ਦਵਾਈਆਂ ਬਣਾਉਣ ਤੇ ਵਰਤਣ ਵਾਲਿਆਂ ਦੀ ਅਣਗਹਿਲੀ

ਗੁਲਜ਼ਾਰ ਸਿੰਘ ਸੰਧੂ
ਬਟਾਲਾ ਨੇੜੇ ਅੱਖਾਂ ਦਾ ਕੈਂਪ ਲਾ ਕੇ ਕੀਤੇ ਅਪਰੇਸ਼ਨ ਤੋਂ ਪਿਛੋਂ ਅੱਖਾਂ ਦੀ ਰੋਸ਼ਨੀ ਚਲੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਦਰਜਨ ਹੋ ਗਈ ਹੈ। ਮੁਢਲੀ ਜਾਂਚ ਅਨੁਸਾਰ ਇਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿਚ ਸੀਟਰੋ ਬੈਕਟਰ ਜਰਾਸੀਮਾਂ ਦੀ ਹੋਂਦ ਮਿਲੀ ਹੈ ਜਿਹੜੀ ਇਸ ਵਿਗਾੜ ਦਾ ਕਾਰਨ ਬਣੀ ਹੈ। ਨਿਸਚੇ ਹੀ ਇਹ ਜਰਾਸੀਮ ਅਪਰੇਸ਼ਨ ਸਮੇਂ ਵਰਤੀਆਂ ਗਈਆਂ ਦਵਾਈਆਂ, ਔਜ਼ਾਰਾਂ ਜਾਂ ਪਾਣੀ ਵਿਚ ਮੌਜੂਦ ਸਨ।

ਦੁਨੀਆਂ ਵਿਚ ਦੇਸੀ ਹਕੀਮਾਂ, ਆਯੂਰਵੈਦਾਂ ਤੇ ਹੋਮਿਓਪੈਥਿਕ ਡਾਕਟਰਾਂ ਦੀ ਥਾਂ ਅੰਗਰੇਜ਼ੀ ਚਿਕਿਤਸਾ ਪ੍ਰਣਾਲੀ ਦਾ ਬੋਲ ਬਾਲਾ ਹੋ ਰਿਹਾ ਹੈ ਤਾਂ ਪੈਸੇ ਕਮਾਉਣ ਦੀ ਦੌੜ ਵਿਚ ਲੱਗੇ ਦਵਾਈਆਂ ਬਣਾਉਣ ਵਾਲੇ ਏਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੰਦੇ। ਉਂਜ ਤਾਂ ਕਿਸੇ ਵੀ ਦਵਾਈ ਦੀ ਤਿਆਰੀ ਵਿਚ ਵਰਤੀ ਗਈ ਮਾਮੂਲੀ ਅਣਗਹਿਲੀ ਅੰਤਕਾਰ ਜਾਨ ਲੇਵਾ ਹੋ ਸਕਦੀ ਹੈ ਪਰ ਅੱਖਾਂ ਦੀਆਂ ਦਵਾਈਆਂ ਬਣਾਉਣ ਸਮੇਂ ਤਾਂ ਪੂਰੀ ਇਹਤਿਆਤ ਵਰਤਣੀ ਲਾਜ਼ਮੀ ਹੈ।
ਅਸਲ ਵਿਚ ਸਾਡੇ ਦੇਸ਼ ਵਿਚ ਡਰੱਗ ਇੰਸਪੈਕਟਰਾਂ ਦੀ ਬੜੀ ਘਾਟ ਹੈ ਜਿਸ ਕਾਰਨ ਅਜਿਹੇ ਨਤੀਜੇ ਨਿਕਲ ਰਹੇ ਹਨ। ਪਿੱਛੇ ਜਿਹੇ ਇੱਕ ਉਤਰ ਪੂਰਬੀ ਰਾਜ ਵਿਚ ਜਨਾਨਾ ਨਲਬੰਦੀ ਕਰਵਾਉਣ ਆਈਆਂ ਕਈ ਔਰਤਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਜਾਂਚ ਅਨੁਸਾਰ ਦਵਾਈਆਂ ਤਿਆਰ ਕਰਨ ਵਾਲੀ ਫੈਕਟਰੀ ਦੇ ਕਿਸੇ ਕਾਰਿੰਦੇ ਨੇ ਨਲਬੰਦੀ ਲਈ ਵਰਤੀ ਗਈ ਦਵਾਈ ਤਿਆਰ ਕਰਦੇ ਸਮੇਂ ਅਣਗਹਿਲੀ ਨਾਲ ਕੋਈ ਹਾਨੀਕਾਰਕ ਅੰਸ਼ ਘੋਲ ਦਿੱਤੇ ਸਨ। ਸਮਝ ਨਹੀਂ ਆਉਂਦੀ ਮਣਾ ਮੂੰਹੀ ਪੈਸੇ ਕਮਾਉਣ ਵਾਲੇ ਇਹ ਵਪਾਰੀ ਲੋੜੀਂਦੇ ਨਿਰੀਖਣ ਵਲ ਧਿਆਨ ਕਿਉਂ ਨਹੀਂ ਦਿੰਦੇ। ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਮਾਲਦੀਵ ਟਾਪੂਆਂ ਵਿਚ ਪਾਣੀ ਦੀ ਸਮੱਸਿਆ: ਭਾਰਤੀ ਲਕਸ਼ਾਦੀਪ ਦੇ ਥੱਲੇ ਤੇ ਸ੍ਰੀ ਲੰਕਾ ਦੇ ਬਰਾਬਰ ਮਾਲਦੀਵ ਨਾਂ ਦੀ ਇਸਲਾਮਿਕ ਰਿਪਬਲਿਕ ਵਸਦੀ ਹੈ। ਸੈਂਕੜੇ ਦੀਪਾਂ ਵਾਲੇ ਇਸ ਦੇਸ਼ ਦੀ ਰਾਜਧਾਨੀ ਮਾਲੇ ਹੈ। ਮਾਲੇ ਇਕ ਮੀਲ ਲੰਮਾ ਤੇ ਅੱਧਾ ਮੀਲ ਚੌੜਾ ਇੱਕ ਨਿੱਕਾ ਜਿਹਾ ਟਾਪੂ ਹੈ। ਇਹ ਸਮੁੰਦਰ ਦੀ ਸਤਾਹ ਤੋਂ ਕੇਵਲ ਛੇ ਫੁੱਟ ਉਚਾ ਹੈ ਪਰ ਇਸ ਨੂੰ ਸਮੁੰਦਰ ਦੀ ਕੋਈ ਸੁਨਾਮੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੀ। ਮੈਨੂੰ 1976 ਵਿਚ ਇਥੇ ਜਾਣ ਦਾ ਮੌਕਾ ਮਿਲਿਆ ਤਾਂ ਜਾਣਿਆ ਕਿ ਇਥੋਂ ਦੇ ਵਸਨੀਕਾਂ ਦੀ ਪ੍ਰਮੁਖ ਉਪਜ ਮੱਛੀ ਹੈ ਜਾਂ ਥੋੜ੍ਹਾ ਬਹੁਤ ਨਾਰੀਅਲ। ਕਣਕ ਪੂਰਬੀ ਯੂਰਪ ਤੋਂ ਆਉਂਦੀ ਹੈ, ਚੌਲ ਬਰਮਾ ਤੋਂ, ਮੁਰਗੇ ਅਮਰੀਕਾ ਤੋਂ ਅਤੇ ਸਬਜ਼ੀਆਂ ਪੱਛਮੀ ਜਰਮਨੀ ਤੋਂ। ਲੂਣ, ਤੇਲ, ਖੰਡ ਅਤੇ ਦਵਾਈਆਂ ਭਾਰਤ ਤੋਂ ਜਾਂਦੀਆਂ ਹਨ।
ਕਿਸੇ ਕਾਰਨ ਕੋਈ ਵਸਤੂ ਸਮੇਂ ਸਿਰ ਨਾ ਪਹੁੰਚੇ ਤਾਂ ਇਸ ਦੀਆਂ ਕੀਮਤਾਂ ਆਕਾਸ਼ ਉਡਾਰੀ ਮਾਰਨ ਲਗਦੀਆਂ ਹਨ। ਮੇਰੇ ਉਥੇ ਹੁੰਦਿਆਂ ਇਕ ਹਫਤਾ ਗੰਢੇ ਦੀ ਕੀਮਤ ਦੋ ਸੌ ਰੁਪਏ ਕਿਲੋ ਹੋ ਗਈ ਸੀ। ਉਦੋਂ ਜਦੋਂ ਦੋ ਸੌ ਰੁਪਈਆ ਇਕ ਹਜ਼ਾਰ ਵਰਗਾ ਸੀ। ਇਨ੍ਹਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਮੀਂਹ ‘ਤੇ ਨਿਰਭਰ ਕਰਨਾ ਪੈਂਦਾ ਹੈ। ਜਨਮਾ ਜਨਮਾਂਤਰਾਂ ਤੋਂ ਇਹ ਲੋਕ ਪੀਣ ਵਾਲਾ ਪਾਣੀ ਆਪੋ ਆਪਣੀ ਛੱਤ ‘ਤੇ ਜਮਾਂ ਕਰਕੇ ਬਰਤਣਾਂ ਵਿਚ ਭਰਦੇ ਆਏ ਸਨ। ਪਤਾ ਲੱਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਮੁਲਕ ਦੀ ਵਸੋਂ ਵੱਧ ਜਾਣ ਤੇ ਛੱਤਾਂ ਦਾ ਰਕਬਾ ਨਾ ਵਧਾ ਸਕਣ ਕਾਰਨ ਉਥੋਂ ਦੀ ਸਰਕਾਰ ਨੇ ਸਮੁੰਦਰ ਦੇ ਪਾਣੀ ਨੂੰ ਡਿਸਟਿਲ ਕਰਕੇ ਪੀਣਾ ਸ਼ੁਰੂ ਕਰ ਦਿੱਤਾ ਸੀ।
ਹੋਇਆ ਇਹ ਕਿ ਦਸੰਬਰ ਦੇ ਸ਼ੁਰੂ ਵਿਚ ਡਿਸਟਿਲ ਕਰਨ ਵਾਲੀ ਵਿਧੀ ਵਿਚ ਕੁਝ ਨੁਕਸ ਪੈ ਗਿਆ ਤਾਂ ਸਰਕਾਰ ਨੇ ਪੀਣ ਵਾਲੇ ਪਾਣੀ ਲਈ ਹਰ ਪਾਸੇ ਤਾਰਾਂ ਖੜਕਾ ਦਿੱਤੀਆਂ। ਭਾਰਤ ਦੀ ਜਲ ਤੇ ਵਾਯੂ ਸੈਨਾ ਦੇ ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਚੁਸਤੀ ਦਿਖਾਂਦਿਆਂ ਜੰਗੀ ਪੱਧਰ ਉਤੇ ਪਾਣੀ ਪਹੁੰਚਾਇਆ। ਭਾਰਤ ਤੋਂ ਜਾਣ ਵਾਲੀਆਂ ਪੰਜ ਉਡਾਣਾਂ ਵਿਚੋਂ ਦੋ ਪਾਲਮ ਤੋਂ ਗਈਆਂ ਤੇ ਤਿੰਨ ਚੰਡੀਗੜ੍ਹ ਤੋਂ। ਭਾਰਤੀ ਨੇਵੀ ਨੇ ਫੁਰਤੀ ਵਿਖਾਉਂਦਿਆਂ ਪੀਣ ਵਾਲੇ ਪਾਣੀ ਦੇ ਟੈਂਕਰਾਂ ਤੋਂ ਬਿਨਾਂ ਦੋ ਪਾਣੀ ਡਿਸਟਿਲ ਕਰਨ ਵਾਲੀਆਂ ਮਸ਼ੀਨਾਂ ਵੀ ਭੇਜੀਆਂ ਹਨ।
ਮੇਰੀ ਉਥੋਂ ਦੇ ਵਸਨੀਕਾਂ ਵਾਂਗ ਉਥੋਂ ਦੇ ਹਲੂਲੇ ਨਾਂ ਦੇ ਟਾਪੂ ਨਾਲ ਵੀ ਹਮਦਰਦੀ ਹੈ ਜਿਹੜਾ ਇੱਕ ਸਮੇਂ ਕੇਵਲ ਇਕ ਹੀ ਹਵਾਈ ਜਹਾਜ਼ ਨੂੰ ਸਾਂਭ ਸਕਦਾ ਹੈ। ਇੱਕ ਵਿਚਾਰਾ ਜਿਹਾ ਹਵਾਈ ਅੱਡਾ। ਜਾਵੇ ਤਾਂ ਕਿੱਥੇ ਜਾਵੇ। ਜਿਥੋਂ ਤੱਕ ਉਥੇ ਜਾਣ ਵਾਲੇ ਕਪੜੇ ਦਾ ਸਬੰਧ ਹੈ ਅਤਿਅੰਤ ਸਸਤਾ ਸੀ। ਉਥੋਂ ਦੇ ਦਰਜ਼ੀ ਵੀ ਸਿਲਾਈ ਬਹੁਤ ਸਸਤੀ ਲਾਉਂਦੇ ਸਨ। ਮੇਰੇ ਕੋਲ 1976 ਵਿਚ ਉਥੋਂ ਖਰੀਦੇ ਵਸਤਰਾਂ ਵਿਚ ਇੱਕ ਤੀਹ ਰੁਪਏ ਵਾਲੀ ਪੈਂਟ ਤੇ ਕੌਡੀਆਂ ਦੇ ਭਾਹ ਖਰੀਦੇ ਪਰਦੇ ਦਾ ਕਪੜਾ ਹਾਲੀ ਵੀ ਹੈ। ਮੈਨੂੰ ਉਥੋਂ ਦੀ ਵਸੋਂ ਦੇ ਹਸੂੰ ਹਸੂੰ ਕਰਦੇ ਚਿਹਰੇ ਕਦੀ ਨਹੀਂ ਭੁਲਣੇ। ਮੈਂ ਉਨ੍ਹਾਂ ਲਈ ਆਬ-ਏ-ਹਯਾਤ ਮਿਲਦੇ ਰਹਿਣ ਦੀ ਦੁਆ ਕਰਦਾ ਹਾਂ।
ਅਰਬਨ ਮੇਲਾਂਗੇ ਭਾਵ ਸ਼ਹਿਰੀ ਨਿੱਕ ਸੁੱਕ: ਹੁਣੇ ਹੁਣੇ ਅੰਗਰੇਜ਼ੀ ਮਾਸਕ ਅਰਬਨ ਮੇਲਾਂਗੇ ਭਾਵ ਸ਼ਹਿਰੀ ਮਿਸ਼ਰਣ ਮਿਲਿਆ। ਹਥਲਾ ਅੰਕ ਭਾਈ ਵੀਰ ਸਿੰਘ (ਜਨਮ 5 ਦਸੰਬਰ 1872) ਨੂੰ ਸਮਰਪਿਤ ਹੈ ਤੇ ਇਸ ਨਾਤੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਤਸਵੀਰਾਂ ਤੇ ਮੁਲਾਕਾਤਾਂ ਰਾਹੀਂ ਰੂਪ ਰੇਖਾ ਨੂੰ ਸੇਧ ਦੇਣ ਵਾਲਾ ਰਾਣਾ ਨਈਅਰ ਹੈ। ਜੀਊਂਦੇ ਜਾਗਦੇ ਲੇਖਕਾਂ ਵਿਚ ਗੁਰਦਿਆਲ ਸਿੰਘ ਤੇ ਕਰਨਲ ਭੁੱਲਰ ਤੋਂ ਬਿਨਾਂ ਭੰਡਾਰੀ, ਸੜਕਨਾਮਾ, ਪਾਤਰ, ਮਨਜੀਤ ਇੰਦਰਾ, ਸੁਖਵਿੰਦਰ ਅੰਮ੍ਰਿਤ ਤੇ ਗੋਰਖੀ, ਜਿੰਦਰ ਤੇ ਪ੍ਰੇਮ ਪ੍ਰਕਾਸ਼ ਦੇਖੇ ਜਾ ਸਕਦੇ ਹਨ। ਇਨ੍ਹਾਂ ਦਾ ਪ੍ਰਕਾਸ਼ਕ ਹਰੀਸ਼ ਜੈਨ ਵੀ। ਰਸਾਲੇ ਦਾ ਮੁਖ ਦਫਤਰ ਦਿੱਲੀ ਹੈ ਪਰ ਚੰਡੀਗੜ੍ਹ ਦਫਤਰ ਨਾਲ ਸਬੰਧਤ ਨਵਲੀਨ ਲੇਖੀ ਦਾ ਜੱਦੀ ਪਿੰਡ ਛੋਟਾ ਖੰਨਾ ਹੈ। ਖੰਨਾ ਮੰਡੀ ਦਾ ਬੱਚਾ।
ਮੇਲਾਂਗੇ ਨਾਂ ਦੇ ਇਸ ਪਰਚੇ ਦੀ ਮਲੰਗੀ ਦਾ ਵੱਡਾ ਭੇਤ ਇਸ ਦੇ ਵਿਗਿਆਪਨ ਹਨ। ਵੰਨ ਸੁਵੰਨੇ ਗਹਿਣੇ ਤੇ ਚਮਕ ਦਮਕ ਵਾਲੇ ਚਿਹਰੇ। ਪਰਚੇ ਦਾ ਕਰਤਾ ਧਰਤਾ ਸਾਧੂ ਸਿੰਘ ਹੈ ਤੇ ਚੰਡੀਗੜ੍ਹ, ਕਾਂਡ ਦੀ ਰੂਹ-ਏ-ਰਵਾਂ ਨਵਲੀਨ ਲੇਖੀ।
ਅੰਤਿਕਾ: (ਮਿਰਜ਼ਾ ਗ਼ਾਲਿਬ)
ਉਧਰ ਵੁਹ ਬਦਗੁਮਾਨੀ ਹੈ ਇਧਰ ਯੇਹ ਨਾਤਵਾਨੀ ਹੈ,
ਨਾ ਪੂਛਾ ਜਾਏ ਹੈ ਉਸ ਸੇ ਨਾ ਬੋਲਾ ਜਾਏ ਹੈ ਮੁੱਝ ਸੇ।
ਕਭੀ ਨੇਕੀ ਭੀ ਉਸ ਕੇ ਜੀ ਮੇ ਗਰ ਆ ਜਾਏ ਹੈ ਮੁੱਝ ਸੇ,
ਜਫਾਏਂ ਕਰਕੇ ਅਪਨੀ ਯਾਦ ਸ਼ਰਮਾ ਜਾਏ ਹੈ ਮੁੱਝ ਸੇ।