ਮਾਓਵਾਦੀ ਵੰਗਾਰਾਂ ਨੇ ਸਰਕਾਰ ਦਾ ਫਿਕਰ ਵਧਾਇਆ

ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਪਿਛਲੇ ਪੰਜ ਸਾਲਾਂ ਤੋਂ ਮਾਓਵਾਦੀਆਂ ਖਿਲਾਫ ਵਿੱਢੀ ਅਣ-ਐਲਾਨੀ ਜੰਗ (ਅਪਰੇਸ਼ਨ ਗ੍ਰੀਨ ਹੰਟ) ਦੇ ਬਾਵਜੂਦ ਕੇਂਦਰ ਸਰਕਾਰ ਇਸ ਵੰਗਾਰ ਨੂੰ ਭੰਨ ਨਹੀਂ ਸਕੀ ਹੈ ਅਤੇ ਗ੍ਰਹਿ ਮੰਤਰਾਲੇ ਨੇ ਮਾਓਵਾਦੀਆਂ ਬਾਰੇ ਜਿਹੜਾ ਵਿਸ਼ਲੇਸ਼ਣ 17 ਸਫਿਆਂ ਦੇ ਦਸਤਾਵੇਜ਼ ਵਿਚ ਕੀਤਾ ਹੈ, ਉਸ ਵਿਚ ਸਾਫ ਕਿਹਾ ਗਿਆ ਹੈ ਕਿ ਅਪਰੇਸ਼ਨ ਗ੍ਰੀਨ ਹੰਟ ਦਾ ਸੇਕ ਘੱਟ ਕਰਨ ਲਈ ਮਾਓਵਾਦੀ ਆਪਣੀ ਸ਼ਕਤੀ ਹੁਣ ਉਸ ਇਲਾਕੇ ਵਿਚ ਕੇਂਦਰਤ ਕਰ ਰਹੇ ਹਨ ਜਿਹੜਾ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਵਿਚ ਇਕ ਥਾਂ ਪੈਂਦਾ ਹੈ।

ਗੌਰਤਲਬ ਹੈ ਕਿ ਕੇਂਦਰ ਸਰਕਾਰ ਨੇ ਮਾਓਵਾਦੀਆਂ ਦਾ ਗੜ੍ਹ ਖਦੇੜਨ ਲਈ ਪੰਜ ਸਾਲ ਪਹਿਲਾਂ ਅਪਰੇਸ਼ਨ ਗ੍ਰੀਨ ਹੰਟ ਸ਼ੁਰੂ ਕੀਤਾ ਸੀ। ਹੁਣ ਤੱਕ ਇਸ ਅਪਰੇਸ਼ਨ ਵਿਚ ਤਕਰੀਬਨ ਡੇਢ ਲੱਖ ਸਰੱਖਿਆ ਮੁਲਾਜ਼ਮ ਲਾਏ ਹੋਏ ਹਨ, ਪਰ ਸਰਕਾਰ ਨੂੰ ਮਾਓਵਾਦੀਆਂ ਨੂੰ ਖਦੇੜਨ ਵਿਚ ਉਤਨੀ ਸਫਲਤਾ ਨਹੀਂ ਮਿਲ ਰਹੀ ਜਿੰਨੀ ਦੀ ਇਹ ਆਸ ਕਰ ਰਹੀ ਸੀ। ਇਨ੍ਹਾਂ ਸਾਲਾਂ ਦੌਰਾਨ ਭਾਵੇਂ ਮਾਓਵਾਦੀਆਂ ਦੇ ਕਈ ਚੋਟੀ ਦੇ ਆਗੂ ਮਾਰੇ ਗਏ ਜਾਂ ਫੜੇ ਗਏ ਹਨ, ਪਰ ਪਰ ਸਰਕਾਰ ਅਜੇ ਤੱਕ ਮਾਓਵਾਦੀਆਂ ਦੇ ਕਿਲ੍ਹੇ ਵਿਚ ਸੰਨ੍ਹ ਲਾਉਣ ਵਿਚ ਨਾਕਾਮ ਰਹੀ ਹੈ। ਉਂਜ, ਸਰਕਾਰ ਨੇ ਮਾਓਵਾਦੀ ਉਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ।
ਇਸ ਦਬਾਅ ਤੋਂ ਨਿਕਲਣ ਲਈ ਹੀ ਇਹ ਹੁਣ ਇਕ ਤਾਂ ਆਪਣੀ ਬਚਦੀ ਸ਼ਕਤੀ ਬਚਾਉਣ ਵਿਚ ਲੱਗੇ ਹੋਏ ਹਨ, ਦੂਜੇ ਆਪਣੀ ਸਰਗਰਮੀ ਦਾ ਕੇਂਦਰ ਵੀ ਬਦਲ ਰਹੇ ਹਨ। ਮਾਓਵਾਦੀ ਇਸ ਰਣਨੀਤੀ ਤਹਿਤ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਆਂਧਰਾਂ ਪ੍ਰਦੇਸ਼ ਵਿਚ ਵੱਡੀ ਪਛਾੜ ਤੋਂ ਬਾਅਦ ਮਾਓਵਾਦੀਆਂ ਨੇ ਪੱਛਮੀ ਬੰਗਾਲ ਦੇ ਜੰਗਲ-ਮਹਿਲ ਇਲਾਕੇ ਨੂੰ ਆਪਣਾ ਗੜ੍ਹ ਬਣਾ ਲਿਆ ਸੀ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਅਬੂਝਮਾੜ ਉਤੇ ਸਾਰਾ ਧਿਆਨ ਲਾਇਆ ਹੋਇਆ ਹੈ।
ਸਰਕਾਰ ਨੇ ਆਪਣੇ ਇਸ ਦਸਤਾਵੇਜ਼ ਵਿਚ ਦੇਸ਼ ਦੇ 23 ਜ਼ਿਲ੍ਹਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਥੇ ਮਾਓਵਾਦੀਆਂ ਦਾ ਬਹੁਤ ਜ਼ਿਆਦਾ ਜ਼ੋਰ ਹੈ। ਮਾਓਵਾਦੀਆਂ ਦੀ ਤਕਰੀਬਨ 80 ਫੀਸਦੀ ਸਰਗਰਮੀ ਇਨ੍ਹਾਂ ਜ਼ਿਲ੍ਹਿਆਂ ਵਿਚ ਹੀ ਹੁੰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਵਿਸਾਖਾਪਟਨਮ (ਆਂਧਰਾ ਪ੍ਰਦੇਸ਼), ਔਰੰਗਾਬਾਦ, ਗਯਾ, ਜਮੂਈ ਤੇ ਮੁਜ਼ੱਫਰਪੁਰ (ਬਿਹਾਰ), ਬੀਜਾਪੁਰ, ਬਸਤਰ, ਦਾਂਤੇਵਾੜਾ, ਕਾਂਕੇਰ, ਕੌਂਡਾਗਾਓਂ, ਨਰਾਇਣਪੁਰ ਤੇ ਸੁਕਮਾ (ਛਤੀਸਗੜ੍ਹ), ਛਤਰਾ, ਗਿਰਡੀਹ, ਗੁਮਲਾ, ਖੁੰਟੀ, ਲਾਤੇਹਾਰ, ਪਲਾਮੂ, ਸਿਮਦੇਗਾ ਤੇ ਪੱਛਮੀ ਸਿੰਘਭੂਮ (ਝਾਰਖੰਡ), ਗੜ੍ਹਚਿਰੌਲੀ (ਮਹਾਂਰਾਸ਼ਟਰ) ਅਤੇ ਕੋਰਾਪੱਟ ਤੇ ਮਲਕਾਨਗਿਰੀ (ਉੜੀਸਾ) ਸ਼ਾਮਲ ਹਨ। ਅਸਲ ਵਿਚ ਸਰਕਾਰ ਦਾ ਫਿਕਰ ਇਹ ਹੈ ਕਿ ਮਾਓਵਾਦੀਆਂ ਦੀਆਂ ਵਾਰਦਾਤਾਂ ਘਟਣ ਦੇ ਬਾਵਜੂਦ ਇਨ੍ਹਾਂ ਦੀ ਮਿਲਟਰੀ ਤਾਕਤ ਜਿਉਂ ਦੀ ਤਿਉਂ ਹੈ।
ਸਿੱਟੇ ਵਜੋਂ ਇਹ ਕਿਸੇ ਵੀ ਇਲਾਕੇ ਵਿਚ ਜਾ ਕੇ ਆਸਾਨੀ ਨਾਲ ਆਪਣੀਆਂ ਸਰਗਰਮੀਆਂ ਆਰੰਭ ਕਰ ਲੈਂਦੇ ਹਨ। ਦਸਤਾਵੇਜ਼ ਮੁਤਾਬਕ ਦੇਸ਼ ਦੇ ਤਕਰੀਬਨ 15 ਸੂਬਿਆਂ ਵਿਚ ਮਾਓਵਾਦੀਆਂ ਦਾ ਤਾਣਾ-ਬਾਣਾ ਬਣਿਆ ਹੋਇਆ ਹੈ। ਅਰੁਨਾਚਲ ਪ੍ਰਦੇਸ਼ ਅਤੇ ਆਸਾਮ ਵਿਚ ਵੀ ਮਾਓਵਾਦੀਆਂ ਨੇ ਪਿਛਲੇ ਸਮੇਂ ਦੌਰਾਨ ਪੈਰ ਪਸਾਰੇ ਹਨ। ਤਕਰੀਬਨ 21 ਸੂਬਿਆਂ ਵਿਚ ਮਾਓਵਾਦੀਆਂ ਨਾਲ ਸਬੰਧਤ ਜਥੇਬੰਦੀਆਂ ਸਰਗਰਮੀ ਕਰ ਰਹੀਆਂ ਹਨ।