ਫਿਲਮ ਨਗਰੀ: ਸਾਹ ਘੁੱਟਵਾਂ ਮਾਹੌਲ ਤਾਰੀ ਹੈ…ਅਮੋਲ ਪਾਲੇਕਰ

ਜਗਜੀਤ ਸਿੰਘ ਸੇਖੋਂ
ਫਿਲਮ ਅਦਾਕਾਰ ਅਮੋਲ ਪਾਲੇਕਰ ਨੇ ਕਿਸੇ ਵੇਲੇ ਆਪਣਾ ਕਰੀਅਰ ਚਿੱਤਰਕਾਰ ਵਜੋਂ ਸ਼ੁਰੂ ਕੀਤਾ ਸੀ। ਉਹ ਮੁੰਬਈ ਦੇ ਸਰ ਜੇæਜੇæ ਸਕੂਲ ਆਫ ਆਰਟਸ ਤੋਂ ਫਾਈਨ ਅਰਟਸ ਪੜ੍ਹਿਆ ਹੈ। ਉਦੋਂ ਉਸ ਨੇ ਆਪਣੇ ਚਿੱਤਰਾਂ ਦੀਆਂ ਸੱਤ ਸੋਲੋ ਨੁਮਾਇਸ਼ਾਂ ਲਾਈਆਂ ਸਨ। ਬਾਅਦ ਵਿਚ ਉਹ ਹਿੰਦੀ ਅਤੇ ਮਰਾਠੀ ਥੀਏਟਰ ਵੱਲ ਆ ਗਿਆ। ਇਸ ਤੋਂ ਬਾਅਦ ਉਸ ਲਈ ਫਿਲਮਾਂ ਦਾ ਰਾਹ ਖੁੱਲ੍ਹ ਗਿਆ ਅਤੇ ਉਹ ਫਿਲਮ ਵਾਲੇ ਰਾਹ ਦਾ ਰਾਹੀ ਹੋ ਗਿਆ।

ਉਸ ਦੀ ਵਧੀਆ ਅਦਾਕਾਰੀ ਬਦਲੇ ਉਸ ਨੂੰ ਤਿੰਨ ਵਾਰ ਫਿਲਮਫੇਅਰ ਪੁਰਸਕਾਰ ਅਤੇ ਛੇ ਵਾਰ ਸਟੇਟ ਪੱਧਰ ਦਾ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਬਾਅਦ ਵਿਚ ਉਸ ਨੇ ਫਿਲਮਸਾਜ਼ੀ ਵੱਲ ਧਿਆਨ ਦਿੱਤਾ। ਸਾਲ 1986 ਤੋਂ ਬਾਅਦ ਉਹਨੇ ਫਿਲਮਾਂ ਵਿਚ ਅਦਾਕਾਰੀ ਕਰਨੀ ਛੱਡ ਦਿੱਤੀ। ਬਤੌਰ ਡਾਇਰੈਕਟਰ ਉਸ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਮਰਾਠੀ ਫਿਲਮਾਂ ਵੀ ਬਣਾਈਆਂ।
ਅਮੋਲ ਪਾਲੇਕਰ ਹੁਣ ਇਕ ਵਾਰ ਫਿਰ ਚਿੱਤਰਕਾਰੀ ਵੱਲ ਮੁੜਿਆ ਹੈ, ਪਰ ਇਸ ਦਾ ਕਾਰਨ ਬਹੁਤ ਵੱਡਾ ਹੈ। ਸਟੇਜ ਅਤੇ ਫਿਲਮੀ ਦੁਨੀਆਂ ਦਾ ਖਿੱਚਿਆ ਉਹ ਫਿਲਮਾਂ ਵਾਲੇ ਆਇਆ ਸੀ ਅਤੇ ਹੁਣ ਉਹ ਇਕ ਤਰ੍ਹਾਂ ਨਾਲ ਨਿਰਾਸ਼ ਹੋ ਕੇ ਇਸ ਖੇਤਰ ਨੂੰ ਅਲਵਿਦਾ ਆਖ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਫਿਲਮਾਂ ਦਾ ਮਾਹੌਲ ਇੰਨਾ ਜ਼ਿਆਦਾ ਸਾਹ ਘੁੱਟਵਾਂ ਹੈ ਕਿ ਕੰਮ ਹੀ ਨਹੀਂ ਕੀਤਾ ਜਾ ਸਕਦਾ। ਉਸ ਮੁਤਾਬਕ ਅੱਜ ਕੱਲ੍ਹ ਫਿਲਮ ਅਦਾਕਾਰ ਅਤੇ ਹੋਰ ਕਾਰਿੰਦੇ ਫਿਲਮ ਦੇ ਪ੍ਰਚਾਰ ਲਈ ਮਾਰੇ-ਮਾਰੇ ਫਿਰ ਰਹੇ ਹਨ। ਲਗਦਾ ਹੀ ਨਹੀਂ ਕਿ ਉਹ ਕੋਈ ਕੰਮ ਵੀ ਕਰ ਰਹੇ ਹਨ। ਪ੍ਰਚਾਰ ਦੀ ਇਸ ਗੰਦੀ ਗੇਮ ਨੇ ਫਿਲਮਾਂ ਦਾ ਸੋਹਣਾ ਅਤੇ ਸਹਿਜ ਮਾਹੌਲ ਖਾ ਹੀ ਲਿਆ ਹੈ। ਇਸ ਮਾਹੌਲ ਵਿਚੋਂ ਨਿਕਲਣ ਲਈ ਵੀ ਉਹ ਬੜੇ ਸੋਚ-ਵਿਚਾਰ ਤੋਂ ਬਾਅਦ ਹੀ ਫਿਲਮਾਂ ਤੋਂ ਪਾਸੇ ਹੋਇਆ ਹੈ ਅਤੇ ਇਕ ਵਾਰ ਫਿਰ ਚਿੱਤਰਕਾਰੀ ਵੱਲ ਮੁੜਿਆ ਹੈ।
ਆਪਣੇ ਦੌਰ ਨੂੰ ਯਾਦ ਕਰਦਿਆਂ ਅਮੋਲ ਦੱਸਦਾ ਹੈ ਕਿ ਉਦੋਂ ਕਲਾਕਾਰ ਦੀ ਬੜੀ ਵੁਕਅਤ ਹੁੰਦੀ ਸੀ। ਫਿਲਮਾਂ ਬਣਾਉਣ ਲਈ ਫਿਲਮ ਨਾਲ ਜੁੜਿਆ ਇਕ-ਇਕ ਬੰਦਾ ਜੀਅ-ਜਾਨ ਲਾ ਦਿੰਦਾ ਸੀ। ਹੁਣ ਉਹ ਮਾਹੌਲ ਨਹੀਂ ਰਿਹਾ। ਹੁਣ ਤਾਂ ਬਸ ਪੈਸੇ ਦੀ ਗਿØਣਤੀ-ਮਿਣਤੀ ਦੇ ਹਿਸਾਬ ਨਾਲ ਸਭ ਕੁਝ ਹੋ ਰਿਹਾ ਹੈ। ਨਕਲ ਇੰਨੀ ਜ਼ਿਆਦਾ ਮਾਰੀ ਜਾ ਰਹੀ ਹੈ ਕਿ ਮੌਲਿਕਤਾ ਭਾਲਿਆਂ ਵੀ ਨਹੀਂ ਲੱਭਦੀ। ਇਸ ਤਰ੍ਹਾਂ ਦੀ ਸੂਰਤ ਵਿਚ ਕੋਈ ਫਿਲਮ ਬਣਾ ਕੇ ਕੀ ਕਰੇਗਾ?
ਗੌਰਤਲਬ ਹੈ ਕਿ ਅਮੋਲ ਪਾਲੇਕਰ ਨੇ ਰਜਨੀਗੰਧਾ, ਛੋਟੀ ਸੀ ਬਾਤ, ਚਿੱਤ ਚੋਰ, ਘਰੌਂਦਾ, ਭੂਮਿਕਾ, ਬਾਤੋਂ ਬਾਤੋਂ ਮੇਂ, ਗੋਲਮਾਲ, ਆਂਚਲ, ਸ੍ਰੀਮਾਨ ਸ੍ਰੀਮਤੀ, ਰੰਗ ਬਿਰੰਗੀ, ਆਦਮੀ ਔਰ ਔਰਤ, ਖ਼ਾਮੋਸ, ਝੂਠੀ ਤੇ ਸਮਾਂਤਰ ਵਰਗੀਆਂ ਯਾਦਗਾਰੀ ਫਿਲਮਾਂ ਵਿਚ ਅਦਾਕਾਰੀ ਦੇ ਜੌਹਰ ਦਿਖਾਏ। ਉਹ ਫਿਲਮਾਂ ਵਿਚ ਆਪਣੀ ਸਹਿਜ ਅਦਾਕਾਰੀ ਲਈ ਵੀ ਬੜਾ ਮਸ਼ਹੂਰ ਰਿਹਾ ਹੈ। ਬਤੌਰ ਡਾਇਰੈਕਟਰ ਵੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਆਪਣੀ ਫਿਲਮ ḔਦਾਇਰਾḔ ਦੀ ਚਰਚਾ ਉਹ ਬਹੁਤ ਹੁੱਬ ਕੇ ਕਰਦਾ ਹੈ। ਇਹ ਫਿਲਮ ਉਹਨੇ 1996 ਵਿਚ ਬਣਾਈ ਸੀ। ਇਸ ਦਾ ਨਾਇਕ ਪੂਰੀ ਫਿਲਮ ਵਿਚ ਔਰਤ ਬਣ ਕੇ ਵਿਚਰਦਾ ਹੈ। ਔਰਤ ਦਾ ਇਹ ਕਿਰਦਾਰ ਮਸ਼ਹੂਰ ਅਦਾਕਾਰ ਨਿਰਮਲ ਪਾਂਡੇ ਨੇ ਅਦਾ ਕੀਤਾ ਸੀ। ਇਸ ਫਿਲਮ ਦੀ ਇੰਨੀ ਚਰਚਾ ਹੋਈ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਹੀ ਨਿਰਮਲ ਪਾਂਡੇ ਫਿਲਮ ਜਗਤ ਵਿਚ ਛਾਇਆ ਸੀ।
ਅਮੋਲ ਪਾਲੇਕਰ ਲਈ ਹੁਣ ਜ਼ਮਾਨਾ ਬਦਲ ਗਿਆ ਹੈ। ਫਿਰ ਵੀ ਉਸ ਨੂੰ ਤਸੱਲੀ ਹੈ ਕਿ ਉਹ ਹੁਣ ਸਾਹ-ਘੁੱਟਵੇਂ ਮਾਹੌਲ ਵਿਚੋਂ ਨਿਕਲ ਕੇ ਦੁਬਾਰਾ ਚਿੱਤਰਕਾਰੀ ਵੱਲ ਪਰਤ ਆਇਆ ਹੈ।

ਰਜਨੀਕਾਂਤ ਤੇ ਸੋਨਾਕਸ਼ੀ ਸਿਨਹਾ ਦਾ ਰੰਗ
ਚੋਟੀ ਦੇ ਅਦਾਕਾਰ ਰਜਨੀਕਾਂਤ ਦੀ ਨਵੀਂ ਫਿਲਮ ḔਲਿੰਗਾḔ ਦੀ ਇੰਨੀ ਜ਼ਿਆਦਾ ਚਰਚਾ ਹੋਈ ਹੈ ਕਿ ਇਹ ਫਿਲਮ ਰਿਲੀਜ਼ ਹੁੰਦਿਆਂ ਸਾਰ ਇਕ ਅਫਵਾਹ ਇਹ ਉਡ ਗਈ ਕਿ ਇਸ ਫਿਲਮ ਨੇ ਪਹਿਲੇ ਹੀ ਦਿਨ 60 ਕਰੋੜ ਰੁਪਏ ਦੀ ਕਮਾਈ ਕਰ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਬਾਅਦ ਵਿਚ ਇਹ ਖ਼ਬਰ ਝੂਠੀ ਨਿਕਲੀ। ਇਸ ਫਿਲਮ ਨੇ ਪਹਿਲੇ ਦਿਨ ਆਸ ਤੋਂ ਵੀ ਘੱਟ 16 ਕਰੋੜ ਰੁਪਏ ਕਮਾਏ। ਫਿਲਮ ਆਲੋਚਕਾਂ ਨੇ ਇਸ ਫਿਲਮ ਨੂੰ ਰਜਨੀਕਾਂਤ ਦੀਆਂ ਆਮ ਫਿਲਮਾਂ ਨਾਲੋਂ ਘੱਟ ਵਜ਼ਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਜਨੀਕਾਂਤ ਇਸ ਫਿਲਮ ਵਿਚ ਜੋ ਮਰਜ਼ੀ ਕਰਦਾ ਚਲਾ ਜਾਂਦਾ ਹੈ। ਉਂਜ, ਅਦਾਕਾਰਾ ਸੋਨਾਕਸ਼ੀ ਸਿਨਹਾ ਲਈ ਵੱਡੇ ਸਟਾਰ ਰਜਨੀਕਾਂਤ ਅਤੇ ਵੱਡੇ ਬੈਨਰ ਵਾਲੀ ਇਸ ਫਿਲਮ ਦਾ ਬੜਾ ਫਾਇਦਾ ਹੋਇਆ ਹੈ। ਇਸ ਫਿਲਮ ਨਾਲ ਸੋਨਾਕਸ਼ੀ ਸਿਨਹਾ ਨੂੰ ਹੋਰ ਵਾਹ-ਵਾਹੀ ਮਿਲੀ ਹੈ ਅਤੇ ਅੱਜ ਕੱਲ੍ਹ ਉਹ ਫੁੱਲੀ ਨਹੀਂ ਸਮਾ ਰਹੀ।

ਸ਼ਰਧਾ ਕਪੂਰ ਦੀ ਪਿਤਾ-ਸ਼ਰਧਾ
ਚਰਚਿਤ ਫਿਲਮ ḔਹੈਦਰḔ ਦੀ ਹੀਰੋਇਨ ਸ਼ਰਧਾ ਕਪੂਰ ਅੱਜ ਕੱਲ੍ਹ ਆਪਣੇ ਪਿਤਾ ਸ਼ਕਤੀ ਕਪੂਰ ਲਈ ਖੂਬ ਤਰੱਦਦ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਉਸ ਦੇ ਪਿਤਾ ਦਾ ਨਾਮ Ḕਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼Ḕ ਵਿਚ ਦਰਜ ਹੋ ਜਾਵੇ। 56 ਸਾਲਾ ਸ਼ਕਤੀ ਕਪੂਰ ਹੁਣ ਤੱਕ 700 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ ਅਤੇ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਇਹ ਵਰਲਡ ਰਿਕਾਰਡ ਹੈ। ਸ਼ਕਤੀ ਕਪੂਰ ਨੇ ਆਪਣੀਆਂ ਬਹੁਤੀਆਂ ਫਿਲਮਾਂ ਵਿਚ ਖਲਨਾਇਕ ਦਾ ਰੋਲ ਨਿਭਾਇਆ ਹੈ ਅਤੇ ਇਕ ਦੌਰ ਵਿਚ ਉਹ ਤਕਰੀਬਨ ਹਰ ਵੱਡੀ ਫਿਲਮ ਵਿਚ ਹੁੰਦਾ ਸੀ। ਯਾਦ ਰਹੇ ਕਿ ਸ਼ਰਧਾ ਕਪੂਰ ਆਪਣੀ ਪਹਿਲੀ ਹੀ ਫਿਲਮ Ḕਤੀਨ ਪੱਤੀḔ ਨਾਲ ਚਰਚਾ ਵਿਚ ਆ ਗਈ ਸੀ। ਉਸ ਦੀ ਅਦਾਕਾਰੀ ਦੀ ਹਰ ਪਾਸੇ ਚਰਚਾ ਹੋਈ। ਸਾਲ 2013 ਵਿਚ ਫਿਲਮ Ḕਆਸ਼ਕੀ-2Ḕ ਨਾਲ ਉਹ ਫਿਲਮੀ ਦੁਨੀਆਂ ਦੀਆਂ ਪਹਿਲੀ ਕਤਾਰ ਦੀਆਂ ਹੀਰੋਇਨਾਂ ਵਿਚ ਸ਼ਾਮਿਲ ਹੋ ਗਈ ਅਤੇ ਫਿਰ ਉਘੇ ਫਿਲਮਸਾਜ਼ ਤੇ ਸੰਗੀਤਕਾਰ ਵਿਸ਼ਾਲ ਭਾਰਦਵਾਜ਼ ਨੇ ਉਸ ਨੂੰ ḔਹੈਦਰḔ ਫਿਲਮ ਲਈ ਸਾਈਨ ਕਰ ਲਿਆ। ਸਾਲ 2015 ਵਿਚ ਉਸ ਦੀ ਨਵੀਂ ਫਿਲਮ Ḕਏæਬੀæਸੀæਡੀæ-2Ḕ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਉਘੇ ਡਾਂਸਰ ਤੇ ਫਿਲਮਸਾਜ਼ ਪ੍ਰਭੂ ਦੇਵਾ ਨੇ ਬਣਾਈ ਹੈ। ਇਸੇ ਸਾਲ ਆਈ ਫਿਲਮ ḔਉਂਗਲੀḔ ਵਿਚ Ḕਡਾਂਸ ਬਸੰਤੀḔ ਗੀਤ ਵਿਚ ਉਸ ਦੀ ਸਪੈਸ਼ਲ ਅਪੀਅਰੈਂਸ ਹੈ। ਆਪਣੀ ਅਦਾਕਾਰੀ ਦੇ ਦਮ ਉਤੇ ਸ਼ਰਧਾ ਨੂੰ ਮਿਆਰੀ ਬੈਨਰਾਂ ਦੀਆਂ ਫਿਲਮਾਂ ਮਿਲ ਰਹੀਆਂ ਹਨ।