ਕਾਲੇ ਵਕਤ ਦੀਆਂ ਬਾਤਾਂ

ਬਾਬਾ ਹਰਭਜਨ ਸਿੰਘ ਬਰਾੜ ਬਾਰੇ ਗੁਰਦਿਆਲ ਬੱਲ ਦਾ ਲੇਖ (ਇੰਟਰਵਿਊ) ‘ਬਾਬਾ ਬਰਾੜ: ਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰ ਤੱਕ’ ਪੰਜਾਬ ਦੇ ਕਾਲੇ ਦੌਰ ਦੀਆਂ ਕਈ ਪਰਤਾਂ ਖੋਲ੍ਹਦਾ ਹੈ ਜੋ ਦਿਲਚਸਪ ਵੀ ਹਨ ਤੇ ਹੈਰਾਨੀਜਨਕ ਵੀ। ਅਸੀਂ ਵੀ ਕਿੰਨੇ ਵਰ੍ਹੇ ਬੰਤ ਮਾਣੂੰਕੇ ਅਤੇ ਕਾਮਰੇਡ ਹਾਕਮ ਸਿੰਘ ਸਮਾਓਂ ਨੂੰ ਮਿਲਦੇ ਰਹੇ, ਪਰ ਬਾਬਾ ਬਰਾੜ ਉਨ੍ਹੀਂ ਦਿਨੀਂ ਕਦੀ ਨਹੀਂ ਮਿਲਿਆ। ਦਰਅਸਲ ਇਹ ਸਮਾਂ ਕਾਲੇ ਦੌਰ ਤੋਂ ਪਹਿਲਾਂ (1972-1979) ਦਾ ਸੀ, ਸ਼ਾਇਦ ਇਸੇ ਕਰ ਕੇ ਮੇਲੇ ਨਹੀਂ ਹੋਏ। ਖੈਰ! ਬੱਲ ਕੋਲ ਉਸ ਵਕਤ ਦੀਆਂ ਢੇਰ ਸਾਰੀਆਂ ਯਾਦਾਂ ਹਨ। ਇਹ ਯਾਦਾਂ ਸਭ ਦੇ ਸਾਹਮਣੇ ਆਉਣ ਤਾਂ ਕਈ ਮਸਲਿਆਂ ਦੀਆਂ ਘੁੰਡੀਆਂ ਖੁੱਲ੍ਹ ਸਕਦੀਆਂ ਹਨ। ਇਸ ਨਾਲ ਬਹੁਤ ਸਾਰੀਆਂ ਲੁਕੀਆਂ ਜਾਂ ਲੁਕਾਈਆਂ ਹਕੀਕਤਾਂ ਦੇ ਬੂਹੇ ਖੁੱਲ੍ਹਣਗੇ।
ਇਸੇ ਤਰ੍ਹਾਂ ਪ੍ਰਿੰਸੀਪਲ ਸਰਵਣ ਸਿੰਘ ਦਾ ਸ਼ਾਇਰ ਸੰਤ ਰਾਮ ਉਦਾਸੀ ਬਾਰੇ ਤਿੰਨ ਕਿਸ਼ਤਾਂ ਵਾਲਾ ਲੇਖ ਉਨ੍ਹਾਂ ਦੇ ਉਦਾਸੀ ਬਾਰੇ ਪਹਿਲਾਂ ਲਿਖੇ ਤੋਂ ਵੱਖਰਾ ਵੀ ਹੈ ਤੇ ਜਾਣਕਾਰੀ ਭਰਪੂਰ ਵੀ। ਜਿਨ੍ਹਾਂ ਨੂੰ ਉਦਾਸੀ ਨਾਲ ਵਿਚਰਨ ਦਾ ਮੌਕਾ ਮਿਲਿਆ ਹੈ, ਉਹ ਜਾਣਦੇ ਹਨ ਕਿ ਉਹ ਕਿੰਨਾ ਜ਼ਿੰਦਾ-ਦਿਲ ਤੇ ਪਿਆਰਾ ਇਨਸਾਨ ਸੀ। ਇਕ ਵਾਰ ਸਾਡੇ ਲਾਗਲੇ ਪਿੰਡ ਮਹੇੜੂ ਕਵੀ ਦਰਬਾਰ ਸੀ। ਅਸੀਂ ਉਦੋਂ ਐਮਰਜੈਂਸੀ ਹਟਣ ਤੋਂ ਬਾਅਦ ਰਿਹਾਅ ਹੋ ਕੇ ਆਏ ਸੀ। ਮੈਂ ਸਟੇਜ ਤੋਂ ਉਦਾਸੀ ‘ਤੇ ਹੋਏ ਤਸ਼ੱਦਦ ਬਾਰੇ ਦੱਸਿਆ। ਉਦਾਸੀ ਤਾਂ ਉਥੇ ਹਾਜ਼ਰ ਨਹੀਂ ਸੀ, ਪਰ ਹਾਜ਼ਰ ਕਵੀਆਂ ਵਿਚੋਂ ਇਕ ਸ਼ਖਸ ਉਠ ਕੇ ਮੇਰੇ ਕੋਲ ਆਇਆ ਤੇ ਕਹਿੰਦਾ-“ਮੈਂ ਉਦਾਸੀ ਦਾ ਭਰਾ ਗੁਰਦੇਵ ਕੋਇਲ ਹਾਂ। ਤੁਸੀਂ ਸਾਡੇ ਪਿੰਡ ਤੋਂ ਸੈਂਕੜੇ ਮੀਲ ਦੂਰ ਉਦਾਸੀ ਨੂੰ ਯਾਦ ਕੀਤਾ, ਚੰਗਾ ਲੱਗਾ।” ਬਾਅਦ ਵਿਚ ਪਤਾ ਲੱਗਾ ਕਿ ਇਹ ਗੁਰਦੇਵ ਕੋਇਲ ਉਹੀ ਸੀ ਜਿਸ ਦਾ ਗਾਇਆ ਲੋਕ ਗੀਤ ‘ਹੀਰਿਆਂ ਹਰਨਾਂ ਬਾਗੀਂ ਚਰਨਾਂ’ ਜਲੰਧਰ ਰੇਡੀਓ ਤੋਂ ਆਮ ਹੀ ਸੁਣਨ ਨੂੰ ਮਿਲਦਾ ਸੀ। ਉਹ ਜਲੰਧਰ ਬਿਜਲੀ ਮਹਿਕਮੇ ਵਿਚ ਨੌਕਰੀ ਕਰਦਾ ਸੀ।
ਇਹ ਗੱਲ ਸਹੀ ਹੈ ਕਿ ਉਸ ਸਮੇਂ ਨਕਸਲੀਆਂ ਦੇ ਇਕ ਗਰੁੱਪ ਨੇ ਉਸ ਨੂੰ ਸੋਧਵਾਦੀ ਸਿੱਧ ਕਰਨ ਵਿਚ ਕੋਈ ਕਸਰ ਨਾ ਰੱਖੀ ਅਤੇ ਅੱਜ ਉਹੀ ਇਨਕਲਾਬੀ ਬਠਿੰਡੇ-ਚੰਡੀਗੜ੍ਹ ਤੇ ਵਿਦੇਸ਼ਾਂ ਵਿਚ ਐਸ਼ ਕਰ ਰਹੇ ਹਨ। ਉਦਾਸੀ ਦੇ ਬੋਲ ਹਮੇਸ਼ਾ ਹਵਾਵਾਂ ਵਿਚ ਗੂੰਜਦੇ ਰਹਿਣਗੇ।
-ਰਵਿੰਦਰ ਸਹਿਰਾਅ
ਫੋਨ: 717-575-7529

ਪੰਜਾਬ ਤੇ ਪੰਜਾਬੀਅਤ ਦਾ ਵਾਸਤਾ
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਕ ਗੱਲ ਚੇਤੇ ਕਰਵਾਉਣੀ ਚਾਹੁੰਦਾ ਹਾਂ। ਉਨ੍ਹਾਂ ਇਕ ਵਾਰ ਕਿਹਾ ਸੀ ਕਿ ਧੀਆਂ ਨੰਨ੍ਹੀ ਛਾਂ ਹਨ, ਪਰ ਅੱਜ ਇਨ੍ਹਾਂ ਨੰਨ੍ਹੀਆਂ ਛਾਂਵਾਂ ਨੂੰ ਪੰਜਾਬੀ ਫਿਲਮਾਂ ਤੇ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਵਿਚ ਅਧਨੰਗੀਆਂ ਕਰ ਕੇ ਨਚਾਇਆ ਜਾ ਰਿਹਾ ਹੈ। ਕੀ ਇਹ ਸਾਡਾ ਪੰਜਾਬੀ ਵਿਰਸਾ ਹੈ? ਕੀ ਬੀਬੀ ਬਾਦਲ ਇਸ ਤੋਂ ਉਕਾ ਹੀ ਬੇਖਬਰ ਹਨ? ਜੇ ਹੋਰ ਕੁਝ ਨਹੀਂ ਕਰਨਾ, ਤਾਂ ਘੱਟੋ-ਘੱਟ ਅਜਿਹਾ ਕਾਨੂੰਨ ਹੀ ਬਣਾ ਦਿੱਤਾ ਜਾਵੇ ਜਿਸ ਨਾਲ ਇਸ ਲੱਚਰਤਾ ਨੂੰ ਕੁਝ ਤਾਂ ਕੁੰਡਾ ਪਵੇ। ਇਕ ਵਾਰ ਅਜਿਹਾ ਕੁੰਡਾ ਪੈ ਗਿਆ ਤਾਂ ਗੱਲ ਹੋਰ ਅਗਾਂਹ ਵਧ ਸਕਦੀ ਹੈ। ਇਸ ਸਿਲਸਿਲੇ ਵਿਚ ਪਰਵਾਸੀ ਬਹੁਤ ਜ਼ਿਆਦਾ ਫਿਕਰਮੰਦ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੀ ਕੁਝ ਦਿਖਾਇਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਨ, ਪਰ ਇਨ੍ਹਾਂ ਲਈ ਇਹ ਕਿਹੋ ਜਿਹੀ ਪੰਜਾਬੀਅਤ ਪਰੋਸੀ ਜਾ ਰਹੀ ਹੈ? ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਗੁਰੂਘਰਾਂ ਵਿਚ ਸੰਡੇ ਸਕੂਲ ਖੋਲ੍ਹੇ ਹਨ ਜਿਥੇ ਬੱਚੇ ਪੰਜਾਬੀ ਪੜ੍ਹ ਕੇ ਆਪਣੀ ਮਾਂ ਬੋਲੀ ਨਾਲ ਜੁੜ ਰਹੇ ਹਨ, ਪਰ ਅੱਜ ਦੀਆਂ ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਇਕ ਬੱਚਿਆਂ ਨੂੰ ਮਾਂ ਬੋਲੀ ਨਾਲੋਂ ਤੋੜ ਰਹੇ ਹਨ। ਕੈਨੇਡਾ ਅਮਰੀਕਾ ਵਿਚ ਚੱਲ ਰਹੇ ਪੰਜਾਬੀ ਟੀæਵੀæ ਚੈਨਲ ਸਭ ਤੋਂ ਜ਼ਿਆਦਾ ਕਸੂਰਵਾਰ ਹਨ ਜੋ ਇੰਨੀਆਂ ਬੇਨਤੀਆਂ ਤੋਂ ਬਾਅਦ ਵੀ ਇਹ ਗੈਰ-ਮਿਆਰੀ ਪ੍ਰੋਗਰਾਮ ਦਿਖਾ ਰਹੇ ਹਨ। ਟੀæਵੀæ ਚੈਨਲਾਂ ਵਾਲਿਆਂ ਵੀਰਾਂ ਜਿਨ੍ਹਾਂ ਵਿਚੋਂ ਬਹੁਤਿਆਂ ਨੇ ਅੱਜ ਕੱਲ੍ਹ ਪੈਸਾ ਕਮਾਉਣ ‘ਤੇ ਲੱਕ ਬੰਨ੍ਹਿਆ ਹੋਇਆ ਹੈ, ਨੂੰ ਯਾਦ ਕਰਵਾਉਣਾ ਪਵੇਗਾ ਕਿ ਉਨ੍ਹਾਂ ਦੀ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਵੀ ਬਣਦੀ ਹੈ।
-ਇਕ ਨਹੀਂ, ਲੱਖਾਂ ਦੁਖੀ ਪੰਜਾਬੀ।