇ ਸੌ ਰੁਪਏ ਲੈਂਦਾ ਸੀ ਮਹੀਨੇ ਦੇ, ਤੇ ਪਾਣੀ ਵੀ ਬਰਾਬਰ ਨਹੀਂ ਸੀ ਦਿੰਦਾ। ਬੱਸ ਪਾਈਪ ਲਾ ਕੇ ਤੁਰ ਜਾਂਦਾ ਸੀ। ਐਵੇਂ ਇਕੋ ਥਾਂ ‘ਤੇ ਪਾਣੀ ਵਗਦਾ ਰਹਿੰਦਾ ਸੀ। ਬਹਾਦੁਰ ਤਾਂ ਆਪ ਨਾਲ ਨੂੰ ਫੜ ਕੇ ਪੂਰੇ ਘਾਹ ਉਤੇ ਤ੍ਰੋਂਕਦਾ ਹੈ। ਪਾਣੀ ਦੀ ਵੀ ਬੱਚਤ ਤੇ ਪੈਸਿਆਂ ਦੀ ਵੀ। ਬਗੀਚੀ ਵੀ ਸੱਜ-ਵਿਆਹੀ ਵਹੁਟੀ ਵਾਂਗ ਉਜਲੀ, ਸੁਥਰੀ, ਸੱਜਰੀ-ਸੰਵਰੀ। ਆਪਣੇ ਤੋਂ ਵੱਡੀ ਕਹੀ ਫੜ ਕੇ ਲੱਗਾ ਹੀ ਰਹਿੰਦਾ ਹੈ। ਘੁੱਗੀਆਂ, ਬੁਲਬੁਲਾਂ, ਚਿੜੀਆਂ ਤੇ ਲਾਲੜੀਆਂ ਨਾਲ ਗੱਲਾਂ ਲੱਗੇ ਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਰਹਿੰਦੀ। ਬੂਟਿਆਂ ਨਾਲ ਜੱਫ਼ੀਆ ਪਾ-ਪਾ ਕੇ ਉਨ੍ਹਾਂ ਨੂੰ ਇੰਜ ਚੁੰਮਦੈ ਜਿਵੇਂ ਉਹ ਉਸ ਦੇ ਮਾਂ ਜਾਏ ਹੋਣ।
ਖਿਆਲਾਂ ਵਿਚ ਮਗਨ ਬਹਾਦਰ ਦੇ ਹੱਥੋਂ ਪਰਸੋਂ ਤਾਂ ਕਹੀ ਹੀ ਡਿੱਗ ਪਈ, ਤੇ ਉਸ ਦੇ ਖੱਬੇ ਪੈਰ ਦਾ ਅੰਗੂਠਾ ਲਹੂ-ਲੁਹਾਣ ਹੋ ਗਿਆ। ਉਦੋਂ ਮੈਨੂੰ ਉਸ Ḕਤੇ ਬੜਾ ਤਰਸ ਆਇਆ। ਭਲਾ ਇਹ ਵੀ ਕੋਈ ਉਮਰ ਏ ਕੰਮ ਕਰਨ ਦੀ? ਪਰ ਫ਼ਿਰ ਸੋਚਦੀ ਹਾਂ, ਗਰੀਬਾਂ ਤੇ ਲੋੜਵੰਦਾਂ ਨੂੰ ਕੰਮ ਦੇਣਾ ਵੀ ਤਾਂ ਪੁੰਨ ਹੀ ਹੈ ਨਾ।
ਪਿਉ ਸੋਚਦਾ ਹੋਵੇਗਾ ਕਿ ਪੁੱਤਰ ਪੜ੍ਹਾਈ ਕਰ ਰਿਹੈ। ਵੱਡਾ ਹੋ ਕੇ ਚੰਗੀ ਨੌਕਰੀ ਕਰਨ ਲੱਗ ਪਏਗਾ ਤੇ ਫਿਰ ਸਾਰੇ ਧੋਣੇ ਧੋਤੇ ਜਾਣਗੇ। ਉਸ ਨੂੰ ਕੀ ਪਤਾ?
ਬਹਾਦੁਰ ਕਹਿੰਦਾ ਹੈ ਕਿ ਜੇ ਉਸ ਦੇ ਪਿਉ ਨੂੰ ਪਤਾ ਲੱਗ ਗਿਆ ਕਿ ਉਸ ਦਾ ਪੁੱਤਰ ਝਾੜੂ-ਪੋਚੇ ਕਰਦਾ ਹੈ ਤਾਂ ਉਸ ਨੂੰ ਬੜਾ ਦੁੱਖ ਲੱਗੇਗਾ। ਚਾਚਾ ਧਰੀਕ ਲਿਆਇਆ ਸੂ, ਪਰ ਉਸ ਦਾ ਵੀ ਕੀ ਕਸੂਰ? ਉਸ ਤੋਂ ਆਪਣੇ ਘਰ ਦੀ ਦੁਰਦਸ਼ਾ ਨਹੀਂ ਵੇਖੀ ਗਈ ਹੋਣੀ ਨਾ। ਹੁਣ ਸੌ ਰੁਪਏ ਮਹੀਨੇ ਦੇ ਹਿਸਾਬ ਨਾਲ ਉਸ ਦੀ ਤਨਖਾਹ ਵੀ ਤਾਂ ਪਿਛੇ ਪੈ ਰਹੀ ਹੈ ਨਾ।
ਪੜ੍ਹਾਈ ਵੀ ਮੈਂ ਕਿਹੜਾ ਨਹੀਂ ਕਰਾ ਰਹੀ। ਦਿਹਾੜੀ ਵਿਹਲੇ ਵੇਲੇ ਉਸ ਨੂੰ ਕਦੇ-ਕਦੇ ਪੜ੍ਹਾਉਂਦੀ ਹੀ ਹਾਂ। ਛੇ ਮਹੀਨੇ ਹੀ ਤਾਂ ਹੋਏ ਸੂ ਆਇਆਂ, ਤੇ ਸਾਰੀ ਏæਬੀæਸੀæ ਸਿੱਖ ਗਿਆ ਏ। ਟਵੈਂਟੀ ਤੱਕ ਗਿਣ ਵੀ ਲੈਂਦਾ ਹੈ। ਉਂਜ ਦਿਮਾਗ ਦਾ ਬੜਾ ਤੇਜ਼ ਹੈ।
ਗਰੀਬਾਂ ਦੇ ਬੱਚਿਆਂ ਦੀ ਬੁੱਧੀ ਬੜੀ ਤੀਖਣ ਹੁੰਦੀ ਹੈ। ਇਹ ਕਿਉਂ ਭਲਾ?
ਸ਼ੌਕ ਵੀ ਬੜਾ ਸੂ ਪੜ੍ਹਨ-ਲਿਖਣ ਦਾ। ਟੀਟੂ ਦੀਆਂ ਕਿਤਾਬਾਂ ਫਰੋਲ-ਫਰੋਲ ਕੇ ਤੱਕਦਾ ਰਹਿੰਦਾ ਹੈ। ਬੱਸ ਚਾਹੁੰਦਾ ਹੈ ‘ਲਿਖਦਾ ਹੀ ਰਹਾਂ’ ਪਰ ਏਨੇ ਕਾਗਜ਼ ਕਿਥੋਂ ਆਉਣ? ਕਿੰਨਾ ਮਹਿੰਗਾ ਏ ਕਾਗਜ਼! ਜੇ ਪੇਪਰ ਨਾ ਮਿਲੇ ਤਾਂ ਲੱਕੜੀ ਨਾਲ ਵਿਹਲੇ ਦੀ ਮਿੱਟੀ ਵਿਚ ਹੀ ਲਿਖਣ-ਲਕੀਰਨ ਲੱਗ ਪੈਂਦਾ ਹੈ।
ਵੈਸੇ ਤਾਂ ਸਰਕਾਰੀ ਸਕੂਲ ਵੀ ਘਰ ਦੇ ਕੋਲ ਹੀ ਹੈ। ਸਾਖਰਤਾ ਦੀਆਂ ਵੀ ਸ਼ਾਮੀਂ ਸਪੈਸ਼ਲ ਜਮਾਤਾਂ ਲੱਗਦੀਆਂ ਨੇ। ਅਰੋੜਾ ਸਾਹਿਬ ਕਹਿੰਦੇ ਨੇ ਕਿ ਬਹਾਦੁਰ ਨੂੰ ਦਾਖ਼ਲ ਕਰਾ ਦਿਆਂ, ਪਰ ਮੇਰਾ ਹਠ ਨਹੀਂ ਪੈਂਦਾ। ਆਖਰ ਬੱਚਾ ਹੀ ਹੈ ਨਾ। ਜੇ ਕੋਈ ਵਰਗਲਾ ਲਵੇ ਤਾਂ? ਚਾਰ ਪੈਸੇ ਵਾਧੂ ਮਿਲਣ ਦੇ ਲਾਲਚ ਵਿਚ ਕਿਧਰੇ ਨੱਸ ਹੀ ਨਾ ਜਾਏ। ਫੇਰ ਪਤਾ ਨਹੀਂ ਕੀ ਹਾਲ ਹੋਵੇ ਵਿਚਾਰੇ ਦਾ! ਕੀ ਪਤਾ ਉਸ ਨੂੰ ਏਨੇ ਲਾਡ ਨਾਲ ਕੋਈ ਰੱਖੇ ਕਿ ਨਾ।
ਮੈਂ ਤਾਂ ਨਹੀਂ ਖਾਂਦੀ ਬਹਾਦੁਰ ਦਾ ਵਿਸਾਹ। ਉਕਾ ਹੀ! ਆਪਣੇ ਬੈੱਡ ਰੂਮ ਦੇ ਬਾਹਰ ਲੌਬੀ ਵਿਚ ਸਿਲਕੀ ਦੇ ਨਾਲ ਹੀ ਉਸ ਦਾ ਬਿਸਤਰਾ ਕਰਦੀ ਹਾਂ, ਤਾਂ ਜੋ ਜੇ ਉਹ ਕਿਧਰੇ ਨੱਸਣ ਦੀ ਕੋਸ਼ਿਸ਼ ਕਰੇ, ਤਾਂ ਸਿਲਕੀ ਉਸੇ ਵੇਲੇ ਭੌਂਕ ਕੇ ਖਬਰ ਕਰ ਦੇਵੇ।
ਸਵੇਰੇ ਮੂੰਹ ਹਨ੍ਹੇਰੇ ਦੋਧੀ ਦਾ ਭੋਂਪੂ ਸੁਣਦਿਆਂ ਹੀ ਬਹਾਦੁਰ ਦੌੜ ਕੇ ਦੁੱਧ ਲੈ ਆਉਂਦਾ ਹੈ। ਰਾਤੀਂ ਸਿਰਹਾਣੇ ਕੋਲ ਹੀ ਡੋਲਚੂ ਰੱਖ ਕੇ ਸੌਂਦਾ ਹੈ। ਪਹਿਲਾਂ ਮੈਨੂੰ ਉਠਣਾ ਪੈਂਦਾ ਸੀ। ਠੰਢ ਵਿਚ ਉਭੜਵਾਹੇ ਉਠਣ ਨਾਲ ਮੈਨੂੰ ਤਾਂ ਜ਼ੁਕਾਮ ਹੋ ਜਾਂਦਾ ਸੀ। ਨਿੱਛਾ ਹੀ ਨਿੱਛਾਂ! ਹੁਣ ਬਹਾਦੁਰ ਨਾਲ ਬੜਾ ਸੁੱਖ ਹੋ ਗਿਆ ਹੈ। ਬੱਸ ਇਕ ਵੇਰਾਂ ਦੁੱਧ ਲੈਣ ਲਈ ਜੋ ਉਠਦਾ ਹੈ, ਤਾਂ ਫ਼ਿਰ ਕੰਮ ਵਿਚ ਜੁਟ ਜਾਂਦਾ ਹੈ।
ਕਾਰ ਤਾਂ ਏਨੇ ਪਿਆਰ ਨਾਲ ਧੋਂਦਾ ਹੈ ਬਹਾਦੁਰ ਕਿ ਪੁੱਛੋ ਕੁਝ ਨਾ। ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਕਿ ਥੱਕਦਾ ਹੀ ਨਹੀਂ! ਕਦੇ ਖਿੜਕੀ ਤੇ ਕਦੇ ਪੱਖੇ। ਪਲੰਮ-ਪਲੰਮ ਕੇ ਝਾੜਦਿਆਂ ਰੱਜਦਾ ਹੀ ਨਹੀਂ। ਹੋਰ ਤਾਂ ਹੋਰ ਨੌਕਰਾਣੀ ਦੇ ਹੱਥੋਂ ਭਾਂਡੇ ਵੀ ਖੋਹ-ਖੋਹ ਕੇ ਧੋਣ ਲੱਗ ਪੈਂਦਾ ਹੈ। ਉਂਜ ਹਾਲਾਂ ਮੈਂ ਨੌਕਰਾਣੀ ਨੂੰ ਨਹੀਂ ਲਾਹਿਆ। ਭਾਂਡੇ ਉਹੀ ਕਰਦੀ ਹੈ। ਅਜੇ ਤਾਂ ਬਹਾਦੁਰ ਦੇ ਹੱਥ ਹੀ ਨਹੀਂ ਪੁੱਜਦੇ ਨਲਕੇ ਤੱਕ। ਭਿਸਕੂ ਜਿਹਾ ਜੁ ਹੋਇਆ। ਬੱਸ ਉਸ ਕੋਲੋਂ ਉਪਰਲਾ ਕੰਮ ਹੀ ਕਰਾਉਂਦੀ ਹਾਂ ਤੇ ਉਪਰਲਾ ਕੰਮ ਵੀ ਭਲਾ ਕੋਈ ਕੰਮ ਹੁੰਦੈ?
ਆਪਣਾ ਦਿਲ ਬੜਾ ਹੀ ਨਰਮ ਹੈ। ਵਾਸ਼ਿੰਗ ਮਸ਼ੀਨ ਵਿਚ ਕੱਪੜੇ ਧੋ-ਧੋ ਕੇ ਮੈਂ ਕੱਢੀ ਜਾਨੀ ਹਾਂ, ਤੇ ਬਹਾਦੁਰ ਹੰਗਾਲਦਾ ਹੈ। ਸਾਬਣ ਕੱਢ, ਨਿਚੋੜ ਤੇ ਨੀਲ ਲਗਾ ਕੇ ਉਹੀ ਸੁੱਕਣੇ ਪਾਉਂਦਾ ਹੈ। ਹੁਣ ਤਾਂ ਕੱਪੜੇ ਇਸਤਰੀ ਕਰਨੇ ਵੀ ਸਿੱਖ ਗਿਆ ਹੈ। ਮੇਰੇ ਸੂਟ, ਬਲਾਊਜ਼, ਸਰਾਹਣਿਆਂ, ਗੱਦੀਆਂ ਦੇ ਉਛਾੜ ਤੇ ਹੋਰ ਨਿੱਕੇ-ਮੋਟੇ ਕੱਪੜੇ ਉਹੀ ਪ੍ਰੈਸ ਕਰਦਾ ਹੈ। ਧੋਬਣ ਦਾ ਬਿੱਲ ਹੁਣ ਅੱਧਾ ਨਹੀਂ ਰਿਹਾ। ਅੱਗੇ ਚਾਲੀ ਰੁਪਏ ਸੈਂਕੜੇ ਦੇ ਹਿਸਾਬ ਨਾਲ ਨਿੱਕੇ-ਵੱਡੇ ਸਾਰੇ ਕੱਪੜੇ ਉਹੀ ਇਸਤਰੀ ਕਰਦੀ ਸੀ। ਹੁਣ ਤਾਂ ਸਿਫ਼ਰ ਸਾੜ੍ਹੀਆਂ ਤੇ ਅਰੋੜਾ ਸਾਹਿਬ ਦੀਆਂ ਕਮੀਜ਼ਾਂ-ਪੈਂਟਾਂ ਹੀ ਦੇਈਦੀਆਂ ਨੇ। ਬੱਚਤ ਦੀ ਬੱਚਤ, ਤੇ ਬਹਾਦੁਰ ਲਈ ਖੇਡ। ਕੰਮ ਤਾਂ ਉਸ ਨੂੰ ਦੇਣਾ ਹੀ ਪੈਂਦਾ ਹੈ। ਜੇ ਨਾ ਦਿਆਂ ਤਾਂ ਆਪ ਜੁ ਕੱਢ ਲੈਂਦਾ ਹੋਇਆ। ਕਦੇ ਪਰਛੱਤੀ ਸਾਫ਼ ਕਰਨ ਲੱਗ ਪਏਗਾ ਤੇ ਕਦੇ ਟੀਟੂ ਦੀ ਅਲਮਾਰੀ।
ਇਕ ਵਾਰੀ ਕੋਈ ਕੰਮ ਤੱਕ ਲਏ ਸਹੀ, ਫ਼ੇਰ ਬਹਾਦਰ ਆਪੇ ਸ਼ੁਰੂ ਹੋ ਜਾਂਦਾ ਹੈ। ਅਜੇ ਉਸ ਦਿਨ ਦੀ ਹੀ ਗੱਲ ਲੈ ਲਵੋ। ਮੈਂ ਆਪਣੀ ਚੱਪਲ ਗੰਢਾਣ ਲਈ ਉਸ ਨੂੰ ਮੋਚੀ ਵੱਲ ਭੇਜਿਆ। ਬੱਸ ਤੱਕਦਾ ਰਿਹਾ ਹੋਵੇਗਾ ਧਿਆਨ ਨਾਲ, ਤੇ ਕੱਲ੍ਹ ਉਸ ਆਪਣੀ ਚੱਪਲ ਖੰਧੂਈ ਵਿਚ ਧਾਗਾ ਪਾ ਕੇ ਆਪੇ ਗੰਢ ਲਈ।
ਬਹਾਦੁਰ ਨੂੰ ਤਾਂ ਖਾਣਾ ਪਕਾਉਣ ਦਾ ਵੀ ਬੜਾ ਸ਼ੌਕ ਹੈ। ਆਖਦਾ ਹੈ, ‘ਸਵੇਰ ਦੀ ਚਾਹ ਤੁਹਾਨੂੰ ਮੈਂ ਬਣਾ ਕੇ ਦਿਆ ਕਰਾਂਗਾ। ਬਿਸਤਰੇ ਵਿਚ ਹੀ’, ਪਰ ਮੈਂ ਹੀ ਉਸ ਨੂੰ ਗੈਸ ਬਾਲਣੀ ਨਹੀਂ ਸਿਖਾਉਂਦੀ। ਭਾਵੇਂ ਉਹ ਵੇਖ-ਵੇਖ ਕੇ ਸਿੱਖ ਹੀ ਗਿਆ ਹੈ, ਪਰ ਮੈਂ ਨਹੀਂ ਇਜਾਜ਼ਤ ਦੇਣੀ। ਇਕ ਵੇਰਾਂ ਖੁੱਲ੍ਹ ਮਿਲੀ ਨਹੀਂ ਕਿ ਆਪੇ ਕੁਝ ਨਾ ਕੁਝ ਬਣਾ ਕੇ ਖਾਂਦਾ ਰਹੇਗਾ। ਨੌਕਰਾਂ ਨੂੰ ਦੁੱਧ ਤੇ ਘਿਓ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਨਾਲੇ ਰਸੋਈਆ ਬਣਿਆ ਨਹੀਂ, ਕਿ ਨੌਕਰ ਉਡਿਆ ਨਹੀਂ। ਫੇਰ ਤਾਂ ਉਸ ਦਾ ਭਾਅ ਵੀ ਵਧ ਜਾਏਗਾ।
ਬਹਾਦੁਰ ਦੇ ਆਉਣ ਨਾਲ ਟੀਟੂ ਨੂੰ ਵੀ ਬੜਾ ਸੁੱਖ ਹੋ ਗਿਆ ਹੈ। ਉਹ ਸਵੇਰੇ ਟੀਟੂ ਦਾ ਬਸਤਾ ਚੁੱਕ ਕੇ ਬੱਸ ਅੱਡੇ ਉਤੇ ਛੱਡਣ ਜਾਂਦਾ ਹੈ ਤੇ ਸ਼ਾਮੀਂ ਲੈਣ ਵੀ। ਆਖਰ ਛੇਵੀਂ ਜਮਾਤ ਦਾ ਬਸਤਾ ਕੋਈ ਘੱਟ ਭਾਰਾ ਤੇ ਨਹੀਂ ਹੁੰਦਾ। ਵਿਚਾਰੇ ਟੀਟੂ ਦੇ ਮੋਢੇ ਹੀ ਲਹਿ ਜਾਂਦੇ ਸਨ ਭਾਰ ਚੁੱਕ-ਚੁੱਕ ਕੇ।
ਬਹਾਦੁਰ ਟੀਟੂ ਤੇ ਉਸ ਦੇ ਪਾਪਾ ਦੇ ਬੂਟ ਵੀ ਬੜੇ ਹੀ ਚਾਅ ਨਾਲ ਪਾਲਿਸ਼ ਕਰਦਾ ਹੈ। ਰੀਤੀ ਦੇ ਵਿਆਹ ਮਗਰੋਂ ਟੀਟੂ ਆਪਣੇ ਆਪ ਨੂੰ ਬੜਾ ਇਕੱਲਾ-ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ। ਭਰਾ-ਭਰਜਾਈ ਵੀ ਦੂਰ ਤੇ ਭੈਣ ਵੀ। ਉਦਾਸ ਹੀ ਰਹਿੰਦਾ, ਚੁੱਪ-ਚੁੱਪ। ਹੁਣ ਉਸ ਨੂੰ ਬਹਾਦੁਰ ਨਹੀਂ, ਸਗੋਂ ਛੋਟਾ ਭਰਾ ਹੀ ਮਿਲ ਗਿਆ ਹੋਵੇ ਜਿਵੇਂ। ਬਹਾਦੁਰ ਵੀ ਉਸ ਨਾਲ ਬੜਾ ਮੋਹ ਕਰਦਾ ਹੈ। ਬਸ ਘੜੀਆਂ ਗਿਣਦਾ ਰਹਿੰਦਾ ਹੈ ਕਿ ਕਿਹੜਾ ਵੇਲਾ ਹੋਵੇ ਤੇ ਉਹ ਟੀਟੂ ਨੂੰ ਬੱਸ ਅੱਡੇ ਉਤੇ ਲੈਣ ਜਾਵੇ। ਨਾ ਧੁੱਪ ਤੱਕਦਾ ਹੈ ਤੇ ਨਾ ਮੀਂਹ। ਘੰਟਾ-ਘੰਟਾ ਪਹਿਲਾਂ ਪਹੁੰਚ ਜਾਂਦਾ ਹੈ। ਟੀਟੂ ਉਸ ਨੂੰ ‘ਬਾਂਦਰ ਬਾਂਦਰ’ ਆਖ ਕੇ ਛੇੜਦਾ ਹੈ ਤੇ ਉਹ ਵੀ ਉਸ ਨੂੰ ਖੁਸ਼ ਕਰਨ ਲਈ ਉਸ ਦੇ ਅੱਗੇ-ਪਿੱਛੇ ਬਾਂਦਰਾਂ ਵਾਂਗ ਟਪੂਸੀਆਂ ਮਾਰ ਕੇ ਭੁੜਕਦਾ ਤੇ ਖਊਂ-ਖਊਂ ਕਰ ਕੇ ਉਸ ਨੂੰ ਹਸਾਉਂਦਾ ਹੈ। ਟੀਟੂ ਉਸ ਨੂੰ ਘੋੜਾ ਬਣਾ ਕੇ ਆਪਣੀ ਘੋੜ-ਸਵਾਰੀ ਦਾ ਝੱਸ ਜਿਹਾ ਪੂਰਾ ਕਰਦਾ ਹੈ, ਤੇ ਫੇਰ ਵੀ ਬਹਾਦੁਰ ਹੱਸਦਾ ਹੀ ਰਹਿੰਦਾ ਹੈ, ਮੱਥੇ ਵੱਟ ਨਹੀਂ ਪਾਉਂਦਾ। ਆਇਆ ਸੀ ਤਾਂ ਫਟੀ ਪੁਰਾਣੀ ਬਨੈਣ ਤੇ ਨਿੱਕਰ ਵਿਚ ਹੀ। ਮੈਂ ਝੱਟ ਹੀ ਬਹਾਦੁਰ ਨੂੰ ਟੀਟੂ ਦੇ ਪੁਰਾਣੇ ਕੁੜਤੇ ਵਿਚੋਂ ਕਮੀਜ਼ ਕੱਢ ਦਿੱਤੀ। ਅਰੋੜਾ ਸਾਹਿਬ ਦੇ ਕੱਪੜਿਆਂ ਵਿਚੋਂ ਬਹਾਦੁਰ ਦੇ ਕੱਪੜੇ ਆਰਾਮ ਨਾਲ ਨਿਕਲ ਆਉਂਦੇ ਹਨ। ਗੋਰਾ ਚਿੱਟਾ ਤਾਂ ਹੈ ਹੀ। ਚੰਗੇ ਕੱਪੜਿਆਂ ਵਿਚ ਬਣ-ਬਣ ਪੈਂਦਾ ਹੈ। ਨਾਲੇ ਸਾਫ਼ ਸੁਥਰਾ ਨੌਕਰ ਤਾਂ ਘਰ ਦੀ ਸ਼ਾਨ ਹੁੰਦਾ ਹੈ। ਕਹਿੰਦੇ ਨੇ, ਜੇ ਕਿਸੇ ਦੇ ਘਰ ਦਾ ਸਟੈਂਡਰਡ ਵੇਖਣਾ ਹੋਵੇ, ਤਾਂ ਜਾਂ ਉਸ ਦਾ ਗੁਸਲਖਾਨਾ ਵੇਖੋ, ਤੇ ਜਾਂ ਫਿਰ ਨੌਕਰ। ਤੇ ਸਾਡਾ ਜਾਂਦਾ ਵੀ ਕੀ ਹੈ? ਕਿੰਨੀਆਂ ਨਵੀਆਂ ਨਕੋਰ ਕਮੀਜ਼ਾਂ ਪਿਉ ਪੁੱਤਰ ਕੰਡਮ ਕਰ ਸੁੱਟਦੇ ਸੀ। ਭਾਂਡੇ ਹੀ ਤਾਂ ਲੈਂਦੀ ਸੀ ਉਸ ਬਦਲੇ। ਕੀ ਪੱਲੇ ਪਾਉਂਦੇ ਨੇ ਭਾਂਡਿਆਂ ਵਾਲੇ? ਕੱਪੜਿਆਂ ਦੀ ਪੰਡ ਦੇ ਬਦਲੇ ਇਕ ਡੌਂਗਾ ਜਾਂ ਪਤੀਲਾ ਜਿਹਾ ਫੜਾ ਦੇਣਗੇ, ਤੇ ਉਹ ਵੀ ਹਲਕਾ ਜਿਹਾ। ਹੁਣ ਬਹਾਦੁਰ ਦੇ ਕੱਪੜੇ ਤਾਂ ਝੂੰਗੇ ਵਿਚ ਹੀ ਬਣ ਜਾਂਦੇ ਨੇ। ਸੱਚ ਜਾਣੋ ਤਾਂ ਬਹਾਦੁਰ ਸਾਨੂੰ ਝੂੰਗੇ ਵਿਚ ਹੀ ਪੈ ਰਿਹੈ।
ਅਰੋੜਾ ਸਾਹਿਬ ਤਵੇ ਤੋਂ ਉਤਰਦੀ ਗਰਮਾ-ਗਰਮ ਤੇ ਫੁੱਲਵੀਂ ਰੋਟੀ ਹੀ ਖਾਂਦੇ ਨੇ। ਹੁਣ ਸੁੱਖ ਨਾਲ ਕਿੰਨੀਆਂ ਖਾਣਗੇ, ਪੁੱਛਿਆ ‘ਤੇ ਨਹੀਂ ਨਾ ਜਾਂਦਾ। ਬਚ ਹੀ ਜਾਂਦੀਆਂ ਸਨ। ਹੋਇਆ ਇਕ-ਅੱਧ ਸਿਲਕੀ ਦੇ ਦੁੱਧ ਵਿਚ ਪਾ ਦਿੱਤੀ। ਬਾਕੀ ਦੀਆਂ ਤਾਂ ਐਵੇਂ ਹੀ ਸੁੱਕਦੀਆਂ ਸਨ, ਕੂੜੇ ਵਿਚ ਹੀ ਜਾਂਦੀਆਂ ਸਨ।
ਸਿਲਕੀ ਵੀ ਕਿਹੜੀ ਘੱਟ ਨਖਰੇਲੋ ਹੈ। ਰੋਟੀ ਖਾਂਦੀ ਹੀ ਕਿਥੇ ਹੈ? ਉਸ ਨੂੰ ਤਾਂ ਡਬਲਰੋਟੀ ਚੰਗੀ ਲਗਦੀ ਹੈ, ਤੇ ਜਾਂ ਫਿਰ ਬਿਸਕੁਟ। ਰੋਟੀ ਤਾਂ ਸਿਰਫ਼ ਉਹ ਮੀਟ ਨਾਲ ਹੀ ਪਸੰਦ ਕਰਦੀ ਹੈ। ਮੀਟ ਦਾ ਬਹਾਦੁਰ ਵੀ ਚਟੋਰਾ ਏ। ਬੜੇ ਚਾਅ ਨਾਲ ਮਸਾਲਾ ਕੱਟਦਾ ਏ ਮੀਟ ਲਈ। ਜਿਸ ਦਿਨ ਮੁਰਗਾ ਮੱਛੀ ਬਣਨ ਦੀ ਭਿਣਕ ਪੈ ਜਾਵੇ, ਉਸ ਦਿਨ ਮੈਨੂੰ ਖੁਸ਼ ਕਰਨ ਲਈ ਹੇਠਲੀ ਉਪਰ ਲੈ ਆਉਂਦਾ ਹੈ। ਪੌੜੀਆਂ ਧੋਣ ਲੱਗੇਗਾ। ਸਾਰੇ ਘਰ ਦੇ ਜਾਲੇ ਲਾਹੇਗਾ। ਮਾਸ ਦੀ ਭਾਵੇਂ ਤਰੀ ਹੀ ਮਿਲ ਜਾਏ, ਫਿਰ ਤਾਂ ਰੋਟੀਆਂ ਭੰਨਦਿਆਂ ਨਹੀਂ ਥੱਕਦਾ। ਪਰਸੋਂ ਉਸ ਪੂਰੀਆਂ ਪੰਜ ਖਾਧੀਆਂ। ਉਹ ਤਾਂ ਹਾਲਾਂ ਵੀ ਬੱਸ ਨਾ ਕਰਦਾ, ਮੈਂ ਹੀ ਆਖਿਆ, ਬੱਸ ਕਰ ਬਿਮਾਰ ਹੋ ਜਾਵੇਂਗਾ।
ਹਾਲਾਂਕਿ ਮੈਂ ਉਸ ਨੂੰ ਪਹਿਲਾਂ ਹੀ ਇਕ-ਅੱਧ ਬੋਟੀ ਤੇ ਤਰੀ ਨਾਲ ਰੋਟੀ ਖੁਆ ਕੇ ਚੰਗੀ ਤਰ੍ਹਾਂ ਰਜਾਅ ਦਿੰਦੀ ਹਾਂ, ਫੇਰ ਵੀ ਟੀਟੂ ਨੂੰ ਸੰਖੀ ਚੱਬਦਿਆਂ ਵੇਖ ਕੇ ਉਸ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ।
ਸੱਚ ਹੈ ਨੌਕਰ, ਨੌਕਰ ਹੀ ਹੁੰਦੈ, ਉਚੀ ਜਾਤ ਦਾ ਹੋਵੇ ਜਾਂ ਨੀਵੀਂ ਜਾਤ ਦਾ, ਰੱਜੇ ਘਰੋਂ ਆਇਆ ਹੋਵੇ ਜਾਂ ਭੁੱਖੇ ਘਰੋਂ, ਪਰ ਇਕ ਵਾਰ ਨੌਕਰ ਬਣ ਗਿਆ ਤਾਂ ਉਸ ਵਿਚ ਨੌਕਰਾਂ ਵਾਲੀਆਂ ਸਾਰੀਆਂ ਇੱਲਤਾਂ ਆ ਹੀ ਜਾਂਦੀਆਂ ਨੇ।
ਵੈਸੇ, ਭਾਵੇਂ ਥੋੜ੍ਹਾ ਹੀ ਦਿਆਂ, ਪਰ ਘਰ ਵਿਚ ਖੀਰ ਬਣੇ ਜਾਂ ਹਲਵਾ, ਮੈਂ ਬਹਾਦੁਰ ਨੂੰ ਦਿੰਦੀ ਜ਼ਰੂਰ ਹਾਂ। ਨੌਕਰ ਦੀ ਅੱਖ ਵਿਚੋਂ ਨਿਕਲੀ ਚੀਜ਼ ਕਿਸੇ ਨੂੰ ਕਿਥੇ ਲੱਗਦੀ ਹੈ?
ਟੀਟੂ ਦੀ ਆਦਤ ਵੀ ਪਿਉ ਵਰਗੀ ਹੀ ਹੈ। ਪਿਉ ਪੁੱਤਰ ਕਿੰਨਾ ਕੁ ਹੀ ਛੱਡ ਦਿੰਦੇ ਨੇ, ਪਲੇਟ ਵਿਚ। ਪਹਿਲਾਂ ਮੈਂ ਖਾ ਲੈਂਦੀ ਸੀ। ਔਖਿਆਂ ਸੌਖਿਆਂ! ਭਾਵੇਂ ਜੋੜਾਂ ਦੇ ਦਰਦਾਂ ਤੇ ਬਲੱਡ ਪ੍ਰੈਸ਼ਰ ਕਾਰਨ ਡਾਕਟਰਾਂ ਨੇ ਮੇਰੇ ਲਈ ਘਿਓ ਤੇ ਆਂਡਾ ਬੰਦ ਕੀਤਾ ਹੋਇਆ ਸੀ, ਪਰ ਦੇਸੀ ਘਿਓ ਵਿਚ ਬਣਿਆ ਪਰਾਂਠਾ ਤੇ ਆਮਲੇਟ ਸੁੱਟਿਆ ਤੇ ਨਹੀਂ ਨਾ ਜਾਂਦਾ। ਹੁਣ ਮੈਂ ਉਨ੍ਹਾਂ ਦੀਆਂ ਪਲੇਟਾਂ ਵਿਚੋਂ ਸਾਰੀ ਜੂਠ ਸੰਭਾਲ ਲੈਂਦੀ ਹਾਂ, ਤੇ ਥੋੜ੍ਹੀ-ਥੋੜ੍ਹੀ ਕਰ ਕੇ ਹਿਸਾਬ ਨਾਲ ਬਹਾਦੁਰ ਨੂੰ ਦਿੰਦੀ ਰਹਿੰਦੀ ਹਾਂ।
ਪਿਉ ਪੁੱਤਰਾਂ ਦੀ ਇਕ ਹੋਰ ਭੈੜੀ ਆਦਤ ਹੈ, ਜੂਠਾ ਦੁੱਧ-ਚਾਹ ਛੱਡਣ ਦੀ। ਚਾਹ ਤਾਂ ਚਲੋ ਮੰਨ ਲਿਆ, ਬਈ ਕਿੰਨੀ ਵੀ ਛਾਣੋ, ਹੇਠਾਂ ਪੱਤੀ ਦਾ ਮਹੀਨ ਬੂਰ ਰਹਿ ਹੀ ਜਾਂਦਾ ਹੈ, ਪਰ ਦੁੱਧ ਤਾਂ ਨਿਰਾ ਦੁੱਧ ਹੁੰਦੈ। ਉਹ ਕਿਉਂ ਨਾ ਪੀਤਾ ਜਾਵੇ ਤੋੜ ਤੱਕ? ਪਰ ਨਹੀਂ ਜੀ, ਛੱਡਦੇ ਹੀ ਨੇ ਦੋਵੇਂ ਆਖਰੀ ਘੁੱਟ। ਅੱਗੇ ਮੈਨੂੰ ਡੋਲ੍ਹਣਾ ਪੈਂਦਾ ਸੀ। ਸਿਲਕੀ ਮਿੱਠੇ ਵਾਲਾ ਦੁੱਧ ਪੀਂਦੀ ਜੁ ਨਾ ਹੋਈ। ਉਹਨੂੰ ਅਸਾਂ ਆਦਤ ਹੀ ਨਹੀਂ ਸੀ ਪਾਈ। ਕਹਿੰਦੇ ਨੇ, ਕੁੱਤੇ ਨੂੰ ਮਿੱਠਾ ਖੁਆਉ ਤਾਂ ਉਸ ਨੂੰ ਖੁਰਕ ਪੈ ਜਾਂਦੀ ਹੈ। ਹੁਣ ਜੇ ਕਦੇ ਭੁੱਲ-ਭੁਲੇਖੇ ਮਿੱਠੀ ਚੀਜ਼ ਦੇ ਦਿਓ, ਤਾਂ ਖਾਂਦੀ ਹੀ ਨਹੀਂ। ਉਹ ਵੀ ਸੋਫ਼ਿਸਟਿਕੇਟਿਡ ਹੀ ਹੈ। ਆਖਰ ਅਲਸੇਸ਼ੀਅਨ ਹੈ ਤੇ ਉਹ ਵੀ ਪਿਓਰ। ਕੋਈ ਦੇਸੀ ਤਾਂ ਨਹੀਂ।
ਹੁਣ ਮੈਂ ਗਲਾਸਾਂ ਦੇ ਆਖਰੀ ਘੁੱਟ ਬਹਾਦਰ ਦੀ ਨਜ਼ਰ ਤੋਂ ਬਚਾ ਕੇ ਕਟੋਰੀ ਵਿਚ ਇਕੱਠੇ ਸਾਂਭ ਕੇ ਫ਼ਰਿਜ਼ ਵਿਚ ਰੱਖ ਦਿੰਦੀ ਹਾਂ।
ਸਾਨੂੰ ਸਾਰਿਆਂ ਨੂੰ ਰਾਤੀਂ ਦੁੱਧ ਪੀ ਕੇ ਸੌਣ ਦੀ ਆਦਤ ਹੈ। ਵੈਸੇ ਤਾਂ ਬਹਾਦੁਰ ਨੂੰ ਛੇਤੀ ਹੀ ਸਿਲਕੀ ਕੋਲ ਬਿਸਤਰ ਕਰ ਕੇ ਸੌਣ ਭੇਜ ਦੇਈਦਾ ਹੈ, ਪਰ ਜੇ ਕਦੇ ਉਹ ਵੀ ਸਾਡੇ ਨਾਲ ਟੀæਵੀæ ਦੀ ਲੇਟ ਨਾਈਟ ਵਾਲੀ ਫਿਲਮ ਵੇਖ ਰਿਹਾ ਹੋਵੇ, ਤਾਂ ਉਸ ਨੂੰ ਵੀ ਫਰਿਜ਼ ਵਿਚ ਸੰਭਾਲਿਆ ਹੋਇਆ ਉਹ ਦੁੱਧ ਗਰਮ ਕਰ ਦਿੰਦੀ ਹਾਂ। ਅਸੀਂ ਪੀਵੀਏ ਤੇ ਉਹ ਤੱਕੇ, ਕੋਈ ਚੰਗਾ ਤੇ ਨਹੀਂ ਨਾ ਲਗਦਾ। ਆਖਰ ਉਹ ਵੀ ਰੱਬ ਦਾ ਜੀਅ ਹੈ। ਉਸ ਵਿਚ ਵੀ ਆਤਮਾ ਹੈ।
ਚਾਹ ਦਾ ਬੜਾ ਸ਼ੌਕੀਨ ਹੈ ਬਹਾਦੁਰ। ਕਹਿੰਦੈ, ਉਸ ਦੀ ਮਾਂ ਉਸ ਨੂੰ ਸਾਵੀ ਚਾਹ ਪਿਲਾਂਦੀ ਸੀ। ਦੁੱਧ ਵਿਚ ਪੱਤੀ ਉਬਾਲ ਕੇ। ਪਿਲਾਂਦੀ ਹੋਵੇਗੀ! ਮੈਂ ਤਾਂ ਉਸ ਨੂੰ ਏਨੀ ਮਹਿੰਗਾਈ ਵਿਚ ਦੁੱਧ ਵਾਲੀ ਚਾਹ ਨਹੀਂ ਪਿਲਾ ਸਕਦੀ, ਅਸੀਂ ਆਪ ਕਿਹੜਾ ਇੰਜ ਦੀ ਪੀਂਦੇ ਹਾਂ।
ਉਂਜ ਬਹਾਦੁਰ ਦੀ ਚਾਹ ਦੀ ਕੋਈ ਸਮੱਸਿਆ ਨਹੀਂ। ਆਇਆ ਗਿਆ ਤਾਂ ਲੱਗਾ ਹੀ ਰਹਿੰਦਾ ਹੈ। ਦਰਜਨਾਂ ਵਾਰ ਬਣਦੀ ਹੈ ਤੇ ਕੌਣ ਪੀਂਦਾ ਹੈ ਆਖਰੀ ਘੁੱਟ ਤੱਕ? ਕਈ ਤਾਂ ਅੱਧੀ-ਅੱਧੀ ਪਿਆਲੀ ਛੱਡ ਜਾਂਦੇ ਨੇ। ਮਹਿੰਗਾ ਦੁੱਧ ਤੇ ਮਹਿੰਗੀ ਖੰਡ। ਸੁੱਟੀ ਤਾਂ ਨਹੀਂ ਨਾ ਜਾਂਦੀ। ਬਹਾਦੁਰ ਉਸੇ ਵਿਚੋਂ ਭੁਗਤ ਜਾਂਦਾ ਹੈ।
ਜੂਠ ਸੁੱਚ ਤਾਂ ਪੁਰਾਣੀਆਂ ਘਿਸੀਆਂ ਪਿਟੀਆਂ ਗੱਲਾਂ ਨੇ। ਕੱਪ ਨਾਲ ਬੁੱਲ੍ਹ ਛੁਹਾਣ ਨਾਲ ਕੀ ਜੂਠਾ ਹੋ ਜਾਂਦਾ ਹੈ? ਛੁਆ-ਛੂਤ ਤੇ ਜੂਠ ਸੁੱਚ ਦੇ ਕਾਰਨ ਹੀ ਤਾਂ ਹਿੰਦੁਸਤਾਨ ਪਛੜਿਆ ਰਹਿ ਗਿਆ। ਅੰਗਰੇਜ਼ ਕਿਥੇ ਮੰਨਦੇ ਨੇ ਇਨ੍ਹਾਂ ਗੱਲਾਂ ਨੂੰ? ਉਨ੍ਹਾਂ ਦਾ ਤਰੀਕਾ ਵਧੀਆ ਏ। ਬਈ, ਆਪੇ ਲੋੜ ਅਨੁਸਾਰ ਜੋ ਖਾਣਾ ਹੈ, ਆਪਣੀ ਪਲੇਟ ਵਿਚ ਪਾ ਲਵੋ। ਤਰੀਕਾ ਤਾਂ ਸਾਡਾ ਵੀ ਅੱਜ ਕੱਲ੍ਹ ਇਹੀ ਹੈ। ਮੇਜ ਉਤੇ ਹੀ ਪਰੋਸ ਦੇਈਦਾ ਹੈ ਸਭ ਕੁਝ, ਪਰ ਸਦੀਆਂ ਦੀਆਂ ਪੱਕੀਆਂ ਹੋਈਆਂ ਆਦਤਾਂ ਦੇ ਮਾਰੇ ਅਸੀਂ ਆਪੇ ਹੀ ਪਲੇਟ ਭਰਦੇ ਹਾਂ ਤੇ ਆਪੇ ਹੀ ਜੂਠੀ ਛੱਡ ਦਿੰਦੇ ਹਾਂ। ਹਾਂਖਰੇ ਦੇ ਪਿੱਟੇ। ਅਖੇ, ‘ਵਾਦੜੀਆਂ, ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।’
ਸੁਣਿਐ, ਮਦਰਾਸ ਤੇ ਕਲਕੱਤੇ ਵਿਚ ਜੂਠ ਵਿਕਦੀ ਹੈ। ਸੇਰਾਂ ਦੇ ਭਾਅ। ਗਰੀਬ ਕੰਗਾਲ ਤਾਂ ਉਸੇ ਨਾਲ ਪੇਟ ਭਰਦੇ ਨੇ। ਉਹ ਵੀ ਤਾਂ ਜੀਂਦੇ ਨੇ, ਇਹ ਤਾਂ ਆਖਰ ਘਰ ਦੀ ਹੀ ਜੂਠ ਹੈ ਤੇ ਘਰ ਦਾ ਹੀ ਨੌਕਰ। ਕੀ ਹਰਜ ਹੈ?
ਕੱਲ੍ਹ ਪੂਰਨਮਾਸ਼ੀ ਸੀ। ਪ੍ਰਸ਼ਾਦ ਤਾਂ ਬਣਾਉਣਾ ਹੀ ਸੀ, ਪਰ ਖਾਵੇ ਕੌਣ? ਨਾ ਅਰੋੜਾ ਸਾਹਿਬ ਮਿੱਠਾ ਖਾਂਦੇ ਨੇ, ਤੇ ਨਾ ਹੀ ਮੈਂ। ਬੱਸ ਮਾੜਾ ਜਿਹਾ ਮੂੰਹ ਲਾ ਲਈਦਾ ਹੈ। ਟੀਟੂ ਉਂਜ ਤਾਂ ਕੜਾਹ ਦਾ ਸ਼ੌਕੀਨ ਹੈ, ਪਰ ਰੜ੍ਹਿਆ-ਰੜ੍ਹਿਆ ਹੀ ਖਾਂਦਾ ਹੈ ਤੇ ਉਹ ਵੀ ਥੋੜ੍ਹਾ ਹੀ। ਬੜਾ ਚੇਤੰਨ ਹੈ, ਮੁਟਾਪੇ ਬਾਰੇ। ਹੁਣ ਜੇ ਪੰਜ ਬੰਦਿਆਂ ਦੇ ਮੂੰਹ ਨਾ ਲੱਗੇ ਤਾਂ ਪ੍ਰਸ਼ਾਦ ਕਾਹਦਾ? ਅੱਗੇ ਮੈਂ ਗੇਟ ਵਿਚ ਖੜ੍ਹੋ ਜਾਂਦੀ ਸੀ, ਲੰਘਦਿਆਂ-ਪਲੰਘਦਿਆਂ ਨੂੰ ਵਰਤਾਣ। ਕੋਈ ਲੈਂਦਾ ਸੀ ਤੇ ਕੋਈ ਕਤਰਾਅ ਕੇ ਲੰਘ ਜਾਂਦਾ ਸੀ। ਸੌ ਵਹਿਮ ਭਰਮ ਹੁੰਦੇ ਨੇ ਕਿ ਪਤਾ ਨਹੀਂ ਕੋਈ ਕਿਸ ਭਾਵਨਾ ਨਾਲ ਵਰਤਾਅ ਰਿਹਾ ਹੈ।
ਕਹਿੰਦੇ ਨੇ, ਜੇ ਇਕ ਵਾਰ ਹੱਥ ਉਤੇ ਪ੍ਰਸ਼ਾਦ ਲੈ ਲਵੋ ਤਾਂ ਮੂੰਹ ਜ਼ਰੂਰ ਲਾਣਾ ਚਾਹੀਦੈ। ਨਹੀਂ ਤਾਂ ਘੋਰ ਪਾਪ ਲਗਦੈ। ਏਸੇ ਲਈ ਤਾਂ ਬਾਹਲੇ ਲੋਕੀਂ ਦੂਰੋਂ ਹੀ ਮੂੰਹ ਭੁਆ ਕੇ ਲੰਘ ਜਾਂਦੇ ਹਨ। ਉਂਜ ਵੀ ਲੋਕ ਅੱਜ ਕੱਲ੍ਹ ਬੜੇ ਹੰਕਾਰੇ ਗਏ ਹਨ, ਜਿਵੇਂ ਪ੍ਰਸ਼ਾਦ ਲੈ ਕੇ ਵੀ ਅਹਿਸਾਨ ਕਰ ਰਹੇ ਹੋਣ। ਸ਼ਰਧਾ ਤਾਂ ਕਿਸੇ ਵਿਚ ਰਹੀ ਹੀ ਨਹੀਂ। ਬਹਾਦੁਰ ਦੇ ਆਉਣ ਨਾਲ ਮੈਂ ਏਧਰੋਂ ਸੁਰਖਰੂ ਹੋ ਗਈ ਹਾਂ। ਉਸੇ ਨੂੰ ਖੁਆ ਦਿੰਦੀ ਹਾਂ, ਪਰ ਢੰਗ ਨਾਲ। ਥੋੜ੍ਹਾ-ਥੋੜ੍ਹਾ ਕਰ ਕੇ ਪੰਜ ਵਾਰ ਖੁਆ ਦਈਦਾ ਹੈ।
ਬੱਸ ਪੰਜ ਪਿਆਰਿਆਂ ਵਾਲੀ ਗੱਲ ਪੁੱਗ ਗਈ ਸਮਝੋ।
ਸੰਗਰਾਂਦ ਵਾਲੇ ਦਿਨ ਤਾਂ ਬਹਾਦੁਰ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਹੁੰਦਾ। ਬੱਸ, ਫਿਰ ਦੇ ਬਾਲਟੀਆਂ ਤੇ ਬਾਲਟੀਆਂ! ਛੱਤ ਧੋਂਦਾ ਹੈ, ਪੌੜੀਆਂ ਧੋਂਦਾ ਹੈ, ਬਰਾਂਡੇ ਧੋਂਦਾ-ਧੋਂਦਾ ਸੜਕ ਤੱਕ ਪੁੱਜ ਜਾਂਦਾ ਹੈ।
ਬਾਹਰ ਦਾਨ ਦੇਣ ਨਾਲੋਂ ਤਾਂ ਚੰਗਾ ਏ ਘਰ ਦੇ ਨੌਕਰ ਨੂੰ ਹੀ ਦਈਏ। ਨਾਲੇ ਪੁੰਨ ਨਾਲੇ ਫ਼ਲੀਆਂ।
ਨਵੇਂ ਵਿਆਹੇ ਸਾਂ ਤਾਂ ਮੈਂ ਅਰੋੜਾ ਸਾਹਿਬ ਦੇ ਦਫਤਰੋਂ ਪਰਤਣ ਉਤੇ ਉਨ੍ਹਾਂ ਦੇ ਬੂਟ ਲਾਹੁੰਦੀ ਸਾਂ, ਪੈਰ ਧੋਂਦੀ ਸਾਂ, ਘੁੱਟਦੀ ਸਾਂ। ਮਗਰੋਂ ਘਰ ਗ੍ਰਹਿਸਥੀ ਦੇ ਬੋਝ ਨਾਲ ਕਿਸ ਕੋਲ ਵਿਹਲ ਜਾਂ ਤਾਕਤ ਸੀ। ਆਪਣੀਆਂ ਹੀ ਬਾਹਾਂ ਦੁਖਦੀਆਂ ਰਹਿੰਦੀਆਂ ਨੇ। ਡਾਢੇ ਤਰਸੇ ਹੋਏ ਸਨ ਵਿਚਾਰੇ ਦਬਵਾਣ ਘੁਟਾਣ ਨੂੰ। ਹੁਣ ਗੇਟ ਅੰਦਰ ਗੱਡੀ ਵੜਦਿਆਂ ਹੀ ਬਹਾਦੁਰ ਉਨ੍ਹਾਂ ਕੋਲ ਦੌੜ ਜਾਂਦਾ ਹੈ। ਬੈਗ ਤੇ ਸਾਰਾ ਸਮਾਨ ਫੜ ਕੇ ਅੰਦਰ ਲੈ ਆਉਂਦਾ ਹੈ। ਫ਼ੇਰ ਬੂਟ ਉਤਾਰਦਾ ਹੈ। ਗਰਮ ਪਾਣੀ ਨਾਲ ਉਨ੍ਹਾਂ ਦੇ ਪੈਰ ਧੋਂਦਾ ਤੇ ਘੁੱਟਦਾ ਹੈ। ਬੜੇ ਹੀ ਪਿਆਰ ਨਾਲ ਉਨ੍ਹਾਂ ਦਾ ਸਿਰ ਝੱਸਦਾ ਹੈ। ਆਖਦਾ ਹੈ ਕਿ ਉਸ ਦਾ ਪਿਉ ਏਸੇ ਤਰ੍ਹਾਂ ਉਸ ਦੀ ਮਾਲਿਸ਼ ਕਰਦਾ ਹੁੰਦਾ ਸੀ ਤੇ ਉਹ ਵੀ ਕਦੇ-ਕਦੇ ਆਪਣੇ ਦਾਦੇ ਨਾਲ ਲਾਡ ਲਡਾਉਂਦਾ ਹੋਇਆ ਉਸ ਦਾ ਸਿਰ ਝੱਸਦਾ ਹੁੰਦਾ ਸੀ।
ਪਿਉ ਤੇ ਦਾਦੇ ਦੀ ਯਾਦ ਵਿਚ ਗੁਆਚਾ ਬਹਾਦੁਰ ਘੰਟਿਆ ਬੱਧੀ ਇਨ੍ਹਾਂ ਨੂੰ ਨੱਪਦਾ-ਘੁੱਟਦਾ ਰਹਿੰਦਾ ਹੈ।
ਹੋਰ ਵਿਚਾਰੇ ਦਾ ਇਥੇ ਹੈ ਕੌਣ? ਅਸੀਂ ਹੀ ਤੇ ਹਾਂ ਨਾ ਉਸ ਦੇ ਮਾਪੇ।
ਮੇਰੀਆਂ ਲੱਤਾਂ ਵੀ ਡਾਢਾ ਖੁਸਦੀਆਂ ਰਹਿੰਦੀਆਂ ਸਨ। ਸਹਿਕਦੀ ਸਾਂ ਕਿ ਕੋਈ ਹੱਥ ਲਾਵੇ। ਮਾਲਿਸ਼ ਕਰਨ ਵਾਲੀਆਂ ਤਾਂ ਅੱਜ ਕੱਲ੍ਹ ਮਿਲਦੀਆਂ ਹੀ ਨਹੀਂ। ਸਰਦੀਆਂ ਵਿਚ ਮੈਨੂੰ ਜੋੜਾਂ ਦੇ ਦਰਦ ਬੜਾ ਪ੍ਰੇਸ਼ਾਨ ਕਰਦੇ ਨੇ। ਬੈਠਾਂ ਤਾਂ ਬੈਠੀ ਹੀ ਰਹਾਂ। ਸੂਹੇ ਘੁੱਟ ਹੋ ਜਾਂਦੇ ਨੇ ਗੋਡੇ। ਸੋਜ਼ਿਸ਼ਾਂ। ਮਸਾਂ-ਮਸਾਂ ਪਿਛਲੇ ਸਾਲ ਮਾਲਿਸ਼ ਕਰਨ ਵਾਲੀ ਮਿਲੀ ਸੀ। ਬੜੀ ਬੁੱਢੀ, ਮਰੀ ਮਰਦੂਦ ਜਿਹੀ। ਮੈਲੀ ਵੀ ਬੜੀ ਸੀ। ਬੋ ਆਉਂਦੀ ਸੀ ਉਸ ਕੋਲੋਂ। ਮਿਤਲਾਂਦਾ ਸੀ ਦਿਲ। ਕਚਿਆਣ ਜਿਹੀ। ਇਕ ਘੰਟੇ ਦੇ ਦਸ ਰੁਪਏ ਲੈਂਦੀ ਸੀ, ਤੇ ਉੱਕਾ ਆਰਾਮ ਨਹੀਂ ਸੀ ਆਉਂਦਾ। ਵਗਾਰ ਹੀ ਕੱਟਦੀ ਸੀ। ਬੱਸ ਘੜੀ ਤੋਂ ਨਜ਼ਰ ਨਹੀਂ ਸੀ ਹਟਾਂਦੀ। ਮਜਾਲ ਹੈ ਜੁ ਪੰਜ ਮਿੰਟ ਵਾਧੂ ਲਾ ਦੇਵੇ।
ਇਕ ਦੋ ਵੇਰਾਂ ਮੈਂ ਬਿਊਟੀ ਪਾਰਲਰ ਵੀ ਗਈ ਸੀ ਮਾਲਿਸ਼ ਕਰਾਉਣ। ਪੂਰੇ ਸੌ ਰੁਪਏ ਲੈਂਦੀਆਂ ਨੇ ਇਕ ਘੰਟੇ ਦੀ ਮਾਲਿਸ਼ ਦੇ। ਘਿਓ ਦੀ ਥਾਂ ‘ਤੇ ਕੋਲਡ ਕਰੀਮ ਲਗਾਉਂਦੀਆਂ ਨੇ। ਕੋਲਡ ਕਰੀਮ ਵੀ ਕਾਹਦੀ ਜੀ! ਸੁਣਦੀ ਹਾਂ, ਪੈਟਰੋਲੀਅਮ ਜੈਲੀ ਵਿਚ ਮਾੜਾ ਜਿਹਾ ਇਤਰ ਰਲਾਅ ਲੈਂਦੀਆਂ ਨੇ, ਤੇ ਜੈਤੁਨ ਦੇ ਤੇਲ ਦੀ ਥਾਂ ‘ਤੇ ਰਿਫਾਈਂਡ ਆਇਲ ਪਾ ਦਿੰਦੀਆਂ ਨੇ। ਪਤਲੀਆਂ ਸੁਕੜੀਆਂ ਕੁੜੀਆਂ, ਪਰ-ਕਟੀਆਂ ਜਿਹੀਆਂ। ਪੁੱਠੇ ਸਿੱਧੇ ਹੱਥ ਮਾਰ ਕੇ ਝੱਟ ਬੁੱਕਾਂ ਰੁਪਏ ਬਟੋਰ ਲੈਂਦੀਆਂ ਨੇ।
ਬਹਾਦੁਰ ਦੇ ਮਹੀਨੇ ਦੀ ਤਨਖਾਹ ਬਿਊਟੀ ਪਾਰਲਰ ਦੇ ਇਕ ਘੰਟੇ ਦੀ ਮਾਲਿਸ਼ ਦੇ ਬਰਾਬਰ ਸਮਝੋ। ਤੋਬਾ! ਤੋਬਾ! ਬਾਜ਼ ਆਏ ਇਹੋ ਜਿਹੇ ਚੋਚਲਿਆਂ ਤੋਂ।
ਹੁਣ ਮੈਂ ਬਹਾਦੁਰ ਨੂੰ ਮਾਲਿਸ਼ ਕਰਨੀ ਸਿਖਾ ਦਿੱਤੀ ਹੈ। ਕੋਸੇ ਦੇਸੀ ਘਿਓ ਤੇ ਬਦਾਮ ਰੋਗਨ ਨਾਲ ਕਰਾਈਦੀ ਹੈ ਤੇ ਉਹ ਵੀ ਸਾਰੇ ਬਦਨ ਦੀ। ਗੋਡਿਆਂ ਵੱਲੋਂ ਥੱਲੇ ਪੈਰਾਂ ਵੱਲ ਜਾਂਦੀਆਂ ਨਸਾਂ ਨੂੰ ਦਬਾਂਦੇ ਜਾਣਾ ਤੇ ਫੇਰ ਸੱਜੇ ਹੱਥ ਦੀ ਤਲੀ ਨਾਲ ਵਾਰ-ਵਾਰ ਹੇਠਾਂ ਉਪਰ ਝੱਸਣਾ। ਬੜੀ ਪ੍ਰੀਤ ਨਾਲ ਝੱਸਦਾ ਹੈ। ਬੜੇ ਚੰਗੇ ਲੱਗਦੇ ਹਨ ਉਸ ਦੇ ਨਿੱਕੇ-ਨਿੱਕੇ, ਪੋਲੇ-ਪੋਲੇ ਹੱਥ।
ਕਦੇ ਏਨਾ ਪਿਆਰ ਆ ਜਾਂਦਾ ਹੈ ਕਿ ਜੀ ਕਰਦੈ, ਉਸ ਦੇ ਹੱਥ ਚੁੰਮ ਲਵਾਂ, ਪਰ ਥਿੰਦੇ ਜੁ ਹੁੰਦੇ ਨੇ। ਨਾਲੇ ਨੌਕਰ ਨੂੰ ਨੌਕਰ ਦੀ ਥਾਂ ਉਤੇ ਰੱਖਣ ਵਿਚ ਹੀ ਸਿਆਣਪ ਹੈ।
ਮੇਰੀਆਂ ਦਰਦਾਂ ਤਾਂ ਬੱਸ ਕਾਫ਼ੂਰ ਹੀ ਹੋ ਗਈਆਂ ਲਗਦੀਆਂ ਨੇ। ਹੁਣ ਨਹੀਂ ਖੁੱਸਦੇ ਮੇਰੇ ਹੱਥ ਪੈਰ।
ਅਸਲ ਵਿਚ ਅਸਾਂ ਜਨਾਨੀਆਂ ਨੂੰ ਏਸ ਉਪਰਲੇ ਕੰਮ ਨੇ ਹੀ ਬਿਮਾਰ ਕੀਤਾ ਹੁੰਦੈ। ਠੰਢੇ ਤੱਤੇ ਪਾਣੀ ਵਿਚ ਹੱਥ ਮਾਰਨੇ, ਕੱਪੜੇ ਧੋਣੇ, ਝਾੜ ਪੂੰਝ ਕਰਨੀ। ਵੱਡੀਆਂ-ਵੱਡੀਆਂ ਕਨਾਲੀ ਦੋ ਕਨਾਲੀ ਕੋਠੀਆਂ, ਕੰਮ ਕਰਨ ਵਾਲੀਆਂ ਕਦੇ ਮਿਲਦੀਆਂ ਨੇ ਤੇ ਕਦੇ ਮਿਲਦੀਆਂ ਹੀ ਨਹੀਂ। ਦਰਦਾਂ ਨਾ ਹੋਣ ਤੇ ਕੀ ਹੋਵੇ?
ਹੁਣ ਮੈਂ ਬਹਾਦੁਰ ਨੂੰ ਮੈਨੀਕਿਓਰ ਤੇ ਪੈਡੀਕਿਓਰ ਵੀ ਸਿਖਾ ਦਿੱਤਾ ਹੈ। ਬਿਊਟੀ ਪਾਰਲਰਾਂ ਵਾਲੀਆਂ ਤਾਂ ਅੱਸੀ ਰੁਪਏ ਲੈਂਦੀਆਂ ਨੇ ਦੋਹਾਂ ਕੰਮਾਂ ਦੇ। ਹੁਣ ਮੈਂ ਕੋਸੇ ਪਾਣੀ ਦੀ ਚਿਲਮਚੀ ਵਿਚ ਸਾਬਣ ਤੇਲ ਤੇ ਗਲਿਸਰੀਨ ਪਾ ਕੇ ਪਹਿਲਾਂ ਅੱਧਾ ਘੰਟਾ ਪੈਰ ਭਿਓਈਂ ਰੱਖਦੀ ਹਾਂ। ਫੇਰ ਬਹਾਦੁਰ ਬੁਰਸ਼ ਨਾਲ ਮੇਰੇ ਨਹੁੰਆਂ ਦੀ ਮੈਲ ਕੱਢਦਾ ਹੈ। ਅੱਡੀਆਂ ਨੂੰ ਝਾਂਵੇਂ ਨਾਲ ਝੱਸਦਾ ਹੈ। ਨਰਮ ਪਏ ਨਹੁੰਆਂ ਨੂੰ ਨੇਲ-ਕਟਰ ਨਾਲ ਕੱਟਦਾ ਤੇ ਰੇਤੀ ਨਾਲ ਤਰਾਸ਼ਦਾ ਹੈ ਤੇ ਫੇਰ ਤੌਲੀਏ ਨਾਲ ਚੰਗੀ ਤਰ੍ਹਾਂ ਪੈਰ ਸੁਕਾ ਕੇ ਪੈਡੀਕਿਓਰ ਨਾਲ ਹੌਲੇ-ਹੌਲੇ ਮਾਲਿਸ਼ ਕਰਦਾ ਹੈ। ਮੈਂ ਤਾਂ ਅਲਸਾਂਦੀ-ਅਲਸਾਂਦੀ ਘੂਕ ਸੌਂ ਜਾਂਦੀ ਹਾਂ।
ਚਲੋ, ਬਹਾਦੁਰ ਵੀ ਮੇਰੇ ਪੱਜ ਨਾਲ ਆਪਣੀ ਮਾਂ ਨਾਲ ਪਿਆਰ ਕਰ ਲੈਂਦਾ ਹੈ।
ਕੇਹੀ ਸੁਲੱਖਣੀ ਘੜੀ ਸੀ ਜਦੋਂ ਬਹਾਦੁਰ ਨੇ ਸਾਡੇ ਘਰ ਪੈਰ ਪਾਇਆ। ਮੈਂ ਤਾਂ ਦਸ ਸਾਲ ਨਿੱਕੀ ਲੱਗਣ ਲੱਗ ਪਈ ਹਾਂ।
ਹੋਰ ਕਿਹੜੀ ਗੱਲ ਕਰਾਂ ਤੇ ਕਿਹੜੀ ਛੱਡਾਂ? ਮੈਨੂੰ ਤਾਂ ਬੱਸ ਬਹਾਦੁਰ ਦੀਆਂ ਗੱਲਾਂ ਕਰਨ ਨੂੰ ਹੀ ਜੀ ਕਰਦੈ।
ਪਹਿਲਾਂ ਮਹਿਮਾਨ ਆਉਂਦੇ ਸਨ, ਤਾਂ ਬੱਚਿਆਂ ਦਾ ਜ਼ਿਕਰ ਹੁੰਦਾ ਸੀ। ਫੇਰ ਉਹ ਬੱਚੇ ਵੱਡੇ ਹੋ ਗਏ, ਵਿਆਹੇ ਵਰ੍ਹੇ ਗਏ ਤਾਂ ਉਨ੍ਹਾਂ ਦੇ ਬੱਚਿਆਂ ਦਾ ਹੋਣ ਲੱਗ ਪਿਆ। ਆਏ ਗਾਏ ਸੱਜਣ ਮਿੱਤਰ ਰਸਮੀ ਤੌਰ ‘ਤੇ ਪੁੱਛ ਲੈਂਦੇ ਸਨ- ‘ਟੀਟੂ ਦੇ ਇਮਤਿਹਾਨ ਹੋ ਗਏ? ਰੀਤੀ ਦਾ ਸੋਨੂੰ ਕਿਤਨਾ ਵੱਡਾ ਹੋ ਗਿਆ ਏ? ਨਿਰਲੇਪ ਦਾ ਖਤ ਆਇਆ?’ ਤੇ ਜਾਂ ਫਿਰ ਸਿਲਕੀ ਦੀ ਗੱਲ ਕਰੀਦੀ ਸੀ।
ਜਦੋਂ ਸਿਲਕੀ ਬਾਰੇ ਗੱਲਾਂ ਕਰਦੇ ਸਾਂ ਤਾਂ ਉਹ ਸਾਡੇ ਪੈਰਾਂ ਵਿਚ ਸਿਰ ਰੱਖ ਕੇ, ਅੱਖਾਂ ਮੁੰਦ ਕੇ ਇੰਜ ਸੁਣਦੀ ਸੀ ਜਿਵੇਂ ਸਭ ਸਮਝ ਰਹੀ ਹੋਵੇ। ਹੁਣ ਤਾਂ ਅਸੀਂ ਬਹਾਦੁਰ ਦੀਆਂ ਹੀ ਗੱਲਾਂ ਕਰਦੇ ਹਾਂ ਤੇ ਜਦੋਂ ਅਸੀਂ ਮਹਿਮਾਨਾਂ ਅੱਗੇ ਉਸ ਦੀਆਂ ਸਿਫ਼ਤਾਂ ਕਰਦੇ ਹਾਂ ਤਾਂ ਉਹ ਬੜਾ ਖੁਸ਼ ਹੁੰਦਾ ਹੈ। ਕੰਨ ਲਾ ਕੇ ਸੁਣਦਾ ਹੈ ਤੇ ਮੁਸ-ਮੁਸ ਕਰਦਾ ਹੈ।
ਲਾਡਲਾ ਜੁ ਹੋਇਆ! ਸਾਡਾ ਸਾਰਿਆਂ ਦਾ ਲਾਡਲਾ, ਬਹਾਦੁਰ!