ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਦੋ ਮੋਰਚਿਆਂ- ਕਿਸਾਨ ਮੋਰਚਾ ਤੇ ਯੁਵਾ ਮੋਰਚਾ, ਦੀਆਂ ਪੰਜਾਬ ਵਿਚ ਇਕਦਮ ਵਧੀਆਂ ਸਿਆਸੀ ਸਰਗਰਮੀਆਂ ਨੇ ਅਕਾਲੀਆਂ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਦੋਹਾਂ ਮੋਰਚਿਆਂ ਦੇ ਆਗੂ, ਖਾਸ ਕਰ ਕੇ ਸਿੱਖਾਂ ਨਾਲ ਸਬੰਧਤ ਮਸਲਿਆਂ ਉਤੇ ਅੱਜ ਕੱਲ੍ਹ ਵਧੇਰੇ ਸਰਗਰਮੀ ਕਰ ਰਹੇ ਹਨ।
ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਚੱਲੀਆਂ ਗਈਆਂ ਕੁਝ ਤਿੱਖੀਆਂ ਸਿਆਸੀ ਚਾਲਾਂ ਕਾਰਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੀ ਹੋਂਦ ਬਾਰੇ ਹੀ ਸਵਾਲ ਖੜ੍ਹੇ ਹੋ ਗਏ ਹਨ। ਇਹ ਕਿਆਸ-ਆਰਾਈਆਂ ਚੱਲ ਰਹੀਆਂ ਹਨ ਕਿ ਭਾਜਪਾ ਹੁਣ ਪੰਜਾਬ ਵਿਚ ਇਕੱਲਿਆਂ ਹੀ ਵਿਚਰਨ ਲਈ ਪਰ ਤੋਲ ਰਹੀ ਹੈ।
ਇਸ ਅਗਲੇ ਅਹਿਮ ਕਦਮ ਲਈ ਇਹ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਉਡੀਕ ਰਹੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜੇ ਪਾਰਟੀ ਜੰਮੂ ਕਸ਼ਮੀਰ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਵਿਚ 2017 ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੀਆਂ ਜਾ ਸਕਦੀਆਂ ਹਨ। ਉਂਜ, ਪਾਰਟੀ ਦੇ ਕਈ ਸੀਨੀਅਰ ਆਗੂ ਇਸ ਬਾਰੇ ਤਕਰੀਬਨ ਸਹਿਮਤ ਹੀ ਹਨ ਕਿ ਗਠਜੋੜ ਅਜੇ ਕਾਇਮ ਰੱਖਿਆ ਜਾਵੇ ਅਤੇ ਸੂਬੇ ਵਿਚ ਸਿੱਖ ਪੱਖੀ ਮਸਲਿਆਂ ਉਤੇ ਵੱਧ ਤੋਂ ਵੱਧ ਸਰਗਰਮੀ ਕੀਤੀ ਜਾਵੇ। ਇਹ ਵੀ ਪਤਾ ਲੱਗਦਾ ਹੈ ਕਿ ਪਾਰਟੀ ਦੇ ਕਿਸਾਨ ਅਤੇ ਯੁਵਾ ਮੋਰਚਿਆਂ ਦੇ ਆਗੂਆਂ ਨੂੰ ਇਹ ਸਖਤ ਹਦਾਇਤਾਂ ਮਿਲੀਆਂ ਹਨ ਕਿ ਉਹ ਸਿੱਖ ਬਹੁ-ਗਿਣਤੀ ਵਾਲੇ ਇਲਾਕਿਆਂ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਉਣ। ਹਾਲ ਹੀ ਵਿਚ ਭਾਜਪਾ ਯੁਵਾ ਮੋਰਚਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਮੋਹਿਤ ਗੁਪਤਾ ਤਲਵੰਡੀ ਸਾਬੋ ਇਲਾਕੇ ਵਿਚ ਉਚੇਚੇ ਤੌਰ ‘ਤੇ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਮੀਟਿੰਗਾਂ ਵਿਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਨਿਸ਼ਾਨਾ ਵੀ ਬਣਾਇਆ ਹੈ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਜਥੇਦਾਰ ਧਾਰਮਿਕ ਆਗੂ ਹਨ, ਧਾਰਮਿਕ ਖੇਤਰ ਵਿਚ ਹੀ ਸਰਗਰਮੀ ਕਰਨ, ਸਿਆਸੀ ਆਗੂਆਂ ਵਾਲੇ ਬਿਆਨ ਨਾ ਦੇਣ। ਉਧਰ, ਭਾਜਪਾ ਕਿਸਾਨ ਮੋਰਚਾ ਦੇ ਆਗੂ ਤਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਉਤੇ ਬੈਠੇ ਭਾਈ ਗਰਬਖਸ਼ ਸਿੰਘ ਖਾਲਸਾ ਨੂੰ ਲਗਾਤਾਰ ਮਿਲ ਹੀ ਰਹੇ ਹਨ।
ਹੁਣ ਮੋਰਚੇ ਦੇ ਕੌਮੀ ਸਕੱਤਰ ਸੁਖਮਿੰਦਰ ਸਿੰਘ ਗਰੇਵਾਲ ਅੰਬਾਲਾ ਵਿਚ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਗਏ ਅਤੇ ਭਾਈ ਖਾਲਸਾ ਨੂੰ ਵਿਸ਼ਵਾਸ ਦਿਵਾਇਆ ਕਿ ਜੇਲ੍ਹ ਵਿਚ ਬੰਦ ਭਾਈ ਵਰਿਆਮ ਸਿੰਘ ਅਤੇ ਭਾਈ ਲਾਲ ਸਿੰਘ ਦੀ ਰਿਹਾਈ ਨਾਲ ਸਬੰਧਤ ਸਾਰੇ ਕਾਗਜ਼ਾਤ ਭੇਜੇ ਜਾ ਚੁੱਕੇ ਹਨ; ਦੋਹਾਂ ਜਣਿਆਂ ਦੀ ਰਿਹਾਈ ਜਲਦੀ ਹੀ ਸੰਭਵ ਹੈ। ਹੋਰ ਬੰਦੀਆਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਭਾਜਪਾ ਦਾ ਮੰਨਣਾ ਹੈ ਕਿ ਜੰਮੂ ਕਸ਼ਮੀਰ ਵਿਚ ਰਿਕਾਰਡ ਵੋਟਿੰਗ ਦਾ ਮਤਲਬ ਹੈ ਕਿ ਉਥੇ ਭਾਜਪਾ ਅੱਗੇ ਜਾ ਰਹੀ ਹੈ। ਇਸੇ ਨੂੰ ਆਧਾਰ ਬਣਾ ਕੇ ਪਾਰਟੀ ਉਥੇ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ। ਚੇਤੇ ਰਹੇ ਕਿ ਜੰਮੂ ਕਸ਼ਮੀਰ ਵਿਚ ਵੋਟਿੰਗ ਦੇ ਪੰਜਾਂ ਵਿਚੋਂ ਤਿੰਨ ਗੇੜ ਮੁਕੰਮਲ ਹੋ ਚੁੱਕੇ ਹਨ। ਸੂਬੇ ਵਿਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਦਾ ਹਾਲ ਬਹੁਤਾ ਚੰਗਾ ਨਹੀਂ ਅਤੇ ਕਾਂਗਰਸ ਦਾ ਵੀ ਇਹੀ ਹਾਲ ਹੈ। ਪੀæਡੀæਪੀæ ਪਹਿਲਾਂ ਹੀ ਸੰਕੇਤ ਦੇ ਚੁੱਕੀ ਹੈ ਕਿ ਇਹ ਪਾਰਟੀ ਚੋਣ ਨਤੀਜਿਆਂ ਤੋਂ ਬਾਅਦ ਹਾਲਾਤ ਮੁਤਾਬਕ ਭਾਜਪਾ ਨਾਲ ਸਿਆਸੀ ਤਾਲਮੇਲ ਬਿਠਾ ਸਕਦੀ ਹੈ। ਭਾਜਪਾ ਆਗੂਆਂ ਨੇ ਸੱਜਾਦ ਲੋਨ ਨੂੰ ਵੀ ਇਕ ਤਰ੍ਹਾਂ ਨਾਲ ਚੋਗਾ ਪਾਇਆ ਹੋਇਆ ਹੈ। ਪਾਰਟੀ ਦਾ ਸਾਰਾ ਦਾਰੋਮਦਾਰ ਜੰਮੂ ਅਤੇ ਲੱਦਾਖ ਖੇਤਰ ਉਤੇ ਹੈ।
ਇਸ ਨੂੰ ਆਸ ਹੈ ਕਿ ਪੀæਡੀæਪੀæ ਜਾਂ ਸੱਜਾਦ ਲੋਨ ਦੀ ਪਾਰਟੀ ਕਸ਼ਮੀਰ ਘਾਟੀ ਵਿਚ ਲੋੜ ਜੋਗੀਆਂ ਸੀਟਾਂ ਉਤੇ ਜਿੱਤ ਹਾਸਲ ਕਰ ਹੀ ਲਵੇਗੀ। ਇਸ ਸੂਰਤ ਵਿਚ ਭਾਜਪਾ ਦੀ ਅਗਵਾਈ ਵਿਚ ਸਰਕਾਰ ਬਣਨੀ ਤੈਅ ਮੰਨੀ ਜਾ ਰਹੀ ਹੈ। ਇਹ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੇ ਏਜੰਡੇ ਉਤੇ ਹੈ। ਸੂਬੇ ਦੇ ਆਗੂਆਂ ਤੋਂ ਇਲਾਵਾ ਪਾਰਟੀ ਦੇ ਕੇਂਦਰੀ ਆਗੂ ਅਤੇ ਕੇਂਦਰ ਸਰਕਾਰ ਵੀ ਪੰਜਾਬ ਵਿਚ ਵੱਡੀ ਪੱਧਰ ਉਤੇ ਦਾਖਲੇ ਲਈ ਰਣਨੀਤੀਆਂ ਘੜ ਰਹੀ ਹੈ। ਇਹ ਰਣਨੀਤੀਆਂ ਘੜਨ ਵਿਚ ਆਰæਐਸ਼ਐਸ਼ ਆਗੂ ਪੂਰੀ ਸਰਗਰਮੀ ਦਿਖਾ ਰਹੇ ਹਨ ਅਤੇ ਕਈ ਹੋਰ ਮਾਮਲਿਆਂ ਵਿਚ ਭਾਜਪਾ ਆਗੂਆਂ ਦਾ ਮਾਰਗ ਦਰਸ਼ਨ ਵੀ ਕਰ ਰਹੇ ਹਨ।