ਉਹਨੂੰ ਸਰਕਾਰੀ ਤਨਖ਼ਾਹ ਮਿਲਦੀ ਹੈ!

ਗੁਰਬਚਨ ਸਿੰਘ ਭੁੱਲਰ
ਕੋਈ ਸੱਤ ਦਹਾਕੇ ਪੁਰਾਣੀ ਗੱਲ ਹੈ। ਵੱਡਾ ਪਿੰਡ ਹੋਣ ਦੇ ਬਾਵਜੂਦ ਉਦੋਂ ਸਾਡੇ ਪਿੰਡ ਡਾਕਖਾਨਾ ਨਹੀਂ ਸੀ। ਉਸ ਜ਼ਮਾਨੇ ਵਿਚ ਅਜੇ ਪਿੰਡ ਪਿੰਡ ਡਾਕਖਾਨੇ ਨਹੀਂ ਸਨ ਖੁੱਲ੍ਹੇ। ਡਾਕੀਆ ਹਫਤੇ ਵਿਚ ਦੋ ਵਾਰ ਮੰਡੀ ਫੂਲ ਤੋਂ ਆਉਂਦਾ। ਵਾਰੀ ਵਾਲੇ ਕਿਸੇ ਦਿਨ ਜੇ ਕੋਈ ਡਾਕ ਨਾ ਹੁੰਦੀ ਜਾਂ ਇਕ-ਅੱਧ ਕਾਰਡ-ਲਿਫਾਫਾ ਹੀ ਹੁੰਦਾ, ਡਾਕਖਾਨੇ ਦਾ ਬਾਬੂ ਉਹਨੂੰ ਗੇੜਾ ਰੱਦ ਕਰਨ ਲਈ ਆਖ ਕੇ ਕੋਈ ਹੋਰ ਨਿੱਜੀ ਜਾਂ ਸਰਕਾਰੀ ਕੰਮ ਦੇ ਦਿੰਦਾ।

ਇਹ ਫਰਜ਼ ਦੀ ਕੋਤਾਹੀ ਤਾਂ ਸੀ ਪਰ ਬਾਬੂ ਆਪਣੀ ਥਾਂ ਠੀਕ ਵੀ ਸੀ। ਡਾਕੀਆ ਇਕ-ਅੱਧ ਕਾਰਡ-ਲਿਫਾਫੇ ਖਾਤਰ ਕਾਹਦੇ ਲਈ ਕੋਹਾਂ ਵਾਟ ਕਰੇ! ਨਾਲੇ ਚਿੱਠੀ ਵਿਚ ਕਿਹੜਾ ਕੋਈ ਬਹੁਤ ਛੇਤੀ ਪਹੁੰਚਦੀ ਕਰਨ ਵਾਲੀ ਗੱਲ ਲਿਖੀ ਹੋਈ ਹੋਣੀ ਸੀ। ਉਦੋਂ ਲੋਕ ਜ਼ਰੂਰੀ ਗੱਲ ਵਾਸਤੇ ਚਿੱਠੀ ਨਹੀਂ ਸਨ ਲਿਖਦੇ। ਡਾਕ ਦਾ ਪ੍ਰਬੰਧ ਜਿੰਨਾ ਵੀ ਸੀ, ਚੰਗਾ ਸੀ। ਤਾਂ ਵੀ ਸਦੀਆਂ ਤੋਂ ਜ਼ੁਬਾਨੀ ਸੁਨੇਹੇ ਭੇਜਦੇ ਆਏ ਸਮਾਜ ਨੂੰ ਅਜੇ ਡਾਕ ਉਤੇ ਪੂਰਾ ਭਰੋਸਾ ਨਹੀਂ ਸੀ। ਆਮ ਮੱਤ ਸੀ, ਚਿੱਠੀ ਦਾ ਕੀ ਪਤਾ, ਕਦੋਂ ਪਹੁੰਚੇ!
ਮੇਰੇ ਨਾਨਕੇ ਰੁਮਾਣਾ ਅਜੀਤ ਸਿੰਘ ਸਾਡੇ ਪਿੰਡ ਪਿੱਥੋ ਤੋਂ ਪੂਰੇ ਪੰਦਰਾਂ ਕੋਹ ਵਾਟ ਹਨ। ਚੌਵੀ ਕੈਰਟ ਅਨਪੜ੍ਹ ਮਾਮੇ ਮੱਘਰ ਦੀ ਹਦਾਇਤ ਸੀ ਕਿ ਉਹਨੂੰ ਚਿੱਠੀ ਬਿਲਕੁਲ ਨਾ ਲਿਖੀ ਜਾਵੇ। ਉਹ ਆਖਦਾ, “ਲਾਗੀ ਭੇਜੋ, ਮੈਂ ਨੰਗ ਤਾਂ ਨਹੀਂ ਜੋ ਉਹਨੂੰ ਖੇਸ-ਖੱਦਰ ਤੇ ਰੁਪਈਆ ਨਾ ਦੇ ਸਕਾਂ।” ਜੇ ਅਸੀਂ ਕਿਸੇ ਬਿਲਕੁਲ ਹੀ ਸਾਧਾਰਨ ਗੱਲ ਵਾਸਤੇ ਚਿੱਠੀ ਲਿਖ ਹੀ ਦਿੰਦੇ, ਉਹ ਪੜ੍ਹਾਏ ਬਿਨਾਂ ਆਲੇ ਵਿਚ ਰੱਖ ਛਡਦਾ। ਮਹੀਨੇ, ਦੋ ਮਹੀਨੀਂ ਜਦੋਂ ਸਾਡੇ ਤਿੰਨਾਂ ਵਿਚੋਂ ਕੋਈ ਭਰਾ ਮਿਲਣ ਜਾਂਦਾ, ਉਹ ਕਾਰਡ ਫੜਾ ਕੇ ਆਖਦਾ, “ਭਾਣਜੇ, ਐਹ ਕਾਟ ਦੇਖੀਂ, ਕੀਹਨੇ ਭੇਜਿਆ ਐ।” ਜਦੋਂ ਦੱਸਣਾ ਕਿ ਇਹ ਤਾਂ ਅਸੀਂ ਲਿਖਿਆ ਸੀ ਅਤੇ ਆਖਣਾ, “ਮਾਮਾ ਜੀ, ਪੜ੍ਹਾ ਤਾਂ ਲੈਣਾ ਸੀ”, ਉਹਨੇ ਬਹੁਤ ਗੁੱਸੇ ਹੋਣਾ, “ਥੋਨੂੰ ਕਿੰਨੇ ਵਾਰ ਵਰਜਿਆ ਹੈ, ਮੈਨੂੰ ਕਾਟ ਨਾ ਪਾਇਆ ਕਰੋ, ਲਾਗੀ ਭੇਜਿਆ ਕਰੋ।…ਪੜ੍ਹਾਵਾਂ ਕੀਹਤੋਂ? ਜੇ ਕੋਈ ਘਤਿੱਤ ਨਾਲ ਥੋਡੀ ਲਿਖੀ ਗੱਲ ਦੀ ਥਾਂ ਹੋਰ ਹੀ ਕੁਛ ਦੱਸ ਦੇਵੇ?”
ਮਾਮਾ ਮੱਘਰ ਕੋਈ ਇਕੱਲਾ ਨਹੀਂ ਸੀ। ਉਸ ਜ਼ਮਾਨੇ ਵਿਚ ਬਹੁਤ ਲੋਕ ਮਾਮੇ ਮੱਘਰ ਹੀ ਸਨ। ਉਹ ਡਾਕ ਨਾਲ ਨਾਤਾ ਨਹੀਂ ਸਨ ਜੋੜਦੇ। ਸਾਧਾਰਨ ਸੁਨੇਹੇ ਲਈ ਵੀ ਉਹ ਮਰਾਸੀ-ਨਾਈ ਨੂੰ ਹੀ ਭੇਜਦੇ। ਵਿਆਹ ਦੀ ਗੰਢ ਤੇ ਸੋਗ ਦੀ ਸੁਣਾਉਣੀ ਵਾਸਤੇ ਤਾਂ ਉਚੇਚਾ ਮਰਾਸੀ ਜਾਂ ਨਾਈ ਹੀ ਭੇਜਿਆ ਜਾਂਦਾ ਸੀ। ਉਹਨੂੰ ਆਇਆ ਦੇਖ ਕੇ ਘਰਵਾਲਿਆਂ ਦਾ ਘਬਰਾਉਣਾ ਸੁਭਾਵਿਕ ਹੁੰਦਾ ਸੀ। ਕੀ ਪਤਾ ਚੰਗੀ-ਮਾੜੀ ਕੀ ਖ਼ਬਰ ਲੈ ਕੇ ਆਇਆ ਹੈ! ਉਹ ਵੀ ਪੀੜ੍ਹੀਓ-ਪੀੜ੍ਹੀ ਦੇ ਅਨੁਭਵ ਨਾਲ ਇੰਨੇ ਸਿਆਣੇ ਹੋ ਗਏ ਸਨ ਕਿ ਘਰ ਵੜਦਿਆਂ ਮੂੰਹੋਂ ਬੋਲ ਕੇ ਖ਼ਬਰ ਦੱਸਣ ਤੋਂ ਪਹਿਲਾਂ ਹੀ ਖੁਸ਼ੀ-ਗਮੀ ਦਾ ਇਸ਼ਾਰਾ ਕਰ ਦਿੰਦੇ। ਉਦੋਂ ਘਰਾਂ ਦੇ ਦਰ ਖੁੱਲ੍ਹੇ ਹੀ ਰਹਿੰਦੇ ਸਨ। ਜੇ ਉਹ ਬੂਹੇ ਵੜਦਾ “ਓ ਘਰੇ ਹੀ ਹੋਂ ਬਈ ਲਾਣੇਦਾਰੋ” ਜਿਹਾ ਕੁਛ ਆਖਣ ਲਗਦਾ ਤੇ ਮੰਜੇ-ਪੀੜ੍ਹੀ ਉਤੇ ਬੈਠ ਜਾਂਦਾ, ਘਰ ਵਾਲੇ ਸੁਖ ਦਾ ਸਾਹ ਲੈਂਦੇ। ਜੇ ਉਹ ਚੁੱਪ ਕਰ ਕੇ ਅੰਦਰ ਆਉਂਦਾ ਤੇ “ਵਾਖਰੂ, ਵਾਖਰੂ” ਆਖਦਾ ਭੁੰਜੇ ਬੈਠ ਜਾਂਦਾ, ਘਰ ਵਿਚ ਪਿੱਟ-ਸਿਆਪਾ ਪੈ ਜਾਂਦਾ।
ਮਗਰੋਂ ਜਦੋਂ ਲੋਕ ਇਨ੍ਹਾਂ ਕੰਮਾਂ ਵਾਸਤੇ ਡਾਕ ਦੀ ਵਰਤੋਂ ਕਰਨ ਲੱਗੇ, ਲੋਕ-ਸਿਆਣਪ ਸਦਕਾ ਚਿੱਠੀ ਪੜ੍ਹਨ ਤੋਂ ਪਹਿਲਾਂ ਦੇਖ ਕੇ ਹੀ ਉਸ ਵਿਚ ਆਈ ਖੁਸ਼ੀ-ਗਮੀ ਦੀ ਖਬਰ ਦੀ ਸੋਅ ਮਿਲ ਜਾਂਦੀ। ਜੇ ਕਾਰਡ-ਲਿਫਾਫੇ ਉਤੇ ਹਲਦੀ ਵਾਲੇ ਪਾਣੀ ਦੇ ਛਿੱਟੇ ਮਾਰੇ ਹੋਏ ਹੁੰਦੇ, ਘਰ ਵਾਲੇ ਖੁਸ਼ ਹੋ ਕੇ ਅੰਦਾਜ਼ੇ ਲਾਉਣ ਲਗਦੇ ਕਿ ਕਿਹੜੇ ਰਿਸ਼ਤੇਦਾਰ ਨੇ ਕਿਸ ਮੁੰਡੇ-ਕੁੜੀ ਦਾ ਵਿਆਹ ਰੱਖ ਲਿਆ ਹੋਵੇਗਾ। ਜੇ ਕਾਰਡ-ਲਿਫਾਫੇ ਦੀ ਕੰਨੀ ਪਾਟੀ ਹੋਈ ਹੁੰਦੀ, ਸਭ ਦੇ ਦਿਲ ਡੁੱਬ ਜਾਂਦੇ, ਕਿਹੜੀ ਰਿਸ਼ਤੇਦਾਰੀ ਵਿਚ ਕੌਣ ਚੱਲ ਵਸਿਆ! ਪਰਿਵਾਰ ਵਿਚ ਕੋਈ ਪੜ੍ਹਿਆ ਨਾ ਹੋਣ ਦੀ ਸੂਰਤ ਵਿਚ ਗੁਆਂਢਣਾਂ ਕਾਲਜਾ ਫੜ ਕੇ “ਵਾਖ਼ਰੂ-ਵਾਖ਼ਰੂ” ਕਰਦੀਆਂ ਮੇਰੇ ਵਰਗੇ ਕਿਸੇ ਪਾੜ੍ਹੇ ਵੱਲ ਭਜਦੀਆਂ, “ਦੇਖੀਂ ਵੇ ਪੁੱਤਾ, ਕੀ ਭਾਣਾ ਵਰਤ ਗਿਆ!” ਕਈ ਵਾਰ ਕਿਸੇ ਚਿੱਠੀ ਦਾ ਕਿਨਾਰਾ ਰਾਹ ਵਿਚ ਕਿਸੇ ਕਾਰਨ ਤ੍ਰੇੜਿਆ ਜਾਂਦਾ। ਉਹਨੂੰ ਦੇਖ ਕੇ ਵੀ ਘਰ ਵਾਲਿਆਂ ਦਾ ਦਿਲ ਬੈਠ ਜਾਂਦਾ। ਚਿੱਠੀ ਪੜ੍ਹ-ਪੜ੍ਹਾ ਕੇ ਹੀ ਉਹ ਸੁਖ ਦਾ ਸਾਹ ਲੈਂਦੇ।
ਇਹ ਸੀ ਉਹ ਜ਼ਮਾਨਾ ਜਦੋਂ ਡਾਕੀਆ ਮੰਡੀ ਫੂਲ ਤੋਂ ਸਾਡੇ ਪਿੰਡ ਆਉਂਦਾ। ਉਹਦਾ ਨਾਂ ਮੋਹਨ ਲਾਲ ਸੀ ਪਰ ਸਭ ਉਹਨੂੰ ਪੰਡਿਤ ਡਾਕੀਆ ਹੀ ਆਖਦੇ। ਉਹ ਨੇੜੇ ਨੇੜੇ ਦੇ ਕਈ ਪਿੰਡਾਂ ਦਾ ਡਾਕੀਆ ਸੀ। ਉਹਦੇ ਮੋਢੇ ਚਮੜੇ ਦਾ ਮਜ਼ਬੂਤ ਥੈਲਾ ਹੁੰਦਾ ਅਤੇ ਹੱਥ ਵਿਚ ਘੁੰਗਰੂ ਵਾਲਾ ਸਰਕਾਰੀ ਬਰਛਾ ਹੁੰਦਾ। ਰਾਹ ਵਿਚ ਜਦੋਂ ਉਹ ਬਰਛਾ ਹਿਲਾਉਂਦਾ ਹੋਇਆ ਤੁਰਦਾ, ਘੁੰਗਰੂ ਦੀ ਆਵਾਜ਼ ਸੁਣ ਕੇ ਬਾਕੀ ਸਭ ਅਣਜਾਣੇ ਰਾਹੀ ਉਹਤੋਂ ਵਿੱਥ ਰਖਦੇ। ਉਹ ਚਿੱਠੀਆਂ ਦੇ ਨਾਲ ਹੀ ਮਨੀ-ਆਰਡਰ ਵੀ ਲੈ ਕੇ ਜਾ ਰਿਹਾ ਹੋ ਸਕਦਾ ਸੀ। ਇਸ ਕਰਕੇ ਅਣਜਾਣੇ ਲੋਕਾਂ ਦਾ ਉਹਤੋਂ ਦੂਰ ਰਹਿਣਾ ਹੀ ਠੀਕ ਸੀ ਤਾਂ ਜੋ ਉਹ ਸੁਰੱਖਿਅਤ ਤੁਰਿਆ ਜਾਵੇ। ਉਸ ਸਮੇਂ ਉਹ ਸਰਕਾਰ ਦਾ ਪ੍ਰਤੀਨਿਧ ਹੁੰਦਾ ਸੀ।
ਉਹ ਦੂਜੀ ਸੰਸਾਰ ਜੰਗ ਦਾ ਸਮਾਂ ਸੀ। ਮੇਰੇ ਬਾਪੂ ਜੀ ਫੌਜ ਵਿਚ ਸਨ। ਕੁਝ ਦਿਨਾਂ ਮਗਰੋਂ ਉਨ੍ਹਾਂ ਦੀ ਚਿੱਠੀ ਆਉਂਦੀ ਅਤੇ ਮਹੀਨੇ ਮਗਰੋਂ ਮਨੀ-ਆਰਡਰ। ਕੁਦਰਤੀ ਸੀ, ਦੋਵਾਂ ਚੀਜ਼ਾਂ ਦੀ ਉਡੀਕ ਰਹਿੰਦੀ। ਜੰਗ ਸਮੇਂ ਫੌਜੀ ਦੀ ਸੁੱਖ-ਸਾਂਦ ਦੀ ਚਿੱਠੀ ਦਾ ਮਹੱਤਵ ਤਾਂ, ਮੈਂ ਹੁਣ ਦੀ ਸਮਝ ਅਨੁਸਾਰ ਕਹਿ ਸਕਦਾ ਹਾਂ, ਸਿਰਫ਼ ਉਹਦਾ ਪਰਿਵਾਰ ਹੀ ਸਮਝ ਸਕਦਾ ਹੈ। ਖ਼ੈਰ, ਇਕ ਦਿਨ ਪੰਡਿਤ ਡਾਕੀਆ ਆਇਆ। ਉਹਨੇ ਮੰਜੇ ਉਤੇ ਬੈਠ ਕੇ ਪਾਣੀ-ਧਾਣੀ ਪੀਤਾ ਅਤੇ ਥੈਲੇ ਵਿਚੋਂ ਮਨੀ-ਆਰਡਰ ਕੱਢ ਕੇ ਪੈਸੇ ਫੜਾਏ। ਫੇਰ ਉਹਨੇ ਮਨੀ-ਆਰਡਰ ਫਾਰਮ ਦੇ ਹੇਠੋਂ ਬਾਪੂ ਜੀ ਦੀ ਚਿੱਠੀ ਪਾੜ ਕੇ ਦੇ ਦਿੱਤੀ। (ਹੁਣ ਕੁਝ ਸਮੇਂ ਤੋਂ ਫਾਰਮਾਂ ਤੋਂ ਇਹ ਚਿੱਠੀ ਦੀ ਸਹੂਲਤ, ਪਤਾ ਨਹੀਂ ਕਿਉਂ, ਖ਼ਤਮ ਕਰ ਦਿੱਤੀ ਗਈ ਹੈ।)
ਪੈਸੇ ਪਹਿਲਾਂ ਨਾਲੋਂ ਵੱਧ ਸਨ। ਮੇਰੀ ਮਾਂ ਨੇ ਉਮੀਦ ਨਾਲ ਸੋਚਿਆ, ਸ਼ਾਇਦ ਤਨਖ਼ਾਹ ਵਧ ਗਈ ਹੋਵੇ। ਉਦੋਂ ਤਨਖ਼ਾਹ ਵਿਚ ਥੋੜ੍ਹਾ ਵਾਧਾ ਵੀ ਵੱਡੀ ਗੱਲ ਹੁੰਦੀ ਸੀ। ਰੁਪਏ ਦੀ ਬਹੁਤ ਕੀਮਤ ਸੀ। ਬਾਪੂ ਜੀ ਦਸਦੇ ਹੁੰਦੇ ਸਨ, ਜਦੋਂ ਉਹ ਕੋਈ ਤਿੰਨ ਦਹਾਕੇ ਪਹਿਲਾਂ, ਪਹਿਲੀ ਸੰਸਾਰ ਜੰਗ ਵੇਲੇ, ਭਰਤੀ ਹੋਏ ਸਨ, ਸਿਪਾਹੀ ਦੀ ਤਨਖ਼ਾਹ ਸਾਢੇ ਸੱਤ ਰੁਪਏ ਹੁੰਦੀ ਸੀ। ਇਸ ਵਾਰ ਵੱਧ ਪੈਸੇ ਆਇਆਂ ਦਾ ਕਾਰਨ ਜਾਣਨ ਵਾਸਤੇ ਮਾਂ ਕਹਿਣ ਲੱਗੀ, “ਮੋਹਨ ਲਾਲ, ਭਾਈ, ਇਹ ਪਰਚੀ ਪੜ੍ਹ ਕੇ ਵੀ ਸੁਣਾ ਦੇ।”
ਉਹਨੇ ਪੜ੍ਹਿਆ, “…ਮੈਂ ਰਾਜ਼ੀ-ਖ਼ੁਸ਼ੀ ਹਾਂ, ਤੁਹਾਡੀ ਸਭ ਦੀ ਰਾਜ਼ੀ-ਖ਼ੁਸ਼ੀ ਵਾਹਿਗੁਰੂ ਤੋਂ ਚਾਹੁੰਦਾ ਹਾਂ। ਅੱਗੇ ਹਵਾਲ ਇਹ ਹੈ ਕਿ ਮੇਰੀ ਤਨਖ਼ਾਹ ਵਧ ਗਈ ਹੈ। ਹੁਣ ਹਰ ਮਹੀਨੇ ਮੈਂ ਵੱਧ ਪੈਸੇ ਭੇਜਿਆ ਕਰੂੰਗਾ।…ਪੈਸੇ ਵਧਿਆਂ ਦੀ ਖੁਸ਼ੀ ਵਿਚ ਡਾਕੀਏ ਨੂੰ ਕੁਛ ਦੇਣ ਦੀ ਕੋਈ ਲੋੜ ਨਹੀਂ। ਉਹਨੂੰ ਏਸ ਕੰਮ ਦੀ ਮੇਰੇ ਵਾਂਗੂੰ ਸਰਕਾਰੀ ਤਨਖ਼ਾਹ ਮਿਲਦੀ ਹੈ।…”
ਪਰਚੀ ਪੂਰੀ ਪੜ੍ਹ ਕੇ ਉਹਨੇ ਬਿਲਕੁਲ ਸਹਿਜ ਨਾਲ, ਕੁਝ ਕਹੇ ਬਿਨਾਂ ਮੇਰੀ ਮਾਂ ਨੂੰ ਫੜਾ ਦਿੱਤੀ ਅਤੇ ਤੁਰਨ ਵਾਸਤੇ ਉਠ ਖਲੋਤਾ। ਉਹ ਹੱਸੀ, “ਭਾਈ ਮੋਹਨ ਲਾਲ, ਉਨ੍ਹਾਂ ਨੇ ਤਾਂ ਤੇਰੀ ਚੁਆਨੀ-ਅਠਿਆਨੀ ਹੀ ਮਾਰ ਦਿੱਤੀ। ਪਰ ਤੂੰ ਆਪਣੇ ਉਲਟ ਲਿਖਿਆ ਪੜ੍ਹ ਕੇ ਵੀ ਕੋਈ ਰੋਸਾ ਦਿਖਾਏ ਤੋਂ ਬਿਨਾਂ ਹੀ ਤੁਰ ਚੱਲਿਆ!”
ਉਹ ਰੁਕਿਆ, “ਬੀਬੀ, ਮੈਂ ਰੋਜ਼ ਰੋਜ਼ ਜਿਨ੍ਹਾਂ ਲੋਕਾਂ ਨੂੰ ਡਾਕ ਵੰਡਦਾ ਹਾਂ, ਉਨ੍ਹਾਂ ਵਿਚੋਂ ਬਹੁਤੇ ਅਨਪੜ੍ਹ ਹੀ ਹੁੰਦੇ ਨੇ। ਉਹ ਮੈਨੂੰ ਹੀ ਚਿੱਠੀ-ਪੱਤਰ ਪੜ੍ਹ ਕੇ ਸੁਣਾਉਣ ਨੂੰ ਆਖਦੇ ਨੇ। ਡਾਕੀਏ ਵਜੋਂ ਮੇਰਾ ਧਰਮ ਹੈ ਜੋ ਲਿਖਿਆ ਹੋਵੇ, ਸਹੀ ਸਹੀ ਸੁਣਾ ਦੇਵਾਂ।” ਉਹ ਵੀ ਹੱਸਿਆ, “ਸੂਬੇਦਾਰ ਸਾਹਿਬ ਨੇ ਜੋ ਲਿਖਿਆ, ਉਹ ਕੁਛ ਵੀ ਹੋਵੇ, ਪੜ੍ਹ ਕੇ ਜਿਉਂ ਦਾ ਤਿਉਂ ਸੁਣਾਉਣਾ ਮੇਰਾ ਧਰਮ ਸੀ!”
ਮੇਰੀ ਮਾਂ ਬੋਲੀ, “ਵੇ ਭਾਈ ਮੋਹਨ ਲਾਲ, ਮੈਂ ਆਪੇ ਉਨ੍ਹਾਂ ਤੋਂ ਮਾਫ਼ੀ ਮੰਗ ਲਊਂ…”, ਤੇ ਹੱਥ ਵਿਚ ਫੜੇ ਹੋਏ ਪੈਸਿਆਂ ਵਿਚੋਂ ਇਕ ਰੁਪਈਆ ਕੱਢ ਕੇ ਕਹਿੰਦੀ, “ਅੱਜ ਤਾਂ ਤੂੰ ਇਹ ਲੈ ਕੇ ਹੀ ਜਾ! ਇਹ ਡਾਕੀਆ ਹੋਣ ਕਰਕੇ ਨਹੀਂ, ਵੀਰਾ, ਇਹ ਤੇਰੇ ਡਾਕੀਏ ਵਾਲੇ ਧਰਮ ਕਰਕੇ ਹੈ!”