ਅਭੈ ਸਿੰਘ
ਫੋਨ: 91-98783-75903
‘ਪੰਜਾਬ ਟਾਈਮਜ਼’ ਵਿਚ ਸ੍ਰੀ ਬੂਟਾ ਸਿੰਘ ਦੇ ਭਗਤ ਸਿੰਘ ਦੇ ਸ਼ਹੀਦੀ ਰੁਤਬੇ ਬਾਰੇ ਵਿਚਾਰ ਪੜ੍ਹ ਰਿਹਾ ਸਾਂ ਤਾਂ ਮੇਰੇ ਜ਼ਿਹਨ ਵਿਚ ਕਈ ਤਰ੍ਹਾਂ ਦੇ ਸਵਾਲ ਆਏ। ਜਦੋਂ ਸ਼ੁਰੂ ਸ਼ੁਰੂ ਵਿਚ ਅਖ਼ਬਾਰਾਂ ਰਸਾਲਿਆਂ ਵਿਚ ਕੁਝ ਲੋਕਾਂ ਦੇ ਵਿਚਾਰ ਆਉਣ ਲੱਗੇ ਕਿ, ਭਗਤ ਸਿੰਘ ਸ਼ਹੀਦ-ਏ-ਆਜ਼ਮ ਤਾਂ ਕੀ ਸ਼ਹੀਦ ਅਖਵਾਉਣ ਦੇ ਕਾਬਲ ਵੀ ਨਹੀਂ ਤਾਂ ਉਸ ਦੇ ਜਵਾਬ ਵਿਚ ‘ਅਗਾਂਹਵਧੂ’ ਵਿਚਾਰਧਾਰਾ ਨਾਲ ਜੋੜੇ ਕੁਝ ਲੋਕਾਂ ਵੱਲੋਂ ਬਹੁਤ ਨਿੰਦਾ ਭਰੇ ਸ਼ਬਦ ਬੋਲੇ ਗਏ ਤੇ ਜਵਾਬ ਦਿੱਤਾ ਗਿਆ ਕਿ ਆਸਮਾਨ ‘ਤੇ ਥੁੱਕਿਆ ਮੂੰਹ ‘ਤੇ ਡਿੱਗਦਾ ਹੈ, ਹਾਲਾਂਕਿ ਹਰਮਨ ਪਿਆਰੀਆਂ ਇਤਿਹਾਸਕ ਹਸਤੀਆਂ ਅਤੇ ਲੋਕ ਨਾਇਕਾਂ ਨੂੰ ਤਰਕਾਂ ਅਤੇ ਬਹਿਸਾਂ ਵਿਚ ਖਿੱਚਣਾ, ਉਨ੍ਹਾਂ ਬਾਰੇ ਖੁਲ੍ਹੇ ਵਿਚਾਰ ਵਟਾਂਦਰੇ ਕਰਨੇ ਤੇ ਨੁਕਤਾਚੀਨ ਖਿਆਲਾਂ ਦਾ ਵੀ ਰੱਖੇ ਜਾਣਾ ਅਗਾਂਹਵਧੂ ਅੰਦੋਲਨ ਵਾਸਤੇ ਬਹੁਤ ਲਾਹੇਵੰਦ ਹੋਵੇਗਾ। ਇਹੀ ਪਿਰਤ ਅੱਗੇ ਜਾ ਕੇ ਇਤਿਹਾਸਕ ਤੇ ਮਿਥਿਹਾਸਕ ਧਾਰਮਿਕ ਹਸਤੀਆਂ ਨੂੰ ਵੀ ‘ਕੋਮਲ ਜਜ਼ਬਿਆਂ ਦੀ ਠੇਸਤਾ’ ਦੇ ਕਵਚਾਂ ਵਿਚੋਂ ਬਾਹਰ ਕੱਢਣ ਵਿਚ ਸਹਾਈ ਹੋਵੇਗੀ। ਤਰਕਸ਼ੀਲਤਾ ਤੇ ਬਾਦਲੀਲੀ ਹੀ ਅਗਾਂਹਵਧੂ ਵਿਚਾਰਧਾਰਾ ਦੀ ਬੁਨਿਆਦ ਹੋ ਸਕਦੀ ਹੈ।
ਸ੍ਰੀ ਬੂਟਾ ਸਿੰਘ ਦੇ ਦੱਸੇ ਮੁਤਾਬਿਕ ਸੰਤ ਸਿੰਘ ਸੇਖੋਂ ਦਾ ਇਸ ਤਰ੍ਹਾਂ ਕਹਿਣਾ ਕਿ, ਆਜ਼ਾਦੀ ਦੇ ਅੰਦੋਲਨ ਵਿਚ ਕਈ ਲੋਕ ਮਰੇ ਹਨ, ਇਕੱਲੇ ਭਗਤ ਸਿੰਘ ਨੂੰ ਹੀ ਕਿਉਂ ਲਈ ਫਿਰਦੇ ਹੋ, ਸੱਚ-ਮੁੱਚ ਘਟੀਆ ਜਿਹਾ ਵਿਚਾਰ ਹੈ ਜੋ ਵੈਸੇ ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ; ਲੇਕਿਨ ਇਸ ਤੋਂ ਅੱਗੇ ਸੋਚਣ ਵਾਲੀ ਗੱਲ ਇਹ ਹੈ ਕਿ ਆਜ਼ਾਦੀ ਦੇ ਅੰਦੋਲਨ ਵਿਚ ਸਿਰਫ਼ ਮਰਨਾ ਹੀ ਤਾਂ ਖੂਬੀ ਨਹੀਂ; ਜੋ ਨਹੀਂ ਮਰੇ ਜਾਂ ਨਹੀਂ ਮਰ ਸਕੇ, ਉਨ੍ਹਾਂ ਦੀਆਂ ਭੂਮਿਕਾਵਾਂ ਵੀ ਘੱਟ ਮਹੱਤਵ ਵਾਲੀਆਂ ਨਹੀਂ ਤੇ ਨਾ ਹੀ ਉਹ ਲੋਕ ਸਨਮਾਨ ਦੇ ਹੱਕ ਤੋਂ ਕੋਰੇ ਹੋ ਸਕਦੇ ਹਨ।
ਹਥਿਆਰਬੰਦ ਲੜਾਈਆਂ ਦੇ ਮੈਦਾਨਾਂ ਵਿਚ ਵੀ ਜਿੱਥੇ ਹਰ ਸਿਪਾਹੀ ਵਾਸਤੇ ਜਾਨ ਵਾਰਨ ਦੀ ਖ਼ਾਤਿਰ ਤਿਆਰ ਰਹਿਣ ਦਾ ਫ਼ਰਜ਼ ਹੈ; ਉਥੇ ਪੂਰੀ ਤਕਨੀਕ, ਸਮਝਦਾਰੀ ਤੇ ਚੌਕਸੀ ਨਾਲ ਆਪਣੀ ਜਾਨ ਬਚਾ ਕੇ ਰੱਖਣਾ ਵੀ ਉਸ ਦਾ ਅਹਿਮ ਫ਼ਰਜ਼ ਹੁੰਦਾ ਹੈ। ਹਰ ਫੌਜੀ ਨੂੰ ਸਿਖਲਾਈ ਦੌਰਾਨ ਇਹ ਗੱਲ ਚੰਗੀ ਤਰ੍ਹਾਂ ਸਮਝਾਈ ਜਾਂਦੀ ਹੈ। ਅਸਲ ਵਿਚ ਲੜਾਈ ਦੀ ਜਿੱਤ ਸਿਪਾਹੀਆਂ ਦੇ ਮਰਨ ਨਾਲ ਨਹੀਂ, ਉਨ੍ਹਾਂ ਵੱਲੋਂ ਜ਼ਿੰਦਾ ਰਹਿਣ ਦੀ ਕਾਬਲੀਅਤ ਨਾਲ ਹੁੰਦੀ ਹੈ। ਲੜਾਈ ਦੌਰਾਨ ਆਪਣੀ ਕਿਸੇ ਗ਼ਲਤੀ ਨਾਲ ਜਾਨ ਗੰਵਾ ਲੈਣ ਵਾਲੇ ਫੌਜੀ ਨੂੰ ਸ਼ਹੀਦ ਦਾ ਦਰਜਾ ਤਾਂ ਦੇ ਦਿੱਤਾ ਜਾਂਦਾ ਹੈ ਪਰ ਉਸ ਦੇ ਨਜ਼ਦੀਕ ਦੇ ਸਾਥੀ ਉਸ ਦੀ ਗ਼ਲਤੀ ਦਾ ਜ਼ਿਕਰ ਜ਼ਰੂਰ ਕਰਦੇ ਹਨ ਤੇ ਅੱਗੇ ਤੋਂ ਕਿਸੇ ਹੋਰ ਵੱਲੋਂ ਨਾ ਦੁਹਰਾਏ ਜਾਣ ਦਾ ਸੰਕਲਪ ਵੀ।
ਬੂਟਾ ਸਿੰਘ ਜੀ ਲਿਖਦੇ ਹਨ ਕਿ “ਐਪਰ ਕਾਂਗਰਸ-ਮੁਸਲਿਮ ਲੀਗ ਵਰਗੀਆਂ ਪਿਛਾਂਹਖਿਚੂ ਤਾਕਤਾਂ ਦੀ ਨਾਂਹ ਪੱਖੀ ਭੂਮਿਕਾ ਦੇ ਬਾਵਜੂਦ ਖਰੀਆਂ ਸਾਮਰਾਜ ਵਿਰੋਧੀ ਤਾਕਤਾਂ ਵੱਲੋਂ ਦੇਸ਼ ਭਗਤੀ ਦੇ ਜਜ਼ਬੇ ਤਹਿਤ ਅੰਗਰੇਜ਼ ਸਾਮਰਾਜ ਵਿਰੁੱਧ ਪੂਰੀ ਸ਼ਿੱਦਤ ਨਾਲ ਲੜਾਈ ਲੜੀ ਗਈ।” ਪ੍ਰਤੱਖ ਹਕੀਕਤ ਮੁਤਾਬਕ ਇਹ ਵਿਚਾਰ ਬਿਲਕੁਲ ਗ਼ਲਤ ਹੈ। ਪਹਿਲਾਂ ਤਾਂ ਕਾਂਗਰਸ ਤੇ ਮੁਸਲਿਮ ਲੀਗ ਨੂੰ ਇਸ ਤਰ੍ਹਾਂ ਨਹੀਂ ਜੋੜਿਆ ਜਾ ਸਕਦਾ। ਦੋਹਾਂ ਦਾ ਏਜੰਡਾ ਤੇ ਪਾਰਟੀ ਮਨੋਰਥ ਇਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਦੀ ਭੂਮਿਕਾ ਵਿਚ ਕਈ ਸਾਰੀਆਂ ਗਲਤੀਆਂ ਜਾਂ ਵਿਹਾਰਕ ਨੁਕਸ ਤਾਂ ਕਾਬਲੇ ਜ਼ਿਕਰ ਹੋਣਗੇ, ਪਰ ਉਸ ਦੀ ਭੂਮਿਕਾ ਨੂੰ ਨਾਂਹ ਪੱਖੀ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਉਸ ਨੂੰ ‘ਪਿਛਾਂਹਖਿਚੂ ਤਾਕਤਾਂ’ ਦੀ ਸੂਚੀ ਵਿਚ ਰੱਖਿਆ ਜਾ ਸਕਦਾ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਅਤਿ ਦੇ ਪਿਛੜੇਪਣ ਦੇ ਸ਼ਿਕਾਰ ਭਾਰਤੀ ਸਮਾਜ ਅੰਦਰ ਕਾਂਗਰਸ ਦੀ ਪ੍ਰਤੱਖ ਅਗਾਂਹਵਧੂ ਭੂਮਿਕਾ ਰਹੀ ਹੈ।
ਹੋਰ ‘ਖਰੀਆਂ ਸਾਮਰਾਜ ਵਿਰੋਧੀ ਤਾਕਤਾਂ’ ਜ਼ਰੂਰ ਹੋਣਗੀਆਂ ਪਰ ਉਹ ਸਾਮਰਾਜ ਵਿਰੋਧੀ ਅੰਦੋਲਨ ਵਿਚ ਕੋਈ ਅਸਰਦਾਰ ਜਾਂ ਨਤੀਜਾਖ਼ੇਜ਼ ਭੂਮਿਕਾ ਨਹੀਂ ਅਦਾ ਕਰ ਸਕੀਆਂ। ਸਾਡੇ ਜਜ਼ਬੇ ਤੇ ਖਿਆਲਤ ਕੁਝ ਵੀ ਹੋਣ ਪਰ ਇਕ ਇਤਿਹਾਸਕ ਹਕੀਕਤ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਆਜ਼ਾਦੀ ਅੰਦੋਲਨ ਦੀ ਵਿਸ਼ਵ ਵਿਲੱਖਣਤਾ ਹੈ। ਦੁਨੀਆ ਵਿਚ ਇਤਨੀ ਵੱਡੀ ਗਿਣਤੀ ਦੇ ਲੋਕਾਂ ਦੀ ਸ਼ਮੂਲੀਅਤ ਵਾਲਾ, ਇਤਨੀ ਲੰਬੀ ਦੇਰ ਤੱਕ ਚੱਲਣ ਵਾਲਾ ਤੇ ਇਤਨੇ ਵਿਸ਼ਾਲ ਇਲਾਕੇ ਵਿਚ ਫੈਲਿਆ ਹੋਰ ਕੋਈ ਅੰਦੋਲਨ ਨਹੀਂ ਹੋਇਆ ਹੈ। ਦੂਜੇ ਨੰਬਰ ‘ਤੇ ਸਿਰਫ਼ ਦੱਖਣੀ ਅਫ਼ਰੀਕਾ ਦਾ ਨਸਲੀ ਵਿਤਕਰੇ ਵਿਰੁੱਧ ਅੰਦੋਲਨ ਸੀ, ਭਾਵੇਂ ਤਾਦਾਦ ਦੇ ਪੱਖੋਂ ਉਹ ਇਸ ਤੋਂ ਕਈ ਗੁਣਾ ਛੋਟਾ ਸੀ। ਫਰਾਂਸ ਦੇ ਇਨਕਲਾਬ ਦਾ ਲੋਕ ਅੰਦੋਲਨ ਸਿਰਫ਼ ਦੋ ਹਫ਼ਤੇ ਤੇ ਦੋ ਸ਼ਹਿਰਾਂ ਤੱਕ ਸੀਮਤ ਸੀ।
ਅੰਗਰੇਜ਼ਾਂ ਵੱਲੋਂ ਭਾਰਤ ਛੱਡਣ ਦੇ ਫੈਸਲੇ ਦੇ ਕਈ ਕਾਰਨ ਸਨ। ਸਭ ਤੋਂ ਵੱਡਾ ਤਾਂ ਨਿਰਸੰਦੇਹ, ਦੂਜੀ ਆਲਮੀ ਜੰਗ ਜਿੱਤਣ ਦੇ ਬਾਵਜੂਦ ਬਰਤਾਨਵੀ ਰਾਜਤੰਤਰ ਦੀ ਅਤਿ ਦੀ ਖ਼ਸਤਾ ਹਾਲਤ ਸੀ, ਲੇਕਿਨ ਭਾਰਤ ਅੰਦਰ ਆਸਾਨੀ ਨਾਲ ਰਾਜ ਚਲਾਉਂਦੇ ਰਹਿਣ ਵਿਚ ਵੱਡੀ ਰੁਕਾਵਟ ਕਾਂਗਰਸ ਦਾ ਅੰਦੋਲਨ ਹੀ ਸੀ ਜਾਂ ਹਿੰਦੂ ਤੇ ਮੁਸਲਮਾਨਾਂ ਦੇ ਵਧਦੇ ਤੱਜ਼ਾਦ। ਕਿਸੇ ‘ਖਰੀ ਸਾਮਰਾਜ ਵਿਰੋਧੀ ਤਾਕਤ’ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਸੀ। ਹੋ ਸਕਦਾ ਹੈ ਕਿ ਹਿੰਦੂ ਮੁਸਲਿਮ ਤੱਜ਼ਾਦ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਨਤੀਜਾ ਹੋਵੇ, ਪਰ ਇਹ ਪਾੜਾ ਇਤਨਾ ਭਿਅੰਕਰ ਹੋ ਗਿਆ ਸੀ ਕਿ ਅੰਗਰੇਜ਼ਾਂ ਵਾਸਤੇ ਰਾਜ ਚਲਾਉਣਾ ਲਗਭਗ ਨਾ-ਮੁਮਕਿਨ ਬਣਾ ਰਿਹਾ ਸੀ। ਸੰਨ 1947 ਦੀ ਆਜ਼ਾਦੀ ਅੱਗੇ ਬੂਟਾ ਸਿੰਘ ਨੇ ‘ਰਸਮੀ’ ਦਾ ਵਿਸ਼ੇਸ਼ਣ ਲਗਾਇਆ ਹੈ। ਮੰਨਿਆ ਜਾ ਸਕਦਾ ਹੈ ਕਿ ਉਹ ਆਜ਼ਾਦੀ ਰਸਮੀ ਹੋਵੇਗੀ, ਪਰ ਫਿਰ ਅਸਲੀ ਆਜ਼ਾਦੀ ਅਜੇ ਆਈ ਹੈ ਕਿ ਨਹੀਂ, ਉਨ੍ਹਾਂ ਦੱਸੀ ਨਹੀਂ। ਮੈਂ ਦੱਸਣਾ ਚਾਹਾਂਗਾ। ਵਿਦੇਸ਼ੀ ਝੰਡਾ ਉਤਾਰ ਕੇ ਦੇਸੀ ਝੰਡਾ ਲਗਾਉਣਾ ਤੇ ਵਿਦੇਸ਼ੀ ਲੋਕਾਂ ਦੀ ਬਜਾਏ ਦੇਸੀ ਲੋਕਾਂ ਦਾ ਮੁੱਖ ਸਰਕਾਰੀ ਅਹੁਦਿਆਂ ‘ਤੇ ਤਾਇਨਾਤ ਹੋ ਜਾਣਾ ਸਚਮੁੱਚ ਰਸਮੀ ਆਜ਼ਾਦੀ ਹੀ ਹੋਵੇਗੀ। ਲੋਕਾਂ ਦੀ ਆਜ਼ਾਦੀ ਉਦੋਂ ਹੁੰਦੀ ਹੈ ਜਦੋਂ ਸਾਰੀ ਤਾਕਤ ਉਨ੍ਹਾਂ ਦੇ ਹੱਥ ਦਿੱਤੀ ਜਾਵੇ। ਸਾਡੇ ਮੁਲਕ ਵਿਚ ਇਹ ਕੰਮ ਵਿਧੀਵਤ ਤੌਰ ‘ਤੇ 1950 ਵਿਚ ਹੋਇਆ ਜਦੋਂ ਬਾਲਗ ਵੋਟ ਅਧਿਕਾਰ ਪੂਰਨ ਰੂਪ ਵਿਚ ਪ੍ਰਵਾਨ ਹੋਇਆ। ਇਹ ਸਿਰਫ਼ ਅੰਗਰੇਜ਼ੀ ਰਾਜ ਤੋਂ ਹੀ ਮੁਕਤੀ ਨਹੀਂ ਸਦੀਆਂ ਤੋਂ ਚਲਦੀ ਆ ਰਹੀ ਰਾਜੇ ਮਹਾਰਾਜਿਆਂ ਦੀ ਗੁਲਾਮੀ ਤੋਂ ਆਜ਼ਾਦੀ ਸੀ।
ਆਜ਼ਾਦੀ ਅੰਦੋਲਨ ਦੇ ਬਣੇ ਬਹੁਤੇ ਗੀਤਾਂ ਵਿਚ ਭਗਤ ਸਿੰਘ, ਨਹਿਰੂ, ਗਾਂਧੀ ਤੇ ਸੁਭਾਸ਼ ਦੇ ਇਕੱਠੇ ਨਾਮ ਲਏ ਜਾਂਦੇ ਹਨ; ਹਾਲਾਂਕਿ ਇਨ੍ਹਾਂ ਦੀਆਂ ਭੂਮਿਕਾਵਾਂ ਵੱਖਰੀਆਂ ਵੱਖਰੀਆਂ ਸਨ।
ਭਗਤ ਸਿੰਘ ਦੀ ਭੂਮਿਕਾ ਦੇ ਜ਼ਿਕਰ ਵਿਚ ਬੂਟਾ ਸਿੰਘ ਜੀ ਦਾ ਇਕ ਫਿਕਰਾ ਉਦਾਸ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਜੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਲੰਮਾ ਸਮਾਂ ਮਿਲ ਜਾਂਦਾ ਤਾਂ ਉਨ੍ਹਾਂ ਸਮਾਜਕ ਮਸਲਿਆਂ ਦਾ ਡੂੰਘਾ ਮੁਤਾਲਿਆ ਜ਼ਰੂਰ ਕਰਨਾ ਸੀ ਪਰ ਉਹ 23 ਸਾਲ ਦੀ ਉਮਰ ਵਿਚ ਹੀ ਸ਼ਹੀਦ ਹੋ ਗਏ।” ਉਹ ਅੱਗੇ ਜਾ ਕੇ ਦੱਸਦੇ ਹਨ ਕਿ “ਭਗਤ ਸਿੰਘ ਦੇ ਵਿਚਾਰ ਮੁਢਲੀ ਅਵਸਥਾ ਵਿਚ ਹੀ ਸਨ”। ਠੀਕ ਦੱਸਦੇ ਹਨ, ਫਿਰ ਵੀ 23 ਸਾਲ ਦੀ ਉਮਰ ਤੱਕ ਹੀ ਉਸ ਦੇ ਵਿਚਾਰ ਵੱਡੀ ਸੇਧ ਤੇ ਸੋਚ ਵਾਲੇ ਸਨ। ਹਾਂ, ਸੱਚਮੁੱਚ ਹੀ ਇਨ੍ਹਾਂ ਵਿਚਾਰਾਂ ਨੇ ਅੱਗੇ ਵਿਕਸਿਤ ਹੋਣਾ ਸੀ ਪਰ ਵੱਡੀ ‘ਜੇ’ ਵਾਪਰ ਗਈ।
ਮੇਰੀ ਜਾਚੇ ਕਿਸੇ ਸਬੱਬ ਨਾਲ ਭਗਤ ਸਿੰਘ ਤੇ ਉਸ ਦੇ ਸਾਥੀ ਆਜ਼ਾਦੀ ਦੇ ਅੰਦੋਲਨ ਤੋਂ ਲਾਂਭੇ ਹੋ ਕੇ ਪਿਸਤੌਲਾਂ ਤੇ ਬੰਬਾਂ ਦੇ ਚੱਕਰ ਵਿਚ ਪੈ ਗਏ। ਬਹੁਤ ਵਾਰ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਦਹਿਸ਼ਤਗਰਦ ਨਹੀਂ ਸੀ। ਉਸ ਦੀਆਂ ਆਪਣੀਆਂ ਲਿਖਤਾਂ ਵੀ ਹਨ ਕਿ ‘ਅਸੀਂ ਦਹਿਸ਼ਤਗਰਦ ਨਹੀਂ ਹਾਂ’। ਠੀਕ ਹੈ, ਉਹ ਨਹੀਂ ਹੋਣਗੇ ਪਰ ਕੀ ਅਸੀਂ ਕਦੇ ਵੀ ਇਹ ਵਿਚਾਰਨ ਵਾਸਤੇ ਤਿਆਰ ਨਹੀਂ ਹੋਵਾਂਗੇ ਕਿ ਕੀ ਅਸੰਬਲੀ ਵਿਚ ਬੰਬ ਸੁੱਟਣਾ ਤੇ ਪੁਲਿਸ ਅਫ਼ਸਰਾਂ ਦਾ ਕਤਲ ਕਰਨਾ ਦਹਿਸ਼ਤਗਰਦੀ ਦੀ ਕਾਰਵਾਈ ਸੀ ਜਾਂ ਨਹੀਂ? ਕੀ ਅਸੀਂ ਕਦੇ ਇਹ ਵੀ ਵਿਚਾਰਨ ਵਾਸਤੇ ਤਿਆਰ ਨਹੀਂ ਹੋਵਾਂਗੇ ਕਿ ਕੀ ਅਸੰਬਲੀ ਵਿਚ ਬੰਬ ਸੁੱਟਣ ਤੇ ਲਾਹੌਰ ਵਿਚ ਪੁਲਿਸ ਅਫ਼ਸਰਾਂ ਦੇ ਕਤਲ ਕਰਨ ਦਾ ਆਜ਼ਾਦੀ ਦੇ ਅੰਦੋਲਨ ਨੂੰ ਲਾਭ ਹੋਇਆ ਕਿ ਨੁਕਸਾਨ? ਮੇਰੀ ਜਾਚੇ ਇਸ ਦਾ ਨੁਕਸਾਨ ਹੋਇਆ। ਸਭ ਤੋਂ ਵੱਡਾ ਨੁਕਸਾਨ ਭਗਤ ਸਿੰਘ ਦੇ ਉਚੇ ਵਿਚਾਰਾਂ ਦੇ ਵਿਕਾਸ ਦਾ ਅੰਤ ਸੀ।
ਅੱਜ ਬਹੁਤ ਲੋਕ ਹਨ ਜੋ ਭਗਤ ਸਿੰਘ ਦੀ ਸ਼ਖ਼ਸੀਅਤ ਨੂੰ ਪਿਸਤੌਲਾਂ ਤੇ ਬੰਬਾਂ ਵਿਚੋਂ ਕੱਢ ਕੇ ਸਿਰਫ਼ ਉਸ ਦੇ ਵਿਚਾਰਾਂ ਨੂੰ ਕੇਂਦਰ ਵਿਚ ਰੱਖਦੇ ਹਨ। ਬੂਟਾ ਸਿੰਘ ਵੱਲੋਂ ਉਸ ਦੀ ਕਿਰਤ ਦੀ ਸਰਦਾਰੀ ਤੇ ਸਮਾਜਕ ਇਨਸਾਫ਼ ਦੀ ਗੱਲ ਕੀਤੀ ਹੈ। ਨੇਕ ਕੰਮ ਹੈ ਪਰ ਮੇਰਾ ਸੰਤ ਸਿੰਘ ਸੇਖੋਂ ਵਰਗਾ ਇਕ ਸਵਾਲ ਹੈ ਕਿ ਅਜਿਹੇ ਵਿਚਾਰ ਤਾਂ ਹੋਰ ਵੀ ਬਹੁਤ ਲੋਕਾਂ ਦੇ ਸਨ; ਭਗਤ ਸਿੰਘ ਦੇ ਨਾਲ ਹੀ ਵਿਚਰੇ ਅਜੈ ਘੋਸ਼ ਤੇ ਸੋਹਨ ਸਿੰਘ ਜੋਸ਼ ਦੇ ਵੀ ਸਨ ਜਿਨ੍ਹਾਂ ਨੇ ਅੱਧੀ ਸਦੀ ਤੋਂ ਵੱਧ ਸਮਾਂ ਇਨ੍ਹਾਂ ਵਿਚਾਰਾਂ ਨਾਲ ਲੈਸ ਹੋ ਕੇ ਅਮਲੀ ਸੰਘਰਸ਼ ਕੀਤੇ। ਕੀ ਉਨ੍ਹਾਂ ਨੂੰ ਅਜ਼ੀਮ ਯੋਧਿਆਂ ਦਾ ਖ਼ਿਤਾਬ ਇਸੇ ਕਰ ਕੇ ਨਹੀਂ ਮਿਲਿਆ ਕਿ ਉਹ ਫਾਂਸੀ ‘ਤੇ ਨਹੀਂ ਚੜ੍ਹੇ? ਸਾਰੀ ਉਮਰ ਗਾਲਣ ਵਾਲੀਆਂ ਉਨ੍ਹਾਂ ਸ਼ਖ਼ਸੀਅਤਾਂ ਨਾਲੋਂ ਅੱਜ ਭਗਤ ਸਿੰਘ ਦੇ ਭਾਣਜੇ, ਭਤੀਜੇ ਹੋਣਾ ਜ਼ਿਆਦਾ ਮਾਣ ਵਾਲਾ ਬਣ ਰਿਹਾ ਹੈ।
ਹਕੀਕਤ ਇਹ ਹੈ ਕਿ ਭਗਤ ਸਿੰਘ ਦੀ ਪ੍ਰਸਿੱਧੀ ਉਸ ਦੇ ਸਮਾਜਵਾਦੀ ਵਿਚਾਰਾਂ ਕਰ ਕੇ ਨਹੀਂ, ਉਸ ਵੱਲੋਂ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਦੀ ਚਰਚਾ ਕਰ ਕੇ ਹੈ। ਨਿੱਕੇ ਹੁੰਦਿਆਂ ਤੋਂ ਸੁਣਦੇ ਆਏ ਹਾਂ ਉਸ ਵੱਲੋਂ ਦਮੂਖਾਂ ਬੀਜਣ ਦੀਆਂ ਗੱਲਾਂ ਤੇ ਮੌਤ ਲਾੜੀ ਨੂੰ ਵਿਆਹੁਣ ਚੱਲਣ ਦੀਆਂ ਘੋੜੀਆਂ। ਫਾਂਸੀ ਤੋਂ ਇਕ ਦਿਨ ਪਹਿਲਾਂ ਉਸ ਦੀ ਭੈਣ ਤੇ ਉਸ ਦੀ ਹੋਵਣ ਵਾਲੀ ਨਾਰ ਜੇਲ੍ਹ ਵਿਚ ਕਿਸ ਤਰ੍ਹਾਂ ਵਾਰਤਾਲਾਪ ਕਰਦੀ ਹੈ, ਢਾਡੀਆਂ ਦੀਆਂ ਵਾਰਾਂ ਸੁਣਦੇ ਆਏ ਹਾਂ। ਉਸ ਦੇ ਸਮਾਜਵਾਦੀ ਵਿਚਾਰਾਂ ਦੀ ਚਰਚਾ ਬਹੁਤ ਬਾਅਦ ਵਿਚ ਚੱਲੀ ਹੈ। ਇਸ ਦਾ ਇਕੋ ਕਾਰਣ ਹੈ ਕਿ ਮੌਤ ਬਹੁਤ ਹੀ ਡਰਾਉਣੀ ਚੀਜ਼ ਹੈ; ਇਨਸਾਨ ਹੀ ਨਹੀਂ, ਹਰ ਜੀਵ ਇਸ ਤੋਂ ਡਰਦਾ ਹੈ ਤੇ ਬਚਣ ਦਾ ਹਰ ਹੀਲਾ ਕਰਦਾ ਹੈ। ਇਸ ਲਈ ਮੌਤ ਨੂੰ ਹੱਸ ਕੇ ਗਲ ਲਗਾਉਣਾ ਬਹੁਤ ਵੱਡਾ ਅਪਵਾਦ ਤੇ ਅਜੀਬੋ ਗਰੀਬ ਗੱਲ ਹੈ। ਇਹ ਲੋਕਾਂ ਦਾ ਧਿਆਨ ਖਿੱਚਦੀ ਹੈ।
ਇਹ ਵੀ ਸੁਣਿਆ ਗਿਆ ਕਿ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਮੁਲਕ ਵਿਚ ਲੋਕਾਂ ਵੱਲੋਂ ਆਜ਼ਾਦੀ ਦੇ ਅੰਦੋਲਨ ਵਿਚ ਕੁੱਦਣ ਦਾ ਜੋਸ਼ ਵਧ ਗਿਆ ਸੀ। ਫਾਂਸੀ ਉਪਰ ਲੋਕਾਂ ਨੇ ਦੁੱਖ ਦਾ ਹਉਕਾ ਵੀ ਲਿਆ ਤੇ ਕੁਝ ਜਗ੍ਹਾ ਮੁਜ਼ਾਹਰੇ ਵੀ ਹੋਏ ਪਰ ਇਸ ਤੋਂ ਅੱਗੇ ਕੁਝ ਨਹੀਂ। ਜੇ ਕਹੀਏ ਕਿ ਧਰਨਿਆਂ ਤੇ ਸਤਿਆਗ੍ਰਹਿਆਂ ਵਿਚ ਲੋਕਾਂ ਦੀ ਸ਼ਮੂਲੀਅਤ ਵਧਦੀ ਗਈ ਤਾਂ ਇਹ ਵਧਣਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਜੇ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਨਾ ਹੁੰਦੀ ਤਾਂ ਇਹ ਅਗਾਂਹਵਧੂ ਵਿਚਾਰਾਂ ਨਾਲ ਲੈਸ ਨੌਜਵਾਨ ਇਨ੍ਹਾਂ ਅੰਦੋਲਨਾਂ ਨੂੰ ਜਥੇਬੰਦ ਕਰਨ ਵਿਚ ਬਹੁਤ ਤਕੜੀ ਤੇ ਵਿਹਾਰਕ ਭੂਮਿਕਾ ਅਦਾ ਕਰ ਸਕਦੇ ਸਨ।
ਫਿਰ ਸਤਿਆਗ੍ਰਹਿਆਂ ਵਿਚ ਸ਼ਮੂਲੀਅਤ ਭਗਤ ਸਿੰਘ ਦੀ ਸੇਧ ਨਹੀਂ ਸੀ। ਉਹ ਇਸ ਰਸਤੇ ਦਾ ਹਾਮੀ ਨਹੀਂ ਸੀ। ਭਗਤ ਸਿੰਘ ਤੇ ਸਾਥੀਆਂ ਦੀ ਲਾਈ ਚੰਗਿਆੜੀ ਦਾ ਭਾਂਬੜ ਬਣ ਜਾਣਾ ਤਾਂ ਹੀ ਮੰਨਿਆ ਜਾ ਸਕਦਾ ਹੈ, ਜੇ ਕਾਫ਼ੀ ਵੱਡੀ ਗਿਣਤੀ ਦੇ ਨੌਜਵਾਨ ਪਿਸਤੌਲਾਂ ਤੇ ਬੰਬਾਂ ਦੇ ਰਾਹ ਪੈ ਕੇ ਅੰਗਰੇਜ਼ ਅਫਸਰਾਂ ਦੇ ਕਤਲਾਂ ਵੱਲ ਤੁਰਦੇ, ਲੇਕਿਨ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਨਾ ਤਾਂ ਇਸ ਤਰ੍ਹਾਂ ਅੰਗਰੇਜ਼ ਅਫ਼ਸਰਾਂ ਦੇ ਕਤਲ ਹੋਏ ਤੇ ਨਾ ਹੀ ਅਸੰਬਲੀ ਵਿਚ ਬੰਬ ਸੁੱਟਿਆ ਗਿਆ। ਸ਼ਾਇਦ ਇਸ ਕਰ ਕੇ ਕਿ ਆਜ਼ਾਦੀ ਅੰਦੋਲਨ ਨੇ ਕਾਮਯਾਬੀ ਵੱਲ ਵਧਣਾ ਸੀ।
ਅੱਜ ਵੀ ਜਦੋਂ ਸਮਾਜਕ ਇਨਸਾਫ਼ ਦੇ ਮਸਲਿਆਂ ਉਪਰ ਅੰਦੋਲਨ ਦੇ ਵਕਤ ਭਗਤ ਸਿੰਘ ਨੂੰ ਕੇਂਦਰ ਵਿਚ ਰੱਖ ਕੇ ਆਦਰਸ਼ ਬਣਾਇਆ ਜਾਂਦਾ ਹੈ ਤਾਂ ਇਸ ਦੇ ਵੱਖਰੇ ਵੱਖਰੇ ਅਰਥ ਨਿਕਲਦੇ ਹਨ। ਸਟੇਜ ਵੱਲੋਂ ਭਾਵੇਂ ਭਗਤ ਸਿੰਘ ਦੇ ਸਮਾਜਵਾਦੀ ਤੇ ਨਾਸਤਿਕਤਾ ਦੇ ਵਿਚਾਰਾਂ ਦਾ ਪ੍ਰਚਾਰ ਹੋ ਰਿਹਾ ਹੋਵੇ ਲੇਕਿਨ ਭਗਤ ਸਿੰਘ ਦਾ ਆਦਰਸ਼ ਇਸ ਤੋਂ ਵੱਖਰੀ ਸੇਧ ਦਿੰਦਾ ਹੈ। ਨਿਰਸੰਦੇਹ ਇਹ ਦਮੂਖਾਂ ਬੀਜਣ ਅਤੇ ‘ਏਕ ਖੇਲ ਜਾਨਣਾ ਫਾਂਸੀ ਪੇ ਝੂਲ ਜਾਣਾ’ ਦੀ ਤਰਫ਼ ਖਿੱਚ ਪਾਉਂਦਾਂ ਹੈ। ਭਗਤ ਸਿੰਘ ਦਾ ਤਸੱਵਰ ਜਥੇਬੰਦਕ, ਅਹਿੰਸਕ ਤੇ ਲੰਬੇ ਸੰਘਰਸ਼ਾਂ ਤੋਂ ਮੂੰਹ ਮੋੜਦਾ ਹੈ। ਸਿਧਾਂਤਕ ਤੌਰ ‘ਤੇ ਇਹ ਆਦਰਸ਼ ਅੰਦੋਲਨਾਂ ਵਿਚ ਲੋਕਾਂ ਦੀ ਭਾਰੀ ਸ਼ਮੂਲੀਅਤ ਦੀ ਲੋੜ ਨੂੰ ਰੱਦ ਕਰਦਾ ਹੈ ਤੇ ਕੁਝ ਕੁ ਪੱਕੇ ਤੇ ਸੰਘਰਸ਼ ਨੂੰ ਅਪਣਾਏ ਲੋਕਾਂ ਦੀ ਲੋੜ ਮਹਿਸੂਸ ਕਰਦਾ ਹੈ ਜਿਨ੍ਹਾਂ ਦੀ ਵਫ਼ਾਦਾਰੀ ਦੀ ਪਰਖ ਮੋਮਬੱਤੀ ਦੀ ਲਾਟ ‘ਤੇ ਲੰਬੀ ਦੇਰ ਹੱਥ ਰੱਖਣ ਦੀ ਸਮਰੱਥਾ ਨਾਲ ਹੋ ਸਕਦੀ ਹੈ।
ਅਜੇ ਕੁਝ ਮਹੀਨੇ ਪਹਿਲਾਂ ਹੀ ਟੀæਵੀæ ਉਪਰ ਭਗਤ ਸਿੰਘ ਬਾਰੇ ਚਰਚਾ ਚੱਲ ਰਹੀ ਸੀ। ਪੰਜਾਬੀ ਦੇ ਵਿਦਵਾਨ ਲੇਖਕ ਅਜੀਤ ਸਿੰਘ ਰਾਹੀ ਨੇ ਆਜ਼ਾਦੀ ਸੰਘਰਸ਼ ਦੌਰਾਨ ਕਿਸੇ ਦਾ ਹਵਾਲਾ ਦੇ ਕੇ ਕਿਹਾ ਕਿ ਉਸ ਦਾ ਕਹਿਣਾ ਸੀ ਕਿ ਉਸ ਨੂੰ ਆਜ਼ਾਦੀ ਵਾਸਤੇ ਉਸ ਵੇਲੇ ਦੀ ਆਬਾਦੀ ਦੇ ਸਾਰੇ ਲੋਕ, ਯਾਨੀ 30 ਕਰੋੜ ਭਾਰਤੀਆਂ ਦੀ ਲੋੜ ਨਹੀਂ, ਬੱਸ ਤਿੰਨ ਭਗਤ ਸਿੰਘ ਮਿਲ ਜਾਣ ਤਾਂ ਆਜ਼ਾਦੀ ਹਾਸਿਲ ਹੋ ਸਕਦੀ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸ ਵਿਦਵਾਨ ਲੇਖਕ ਨੂੰ ਖ਼ਤ ਲਿਖ ਕੇ ਪੁੱਛਿਆ ਕਿ ਜੇ ਸਾਂਡਰਸ ਵਰਗੇ ਦੋ ਹੋਰ ਪੁਲਿਸ ਅਫ਼ਸਰ ਮਾਰ ਦਿੱਤੇ ਜਾਂਦੇ ਤੇ ਅਸੰਬਲੀ ਵਿਚ ਦੋ ਬੰਬ ਹੋਰ ਸੁੱਟ ਦਿੱਤੇ ਜਾਂਦੇ ਤਾਂ ਆਜ਼ਾਦੀ ਉਪਰ ਦਸਤਖਤ ਕਿਵੇਂ ਹੋ ਜਾਂਦੇ? ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਭਗਤ ਸਿੰਘ, ਉਸ ਦੇ ਸਾਥੀਆਂ ਅਤੇ ਅਜਿਹੇ ਹੀ ਵਿਚਾਰਾਂ ਦੇ ਧਾਰਨੀ ਹੋਰ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਿਰ ਆਪਣੀ ਸਮਝ ਤੇ ਆਪਣੇ ਜਜ਼ਬਿਆਂ ਦੇ ਮੁਤਾਬਕ, ਜਿਸ ਤਰਾਂ ਉਹ ਠੀਕ ਸਮਝਦੇ ਸਨ, ਕੰਮ ਕੀਤਾ ਹੈ। ਉਨ੍ਹਾਂ ਬਗੈਰ ਕਿਸੇ ਲਾਲਚ ਜਾਂ ਬੇਈਮਾਨੀ ਦੇ ਆਪਣਾ ਸਭ ਕੁਝ, ਸਮੇਤ ਆਪਣੀ ਜਾਨ ਦੇ, ਆਜ਼ਾਦੀ ਵਾਸਤੇ ਅਰਪਨ ਕੀਤਾ। ਇਹ ਗੱਲ ਵੱਖਰੀ ਕਿ ਇਤਿਹਾਸ ਉਨ੍ਹਾਂ ਤੋਂ ਹੋਰ ਕਿਸਮ ਦੀ ਸਖ਼ਤ ਤੇ ਅਣਥੱਕ ਘਾਲਣਾ ਦੀ ਮੰਗ ਕਰਦਾ ਸੀ; ਅਜਿਹੀ ਘਾਲਣਾ ਦਾ ਉਹ ਮੌਕਾ ਹਾਸਿਲ ਨਹੀਂ ਕਰ ਸਕੇ, ਇਹ ਇਤਿਹਾਸਕ ਦੁਖਾਂਤ ਹੈ।
ਜਿੱਥੋਂ ਤੱਕ ਸ਼ਹੀਦ ਦੇ ਅਰਥ ਤੇ ਸ਼ਹਾਦਤ ਦੇ ਦਰਜੇ ਦਾ ਸਵਾਲ ਹੈ, ਇਹ ਬਹੁਤ ਪੇਚੀਦਾ ਮਸਲਾ ਹੈ। ਸ੍ਰੀ ਬੂਟਾ ਸਿੰਘ ਠੀਕ ਕਹਿੰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਅਤੇ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦੱਸਣ ਵਿਚ ਕੋਈ ਆਪਸੀ ਵਿਰੋਧ ਨਹੀਂ ਹੈ। ਇਹ ਵੱਖਰੇ ਵੱਖਰੇ ਸਮਿਆਂ ਤੇ ਸਥਿਤੀਆਂ ਦੀ ਗੱਲ ਹੈ। ਲਫ਼ਜ਼ੀ ਤੌਰ ‘ਤੇ ਵੀ ਮੈਂ ਇਕ ਵਜ਼ਾਹਤ ਕਰਨੀ ਚਾਹੁੰਦਾ ਹਾਂ ਕਿ ਸਾਡੇ ਬਹੁਤ ਲੋਕ ਆਜ਼ਮ ਦਾ ਮਤਲਬ ‘ਦੁਨੀਆਂ ਵਿਚ ਸਭ ਤੋਂ ਵੱਡਾ’ ਸਮਝਦੇ ਹਨ। ਇਸ ਵਾਸਤੇ ਉਨ੍ਹਾਂ ਦਾ ਖਿਆਲ ਹੈ ਕਿ ਦੋ ਸ਼ਹੀਦ-ਏ-ਆਜ਼ਮ ਨਹੀਂ ਹੋ ਸਕਦੇ, ਪਰ ਉਹ ਗ਼ਲਤ ਹਨ, ‘ਆਜ਼ਮ’ ਅਰਬੀ ਜ਼ਬਾਨ ਦਾ ਸ਼ਬਦ ਹੈ ਤੇ ਇਸ ਦੇ ਅਰਥ ਸਭ ਤੋਂ ਵੱਡਾ ਨਹੀਂ, ਬਹੁਤ ਵੱਡਾ ਜਾਂ ਬਹੁਤ ਮਹਾਨ ਹੈ। ਅਰਬੀ ਵਿਚ ਇਸ ਦਾ ਸਹੀ ਉਚਾਰਨ ਐੜੇ ਨੂੰ ਅੱਧਾ ਕੰਨਾ ਹੈ ਜੋ ਅਸੀਂ ਨਹੀਂ ਬੋਲਦੇ। ਇਸ ਨੂੰ ‘ਅਅਜ਼ਮ’ ਕਰਕੇ ਬੋਲਿਆ ਜਾਂਦਾ ਹੈ।
ਲਫ਼ਜ਼ ‘ਸ਼ਹੀਦ’ ਦੇ ਅਰਥ ਵੀ ਗੁੰਝਲਦਾਰ ਹਨ। ਦੋ ਮੁਲਕਾਂ ਦੀ ਲੜਾਈ ਵਿਚ ਦੋਵੇ ਧਿਰਾਂ ਆਪਣੇ ਪਾਸੇ ਦੇ ਲੋਕਾਂ ਨੂੰ ਸ਼ਹਾਦਤ ਦਾ ਜਾਮ ਪੀ ਗਏ ਜਾਂ ਵੀਰ ਗਤੀ ਨੂੰ ਪ੍ਰਾਪਤ ਹੋ ਗਏ ਦੱਸਦੇ ਹਨ ਤੇ ਦੂਜੇ ਪਾਸੇ ਦੇ ਲੋਕਾਂ ਨੂੰ ਮਾਰ ਮੁਕਾਏ। ਫਿਰ ਅਸਲੀ ਸ਼ਹੀਦ ਪਤਾ ਨਹੀਂ ਕੌਣ ਹੋਏ। ਭਗਤ ਸਿੰਘ ਤੇ ਸਾਥੀਆਂ ਨੇ ਜਦੋਂ ਅੰਗਰੇਜ਼ ਅਫ਼ਸਰ ਨੂੰ ਮਾਰਿਆ, ਉਸ ਨੂੰ ਤਾਂ ਨਾ ਭੱਜਣ ਦਾ ਮੌਕਾ ਸੀ ਤੇ ਨਾ ਹੀ ਆਪਣਾ ਬਚਾਅ ਕਰਨ ਦਾ; ਲੇਕਿਨ ਉਸ ਦੇ ਪਿੱਛੇ ਆ ਰਹੇ ਹਵਾਲਦਾਰ ਚੰਨਣ ਸਿੰਘ ਨੇ ਹੋਰ ਪਿਛਾਂਹ ਦੌੜ ਕੇ ਲੁਕਣ ਦੀ ਬਜਾਏ ਹਮਲਾਵਰਾਂ ਦਾ ਪਿੱਛਾ ਕੀਤਾ ਤੇ ਮਾਰਿਆ ਗਿਆ। ਪਤਾ ਨਹੀਂ ਅਸੀਂ ਚੰਨਣ ਸਿੰਘ ਨੂੰ ਵੀ ਆਪਣੇ ਫ਼ਰਜ਼ ਦੀ ਖਾਤਿਰ ਸ਼ਹੀਦ ਹੋਇਆ ਮੰਨਾਂਗੇ ਕਿ ਨਹੀਂ? ਪਤਾ ਨਹੀਂ ਸਾਡਾ ਇਤਿਹਾਸ ਕਦੋਂ ਇਨ੍ਹਾਂ ਦੋ ਮੌਤਾਂ ਦੀ ਵਾਜਬੀਅਤ ਬਾਰੇ ਖਾਮੋਸ਼ੀ ਤੋੜੇਗਾ?
ਅਸੀਂ ਆਪਣੇ ਆਪ ਨੂੰ ਅਗਾਂਹਵਧੂ ਤਾਂ ਹੀ ਕਹਿ ਸਕਦੇ ਹਾਂ ਜੇ ਵਾਰ ਵਾਰ ਦੁਹਰਾਏ ਜਾਂਦੇ ਇਸ ਨਾਹਰੇ ਨੂੰ ਤਰਕ ਦੀ ਕਸਵੱਟੀ ‘ਤੇ ਰੱਖੀਏ ਕਿ ਕੀ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਵਾਸਤੇ ਫਾਂਸੀ ਦਾ ਰੱਸਾ ਚੁੰਮਿਆ ਸੀ? ਲੱਗਦਾ ਇਹ ਹੈ ਕਿ ਤਰਕ ਦੀ ਕਸਵੱਟੀ ਇਹ ਦੱਸੇਗੀ ਕਿ ਇਹ ਫਾਂਸੀ ਆਜ਼ਾਦੀ ਮੰਗਣ ਕਰ ਕੇ ਨਹੀਂ, ਪੁਲਿਸ ਕਰਮੀਆਂ ਦੇ ਕਤਲ ਤੇ ਅਸੰਬਲੀ ਵਿਚ ਬੰਬ ਸੁੱਟਣ ਕਰ ਕੇ ਮਿਲੀ ਸੀ। ਇਸ ਵਾਸਤੇ ਭਗਤ ਸਿੰਘ ਦੀ ਸ਼ਹਾਦਤ ਦੇ ਦਰਜੇ ਦੀ ਬਹਿਸ ਦੀ ਬਜਾਏ ਲੋੜ ਇਸ ਗੱਲ ਦੀ ਹੈ ਕਿ ਉਸ ਦੀ ਜ਼ਿੰਦਗੀ ਤੇ ਫਾਂਸੀ ਨੂੰ ਇਤਿਹਾਸ ਦੇ ਸਹੀ ਚੌਖਟੇ ਵਿਚ ਰੱਖ ਕੇ ਵਿਚਾਰਿਆ ਜਾਵੇ। ਇਤਿਹਾਸ ਤੋਂ ਸਹੀ ਸਬਕ ਲੈਣ ਵਾਸਤੇ ਲੋੜ ਹੈ ਕਿ ਇਤਿਹਾਸਕ ਨਾਇਕਾਂ ਦੀਆਂ ਭੂਮਿਕਾਵਾਂ ਨੂੰ ਵਿਚਾਰਨ ਵਾਸਤੇ ਅੰਧ-ਵਿਸ਼ਵਾਸ ਨਹੀਂ, ਤਰਕਸ਼ੀਲਤਾ ਅਪਣਾਈਏ।
Leave a Reply