ਹਾਲ-ਏ-ਪੰਜਾਬ

ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ 5ਵਾਂ ਕਬੱਡੀ ਕੱਪ ਇਸੇ ਹਫਤੇ ਸ਼ੁਰੂ ਹੋਇਆ ਹੈ; ਉਂਜ ਸੂਬੇ ਵਿਚ ਸਿਆਸੀ ਕਬੱਡੀ ਤਾਂ ਚਿਰਾਂ ਤੋਂ ਜਾਰੀ ਹੈ। ਪੰਜਾਬ ਸਰਕਾਰ ਦੇ ਹਰ ਸਾਲ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਨਾਲ ਬਿਨਾਂ ਸ਼ੱਕ, ਕਬੱਡੀ ਅਤੇ ਕਬੱਡੀ ਖਿਡਾਰੀਆਂ ਨੂੰ ਖਾਸਾ ਹੁਲਾਰਾ ਮਿਲਿਆ ਹੈ, ਪਰ ਇਸ ਦੀਆਂ ਸਿਆਸੀ ਲੋੜਾਂ ਹਰ ਵਾਰ ਸੂਬੇ ਉਤੇ ਭਾਰੀ ਪੈਂਦੀਆਂ ਰਹੀਆਂ ਹਨ। ਹੁਣ ਜਦੋਂ ਅਦਾਲਤੀ ਹੁਕਮਾਂ ਤੋਂ ਬਾਅਦ ਨੂਰਮਹਿਲੀਏ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਪੱਬਾਂ ਭਾਰ ਹੋਏ ਹੋਏ ਹਨ, ਤਾਂ ਸਰਕਾਰ ਦਾ ਸਾਰਾ ਜ਼ੋਰ ਇਸ ਕੱਪ ਉਤੇ ਲੱਗਾ ਹੋਇਆ ਹੈ।

ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਅਦਾਲਤੀ ਹੁਕਮਾਂ ਦੇ ਮਾਮਲੇ ‘ਤੇ ਬਰਵਾਲਾ (ਹਰਿਆਣਾ) ਦੇ ਸਤਲੋਕ ਆਸ਼ਰਮ ਵਾਲੇ ਰਾਹ ਹੀ ਪਿਆ ਹੋਇਆ ਜਾਪਦਾ ਹੈ। ਇਸ ਨੇ 14 ਦਸੰਬਰ ਨੂੰ ਡੇਰੇ ਵਿਚ ਵੱਡੇ ਭੰਡਾਰੇ ਦਾ ਐਲਾਨ ਕਰ ਦਿੱਤਾ ਹੋਇਆ ਹੈ। ਜ਼ਾਹਿਰ ਹੈ ਕਿ ਆਸ਼ੂਤੋਸ਼ ਦਾ ਸਸਕਾਰ ਕਰਨ ਬਾਰੇ ਅਦਾਲਤੀ ਹੁਕਮ ਲਾਗੂ ਕੀਤੇ ਜਾਣ ਤੋਂ ਐਨ ਪਹਿਲਾਂ, ਡੇਰੇ ਵਿਚ ਅਣਗਿਣਤ ਸ਼ਰਧਾਲੂ ਇਕੱਠੇ ਕੀਤੇ ਜਾ ਰਹੇ ਹਨ। ਯਾਦ ਰਹੇ ਕਿ ਪਿਛਲੇ ਤਕਰੀਬਨ ਇਕ ਸਾਲ ਤੋਂ ਡੇਰੇ ਵਾਲਿਆਂ ਨੇ ਆਸ਼ੂਤੋਸ਼ ਦੀ ਲਾਸ਼ ਇਹ ਕਹਿ ਕੇ ਸੰਭਾਲੀ ਹੋਈ ਹੈ ਕਿ ਉਹ ਸਮਾਧੀ ਵਿਚ ਹੈ; ਜਦਕਿ ਅਸਲ ਮਸਲਾ ਡੇਰੇ ਦੀ ਜ਼ਮੀਨ-ਜਾਇਦਾਦ ਪਿੱਛੇ ਚੱਲ ਰਹੇ ਰੱਫੜ ਦਾ ਹੈ। ਸਰਕਾਰ ਮੁੱਢ ਤੋਂ ਹੀ ਇਸ ਮਾਮਲੇ ਤੋਂ ਇਕਦਮ ਪਾਸੇ ਹੋ ਕੇ ਬੈਠੀ ਹੈ। ਹੁਣ ਵੀ ਇਹ ਅਦਾਲਤ ਵਿਚ ਹੋ ਰਹੀ ਅਗਲੀ ਸੁਣਵਾਈ ਦੀ ਹੀ ਉਡੀਕ ਕਰ ਰਹੀ ਹੈ।
ਸਰਕਾਰ ਨੇ ਇਕ ਹੋਰ ਅਹਿਮ ਮਸਲੇ ਬਾਰੇ ਵੀ ਇਸੇ ਤਰ੍ਹਾਂ ਖਾਮੋਸ਼ੀ ਧਾਰੀ ਹੋਈ ਹੈ। ਸਜ਼ਾ ਪੂਰੀ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਖਾਲਸਾ ਇਕ ਵਾਰ ਫਿਰ ਮਰਨ ਵਰਤ ‘ਤੇ ਡਟਿਆ ਹੋਇਆ ਹੈ, ਪਰ ਪੰਜਾਬ ਸਰਕਾਰ ਦੇ ਕੰਨ ‘ਤੇ ਅਜੇ ਤੱਕ ਵੀ ਜੂੰ ਨਹੀਂ ਸਰਕੀ ਹੈ। ਸਿੱਖ ਕੈਦੀਆਂ ਦੇ ਅੰਕੜਿਆਂ ਬਾਰੇ ਵੀ ਸਰਕਾਰ ਚੁੱਪ ਹੈ। ਇਸ ਸਿਲਸਿਲੇ ਵਿਚ ਸਿਆਸਤ ਦਾ ਅਗਲਾ ਰੰਗ ਇਹ ਚੜ੍ਹਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਦੀ ਹਮਾਇਤ ਕਰ ਰਹੇ ਹਨ। ਅਸਲ ਵਿਚ ਜਦੋਂ ਤੋਂ ਸੂਬੇ ਵਿਚ ਇਹ ਚਰਚਾ ਛਿੜੀ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੂੰ ਪਟਕਣੀ ਮਾਰਨ ਦੇ ਰੌਂਅ ਵਿਚ ਹੈ, ਇਹ ਪਾਰਟੀ (ਭਾਰਤੀ ਜਨਤਾ ਪਾਰਟੀ) ਅਚਾਨਕ ਸਿੱਖਾਂ ਦੇ ਮਾਮਲਿਆਂ ਵਿਚ ਵਧੇਰੇ ਦਿਲਚਸਪੀ ਲੈਣ ਲੱਗ ਪਈ ਹੈ। ਕੇਂਦਰ ਸਰਕਾਰ ਜੋ ਇਸ ਪਾਰਟੀ ਦੀ ਅਗਵਾਈ ਹੇਠ ਹੀ ਚੱਲ ਰਹੀ ਹੈ, ਵਲੋਂ ਕੀਤੇ ਕੁਝ ਫੈਸਲਿਆਂ ਨਾਲ ਵੀ ਗੱਲ ਇਸ ਪਾਸੇ ਤੁਰ ਲਈ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਸੱਚਮੁੱਚ ਪੰਜਾਬ ਵਿਚ ਵੀ ਮਹਾਂਰਾਸ਼ਟਰ ਵਾਲਾ ਤਜਰਬਾ ਕਰਨ ਦੀ ਤਾਕ ਵਿਚ ਹੈ। ਮਹਾਂਰਾਸ਼ਟਰ ਵਿਚ ਵੀ ਪਹਿਲਾਂ ਵੱਡੀ ਪਾਰਟੀ ਵਜੋਂ ਸ਼ਿਵ ਸੈਨਾ ਦੀ ਹੀ ਪੈਂਠ ਸੀ, ਪਰ ਲੋਕ ਸਭਾ ਚੋਣਾਂ ਪਿਛੋਂ ਬਦਲੇ ਮਾਹੌਲ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਥੇ ਆਪਣਾ ਵਧੇਰੇ ਹੱਕ ਜਤਲਾਇਆ ਅਤੇ ਫਿਰ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰ ਕੇ ਸਰਕਾਰ ਵੀ ਬਣਾ ਲਈ। ਪੰਜਾਬ ਵਿਚ ਅਜਿਹਾ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹ ਪਾਰਟੀ ਅਤੇ ਇਸ ਦੇ ਆਗੂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਪਾਰਟੀ ਆਗੂਆਂ ਦਾ ਸਪਸ਼ਟ ਸੰਕੇਤ ਹੈ ਕਿ ਜੇ ਜੰਮੂ-ਕਸ਼ਮੀਰ ਵਿਚ ਪਾਰਟੀ, ਸਰਕਾਰ ਕਾਇਮ ਕਰ ਲੈਂਦੀ ਹੈ, ਜਿਸ ਦੀ ਇਸ ਨੂੰ ਬੜੀ ਆਸ ਹੈ, ਤਾਂ ਪੰਜਾਬ ਵਿਚ ਵੀ ਇਹ ਪੈਂਤੜਾ ਦੁਹਰਾਇਆ ਜਾ ਸਕਦਾ ਹੈ। ਉਂਜ, ਪਾਰਟੀ ਆਗੂਆਂ ਦਾ ਇਹ ਪੈਂਤੜਾ ਵੀ ਸਾਫ ਝਲਕ ਰਿਹਾ ਹੈ ਕਿ ਪੰਜਾਬ ਵਿਚ 2017 ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਗਠਜੋੜ ਕਾਇਮ ਰੱਖਿਆ ਜਾਵੇ। ਅਸਲ ਵਿਚ ਭਾਰਤੀ ਜਨਤਾ ਪਾਰਟੀ ਦਾ ਹਰ ਕਦਮ ਚੋਣਾਂ ਅਤੇ ਚੋਣਾਂ ਵਿਚ ਜਿੱਤ ਨਾਲ ਜੁੜਿਆ ਹੋਇਆ ਹੈ। ਫਿਲਹਾਲ ਪ੍ਰਧਾਨ ਮੰਤਰੀ ਦੀ ਚੜ੍ਹਤ ਕਾਰਨ ਇਸ ਦੇ ਰਾਹ ਦਾ ਹਰ ਅੜਿੱਕਾ ਦੂਰ ਵੀ ਹੋ ਰਿਹਾ ਹੈ।
ਦਰਅਸਲ, ਭਾਰਤੀ ਜਨਤਾ ਪਾਰਟੀ ਦੇ ਅਜਿਹੇ ਪੈਂਤੜਿਆਂ ਤੋਂ ਹੀ ਅਕਾਲੀ ਆਗੂ ਚਿੱਤ ਹੋਏ ਪਏ ਹਨ। ਸਿਆਸੀ ਮਾਹਿਰ ਵੀ ਭਾਵੇਂ ਇਹ ਪੇਸ਼ੀਨਗੋਈ ਕਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਫਿਲਹਾਲ ਇਕੱਲਿਆਂ ਚੋਣਾਂ ਲੜਨ ਦੀ ਹਾਲਤ ਵਿਚ ਨਹੀਂ ਹੈ, ਪਰ ਇਹ ਵੀ ਸੱਚ ਹੈ ਕਿ ਪੰਜਾਬ ਦੇ ਲੋਕ ਅਕਾਲੀਆਂ ਖਿਲਾਫ ਜਿੰਨਾ ਗੁੱਸਾ ਕੱਢ ਰਹੇ ਹਨ ਅਤੇ ਸੂਬੇ ਵਿਚ ਕਾਂਗਰਸ ਦਾ ਜੋ ਹਾਲ ਹੈ, ਇਨ੍ਹਾਂ ਦੋਹਾਂ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੱਛਾਂ ਵਜਾ ਰਹੇ ਹਨ। ਉਂਜ ਵੀ, ਇਸ ਪਾਰਟੀ ਦੇ ਆਗੂਆਂ ਨੂੰ ਹੁਣ ਅਕਾਲੀ ਦਲ ਦੇ ਗੋਡੇ ਹੇਠੋਂ ਨਿਕਲਣ ਦਾ ਇਹ ਵਧੀਆ ਮੌਕਾ ਜਾਪ ਰਿਹਾ ਹੈ। ਇਸ ਦੇ ਨਾਲ ਹੀ ਇਹ ਆਗੂ ਹੁਣ ਇਕ ਹੋਰ ਮਾਰ ‘ਤੇ ਵੀ ਬੈਠੇ ਹਨ। ਸਾਰਾ ਜੱਗ ਜਾਣਦਾ ਹੈ ਕਿ ਸਿਆਸਤ ਚਲਾਉਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਸ ਦਾ ਰੋਗ ਨਹੀਂ ਹੈ ਅਤੇ ਸ਼ ਪ੍ਰਕਾਸ ਸਿੰਘ ਬਾਦਲ ਦੀ ਪਕੜ ਢਿੱਲੀ ਪੈਣ ਤੋਂ ਬਾਅਦ ਇਕ ਵਾਰ ਤਾਂ ਅਕਾਲੀ ਦਲ ਦੀ ਹਾਲਤ ਡਾਵਾਂਡੋਲ ਹੋਣੀ ਹੀ ਹੋਣੀ ਹੈ। ਆਉਣ ਵਾਲੇ ਸਮੇਂ ਵਿਚ ਇਹ ਖਲਾਅ ਭਰਨ ਲਈ ਭਾਰਤੀ ਜਨਤਾ ਪਾਰਟੀ ਆਪਣੇ ਵਲੋਂ ਪੂਰੀ ਤਿਆਰੀ ਕਰ ਰਹੀ ਹੈ। ਸੂਬੇ ਵਿਚ ਆਰæਐਸ਼ਐਸ਼ ਦੀਆਂ ਲਗਾਤਾਰ ਵਧ ਰਹੀਆਂ ਸਰਗਰਮੀਆਂ ਸੂਬੇ ਵਿਚ ਵੱਡੀ ਭੂਮਿਕਾ ਨਿਭਾਏ ਜਾਣ ਦਾ ਹੀ ਸੰਕੇਤ ਹਨ। ਹੋਰ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਇਕ ਹੋਰ ਨੀਤੀ ਬੜੀ ਕਾਮਯਾਬ ਰਹੀ ਹੈ। ਇਸ ਨੇ ਵੱਖ-ਵੱਖ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਲੀਡਰਾਂ ਨੂੰ ਪਾਰਟੀ ਵਿਚ ਰਲਾ ਕੇ ਆਪਣੀ ਸਿਆਸੀ ਲੀਹ ਪਕੇਰੀ ਕੀਤੀ ਹੈ। ਪੰਜਾਬ ਵਿਚ ਇਹ ਤਜਰਬਾ ਕਿੰਨਾ ਕੁ ਸਫਲ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਤਾਂ ਹੁਣ ਤੈਅ ਹੀ ਹੈ ਕਿ ਪੰਜਾਬ ਹੁਣ ਸਿਆਸਤ ਦੀ ਤਕੜੀ ਪ੍ਰਯੋਗਸ਼ਾਲਾ ਬਣ ਚੁੱਕਾ ਹੈ।