ਕੱਚਾ ਘਰ

‘ਕੱਚਾ ਘਰ’ ਸਮਝੋ ਆਪਣੇ ਪੰਜਾਬ ਦਾ ਫੇਰਾ ਹੈ। ਇਹ ਫੇਰਾ ਹਰ ਪਰਵਾਸੀ ਦੇ ਮਨ ਵਿਚ ਬਹੁਤ ਡੂੰਘਾ ਉਤਰਿਆ ਹੋਇਆ ਹੈ। ਜਾਪਦਾ ਹੈ, ਵਕਤ ਉਥੇ ਦਾ ਉਥੇ ਹੀ ਖਲੋ ਗਿਆ ਹੈ ਜਿਥੋਂ ਅਸੀਂ ਪਰਵਾਸ ਵੱਲ ਉਡਾਰੀ ਮਾਰੀ ਸੀ। ਜ਼ਿੰਦਗੀ ਦੀਆਂ ਘੋਰ ਹਕੀਕਤਾਂ ਨਾਲ ਦੋ-ਚਾਰ ਹੁੰਦਿਆਂ ਪਰਵਾਸੀਆਂ ਨੂੰ ਪਤਾ ਨਹੀਂ ਕਿੰਨੀਆਂ ਤੇ ਕਿਹੜੀਆਂ ਪਰਵਾਜ਼ਾਂ ਭਰਨੀਆਂ ਪੈਂਦੀਆਂ ਹਨ, ਪਰ ਜਦੋਂ ਵੀ ਯਾਦਾਂ ਦੀ ਕੰਨੀ ਚੁੱਕੀ ਜਾਂਦੀ ਹੈ, ਬੇਕਾਬੂ ਹੋਇਆ ਮਨ ਪਿਛੇ ਛੁੱਟ ਗਈਆਂ ਗਲੀਆਂ ਵਿਚ ਜਾ ਵੜਦਾ ਹੈ।

-ਸੰਪਾਦਕ

ਦੇਵਿੰਦਰ ਗੁਰਾਇਆ, ਵਰਜੀਨੀਆ
ਫੋਨ: 571-315-9543
ਅਲਾਰਮ ਦੀ ਘੰਟੀ ਵੱਜਦੀ ਹੈæææਪਰ ਉਠਣ ਨੂੰ ਦਿਲ ਨਹੀਂ ਕਰਦਾ। ਸੋਚਿਆ, ਫੋਨ ਕਰ ਦਿੰਦੀ ਹਾਂ। ਸੋ, ਕੰਮ ‘ਤੇ ਫੋਨ ਕਰ ਕੇ ਆਖ ਦਿੱਤਾ, Ḕਮੈਂ ਬਿਮਾਰ ਹਾਂ, ਆ ਨਹੀਂ ਸਕਦੀ।Ḕ ਫਿਰ ਨੀਂਦ ਨਾ ਆਵੇ, ਪਤਾ ਨਹੀਂ ਅਲਾਰਮ ਦੀ ਆਵਾਜ਼ ਮੈਨੂੰ ਮੇਰੇ ਪਿੰਡ ਮੇਰੇ ਘਰ ਖਿੱਚ ਕੇ ਕਿਵੇਂ ਲੈ ਗਈ?æææ
ਸਵੇਰੇ ਮੂੰਹ ਹਨ੍ਹੇਰੇ ਚਾਚੇ ਬਣਸ ਦੀ ਆਵਾਜ਼ ਸੁਣਦੀ ਹੈ, “ਭਾਅ, ਉਠ ਹੰਢਾਲੀ ਕਰੀਏ। ਭਾਬੀ ਚਾਹ ਧਰ’ਦੇ।” ਤੇ ਭਾਅ ਵਾਹਿਗੁਰੂ-ਵਾਹਿਗੁਰੂ ਆਖਦਾ, “ਉਠ ਕੁਲਵੰਤ ਦੀ ਬੀਬੀ! ਮਖ ਛੇਤੀ ਕਰ, ਮੁੰਡਾ ਕਦੋਂ ਦਾ ਬੈਠਾ ਚਾਹ ‘ਡੀਕੀ ਜਾਂਦਾ।” ਬੀਬੀ ਮੰਜੀ ਤੋਂ ਹੇਠਾਂ ਪੈਰ ਰੱਖਣ ਤੋਂ ਪਹਿਲਾਂ ਹੱਥ ਜੋੜ ਕੇ ਮੂੰਹ ਵਿਚੋਂ ਕੁਝ ਬੋਲਦੀ। ਫਿਰ ਬਹੁਕਰ ਫੜ ਕੇ ਚੌਂਕਾ ਹੂੰਝਦੀ ਹੈ, ਗੋਹੇ ਭੰਨ ਕੇ ਚੁੱਲ੍ਹੇ ਵਿਚ ਰੀਣੀ ਦੇ ਕੇ ਪਾਥੀ ਦੇ ਟੁਕੜੇ ‘ਤੇ ਮਿੱਟੀ ਦਾ ਤੇਲ ਪਾ ਕੇ ਜਾਂ ਜੇ ਤੇਲ ਨਾ ਹੋਵੇ ਤਾਂ ਚੂਰੇ ਦੀਆਂ ਛਿਟੀਆਂ ਨੂੰ ਕਾਗਜ਼ ਬਾਲ ਕੇ ਅੱਗ ਲਾਉਂਦੀ ਹੈ। ਬਲਦੀਆਂ ਛਿਟੀਆਂ ਰੀਣੀ ਦੇ ਵਿਚਕਾਰ ਰੱਖ ਕੇ ਬੀਬੀ ਨਲਕਾ ਗੇੜ ਕੇ ਮੂੰਹ-ਹੱਥ ਧੋਂਦੀ ਹੈ। ਚੁੰਨੀ ਦੇ ਪੱਲੇ ਨਾਲ ਮੂੰਹ ਪੂੰਝ ਬਾਬੇ ਦੀ ਤਸਵੀਰ ਅੱਗੇ ਹੱਥ ਜੋੜ ਕੇ ਖਲੋ ਜਾਂਦੀ ਹੈ। ਪਤਾ ਨਹੀਂ, ਬੀਬੀ ਕੀ ਮੰਗਦੀ ਹੈ? ਉਸ ਨੇ ਕਦੀ ਉਚੀ ਕੁਝ ਨਹੀਂ ਉਚਾਰਿਆ। ਮੈਂ ਰੋਜ਼ ਸਵੇਰੇ ਬੀਬੀ ਨੂੰ ਇਸੇ ਤਰ੍ਹਾਂ ਹੱਥ ਜੋੜੀ ਖੜ੍ਹੀ ਦੇਖਦੀ ਹਾਂ।
ਹੁਣ ਬੀਬੀ ਪਤੀਲੀ ਵਿਚ ਪਾਣੀ ਪਾ ਕੇ ਚੁੱਲ੍ਹੇ ‘ਤੇ ਧਰ ਦਿੰਦੀ ਹੈ। ਮੈਂ ਸੋਚਦੀ ਹਾਂ, ਬੀਬੀ ਅੱਗ ਬਾਲ ਕੇ ਉਸੇ ਵੇਲੇ ਪਤੀਲੀ ਕਿਉਂ ਨਹੀਂ ਰੱਖਦੀ। ਇਕ ਦਿਨ ਪੁੱਛਣ ‘ਤੇ ਬੀਬੀ ਨੇ ਦੱਸਿਆ ਕਿ ਇਉਂ ਕੱਚੀ ਅੱਗ ਦਾ ਧੂੰਆਂ, ਪਾਣੀ ਵਿਚ ਚਲਾ ਜਾਂਦਾ ਹੈ ਤੇ ਚਾਹ ਵਿਚੋਂ ਤੇਲ ਜਾਂ ਧੂੰਏ ਦੀ ਬੋਅ ਆਉਂਦੀ ਹੈ।
ਮੇਰੇ ਚੇਤਿਆਂ ਵਿਚ ਉਸੇ ਤਰ੍ਹਾਂ ਪਿਆ ਹੈ, ਭਾਅ ਦਾ ਕਾਹਲੀ-ਕਾਹਲੀ ਚਾਹ ਪੀਣਾ, ਤੇ ਬੀਬੀ ਦਾ ਹੱਸ ਕੇ ਆਖਣਾ, “ਕੋਈ ਮਗਰ ਪਿਆ ਏ, ਚੱਜ ਨਾਲ ਚਾਹ ਤਾਂ ਪੀ ਲਿਆ ਕਰੋ।”
ਭਾਅ ਨੇ ਜਵਾਬ ਦੇਣਾ, “ਮੈਖਿਆ ਕਰਮਾਂ ਵਾਲੀਏ, ਲੋਕਾਂ ਤੇ ਜੋਤਰਾ ਲਾ ਲਿਆ ਏ, ਤੇ ਅਸੀਂ ਅਜੇ ਘਰ ਬੈਠੇ ਆਂ।” ਨਾਲ ਹੀ ਚਾਚੇ ਨੂੰ ਆਖਣਾ, “ਚੱਲ ਓਏ ਸ਼ੇਰਾ! ਜਵਾਨ ਬਣ ਕੇ ਪੈਰ ਪੁੱਟ ਹੀਰਿਆ।” ਆਖਦਾ ਭਾਅ ਹਵੇਲੀ ਵਿਚੋਂ ਹੰਢਾਲੀਆਂ ਹੱਕ ਲੈਂਦਾ ਹੈ।
ਬੀਬੀ (ਮੇਰੀ ਮਾਂ) ਦੇ ਚਿਹਰੇ ‘ਤੇ ਸੰਤੁਸ਼ਟ ਜੀਵਨ ਦੀ ਝਲਕ ਸਦਾ ਦਿਖਾਈ ਦੇਣੀ। ਉਹ ਦੁੱਧ ਰਿੜਕਣਾ ਪਾ ਕੇ ਧਾਰਾਂ ਕੱਢਣ ਚਲੀ ਜਾਂਦੀ। ਨਾਲ ਦੋ ਬਾਲਟੀਆਂ ਲੈ ਕੇ ਜਾਂਦੀ, ਇਕ ਮੱਝ ਦੀ ਧਾਰ ਕੱਢ ਕੇ ਪਿੱਤਲ ਦੇ ਢੱਕਣ ਨਾਲ ਬਾਲਟੀ ਕੱਜ ਦਿੰਦੀ, ਫਿਰ ਦੂਜੀ ਧਾਰ ਕੱਢ ਕੇ ਦੋ ਬਾਲਟੀਆਂ ਲਿਆ ਕੇ ਚੌਂਕੇ ਦੀ ਬੰਨੀ ‘ਤੇ ਰੱਖ ਦਿੰਦੀ। ਨਲਕੇ ਤੋਂ ਹੱਥ-ਪੈਰ ਧੋ ਕੇ ਕਾੜ੍ਹਨੀ ਵਿਚੋਂ ਪਾਣੀ ਫੇਰਦੀ ਹੈ। ਦੁੱਧ ਪੁਣਨ ਲੱਗਿਆਂ ਕਈ ਵਾਰ ਮੈਨੂੰ ਪੋਣੀ ਫੜਨ ਲਈ ਆਖਦੀ ਹੈ, ਬਹੁਤੀ ਵਾਰ ਆਪ ਹੀ ਮੱਗ ਭਰ ਕੇ ਦੁੱਧ ਪੁਣ ਲੈਂਦੀ ਹੈ।
ਬੀਬੀ ਘਿਉ ਕੱਢ ਕੇ ਵੱਡਾ ਛੰਨਾ ਅੰਦਰ ਲੱਕੜ ਦੀ ਬਾਰੀ ਵਿਚ ਰੱਖਦੀ ਅਤੇ ਠੂਠੀ ਭਰ ਕੇ ਚੌਂਕੇ ਦੇ ਆਲੇ ਵਿਚ ਰੱਖ ਲੈਂਦੀ। ਫਿਰ ਬੋਰੀ ਵਿਛਾ ਕੇ, ਤੇ ਉਪਰ ਪਰਾਤ ਰੱਖ ਕੇ ਆਟਾ ਗੁੰਨ੍ਹਦੀ ਅਤੇ ਮਖਮਲ ਦੇ ਪਤਲੇ ਪੋਣੇ ਨਾਲ ਕੱਜਦੀ, ਉਪਰ ਚੰਗੇਰ ਦੇ ਦਿੰਦੀ। ਚੰਗੇਰ ਉਪਰ ਮਿੱਟੀ ਜਾਂ ਪੱਥਰ ਦਾ ਕੂੰਡਾ ਮੂਧਾ ਮਾਰ ਕੇ ਬੀਬੀ ਨਲਕੇ ਤੋਂ ਪਾਣੀ ਵਾਲੀ ਗੜਵੀ ਤੇ ਆਟੇ ਵਾਲੇ ਹੱਥ ਧੋਂਦੀ।
ਬੀਬੀ ਮੇਰੇ ਵੱਡੇ-ਛੋਟੇ ਭੈਣ-ਭਰਾਵਾਂ ਨੂੰ ਸਕੂਲ ਜਾਣ ਲਈ ਜਗਾਉਂਦੀ ਹੈ। ਹੱਥ-ਮੂੰਹ ਧੁਆ, ਕੱਪੜੇ ਪੁਆ ਸਿਰ ਵਾਹੁੰਦੀ ਮੈਨੂੰ ਚੌਂਕੇ ਵਿਚ ਜਾਣ ਲਈ ਆਖਦੀ ਹੈ, “ਬੀਬੀ ਭੈਣ ਬਣ ਕੇ ਜਾਈਂ ਜ਼ਰਾ ਚੁੱਲ੍ਹੇ ਵਿਚ ਗੋਹਾ ਲਾਈਂ, ਨਾਲੇ ਉਪਰ ਤਵਾ ਰੱਖ ਦੇਈਂ।” ਮੈਂ ਸਾਰਾ ਸਾਮਾਨ ਚੁੱਲ੍ਹੇ ਲਾਗੇ ਰੱਖ ਦਿੰਦੀ ਹਾਂ- ਆਟਾ, ਮੱਖਣ, ਚਕਲਾ, ਵੇਲ੍ਹਣਾ, ਦਹੀਂ, ਆਚਾਰæææ। ਬੀਬੀ ਪਹਿਲਾਂ ਦਹੀਂ ਤੇ ਮੱਖਣ ਨਾਲ ਪਰੌਂਠੇ ਖੁਆਉਂਦੀ, ਫਿਰ ਦੋ-ਦੋ ਪਰੌਂਠੇ ਅੰਬ ਦੇ ਆਚਾਰ ਨਾਲ ਪੱਲ੍ਹੇ ਬੰਨ੍ਹ ਕੇ ਸਕੂਲ ਤੋਰਦੀ ਹੈ।
ਹੁਣ ਬੀਬੀ ਚਾਹ ਪੀਣ ਲਈ ਆਖਦੀ ਹੈ। ਕਈ ਵਾਰ ਸ਼ਹਿਰੋਂ ਲਿਆਂਦੇ ਰਸ ਘਰ ਹੁੰਦੇ ਤਾਂ ਚਾਹ ਨਾਲ ਖਾਣ ਲਈ ਦੇ ਦਿੰਦੀ। ਕਦੀ-ਕਦੀ ਬਾਹਰ ਫੇਰੇ ਵਾਲਾ ਡਬਲ ਰੋਟੀ ਦਾ ਹੋਕਾ ਦਿੰਦਾ ਤਾਂ ਬੀਬੀ ਚਾਰ ਆਨੇ ਦੇ ਕੇ ਆਖਦੀ, “ਜਾਹ ਆਪਣੇ ਵਾਸਤੇ ਡਬਲ ਰੋਟੀ ਲੈ ਆ।” ਮੈਨੂੰ ਹਮੇਸ਼ਾ ਲੱਗਦਾ ਕਿ ਬੀਬੀ ਮੇਰਾ ਵੱਧ ਖਿਆਲ ਰੱਖਦੀ ਹੈ।
ਚਾਹ ਨਾਲ ਰੱਜ ਕੇ ਮੈਂ ਬਿਸਤਰੇ ਇਕੱਠੇ ਕਰਨ ਲੱਗ ਜਾਣਾ। ਸਾਰੇ ਬਿਸਤਰੇ ਵੱਡੇ ਨਵਾਰੀ ਮੰਜੇ ‘ਤੇ ਢੇਰ ਲਾ ਦੇਣੇ। ਮੰਜਾ ਮਿੱਟੀ ਦੇ ਪੜਾਵਿਆਂ ‘ਤੇ ਰੱਖਿਆ ਸੀ, ਉਚਾ ਹੋਣ ਕਾਰਨ ਬਾਹਾਂ ਥੱਕ ਜਾਣੀਆਂ। ਕਈ ਵਾਰ ਸਾਰੇ ਬਿਸਤਰੇ ਉਲਰ ਜਾਣੇ, ਤੇ ਦੁਬਾਰਾ ਤਹਿਆਂ ਲਾਉਣੀਆਂ ਪੈਣੀਆਂ। ਬਹੁਤ ਵੱਡਾ ਟੱਬਰ ਸੀ, ਸਾਰਾ ਮੰਜਾ ਬਿਸਤਰਿਆਂ ਨਾਲ ਭਰ ਜਾਣਾ। ਫਿਰ ਕੋਟੀਆਂ-ਸਵੈਟਰ, ਸ਼ਾਲ, ਖੇਸ-ਖੇਸੀਆਂ, ਲੋਈਆਂ ਜੋੜਨੀਆਂ ਅਤੇ ਅੰਦਰ ਪੱਕਾ ਡੱਠਾ ਦੂਜਾ ਮੰਜਾ ਅੱਧਾ ਭਰ ਜਾਣਾ। ਬਿਸਤਰਿਆਂ ਤੋਂ ਬਾਅਦ ਮੈਂ ਥਾਂ ਹੂੰਝਦੀ। ਪਹਿਲਾਂ ਅੰਦਰ, ਫਿਰ ਰਸੋਈ ਚੌਂਕਾ, ਥੜ੍ਹਾ, ਡੰਗਰਾਂ ਵਾਲੇ ਟਾਂਰੇ ਦਾ ਅੱਧਾ ਹਿੱਸਾ ਜੋ ਬਾਹਰਲੇ ਬੂਹੇ ਨੂੰ ਸਾਹਮਣਾ ਸੀ। ਇਸ ਹਿੱਸੇ ਵਿਚੋਂ ਕੱਚੀਆਂ ਕੋਠੀਆਂ, ਮਿੱਟੀ ਦੇ ਭਾਡੇ- ਮੱਟ, ਚਾਟੀਆਂ, ਘੜੇ ਬੜੀ ਤਰਤੀਬ ਨਾਲ ਰੱਖੇ ਹੁੰਦੇ। ਫਿਰ ਹੇਠਲਾ ਵਿਹੜਾ, ਬਾਹਰ ਦੇ ਦਰਵਾਜ਼ੇ ਤੱਕ ਹੂੰਝਦੀ। ਕੂੜਾ ਜ਼ਿਆਦਾ ਹੋ ਜਾਂਦਾ ਤਾਂ ਬੀਬੀ ਆਖਦੀ, “ਇੰਨਾ ਕਾਹਨੂੰ ਧੂਈ ਜਾਂਦੀ ਏਂ, ਬਾਲਟੇ ਵਿਚ ਪਾ ਕੇ ਬਾਹਰ ਸੁੱਟ।” ਕਈ ਵਾਰ ਬਾਹਰਲੇ ਬੂਹੇ ਤੋਂ ਲੈ ਕੇ ਦੂਰ ਤੱਕ ਗਲੀ ਹੂੰਝ ਦੇਣੀ, ਨਲਕਾ ਗੇੜ ਕੇ ਨਾਲੀ ਵਿਚ ਮਾਂਜਾ ਮਾਰ ਦਿੰਦੀ। ਮਾਂਜਾ ਰੱਖ ਕੇ ਕੱਪੜੇ ਝਾੜਦੀ, ਹੱਥ-ਮੂੰਹ ਧੋਂਦੀ ਤਾਂ ਬੀਬੀ ਆਖਦੀ, “ਆ ਜਾ, ਮੈਂ ਚਾਹ ਵਿਚ ਹੋਰ ਮਿੱਠਾ ਤੇ ਦੁੱਧ ਪਾਇਆ ਏ। ਬੜੀ ਸੁਆਦ ਬਣ ਗਈ ਏ।” ਬੜੀ ਵਾਰ ਵੱਡੇ ਵੀਰ ਨੇ ਆਖਿਆ ਕਿ ਚਾਹ ਦੁਬਾਰਾ ਗਰਮ ਕੀਤਿਆਂ ਜ਼ਹਿਰ ਬਣ ਜਾਂਦੀ ਹੈ, ਪਰ ਬੀਬੀ ਨਹੀਂ ਮੰਨਦੀ। ਆਖਦੀ, “ਮਿੱਠਾ, ਦੁੱਧ ਤੇ ਪੱਤੀ ਪਾਈ ਏ, ਡੋਲ੍ਹਣੀ ਥੋੜ੍ਹਾ ਏ?æææਨਾਲੇ ਚਾਹ ਜ਼ਹਿਰ ਕਿਵੇਂ ਬਣ ਜਾਂਦੀ ਐ ਭਲਾ? ਐਵੇਂ ਚਾਰ ਅੱਖਰ ਪੜ੍ਹ ਕੇ ਗੱਲਾਂ ਮਾਰਦਾ ਰਹਿੰਦਾ।”
ਫਿਰ ਭਾਂਡੇ-ਟੀਂਡਿਆਂ ਦੀ ਵਾਰੀ ਆਉਂਦੀ। ਗਲਾਸ, ਕੌਲੀਆਂ, ਪਲੇਟਾਂ ਤੇ ਚਮਚ ਪੂੰਝਦੀ। ਕੁਰਸੀ-ਮੇਜ਼ ਵੀ। ਸੰਦੂਕ, ਪੇਟੀਆਂ ਤੋਂ ਪਰਦੇ ਚੁੱਕ-ਚੁੱਕ ਝਾੜਦੀ। ਪੱਕੇ ਡੱਠੇ ਦੋ ਮੰਜਿਆਂ ਤੋਂ ਖੇਸ ਚਾਦਰਾਂ ਚੁੱਕ ਕੇ ਝਾੜਦੀ। ਅੰਦਰ ਦੋ ਮੇਜ਼ ਸਨ; ਇਕ ਉਪਰ ਭਾਂਡੇ ਸਨ ਤੇ ਦੂਜਾ ਵੀਰ ਦੇ ਪੜ੍ਹਨ ਵਾਲਾ ਸੀ। ਅੰਦਰ ਕੰਧ ਵਿਚ ਬੜੀ ਪੁਰਾਣੀ ਲੱਕੜ ਦਾ ਕੋਕਿਆਂ ਵਾਲਾ ਆਲਾ ਸੀ। ਆਲੇ ਵਿਚ ਮੈਂ ਆਪਣੀ ਸਭ ਤੋਂ ਵੱਡੀ ਗੁੱਡੀ ਰੱਖੀ ਹੋਈ ਸੀ। ਬੀਬੀ ਨੇ ਇਹਨੂੰ ਸੂਟ ਸੀਅ ਕੇ ਪਾਇਆ ਹੋਇਆ ਸੀ। ਇਸ ਆਲੇ ਵਿਚ ਬੜੀਆਂ ਪੁਰਾਣੀਆਂ ਕਿਤਾਬਾਂ ਸਨ। ਭਾਅ ਇਨ੍ਹਾਂ ਨੂੰ ਕਿੱਸੇ ਆਖਦਾ ਹੈ- ਦਿਆ ਸਿੰਘ, ਹੀਰ ਰਾਂਝਾ ਤੇ ਪੂਰਨ ਭਗਤ ਦੇ ਕਿੱਸੇ। ਭਾਅ ਰੋਜ਼ ਰਾਤ ਨੂੰ ਇਨ੍ਹਾਂ ਵਿਚੋਂ ਲੰਮੀ ਹੇਕ ਲਾ ਕੇ ਗਾਉਣ ਵਾਂਗ ਪੜ੍ਹਦਾ। ਬੀਬੀ ਹਮੇਸ਼ਾ ਭਾਅ ਨੂੰ ਇਸ ਤਰ੍ਹਾਂ ਹੇਕਾਂ ਲਾਉਣ ਤੋਂ ਟੋਕਦੀ। ਕਈ ਵਾਰ ਮੈਂ ਆਲੇ ਵਿਚੋਂ ਕਿੱਸੇ ਕੱਢ ਕੇ ਬਾਹਰ ਮੇਜ਼ ‘ਤੇ ਰੱਖ ਦਿੰਦੀ। ਭਾਅ ਨੇ ਆਖਣਾ, “ਕੁੜੀਏ ਮੇਰੇ ਕਿੱਸੇ ਕਿਥੇ ਨੇ?” ਮੈਂ ਮੇਜ਼ ਤੋਂ ਚੁੱਕ ਕੇ ਫੜਾਉਂਦੀ ਆਖਦੀ, “ਭਾਅ, ਆਲੇ ਵਿਚ ਤਾਂ ਗੁੱਡੀਆਂ ਰੱਖੀਦੀਆਂ ਨੇ।” ਭਾਅ ਹੱਸ ਕੇ ਆਖਦਾ, “ਪੁੱਤ ਇਹ ਚੀਜ਼ਾਂ ਬਾਹਰ ਰੱਖਣ ਵਾਲੀਆਂ ਨਹੀਂ।” ਮੈਂ ਸੋਚਦੀ, ਪਤਾ ਨਹੀਂ ਕੀ ਲਿਖਿਆ ਹੈ ਇਨ੍ਹਾਂ ਕਿਤਾਬਾਂ ਵਿਚ? ਪਹਿਲਾਂ ਭਾਅ ਸਿਰਹਾਣੇ ਹੇਠ ਰੱਖਦਾ ਸੀ। ਮੈਂ ਚਾਦਰਾਂ ਖੇਸ ਝਾੜਨ ਲੱਗਦੀ, ਤਾਂ ਰੋਜ਼ ਹੇਠਾਂ ਡੇਗ ਦਿੰਦੀ। ਵਰਕੇ ਖਿਲਰ ਜਾਣੇ, ਤਾਂ ਭਾਅ ਨੇ ਆਖਣਾ, “ਇਹ ਕੁੜੀ ਕਿਤੇ ਚੀਜ਼ਾਂ ਟਿਕਣ ਨਹੀਂ ਦਿੰਦੀ। ਜੜ੍ਹ ਵੱਢ ਕੇ ਰੱਖ ਦਿੱਤੀ।” ਫਿਰ ਵੀਰ ਨੇ ਇਹ ਵਰਕੇ ਠੀਕ ਕਰ ਕੇ ਸਿਰਹਾਣੇ ਹੇਠ ਰੱਖ ਦੇਣੇ।
ਭਾਅ ਦੀ ਪੁਰਾਣੀ ਜੁੱਤੀ ਮੈਂ ਦਾਣਿਆਂ ਵਾਲੀ ਕੋਠੀ ਦੀ ਨੁੱਕਰ ਵਿਚ ਵਾੜ ਦੇਣੀ। ਇਹ ਜੁੱਤੀ ਮੈਨੂੰ ਚੰਗੀ ਨਹੀਂ ਸੀ ਲੱਗਦੀ। ਮੋਟੀ ਖੱਲ੍ਹ ਦੀ ਇਹ ਜੁੱਤੀ ਲਿੱਬੜੀ ਹੋਈ ਹੁੰਦੀ। ਭਾਅ ਦੋ-ਚਾਰ ਦਿਨਾਂ ਬਾਅਦ ਇਸ ਨੂੰ ਦੇਸੀ ਤੇਲ ਲਾਉਂਦਾ। ਤੇਲ ਲਾਉਣ ਦਾ ਕਾਰਨ ਪੁੱਛਦੀ ਤਾਂ ਆਖਦਾ, “ਪੁੱਤ, ਤੇਲ ਨਾਲ ਜੁੱਤੀ ਕੂਲੀ ਹੋ ਜਾਂਦੀ ਹੈ, ਤੇ ਪੈਰ ਨਹੀਂ ਵੱਢਦੀ।” ਭਾਅ ਕੋਲ ਕੁਰਮ ਦੀ ਨਵੀਂ ਜੁੱਤੀ ਵੀ ਸੀ, ਜਦੋਂ ਵਾਂਢੇ ਜਾਂ ਤਰੀਕੇ ਜਾਂਦਾ, ਚਿੱਟੀ ਚਾਦਰ ਕੁੜਤੇ ਨਾਲ ਇਹੀ ਜੁੱਤੀ ਪਾਉਂਦਾ। ਤਰੀਕ ‘ਤੇ ਜਾਣ ਲੱਗਿਆ ਭਾਅ ਗਲ ਵਿਚ ਪਰਨਾ ਪਾ ਕੇ ਦਸਾਂ ਗੁਰੂਆਂ ਦੀ ਫੋਟੋ ਅੱਗੇ ਖਲ੍ਹੋ ਕੇ ਅਰਦਾਸ ਕਰਦਾ। ਬੀਬੀ ਚਿੱਟੇ ਝੋਲੇ ਵਿਚ ਪੰਜ-ਸੱਤ ਪਰੌਂਠੇ ਪਕਾ ਕੇ ਬੰਨ੍ਹ ਦਿੰਦੀ। ਭਾਅ ਸਾਈਕਲ ਦੇ ਡੰਡੇ ਨਾਲ ਝੋਲਾ ਬੰਨ੍ਹ ਲੈਂਦਾ। ਉਹ ਬੱਸੇ ਘੱਟ ਹੀ ਜਾਂਦਾ ਸੀ। ਆਖਦਾ, “ਪੁੱਤ! ਢਾਈ ਰੁਪਿਆਂ ਦਾ ਭਾੜਾ ਜ਼ਰੂਰ ਖਰਚਣਾ। ਉਹਦੇ ਪਕੌੜੇ ਲੈ ਕੇ ਪਰੌਂਠਿਆਂ ਨਾਲ ਖਾਵਾਂਗੇ। ਨਾਲੇ ਸਾਈਕਲ ਚਲਾਉਣ ਨਾਲ ਸਿਹਤ ਚੰਗੀ ਰਹਿੰਦੀ ਹੈ।” ਭਾਅ ਦੂਜੇ ਪਿੰਡ ਦੇ ਨੰਬਰਦਾਰ ਫੌਜਾ ਸਿੰਘ ਨਾਲ ਤਰੀਕੇ ਜਾਂਦਾ, ਬਾਅਦ ਵਿਚ ਪਤਾ ਲੱਗਾ ਕਿ ਉਸੇ ਨਾਲ ਜ਼ਮੀਨ ਦਾ ਕੇਸ ਚੱਲਦਾ ਸੀ। ਬੜੀ ਹੈਰਾਨੀ ਹੁੰਦੀ। ਭਾਅ ਉਹਨੂੰ ਚਾਚਾ ਆਖਦਾ ਤੇ ਹਮੇਸ਼ਾ ਬੀਬੀ ਨੂੰ ਆਖਣਾ ਕਿ ਚਾਚੇ ਵਾਸਤੇ ਵੀ ਦੋ ਪਰੌਂਠੀਆਂ ਬੰਨ੍ਹ ਦਈਂ। ਉਸ ਨੇ ਬਾਹਰੋਂ ਆਵਾਜ਼ ਮਾਰਨੀ, “ਕਰਤਾਰ ਸਿਆਂ, ਤਿਆਰ ਏਂ ਭਈæææਕੁਵੇਲਾ ਨਾ ਕਰ।” ਭਾਅ ਨੇ ਜ਼ੋਰ ਦੇ ਕੇ ਆਖਣਾ, “ਚਾਚਾ! ਘੁੱਟ ਚਾਹ ਦਾ ਪੀ ਲਈਏ।” ਚਾਚਾ ਬੜੇ ਅਦਬ ਨਾਲ ਬੀਬੀ ਤੋਂ ਚਾਹ ਦਾ ਕੱਪ ਫੜਦਾ, ਪੀਂਦਾ ਤੇ ਦੋਵੇਂ ਵਿਰੋਧੀ ਧਿਰਾਂ, ਦੋਸਤਾਂ ਵਾਂਗ ਕਚਹਿਰੀ ਤੁਰ ਪੈਂਦੀਆਂ।
ਹਾਂ ਸੱਚæææਗੱਲ ਤਾਂ ਝਾੜ-ਪੂੰਝ ਦੀ ਹੋ ਰਹੀ ਸੀ। ਮੈਂ ਨਲਕੇ ਤੋਂ ਹੱਥ-ਮੂੰਹ ਧੋਂਦੀ। ਬੀਬੀ ਰੋਟੀਆਂ ਬੰਨ੍ਹਣ ਦਾ ਪ੍ਰਬੰਧ ਕਰਦੀ। ਬੇਲੇ ਵਾਲੀ ਪੈਲੀ ਪਿੰਡ ਤੋਂ ਕਾਫੀ ਦੂਰ ਸੀ। ਜੇ ਭਾਅ ਤਿੰਨ ਹਲ ਲੈ ਕੇ ਜਾਂਦਾ, ਤਾਂ ਰੋਟੀ ਭੈਣ ਸਵਰਨੀ (ਮਾਸੀ ਤੇ ਤਾਈ ਦੀ ਕੁੜੀ) ਲੈ ਕੇ ਜਾਂਦੀ। ਦੋ ਹਲ ਹੁੰਦੇ ਤਾਂ ਨੌਕਰ (ਜਿਹਨੂੰ ਅਸੀਂ ਚਾਚਾ ਕਹਿੰਦੇ ਸਾਂ) ਰੋਟੀਆਂ ਲੈ ਜਾਂਦਾ। ਦੋਹਾਂ ਘਰਾਂ ਵਿਚ ਦੋ ਨੌਕਰ ਸਨ। ਵੱਡਾ ਭਾਅ (ਤਾਇਆ) ਨੰਬਰਦਾਰ ਸੀ। ਸੋ ਸਾਰੇ ਕੰਮ ਭਾਅ ਹੀ ਕਰਦਾ ਸੀ, ਉਹ ਤਾਂ ਸਿਰਫ ਚੌਧਰ ਕਰਦਾ ਸੀ। ਕਿਤੇ ਵੀ ਪੁਲਿਸ ਪੈਂਦੀ, ਰੋਟੀ ਸਾਡੇ ਘਰ ਬਣਦੀ। ਕੁੱਕੜ, ਸ਼ਰਾਬਾਂ, ਚਾਹ। ਵੱਡੀ ਬੀਬੀ ਨੂੰ ਮੈਂ ਹਮੇਸ਼ਾ ਚੌਂਕੇ ਵਿਚ ਹੀ ਦੇਖਦੀ- ਤੜਕੇ ਲਗਾਉਂਦੀ, ਰੋਟੀਆਂ ਪਕਾਉਂਦੀ। ਬੜੀ ਹੌਸਲੇ ਵਾਲੀ ਔਰਤ ਸੀ। ਬੀਬੀ ਉਸ ਦੀ ਮਾਂਵਾਂ ਵਾਂਗ ਕਦਰ ਕਰਦੀ, ਦੋਹਾਂ ਭੈਣਾਂ ਦਾ ਪਿਆਰ ਤੇ ਸਲੂਕ ਸਾਰੇ ਇਲਾਕੇ ਵਿਚ ਮਿਸਾਲ ਸੀ।
ਮੈਨੂੰ ਹਮੇਸ਼ਾ ਤਾਂਘ ਰਹਿੰਦੀ ਕਿ ਭੈਣ ਰੋਟੀਆਂ ਲੈ ਕੇ ਜਾਵੇ, ਨਾਲ ਮੈਂ ਵੀ ਜਾਵਾਂਗੀ। ਉਥੇ ਛੋਲੀਆ ਤੋੜ ਕੇ ਭੁੰਨਾਂਗੀਆਂ, ਗੰਨੇ ਚੂਪਾਂਗੀਆਂ, ਚਿੱਬੜ ਚੁਗਾਂਗੀਆਂ। ਭੈਣ ਨਾਲ ਜਾਣ ਵਾਸਤੇ ਬੜੇ ਪਾਪੜ ਵੇਲਣੇ ਪੈਂਦੇ। ਭੈਣ ਦਾ ਹਰ ਕੰਮ ਦੌੜ-ਦੌੜ ਕਰਨਾ ਪੈਂਦਾ। ਉਸ ਨੂੰ ਖੁਸ਼ ਦੇਖ ਕੇ ਬੇਲੇ ਜਾਣ ਬਾਰੇ ਆਖਣਾ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ। ਆਖਣਾ, “ਚੱਲ ਅੱਜ ਤੈਨੂੰ ਪਾਉਨੀ ਆ ਗਿੱਦੜਾਂ ਅੱਗੇ। ਘਰ ਦੇ ਕੰਮ ਤੋਂ ਡਰਦੀ ਮੇਰੀ ਪੂਛ ਫੜੀ ਰੱਖਦੀ ਏ।” ਬੇਲੇ ਦੀ ਸਾਰੀ ਜ਼ਮੀਨ ਆਬਾਦ ਨਹੀਂ ਸੀ, ਕਾਫੀ ਹਿੱਸਾ ਜੰਗਲ ਸੀ। ਉਥੇ ਸੂਰ, ਗਿੱਦੜ, ਹਿਰਨ, ਚੀਤੇ, ਸਹੇ ਤੇ ਗੋਨਾਂ ਆਮ ਸਨ। ਭੈਣ ਜਦ ਸਿਰ ‘ਤੇ ਲੱਸੀ ਵਾਲੀ ਵਲਟੋਹੀ ਰੱਖ ਕੇ ਉਪਰ ਰੋਟੀਆਂ ਦੀ ਗੰਢ ਰੱਖ ਕੇ ਤੁਰਦੀ ਤਾਂ ਮੈਂ ਸੋਚਦੀ, “ਭੈਣ ਕਿੰਨੀ ਆਜ਼ਾਦ ਤੇ ਦਲੇਰ ਹੈ। ਕਾਸ਼! ਮੈਂ ਵੀ ਭੈਣ ਵਰਗੀ ਹੋਵਾਂ।” ਭੈਣ ਕੱਪੜੇ ਵੀ ਸੀਅ ਲੈਂਦੀ ਸੀ। ਮਰਜ਼ੀ ਦੇ ਕੱਪੜੇ ਸਵਾਉਣ ਵਾਸਤੇ ਵੀ ਭੈਣ ਦੀ ਗੁਲਾਮ ਬਣਨਾ ਪੈਂਦਾ। ਇਕ ਵਾਰ ਮੈਂ ਆਖਿਆ ਕਿ ਸੂਟ ਪਾਉਣਾ ਹੈ। ਭੈਣ ਨੇ ਬੜੀਆਂ ਗਾਲਾਂ ਕੱਢੀਆਂ। ਅਖੇ, “ਅਜੇ ਜੰਮੀ ਹੈ ਨਹੀਂ, ਫੈਸ਼ਨ ਦੀਆਂ ਗੱਲਾਂ ਕਰਦੀ ਏ। ਉਰੇ ਆ, ਤੈਨੂੰ ਪਵਾਵਾਂ ਕਮੀਜ਼ ਸਲਵਾਰ।” ਭੈਣ ਮੇਰੇ ਮਗਰ ਦੌੜੀ ਤੇ ਮੈਂ ਵੱਡੀ ਬੀਬੀ ਦੀ ਬੁੱਕਲ ਵਿਚ ਜਾ ਲੁਕੀ।
ਇਕ ਦਿਨ ਬੇਬੇ ਨਾਲ ਰੋਟੀ ਲੈ ਕੇ ਜਾ ਰਹੀਆਂ ਸਾਂ। ਮੈਂ ਜ਼ਿਦ ਕੀਤੀ ਕਿ ਲੱਸੀ ਭੈਣ ਨੇ ਚੁੱਕੀ ਹੈ, ਰੋਟੀਆਂ ਮੈਂ ਚੁੱਕਣੀਆਂ। ਭੈਣ ਮੰਨੇ ਨਾ, ਆਖੇ ਤੂੰ ਡੇਗ ਦੇਵੇਂਗੀ। ਆਖਰ ਉਹਨੇ ਰੋਟੀਆਂ ਮੈਨੂੰ ਚੁਕਾ ਦਿੱਤੀਆਂ। ਭੈਣ ਅੱਗੇ ਮਟਕ-ਮਟਕ ਤੁਰ ਰਹੀ ਸੀ, ਮੈਂ ਉਸ ਦੇ ਪੈਰਾਂ ‘ਤੇ ਪੈਰ ਰੱਖਦੀ ਪਿੱਛੇ-ਪਿੱਛੇ। ਭੈਣ ਨੇ ਪਿੱਛੇ ਭਉਂ ਕੇ ਦੇਖਿਆ, ਤਾਂ ਗਾਲ ਕੱਢ ਕੇ ਆਖਣ ਲੱਗੀ, “ਮੇਰੀ ਰੀਸ ਕਰਦੀ ਏਂ?” ਫਿਰ ਕੀ ਸੀ, ਮੇਰੇ ਕੋਲੋਂ ਡਰ ਕੇ ਰੋਟੀਆਂ ਡਿੱਗ ਪਈਆਂ।

ਇੰਨੇ ਵਰ੍ਹਿਆਂ ਬਾਅਦ ਅੱਜ ਵੀ ਮੇਰੇ ਕੰਨਾਂ ਵਿਚ ਬੇਲੇ ਦੀਆਂ ਟੱਲੀਆਂ ਦੀ ਆਵਾਜ਼ ਸ਼ੂਕਦੀ ਹੈ, ਕੰਨਾਂ ਵਿਚ ਰਸ ਘੋਲਦੀ ਹੈ। ਅੱਜ ਵੀ ਗੰਨਿਆਂ ਦੇ ਕੜੱਕ-ਕੜੱਕ ਟੁੱਟਣ ਦੀ ਆਵਾਜ਼ ਆਉਂਦੀ ਹੈ। ਮੈਂ ਕਦੀ ਨਹੀਂ ਵਿਸਾਰ ਸਕਦੀ ਉਹ ਘੜੀਆਂ ਉਹ ਪਲ, ਜਿਨ੍ਹਾਂ ਮੈਨੂੰ ਜ਼ਿੰਦਗੀ ਦੇ ਅਰਥ ਸਮਝਾਏ। ਉਹ ਨਿੱਕੇ-ਨਿੱਕੇ ਕੰਮ, ਉਹ ਚਾਅ ਹੀ ਤਾਂ ਧਰਾਤਲ ਹਨ ਮੇਰੀ ਅੱਜ ਦੀ ਜ਼ਿੰਦਗੀ ਵਾਸਤੇ! ਮੈਂ ਛੋਲੀਆ ਤੋੜਦੀ, ਗੰਨੇ ਭੰਨਦੀ, ਚਿੱਬੜ ਚੁਗਦੀ ਨੇ ਕੁਝ ਪ੍ਰਾਪਤ ਕਰਨਾ ਸਿੱਖਿਆ ਸੀ। ਮੈਂ ਕਪਾਹ ਚੁਗਦੀ, ਪੂਣੀਆਂ ਕੱਤਦੀ, ਦਰੀਆਂ-ਸਿਰਹਾਣੇ ਤੇ ਸਵੈਟਰ ਬੁਣਦੀ ਨੇ ਜ਼ਿੰਦਗੀ ਦੇ ਸੁਪਨੇ ਬੁਣਨੇ ਸਿੱਖੇ। ਥਾਂ ਹੂੰਝਦੀ, ਭਾਂਡੇ ਮਾਂਜਦੀ, ਤੀਲ੍ਹਾਂ ਤੋੜਦੀ, ਗੋਹਾ ਪੱਥਦੀ ਤੇ ਗਹੀਰੇ ਚਿਣਦੀ ਮੈਂ ਸੁਪਨਿਆਂ ਦੀਆਂ ਵਿਉਂਤਾਂ ਉਸਾਰਨ ਲੱਗ ਪਈ ਸਾਂ। ਮੈਂ ਕੋਠੇ ਲਿੱਪਦੀ, ਕਿਆਰੀਆਂ ਬਣਾ-ਬਣਾ ਫੁੱਲਾਂ ਵਾਲੇ ਬੂਟੇ ਬੀਜਦੀ, ਕਵਿਤਾ ਦੇ ਬੀਜ ਉਗਾਉਣੇ ਸਿੱਖ ਲਏ। ਗੁੱਡੀ ਸਾੜਦਿਆਂ, ਮੀਂਹ ਵਰ੍ਹਾਉਂਦਿਆਂ, ਕੰਧਾਂ-ਕੋਠੇ ਟੱਪਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਉਹ ਮੇਰਾ ਕੱਚਾ ਘਰ ਪੱਕਾ ਘਰ ਬਣ ਗਿਆ। ਫਿਰ ਇਕ ਦਿਨ ਉਹ ਘਰ ਪੇਕਾ ਘਰ ਬਣ ਗਿਆ। ਕੁਝ ਸਮੇਂ ਬਾਅਦ ਉਹ ਘਰ ਨਹੀਂ ਰਿਹਾ, ਕੋਠੀ ਬਣ ਗਈ; ਤੇ ਅੱਜ ਉਹ ਮੇਰਾ ਪੇਕਾ ਘਰ ਨਹੀਂ ਰਿਹਾ, ਪੇਕਿਆਂ ਦਾ ਘਰ ਬਣ ਗਿਆ ਹੈ। ਸਭ ਪੇਕਿਆਂ ਵਾਲੇ ਉਸ ਘਰੋਂ ਦੂਰ ਆ ਬੈਠੇ ਹਨ। ਸਾਰਾ ਪਿੰਡ ਵੀ ਬਦਲ ਗਿਆ, ਕੁਝ ਵੀ ਪੁਰਾਣਾ ਨਹੀਂ ਦਿਸਦਾ, ਪਰ ਮੇਰੇ ਸੁਪਨੇ ਪੁਰਾਣੇ ਹਨ, ਯਾਦਾਂ ਪੁਰਾਣੀਆਂ ਹਨ ਤੇ ਮੈਂ ਇਨ੍ਹਾਂ ਨੂੰ ਸੰਭਾਲ ਕੇ ਰੱਖਦੀ ਹਾਂ; ਸਭ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੀ ਹਾਂ; ਮਤਾਂ ਕੋਈ ਪੁਰਾਣੀਆਂ ਸਮਝ ਕੇ ਢਾਅ ਨਾ ਦਏ, ਮੇਰੇ ਪੁਰਾਣੇ ਕੱਚੇ ਘਰ ਵਾਂਗ।
ਅੱਜ ਵੀ ਉਸੇ ਕੱਚੇ ਘਰ ਦੇ ਸੁਪਨੇ ਆਉਂਦੇ ਹਨ। ਕੱਚੇ ਚੌਂਕੇ ਵਿਚ ਚੁੱਲ੍ਹਾ, ਚੁੱਲ੍ਹੇ ਵਿਚ ਅੰਗਿਆਰ, ਤੇ ਅੰਗਿਆਰਾਂ ਦੇ ਨਿੱਘ ਵਾਂਗ ਨਿੱਘੀਆਂ ਗੱਲਾਂ! ਗੱਲਾਂ ਬਾਤਾਂ ਵਰਗੀਆਂ, ਬਾਤਾਂ ਗੱਲਾਂ ਵਰਗੀਆਂ ਜੋ ਰਾਤਾਂ ਨੂੰ ਹੋਰ ਹੀ ਰੰਗ ਵਿਚ ਰੰਗ ਦਿੰਦੀਆਂ। ਪਰੀ ਕਹਾਣੀਆਂ ਜੋ ਕਦੀ ਨਹੀਂ ਭੁੱਲਦੀਆਂ। ਭਾਅ ਦੀ ਦਿਲਬਰ ਚੋਰ ਦੀ ਬਾਤ ਹਮੇਸ਼ਾ ਅੱਧੀ ਰਹਿ ਜਾਂਦੀ; ਉਹ ਹਮੇਸ਼ਾ ਅੱਧੀ ਬਾਤ ਤੱਕ ਪੁੱਜ ਕੇ ਸੌਂ ਜਾਂਦਾ ਸੀ। ਜਦ ਉਹ ਆਖਦਾ ਕਿ ਦਿਲਬਰ ਚੋਰ ਮੱਖੀ ਦਾ ਰੂਪ ਧਾਰ ਕੇ ਕੰਧ ਨਾਲ ਲੱਗ ਗਿਆ, ਤਾਂ ਘੁਰਾੜੇ ਮਾਰਨ ਲੱਗ ਜਾਂਦਾ। ਅਗਲੇ ਦਿਨ ਅਸੀਂ ਜ਼ਿਦ ਕਰਨੀ ਕਿ ਪੂਰੀ ਬਾਤ ਸੁਣਨੀ ਹੈ, ਪਰ ਭਾਅ ਉਥੇ ਪੱਜ ਕੇ ਫਿਰ ਸੌ ਜਾਂਦਾ। ਅਧੂਰੀ ਹੈ ਉਹ ਬਾਤ ਅੱਜ ਵੀ, ਪਰ ਭਾਅ ਨਹੀਂ ਰਿਹਾ! ਬੱਸ ਯਾਦਾਂ ਦਾ ਛਿੱਕੂ ਭਰੀ ਮੈਂ ਜ਼ਿੰਦਗੀ ਦੇ ਅਟੇਰਨ ‘ਤੇ ਅੱਟੀਆਂ ਅਟੇਰਦੀ ਰਹਿੰਦੀ ਹਾਂ। ਇਹ ਤੰਦਾਂ ਕੁਝ ਉਲਝੀਆਂ, ਕੁਝ ਸੁਲਝੀਆਂ ਵੀ ਹਨ। ਕੁਝ ਖੀਵੀਆਂ ਕੁਝ ਗਮਗੀਨ। ਇਹ ਸਭ ਮੇਰੇ ਲਈ ਅਨਮੋਲ ਹਨ, ਇਹ ਹਨ ਤਾਂ ਮੈਂ ਹਾਂ। ਇਸੇ ਲਈ ਮੈਂ ਇਨ੍ਹਾਂ ਨੂੰ ਇਕੱਠੀਆਂ ਕਰ ਕੇ ਉਮਰਾਂ ਦੀ ਤਾਣੀ ਕਾਗਜ਼ ਦੀ ਖੱਡੀ ‘ਤੇ ਬੁਣਦੀ ਰਹਿੰਦੀ ਹਾਂ। ਇਹ ਯਾਦਾਂ, ਇਹ ਸੁਪਨੇ ਮੇਰੀ ਜ਼ਿੰਦਗੀ ਦੀ ਹਕੀਕਤ ਨੇ। ਇਹ ਮੇਰੇ ਸਾਹਾਂ ਵਿਚ ਸਾਹ ਲੈਂਦੇ ਮੇਰੇ ਪਿੰਡ ਤੇ ਮੇਰੇ ਕੱਚੇ ਘਰ ਵਰਗੇ ਨੇ।